Skip to content
BibleKenya

Biblica® Open Punjabi Contemporary Version 2025

2 ਇਤਿਹਾਸ 5

ਜਦੋਂ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਦਾ ਸਾਰਾ ਕੰਮ ਪੂਰਾ ਕਰ ਦਿੱਤਾ, ਤਾਂ ਉਹ ਆਪਣੇ ਪਿਤਾ ਦਾਵੀਦ ਦੁਆਰਾ ਸਮਰਪਿਤ ਕੀਤੀਆਂ ਚੀਜ਼ਾਂ ਅਰਥਾਤ ਚਾਂਦੀ, ਸੋਨਾ ਅਤੇ ਸਾਰਾ ਸਮਾਨ ਲੈ ਆਇਆ ਅਤੇ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਭਵਨ ਦੇ ਖ਼ਜ਼ਾਨਿਆਂ ਵਿੱਚ ਰੱਖ ਦਿੱਤਾ।

ਸੰਦੂਕ ਦਾ ਭਵਨ ਵਿੱਚ ਲਿਆਂ ਜਾਣਾ

ਤਦ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਇਸਰਾਏਲ ਦੇ ਬਜ਼ੁਰਗਾਂ, ਸਾਰੇ ਗੋਤਾਂ ਦੇ ਮੁਖੀਆਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਸੱਦਿਆ, ਤਾਂ ਜੋ ਦਾਵੀਦ ਦੇ ਸ਼ਹਿਰ ਸੀਯੋਨ ਤੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਲਿਆਉਣ। ਅਤੇ ਸਾਰੇ ਇਸਰਾਏਲੀ ਸੱਤਵੇਂ ਮਹੀਨੇ ਦੇ ਤਿਉਹਾਰ ਦੇ ਸਮੇਂ ਪਾਤਸ਼ਾਹ ਕੋਲ ਇਕੱਠੇ ਹੋਏ।

ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਉੱਥੇ ਪਹੁੰਚ ਗਏ ਤਾਂ ਲੇਵੀਆਂ ਨੇ ਸੰਦੂਕ ਨੂੰ ਚੁੱਕ ਲਿਆ, ਅਤੇ ਉਹਨਾਂ ਨੇ ਸੰਦੂਕ ਨੂੰ ਅਤੇ ਮੰਡਲੀ ਦੇ ਤੰਬੂ ਅਤੇ ਉਸ ਵਿੱਚ ਸਾਰੇ ਪਵਿੱਤਰ ਸਮਾਨ ਨੂੰ ਚੁੱਕ ਲਿਆ। ਲੇਵੀ ਜਾਜਕਾਂ ਨੇ ਉਹਨਾਂ ਨੂੰ ਚੁੱਕ ਕੇ ਤੁਰ ਪਏ। ਅਤੇ ਰਾਜਾ ਸ਼ਲੋਮੋਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਜੋ ਉਸ ਦੇ ਆਲੇ-ਦੁਆਲੇ ਇਕੱਠੀ ਹੋਈ ਸੀ, ਸੰਦੂਕ ਦੇ ਅੱਗੇ ਸਨ ਅਤੇ ਇੰਨੀਆਂ ਭੇਡਾਂ ਅਤੇ ਪਸ਼ੂਆਂ ਦੀ ਬਲੀ ਚੜ੍ਹਾ ਰਹੇ ਸਨ ਜੋ ਉਹਨਾਂ ਨੂੰ ਦਰਜ ਜਾਂ ਗਿਣਿਆ ਨਹੀਂ ਜਾ ਸਕਦਾ ਸੀ।

ਤਦ ਜਾਜਕਾਂ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਭਵਨ ਦੇ ਅੰਦਰਲੇ ਅਸਥਾਨ, ਅੱਤ ਪਵਿੱਤਰ ਸਥਾਨ ਵਿੱਚ ਇਸ ਦੇ ਸਥਾਨ ਤੇ ਲਿਆਇਆ, ਅਤੇ ਇਸਨੂੰ ਕਰੂਬੀਆਂ ਦੇ ਖੰਭਾਂ ਦੇ ਹੇਠਾਂ ਰੱਖਿਆ। ਕਰੂਬੀਆਂ ਨੇ ਸੰਦੂਕ ਦੀ ਥਾਂ ਉੱਤੇ ਆਪਣੇ ਖੰਭ ਫੈਲਾਏ ਅਤੇ ਸੰਦੂਕ ਅਤੇ ਉਸ ਦੇ ਢੋਣ ਵਾਲੇ ਖੰਭਾਂ ਨੂੰ ਢੱਕ ਲਿਆ। ਇਹ ਖੰਭੇ ਇੰਨੇ ਲੰਬੇ ਸਨ ਕਿ ਉਹਨਾਂ ਦੇ ਸਿਰੇ, ਸੰਦੂਕ ਵਿੱਚੋਂ ਬਾਹਰ ਦਿਸਦੇ ਸਨ, ਅੰਦਰਲੇ ਅਸਥਾਨ ਦੇ ਸਾਹਮਣੇ ਤੋਂ ਵੇਖੇ ਜਾ ਸਕਦੇ ਸਨ, ਪਰ ਪਵਿੱਤਰ ਸਥਾਨ ਦੇ ਬਾਹਰੋਂ ਨਹੀਂ ਅਤੇ ਉਹ ਅੱਜ ਵੀ ਉੱਥੇ ਹਨ। ਸੰਦੂਕ ਵਿੱਚ ਉਹਨਾਂ ਦੋ ਫੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੋਸ਼ੇਹ ਨੇ ਹੋਰੇਬ ਵਿੱਚ ਇਸ ਵਿੱਚ ਰੱਖੀਆਂ ਸਨ, ਜਿੱਥੇ ਯਾਹਵੇਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਓਹ ਮਿਸਰ ਦੇਸ ਤੋਂ ਨਿੱਕਲੇ ਸਨ।

ਪੁਜਾਰੀ ਫਿਰ ਪਵਿੱਤਰ ਸਥਾਨ ਤੋਂ ਪਿੱਛੇ ਹਟ ਗਏ। ਉੱਥੇ ਮੌਜੂਦ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਸੀ, ਭਾਵੇਂ ਉਹਨਾਂ ਦੀ ਵੰਡ ਦੀ ਪਰਵਾਹ ਕੀਤੇ ਬਿਨਾਂ। ਸਾਰੇ ਲੇਵੀ ਜੋ ਸੰਗੀਤਕਾਰ ਸਨ, ਆਸਾਫ਼, ਹੇਮਾਨ, ਯਦੂਥੂਨ ਅਤੇ ਉਹਨਾਂ ਦੇ ਪੁੱਤਰ ਅਤੇ ਭਰਾ, ਜਗਵੇਦੀ ਦੇ ਪੂਰਬ ਵਾਲੇ ਪਾਸੇ, ਮਹੀਨ ਲਿਨਨ ਦੇ ਕੱਪੜੇ ਪਹਿਨੇ ਅਤੇ ਖੰਜ਼ਰੀਆਂ, ਸਤਾਰਾਂ ਅਤੇ ਬਰਬਤਾਂ ਵਜਾ ਰਹੇ ਸਨ। ਉਹਨਾਂ ਦੇ ਨਾਲ 120 ਜਾਜਕ ਤੁਰ੍ਹੀਆਂ ਵਜਾਉਂਦੇ ਸਨ। ਤਦ ਇਹ ਹੋਇਆ ਕਿ ਜਦ ਤੁਰ੍ਹੀਆਂ ਦੇ ਵਜੰਤਰੀ ਅਤੇ ਗਵੰਤਰੀ ਮਿਲ ਗਏ ਅਤੇ ਯਾਹਵੇਹ ਦੀ ਉਸਤਤ ਅਤੇ ਧੰਨਵਾਦ ਕਰਨ ਵਿੱਚ ਉਹਨਾਂ ਦਾ ਸੁਰ ਇੱਕੋ ਹੀ ਸੁਣਾਈ ਦੇਵੇ ਅਰ ਜਦ ਤੁਰ੍ਹੀਆਂ ਅਤੇ ਖੰਜ਼ਰੀਆਂ ਅਤੇ ਗਾਉਣ ਦੀਆਂ ਸਾਜ਼ਾਂ ਨਾਲ ਉਹਨਾਂ ਨੇ ਆਪਣਾ ਸੁਰ ਉੱਚਾ ਕਰਕੇ ਯਾਹਵੇਹ ਦੀ ਉਸਤਤ ਕੀਤੀ

“ਉਹ ਭਲਾ ਹੈ;

ਉਸ ਦਾ ਪਿਆਰ ਸਦਾ ਕਾਇਮ ਹੈ।”

ਤਦ ਯਾਹਵੇਹ ਦਾ ਭਵਨ ਬੱਦਲ ਨਾਲ ਭਰ ਗਿਆ। ਅਤੇ ਜਾਜਕ ਬੱਦਲ ਦੇ ਕਾਰਨ ਆਪਣੀ ਸੇਵਾ ਨਾ ਕਰ ਸਕੇ ਕਿਉਂ ਜੋ ਯਾਹਵੇਹ ਦੀ ਮਹਿਮਾ ਨਾਲ ਪਰਮੇਸ਼ਵਰ ਦਾ ਭਵਨ ਭਰ ਗਿਆ ਸੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.