Skip to content
BibleKenya

Biblica® Open Punjabi Contemporary Version 2025

2 ਇਤਿਹਾਸ 6

ਤਦ ਸ਼ਲੋਮੋਨ ਨੇ ਕਿਹਾ, “ਯਾਹਵੇਹ ਨੇ ਆਖਿਆ ਹੈ ਕਿ ਉਹ ਕਾਲੇ ਬੱਦਲ ਵਿੱਚ ਵੱਸੇਗਾ; ਮੈਂ ਤੇਰੇ ਲਈ ਇੱਕ ਸ਼ਾਨਦਾਰ ਭਵਨ ਬਣਾਇਆ ਹੈ, ਜਿੱਥੇ ਤੂੰ ਸਦਾ ਰਹਿ ਸਕੇ।”

ਜਦੋਂ ਇਸਰਾਏਲ ਦੀ ਸਾਰੀ ਸਭਾ ਉੱਥੇ ਖੜ੍ਹੀ ਸੀ, ਤਾਂ ਪਾਤਸ਼ਾਹ ਨੇ ਮੁੜ ਕੇ ਉਹਨਾਂ ਨੂੰ ਅਸੀਸ ਦਿੱਤੀ। ਤਦ ਉਸ ਨੇ ਆਖਿਆ:

“ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਜਿਸ ਨੇ ਆਪਣੇ ਹੱਥਾਂ ਨਾਲ ਉਹ ਵਾਅਦਾ ਪੂਰਾ ਕੀਤਾ ਜੋ ਉਸਨੇ ਮੇਰੇ ਪਿਤਾ ਦਾਵੀਦ ਨਾਲ ਆਪਣੇ ਮੂੰਹ ਨਾਲ ਕੀਤਾ ਸੀ। ‘ਕਿਉਂ ਜੋ ਪਰਮੇਸ਼ਵਰ ਨੇ ਆਖਿਆ, ਜਿਸ ਦਿਨ ਤੋਂ ਮੈਂ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਇਸਰਾਏਲ ਦੇ ਕਿਸੇ ਵੀ ਗੋਤ ਦੇ ਸ਼ਹਿਰ ਨੂੰ ਮੰਦਰ ਬਣਾਉਣ ਲਈ ਨਹੀਂ ਚੁਣਿਆ ਤਾਂ ਜੋ ਮੇਰਾ ਨਾਮ ਉੱਥੇ ਹੋਵੇ ਅਤੇ ਨਾ ਹੀ ਮੈਂ ਕਿਸੇ ਨੂੰ ਇਸ ਲਈ ਚੁਣਿਆ ਹੈ। ਮੇਰੇ ਲੋਕ ਇਸਰਾਏਲ ਉੱਤੇ ਹਾਕਮ ਹੋਵੇ। ਪਰ ਹੁਣ ਮੈਂ ਯੇਰੂਸ਼ਲੇਮ ਨੂੰ ਆਪਣੇ ਨਾਮ ਲਈ ਚੁਣਿਆ ਹੈ, ਮੈਂ ਦਾਵੀਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਉੱਤੇ ਰਾਜ ਕਰੇ।’

“ਮੇਰੇ ਪਿਤਾ ਦਾਵੀਦ ਦੇ ਦਿਲ ਵਿੱਚ ਸੀ ਕਿ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਨਾਮ ਲਈ ਇੱਕ ਭਵਨ ਬਣਾਵੇ। ਪਰ ਯਾਹਵੇਹ ਨੇ ਮੇਰੇ ਪਿਤਾ ਦਾਵੀਦ ਨੂੰ ਕਿਹਾ, ‘ਤੂੰ ਚੰਗਾ ਕੀਤਾ ਹੈ ਜੋ ਤੇਰੇ ਮਨ ਵਿੱਚ ਮੇਰੇ ਨਾਮ ਲਈ ਇੱਕ ਭਵਨ ਬਣਾਉਣ ਇੱਛਾ ਸੀ। ਫਿਰ ਵੀ, ਤੂੰ ਭਵਨ ਨਹੀਂ ਬਣਾਵੇਗਾ, ਪਰ ਫਿਰ ਵੀ ਤੇਰਾ ਪੁੱਤਰ, ਜੋ ਤੇਰੇ ਆਪਣੇ ਮਾਸ ਅਤੇ ਲਹੂ ਵਿੱਚੋਂ ਹੋਵੇਗਾ ਉਹ ਮੇਰੇ ਲਈ ਭਵਨ ਨੂੰ ਬਣਾਵੇਗਾ।’

“ਯਾਹਵੇਹ ਨੇ ਆਪਣਾ ਉਹ ਵਚਨ ਜਿਹੜਾ ਉਸਨੇ ਕਿਹਾ ਸੀ ਪੂਰਾ ਕੀਤਾ। ਜੋ ਮੈਂ ਆਪਣੇ ਪਿਤਾ ਦਾਵੀਦ ਦੇ ਥਾਂ ਉੱਠਿਆ ਹਾਂ ਅਤੇ ਜਿਵੇਂ ਯਾਹਵੇਹ ਨੇ ਬਚਨ ਕੀਤਾ ਸੀ ਮੈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਾ ਹਾਂ ਅਤੇ ਮੈਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਲਈ ਇਹ ਭਵਨ ਬਣਾਇਆ। ਉੱਥੇ ਮੈਂ ਸੰਦੂਕ ਰੱਖਿਆ ਹੈ, ਜਿਸ ਵਿੱਚ ਯਾਹਵੇਹ ਦਾ ਨੇਮ ਹੈ ਜੋ ਉਸਨੇ ਇਸਰਾਏਲ ਦੇ ਲੋਕਾਂ ਨਾਲ ਬੰਨ੍ਹਿਆ ਸੀ।”

ਸ਼ਲੋਮੋਨ ਦੀ ਪ੍ਰਾਰਥਨਾ

ਤਦ ਸ਼ਲੋਮੋਨ ਨੇ ਯਾਹਵੇਹ ਦੀ ਜਗਵੇਦੀ ਦੇ ਅੱਗੇ ਇਸਰਾਏਲ ਦੀ ਸਾਰੀ ਸਭਾ ਦੇ ਸਾਹਮਣੇ ਖੜ੍ਹਾ ਹੋ ਕੇ ਆਪਣੇ ਹੱਥ ਫੈਲਾਏ। ਹੁਣ ਸ਼ਲੋਮੋਨ ਨੇ ਪਿੱਤਲ ਦਾ ਇੱਕ ਥੜ੍ਹਾ ਬਣਾ ਲਿਆ ਸੀ, ਪੰਜ ਹੱਥ ਲੰਮਾ, ਪੰਜ ਹੱਥ ਚੌੜਾ ਅਤੇ ਤਿੰਨ ਹੱਥ ਉੱਚਾ1, ਅਤੇ ਉਸ ਨੂੰ ਬਾਹਰਲੇ ਵੇਹੜੇ ਦੇ ਵਿਚਕਾਰ ਰੱਖਿਆ ਸੀ। ਉਹ ਥੜ੍ਹੇ ਉੱਤੇ ਖੜ੍ਹਾ ਹੋ ਗਿਆ ਅਤੇ ਫਿਰ ਇਸਰਾਏਲ ਦੀ ਸਾਰੀ ਸਭਾ ਦੇ ਅੱਗੇ ਗੋਡੇ ਟੇਕਿਆ ਅਤੇ ਅਕਾਸ਼ ਵੱਲ ਆਪਣੇ ਹੱਥ ਫੈਲਾਏ। ਉਸ ਨੇ ਕਿਹਾ:

“ਹੇ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਤੇਰੇ ਵਰਗਾ ਨਾ ਸਵਰਗ ਵਿੱਚ ਨਾ ਧਰਤੀ ਉੱਤੇ ਕੋਈ ਪਰਮੇਸ਼ਵਰ ਨਹੀਂ ਹੈ, ਤੂੰ ਆਪਣੇ ਸੇਵਕਾਂ ਨਾਲ ਆਪਣੇ ਪਿਆਰ ਦੇ ਨੇਮ ਦੀ ਪਾਲਣਾ ਕੀਤੀ ਹੈ ਜਿਹੜੇ ਤੇਰੇ ਅੱਗੇ ਪੂਰੇ ਦਿਲ ਨਾਲ ਤੇਰੇ ਰਾਹ ਉੱਤੇ ਚੱਲਦੇ ਹਨ। ਤੂੰ ਆਪਣੇ ਸੇਵਕ ਮੇਰੇ ਪਿਤਾ ਦਾਵੀਦ ਨਾਲ ਆਪਣਾ ਵਾਅਦਾ ਪੂਰਾ ਕੀਤਾ ਸੀ ਪੂਰਾ ਕੀਤਾ ਹੈ। ਤੂੰ ਆਪਣੇ ਮੂੰਹ ਨਾਲ ਇਕਰਾਰ ਕੀਤਾ ਸੀ ਅਤੇ ਆਪਣੇ ਹੱਥਾਂ ਨਾਲ ਇਸ ਨੂੰ ਪੂਰਾ ਕੀਤਾ ਹੈ, ਜਿਵੇਂ ਅੱਜ ਦੇ ਦਿਨ ਹੈ।

“ਇਸ ਲਈ ਹੁਣ ਹੇ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ, ‘ਮੇਰੇ ਪਿਤਾ ਆਪਣੇ ਦਾਸ ਦਾਵੀਦ ਨਾਲ ਜੋ ਵਾਅਦਾ ਕੀਤਾ ਪੂਰਾ ਕਰ ਕਿ ਮੇਰੇ ਅੱਗੇ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣ ਲਈ ਤੇਰੇ ਥਾਂ ਮਨੁੱਖ ਦੀ ਥੁੜ ਨਾ ਹੋਵੇਗੀ, ਜੇ ਕੇਵਲ ਤੇਰੇ ਪੁੱਤਰ ਆਪਣੇ ਰਾਹ ਉੱਤੇ ਧਿਆਨ ਕਰਨ ਅਤੇ ਮੇਰੀ ਬਿਵਸਥਾ ਅਨੁਸਾਰ ਚੱਲਣ ਜਿਵੇਂ ਤੂੰ ਮੇਰੇ ਸਨਮੁਖ ਚੱਲਦਾ ਰਿਹਾ ਹੈ।’ ਹੁਣ, ਹੇ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਤੇਰਾ ਬਚਨ ਜਿਸਦਾ ਤੂੰ ਆਪਣੇ ਦਾਸ ਦਾਵੀਦ ਨਾਲ ਵਾਅਦਾ ਕੀਤਾ ਸੀ, ਪੂਰਾ ਹੋਵੇ।

“ਪਰ ਕੀ ਪਰਮੇਸ਼ਵਰ ਸੱਚ-ਮੁੱਚ ਆਦਮੀਆਂ ਦੇ ਨਾਲ ਧਰਤੀ ਉੱਤੇ ਵਾਸ ਕਰੇਗਾ? ਵੇਖ, ਸਵਰਗ ਸਗੋਂ ਸਵਰਗਾਂ ਦੇ ਸਵਰਗ ਤੈਨੂੰ ਸੰਭਾਲ ਨਹੀਂ ਸਕੇ, ਫਿਰ ਇਹ ਭਵਨ ਜੋ ਮੈਂ ਬਣਾਇਆ ਕਿਵੇਂ ਸਮਾਂ ਸਕਦਾ ਹੈ! ਤਦ ਵੀ ਹੇ ਯਾਹਵੇਹ ਮੇਰੇ ਪਰਮੇਸ਼ਵਰ, ਆਪਣੇ ਦਾਸ ਦੀ ਬੇਨਤੀ ਅਤੇ ਅਰਦਾਸ ਵੱਲ ਧਿਆਨ ਕਰ ਕੇ ਉਸਦੀ ਦੁਹਾਈ ਅਤੇ ਬੇਨਤੀ ਸੁਣ ਲੈ ਜੋ ਤੇਰਾ ਦਾਸ ਤੇਰੀ ਹਜ਼ੂਰੀ ਵਿੱਚ ਕਰ ਰਿਹਾ ਹੈ। ਤਾਂ ਜੋ ਤੇਰੀਆਂ ਅੱਖਾਂ ਰਾਤ ਦਿਨ ਇਸ ਭਵਨ ਵੱਲ ਖੁਲ੍ਹੀਆਂ ਰਹਿਣ ਅਰਥਾਤ ਇਸ ਥਾਂ ਵੱਲ ਜਿਸ ਦੇ ਬਾਰੇ ਤੂੰ ਕਿਹਾ ਸੀ ਕਿ ਮੈਂ ਆਪਣਾ ਨਾਮ ਉੱਥੇ ਰਹੇਗਾ ਤਾਂ ਜੋ ਤੂੰ ਉਸ ਬੇਨਤੀ ਨੂੰ ਸੁਣੇਂ ਜੋ ਤੇਰਾ ਦਾਸ ਇਸ ਅਸਥਾਨ ਵੱਲ ਕਰੇ। ਆਪਣੇ ਸੇਵਕ ਅਤੇ ਆਪਣੇ ਲੋਕਾਂ ਇਸਰਾਏਲ ਦੀਆਂ ਬੇਨਤੀਆਂ ਨੂੰ ਸੁਣ ਜਦੋਂ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ। ਸਗੋਂ ਆਪਣੇ ਸਵਰਗੀ ਭਵਨ ਵਿੱਚੋਂ ਸੁਣ ਲਈ ਅਤੇ ਸੁਣ ਕੇ ਮਾਫ਼ ਕਰੀਂ।

“ਜਦੋਂ ਕੋਈ ਮਨੁੱਖ ਆਪਣੇ ਗੁਆਂਢੀ ਨਾਲ ਬੁਰਾ ਕਰੇ ਅਤੇ ਉਸ ਤੋਂ ਸਹੁੰ ਖਵਾਈ ਜਾਵੇ ਅਤੇ ਉਹ ਆ ਕੇ ਇਸ ਭਵਨ ਵਿੱਚ ਤੇਰੀ ਜਗਵੇਦੀ ਦੇ ਸਾਹਮਣੇ ਸਹੁੰ ਖਾਧੀ ਜਾਵੇ, ਤਾਂ ਤੂੰ ਸਵਰਗ ਵਿੱਚੋਂ ਸੁਣ ਕੇ ਕੰਮ ਕਰੀਂ ਅਤੇ ਆਪਣੇ ਦਾਸਾਂ ਦਾ ਨਿਆਂ ਇਸ ਤਰ੍ਹਾਂ ਕਰੀ ਕਿ ਬੁਰੇ ਨੂੰ ਦੋਸ਼ੀ ਠਹਿਰਾਵੇਂ ਕਿ ਉਸ ਦੇ ਕੀਤੇ ਨੂੰ ਉਸ ਦੇ ਸਿਰ ਉੱਤੇ ਆਵੇ ਅਤੇ ਧਰਮੀ ਨੂੰ ਧਰਮੀ ਠਹਿਰਾਵੇਂ ਕਿ ਉਸ ਦੇ ਧਰਮ ਅਨੁਸਾਰ ਉਸ ਨੂੰ ਬਦਲਾ ਦਿੱਤਾ ਜਾਵੇ।

“ਜਦ ਤੇਰੀ ਪਰਜਾ ਇਸਰਾਏਲ ਤੇਰਾ ਪਾਪ ਕਰਨ ਦੇ ਕਾਰਨ ਆਪਣੇ ਵੈਰੀਆਂ ਦੇ ਅੱਗੋਂ ਹਾਰ ਜਾਵੇ ਅਤੇ ਜਦੋਂ ਉਹ ਤੇਰੇ ਵੱਲ ਮੁੜਨ ਅਤੇ ਤੇਰੇ ਨਾਮ ਦੀ ਉਸਤਤ ਕਰਨ ਅਤੇ ਇਸ ਭਵਨ ਵਿੱਚ ਤੇਰੇ ਅੱਗੇ ਪ੍ਰਾਰਥਨਾ ਅਤੇ ਬੇਨਤੀ ਕਰਨ, ਫਿਰ ਤੂੰ ਸਵਰਗ ਤੋਂ ਸੁਣੀ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪਾਂ ਨੂੰ ਮਾਫ਼ ਕਰੀ ਅਤੇ ਉਹਨਾਂ ਨੂੰ ਉਸ ਦੇਸ਼ ਵਿੱਚ ਵਾਪਸ ਲਿਆਵੀਂ ਜਿਹੜਾ ਤੂੰ ਉਹਨਾਂ ਨੂੰ ਅਤੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ।

“ਜਦ ਇਸ ਕਾਰਨ ਕਿ ਉਹਨਾਂ ਨੇ ਤੇਰਾ ਪਾਪ ਕੀਤਾ ਹੋਵੇ ਅਤੇ ਅਕਾਸ਼ ਬੰਦ ਹੋ ਜਾਵੇ ਅਤੇ ਵਰਖਾ ਨਾ ਹੋਵੇ ਅਤੇ ਉਹ ਇਸ ਅਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮਿਲਣ ਅਤੇ ਜਦ ਤੂੰ ਉਹਨਾਂ ਨੂੰ ਦੁੱਖ ਦਿੱਤਾ ਹੋਵੇ ਅਤੇ ਜਦ ਆਪਣੇ ਪਾਪ ਤੋਂ ਮੂੰਹ ਮੋੜਨ, ਤਦ ਤੂੰ ਸਵਰਗ ਤੋਂ ਸੁਣ ਕੇ ਆਪਣੇ ਦਾਸਾਂ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਮਾਫ਼ ਕਰੀ ਤੂੰ ਉਹਨਾਂ ਨੂੰ ਜੀਉਣ ਦਾ ਸਹੀ ਰਾਹ ਸਿਖਾਵੀ ਜਿਸ ਤੇ ਉਹ ਚੱਲ ਸਕਣ, ਅਤੇ ਉਸ ਧਰਤੀ ਉੱਤੇ ਜਿਹੜੀ ਤੂੰ ਆਪਣੇ ਲੋਕਾਂ ਨੂੰ ਵਿਰਾਸਤ ਵਿੱਚ ਦਿੱਤੀ ਸੀ ਮੀਹ ਵਰਾਈਂ।

“ਜਦੋਂ ਦੇਸ਼ ਉੱਤੇ ਕਾਲ ਜਾਂ ਬਵਾਂ ਆ ਜਾਵੇ ਜਾਂ ਝੁਲਸ ਜਾਂ ਉੱਲੀ ਟਿੱਡੀਆਂ ਜਾਂ ਸੁੰਡੀਆਂ ਟੋਕਾ ਪੈ ਜਾਵੇ, ਜਾਂ ਉਹਨਾਂ ਦੇ ਦੁਸ਼ਮਣ ਉਹਨਾਂ ਦੇ ਦੇਸ਼ ਦੇ ਸ਼ਹਿਰਾਂ ਨੂੰ ਘੇਰ ਲੈਣ ਭਾਵੇਂ ਕੋਈ ਵੀ ਆਫ਼ਤ ਜਾਂ ਬਿਮਾਰੀ ਆਵੇ, ਅਤੇ ਬੇਨਤੀ ਜਾਂ ਪ੍ਰਾਰਥਨਾ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਵੱਲੋਂ ਕੀਤੀ ਜਾਵੇ, ਉਹਨਾਂ ਦੇ ਦੁੱਖਾਂ ਅਤੇ ਪੀੜਾਂ ਤੋਂ ਜਾਣੂ ਹੋ ਕੇ ਅਤੇ ਆਪਣੇ ਹੱਥ ਇਸ ਭਵਨ ਵੱਲ ਉਠਾਵੇ, ਤਾਂ ਆਪਣੇ ਨਿਵਾਸ ਸਥਾਨ ਸਵਰਗ ਤੋਂ ਸੁਣ। ਮਾਫ਼ ਕਰ, ਅਤੇ ਹਰ ਕਿਸੇ ਨਾਲ ਜਿਵੇਂ ਉਹ ਕਰਦੇ ਹਨ ਉਸੇ ਤਰ੍ਹਾਂ ਵਰਤਾਓ ਕਰੀ ਕਿਉਂਕਿ ਤੂੰ ਉਹਨਾਂ ਦੇ ਦਿਲਾਂ ਨੂੰ ਜਾਣਦਾ ਹੈ (ਕਿਉਂਕਿ ਤੂੰ ਹਰ ਮਨੁੱਖ ਦੇ ਦਿਲ ਨੂੰ ਜਾਣਦਾ ਹੈ), ਤਾਂ ਜੋ ਉਹ ਆਪਣੇ ਜੀਉਣ ਦੇ ਸਾਰੇ ਦਿਨ ਜਦੋਂ ਤੱਕ ਉਹ ਉਸ ਦੇਸ਼ ਵਿੱਚ ਰਹਿਣ ਜੋ ਤੂੰ ਸਾਡੇ ਪਿਉ ਦਾਦਿਆਂ ਨੂੰ ਦਿੱਤਾ ਹੈ ਤਾਂ ਤੇਰੇ ਰਾਹਾਂ ਉੱਤੇ ਚੱਲਣ ਅਤੇ ਉਹ ਤੇਰੇ ਤੋਂ ਡਰਦੇ ਰਹਿਣ।

“ਜਦੋਂ ਉਹ ਪਰਦੇਸੀ ਜੋ ਤੇਰੀ ਪਰਜਾ ਇਸਰਾਏਲ ਦਾ ਨਹੀਂ ਹੈ, ਪਰ ਤੇਰੇ ਮਹਾਨ ਨਾਮ ਅਤੇ ਤੇਰੇ ਸ਼ਕਤੀਸ਼ਾਲੀ ਹੱਥ ਅਤੇ ਤੇਰੀ ਪਸਾਰੀ ਹੋਈ ਬਾਂਹ ਦੇ ਕਾਰਨ ਦੂਰ ਦੇਸ਼ ਤੋਂ ਆਇਆ ਹੈ, ਜਦ ਉਹ ਆਵੇ ਅਤੇ ਇਸ ਭਵਨ ਵੱਲ ਆ ਕੇ ਪ੍ਰਾਰਥਨਾ ਕਰਨ, ਤਦ ਸਵਰਗ ਤੋਂ ਸੁਣ, ਜੋ ਤੇਰਾ ਨਿਵਾਸ ਸਥਾਨ ਹੈ ਜੋ ਕੁਝ ਪਰਦੇਸੀ ਤੇਰੇ ਕੋਲੋਂ ਮੰਗੇ ਸੋ ਕਰ, ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣਨ ਅਤੇ ਤੇਰੇ ਤੋਂ ਡਰਨ ਜਿਵੇਂ ਤੇਰੀ ਪਰਜਾ ਇਸਰਾਏਲ, ਅਤੇ ਜਾਣ ਲੈਣ ਕਿ ਇਹ ਭਵਨ ਮੈਂ ਤੇਰੇ ਨਾਮ ਦਾ ਬਣਾਇਆ ਹੈ।

“ਜਦ ਤੇਰੇ ਲੋਕ ਆਪਣੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਨਿੱਕਲਣ, ਜਿੱਥੇ ਤੂੰ ਉਹਨਾਂ ਨੂੰ ਘੱਲੇ, ਅਤੇ ਜਦੋਂ ਉਹ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆਂ ਅਤੇ ਉਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਤੇਰੇ ਅੱਗੇ ਪ੍ਰਾਰਥਨਾ ਕਰਨ, ਤਦ ਤੂੰ ਸਵਰਗ ਤੋਂ ਉਹਨਾਂ ਦੀ ਪ੍ਰਾਰਥਨਾ ਅਤੇ ਬੇਨਤੀ ਸੁਣ ਅਤੇ ਉਹਨਾਂ ਦੇ ਹੱਕ ਦਾ ਨਿਆਂ ਕਰੀਂ।

“ਜੇਕਰ ਉਹ ਤੇਰਾ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਅਜਿਹਾ ਨਹੀਂ ਹੈ ਜੋ ਪਾਪ ਨਾ ਕਰਦਾ ਹੋਵੇ ਅਤੇ ਤੂੰ ਉਹਨਾਂ ਨਾਲ ਕ੍ਰੋਧਵਾਨ ਹੋਵੇ ਅਤੇ ਉਹਨਾਂ ਨੂੰ ਵੈਰੀ ਦੇ ਹਵਾਲੇ ਕਰ ਦੇਵੇਂ ਅਤੇ ਉਹ ਵੈਰੀ ਉਹਨਾਂ ਨੂੰ ਗ਼ੁਲਾਮ ਬਣਾ ਕੇ ਦੂਰ ਜਾਂ ਨੇੜੇ ਦੇ ਦੇਸ਼ ਵਿੱਚ ਲੈ ਜਾਵੇ; ਅਤੇ ਜੇ ਉਹ ਉਸ ਦੇਸ਼ ਵਿੱਚ ਜਿੱਥੇ ਉਹ ਗ਼ੁਲਾਮੀ ਵਿੱਚ ਹੋਣ ਆਪਣੇ ਮਨ ਬਦਲ ਲੈਣ ਅਤੇ ਪਛਤਾਉਣ ਆਪਣੀ ਗ਼ੁਲਾਮੀ ਵਾਲੇ ਦੇਸ਼ ਵਿੱਚ ਤੇਰੇ ਅੱਗੇ ਬੇਨਤੀ ਕਰਨ, ਅਤੇ ਆਖਣ ‘ਕਿ ਅਸੀਂ ਪਾਪ ਕੀਤਾ, ਅਸੀਂ ਅਪਰਾਧ ਕੀਤਾ, ਅਸੀਂ ਬੁਰਿਆਈ ਕੀਤੀ ਹੈ’; ਸੋ ਜੇ ਉਹ ਉਸ ਗੁਲਾਮੀ ਦੇ ਦੇਸ਼ ਵਿੱਚੋਂ ਜਿੱਥੇ ਉਹਨਾਂ ਨੂੰ ਗੁਲਾਮ ਬਣਾਇਆ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਉਹ ਤੇਰੇ ਵੱਲ ਮੁੜਨ ਅਤੇ ਆਪਣੇ ਇਸ ਦੇਸ਼ ਵੱਲ ਜੋ ਤੂੰ ਉਹਨਾਂ ਦੇ ਪਿਉ ਦਾਦਿਆਂ ਨੂੰ ਦਿੱਤਾ ਅਤੇ ਉਸ ਸ਼ਹਿਰ ਵੱਲ ਜਿਹੜਾ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜੋ ਮੈਂ ਤੇਰੇ ਨਾਮ ਲਈ ਬਣਾਇਆ ਬੇਨਤੀ ਕਰਨ; ਤਦ ਸਵਰਗ ਆਪਣੇ ਨਿਵਾਸ ਸਥਾਨ ਤੋਂ, ਉਹਨਾਂ ਦੀਆਂ ਪ੍ਰਾਰਥਨਾ ਅਤੇ ਉਹਨਾਂ ਦੀਆਂ ਬੇਨਤੀਆਂ ਨੂੰ ਸੁਣ ਲਵੀਂ, ਅਤੇ ਉਹਨਾਂ ਦੇ ਹੱਕ ਦਾ ਨਿਆਂ ਕਰੀ ਅਤੇ ਆਪਣੇ ਲੋਕਾਂ ਨੂੰ ਮਾਫ਼ ਕਰੀ, ਜਿਨ੍ਹਾਂ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ।

“ਹੁਣ, ਮੇਰੇ ਪਰਮੇਸ਼ਵਰ, ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿਣ ਅਤੇ ਤੁਹਾਡੇ ਕੰਨ ਇਸ ਸਥਾਨ ਵਿੱਚ ਕੀਤੀਆਂ ਪ੍ਰਾਰਥਨਾਵਾਂ ਵੱਲ ਧਿਆਨ ਦੇਣ।

“ਹੁਣ, ਯਾਹਵੇਹ ਪਰਮੇਸ਼ਵਰ, ਉੱਠ ਅਤੇ ਆਪਣੇ ਆਰਾਮ ਸਥਾਨ ਵਿੱਚ ਆ,

ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ।

ਹੇ ਯਾਹਵੇਹ ਪਰਮੇਸ਼ਵਰ! ਤੁਹਾਡੇ ਜਾਜਕ ਮੁਕਤੀ ਦੇ ਕੱਪੜੇ ਪਹਿਨੇ,

ਤੁਹਾਡੇ ਵਫ਼ਾਦਾਰ ਲੋਕ ਤੁਹਾਡੀ ਚੰਗਿਆਈ ਵਿੱਚ ਅਨੰਦ ਹੋਣ।

ਯਾਹਵੇਹ ਪਰਮੇਸ਼ਵਰ, ਆਪਣੇ ਮਸਹ ਕੀਤੇ ਹੋਏ ਨੂੰ ਰੱਦ ਨਾ ਕਰੋ।

ਆਪਣੇ ਸੇਵਕ ਦਾਵੀਦ ਨਾਲ ਕੀਤੇ ਹੋਏ ਮਹਾਨ ਪਿਆਰ ਨੂੰ ਚੇਤੇ ਰੱਖੋ।”

Source notes (1)
  1. Footnote ਇਹ ਲਗਭਗ 7 1/2 ਫੁੱਟ ਲੰਬਾ ਅਤੇ 7 1/2 ਚੌੜਾ ਅਤੇ 4 1/2 ਉੱਚਾ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.