Skip to content
BibleKenya

Biblica® Open Punjabi Contemporary Version 2025

2 ਇਤਿਹਾਸ 33

ਯਹੂਦਾਹ ਦਾ ਰਾਜਾ ਮਨੱਸ਼ੇਹ

ਮਨੱਸ਼ੇਹ ਬਾਰਾਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਪਚਵੰਜਾ ਸਾਲ ਰਾਜ ਕੀਤਾ। ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾਈ ਕੀਤੀ, ਉਹਨਾਂ ਮੂਰਤੀ-ਪੂਜਕ ਕੌਮਾਂ ਦੇ ਘਿਣਾਉਣੇ ਕੰਮਾਂ ਦੇ ਅਨੁਸਾਰ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਅੱਗੇ ਦੇਸ਼ ਵਿੱਚੋਂ ਕੱਢ ਦਿੱਤਾ ਸੀ। ਉਸਨੇ ਉੱਚੇ ਸਥਾਨਾਂ ਨੂੰ ਦੁਬਾਰਾ ਬਣਾਇਆ ਜੋ ਉਸਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤੇ ਸਨ। ਉਸਨੇ ਬਆਲ ਦੇਵਤਿਆਂ ਲਈ ਜਗਵੇਦੀਆਂ ਬਣਾਈਆਂ ਅਤੇ ਅਸ਼ੇਰਾਹ ਦੇ ਥੰਮ ਬਣਾਏ। ਉਸ ਨੇ ਸਾਰੇ ਤਾਰਿਆਂ ਵਾਲੇ ਮੇਜ਼ਬਾਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ। ਉਸਨੇ ਯਾਹਵੇਹ ਦੇ ਭਵਨ ਵਿੱਚ ਜਗਵੇਦੀਆਂ ਬਣਾਈਆਂ, ਜਿਨ੍ਹਾਂ ਬਾਰੇ ਯਾਹਵੇਹ ਨੇ ਕਿਹਾ ਸੀ, “ਮੇਰਾ ਨਾਮ ਯੇਰੂਸ਼ਲੇਮ ਵਿੱਚ ਸਦਾ ਲਈ ਰਹੇਗਾ।” ਯਾਹਵੇਹ ਦੇ ਭਵਨ ਦੇ ਦੋਵੇਂ ਵਿਹੜਿਆਂ ਵਿੱਚ, ਉਸਨੇ ਸਾਰੇ ਤਾਰਿਆਂ ਵਾਲੇ ਮੇਜ਼ਬਾਨਾਂ ਲਈ ਜਗਵੇਦੀਆਂ ਬਣਾਈਆਂ। ਉਸਨੇ ਆਪਣੇ ਬੱਚਿਆਂ ਨੂੰ ਬੇਨ-ਹਿੰਨੋਮ ਦੀ ਘਾਟੀ ਵਿੱਚ ਅੱਗ ਵਿੱਚ ਬਲੀ ਚੜ੍ਹਾਇਆ। ਉਹ ਭਵਿੱਖ ਨੂੰ ਪਤਾ ਕਰਨ ਲਈ ਜਾਦੂ-ਟੂਣੇ ਕਰਦਾ ਅਤੇ ਪੁੱਛਣ ਵਾਲੇ ਆਤਮਿਆਂ ਅਤੇ ਜਾਦੂਗਰਾਂ ਨਾਲ ਵਾਸਤਾ ਰੱਖਦਾ ਸੀ। ਮਨੱਸ਼ੇਹ ਨੇ ਯਾਹਵੇਹ ਦੀ ਨਿਗਾਹ ਵਿੱਚ ਬਹੁਤ ਬੁਰਾਈ ਕੀਤੀ। ਇਸ ਕਰਕੇ ਯਾਹਵੇਹ ਦਾ ਗੁੱਸੇ ਉਸ ਉੱਤੇ ਭੜਕਿਆ।

ਉਸਨੇ ਆਪਣੀ ਬਣਾਈ ਮੂਰਤ ਨੂੰ ਲੈ ਕੇ ਪਰਮੇਸ਼ਵਰ ਦੇ ਭਵਨ ਵਿੱਚ ਰੱਖ ਦਿੱਤਾ, ਜਿਸ ਬਾਰੇ ਪਰਮੇਸ਼ਵਰ ਨੇ ਦਾਵੀਦ ਅਤੇ ਉਸਦੇ ਪੁੱਤਰ ਸ਼ਲੋਮੋਨ ਨੂੰ ਕਿਹਾ ਸੀ, “ਇਸ ਭਵਨ ਵਿੱਚ ਅਤੇ ਯੇਰੂਸ਼ਲੇਮ ਵਿੱਚ ਜਿਸ ਨੂੰ ਮੈਂ ਇਸਰਾਏਲ ਦੀਆਂ ਸਾਰਿਆਂ ਗੋਤਾਂ ਵਿੱਚੋਂ ਚੁਣ ਲਿਆ ਹੈ ਮੈਂ ਆਪਣਾ ਨਾਮ ਸਦਾ ਲਈ ਰੱਖਾਂਗਾ। ਮੈਂ ਇਸਰਾਏਲੀਆਂ ਦੇ ਪੈਰਾਂ ਨੂੰ ਉਸ ਧਰਤੀ ਤੋਂ ਨਹੀਂ ਹਟਾਵਾਂਗਾ ਜਿਹੜੀ ਮੈਂ ਤੁਹਾਡੇ ਪੁਰਖਿਆਂ ਲਈ ਠਹਿਰਾਈ ਸੀ, ਜੇਕਰ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣ ਜਿਨ੍ਹਾਂ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਅਰਥਾਤ ਉਹ ਸਾਰੇ ਕਾਨੂੰਨ, ਬਿਧੀਆਂ ਅਤੇ ਨਿਯਮ ਜਿਹੜੇ ਮੋਸ਼ੇਹ ਦੁਆਰਾ ਦਿੱਤੇ।” ਪਰ ਮਨੱਸ਼ੇਹ ਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਇਸ ਤਰ੍ਹਾਂ ਕੁਰਾਹੇ ਪਾਇਆ ਕਿ ਉਹਨਾਂ ਨੇ ਉਹਨਾਂ ਕੌਮਾਂ ਨਾਲੋਂ ਵੱਧ ਬੁਰਾਈਆਂ ਕੀਤੀਆਂ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਤਬਾਹ ਕੀਤਾ ਸੀ।

ਯਾਹਵੇਹ ਨੇ ਮਨੱਸ਼ੇਹ ਅਤੇ ਉਸਦੇ ਲੋਕਾਂ ਨਾਲ ਗੱਲ ਕੀਤੀ, ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ। ਤਾਂ ਯਾਹਵੇਹ ਨੇ ਅੱਸ਼ੂਰ ਦੇ ਰਾਜੇ ਦੇ ਸੈਨਾਪਤੀ ਨੂੰ ਉਹਨਾਂ ਦੇ ਵਿਰੁੱਧ ਲਿਆਂਦਾ, ਜਿਨ੍ਹਾਂ ਨੇ ਮਨੱਸ਼ੇਹ ਨੂੰ ਕੈਦ ਕਰ ਲਿਆ, ਉਸ ਦੇ ਨੱਕ ਵਿੱਚ ਕੁੰਡੀ ਪਾ ਦਿੱਤੀ, ਉਸ ਨੂੰ ਪਿੱਤਲ ਦੇ ਸੰਗਲ ਨਾਲ ਬੰਨ੍ਹ ਕੇ ਬਾਬੇਲ ਨੂੰ ਲੈ ਗਏ। ਆਪਣੀ ਬਿਪਤਾ ਵਿੱਚ ਉਸਨੇ ਆਪਣੇ ਪਰਮੇਸ਼ਵਰ ਦੀ ਕਿਰਪਾ ਦੀ ਮੰਗ ਕੀਤੀ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਅੱਗੇ ਆਪਣੇ ਆਪ ਨੂੰ ਬਹੁਤ ਨਿਮਰ ਕੀਤਾ। ਅਤੇ ਜਦੋਂ ਉਸਨੇ ਉਸਨੂੰ ਪ੍ਰਾਰਥਨਾ ਕੀਤੀ, ਯਾਹਵੇਹ ਉਸਦੀ ਬੇਨਤੀ ਤੋਂ ਪ੍ਰਭਾਵਿਤ ਹੋਇਆ ਅਤੇ ਉਸਨੇ ਉਸਦੀ ਬੇਨਤੀ ਸੁਣ ਲਈ; ਇਸ ਲਈ ਉਹ ਉਸਨੂੰ ਯੇਰੂਸ਼ਲੇਮ ਅਤੇ ਉਸਦੇ ਰਾਜ ਵਿੱਚ ਵਾਪਸ ਲੈ ਆਇਆ। ਤਦ ਮਨੱਸ਼ੇਹ ਜਾਣ ਗਿਆ ਕਿ ਯਾਹਵੇਹ ਪਰਮੇਸ਼ਵਰ ਹੈ।

ਇਸ ਤੋਂ ਬਾਅਦ, ਉਸ ਨੇ ਦਾਵੀਦ ਦੇ ਸ਼ਹਿਰ ਦੀ ਬਾਹਰੀ ਕੰਧ, ਵਾਦੀ ਵਿੱਚ ਗੀਹੋਨ ਝਰਨੇ ਦੇ ਪੱਛਮ ਵੱਲ, ਮੱਛੀ ਫਾਟਕ ਦੇ ਪ੍ਰਵੇਸ਼ ਦੁਆਰ ਤੱਕ ਅਤੇ ਓਫੇਲ ਦੀ ਪਹਾੜੀ ਨੂੰ ਘੇਰਾ ਪਾ ਕੇ ਦੁਬਾਰਾ ਬਣਾਇਆ। ਉਸ ਨੇ ਇਸ ਨੂੰ ਬਹੁਤ ਉੱਚਾ ਵੀ ਬਣਾਇਆ। ਉਸ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਫ਼ੌਜੀ ਸੈਨਾਪਤੀ ਤਾਇਨਾਤ ਕੀਤੇ।

ਅਤੇ ਉਹ ਨੇ ਓਪਰੇ ਦੇਵਤੇ ਅਤੇ ਉਸ ਬੁੱਤ ਨੂੰ ਜਿਹੜਾ ਯਾਹਵੇਹ ਦੇ ਭਵਨ ਵਿੱਚ ਸੀ ਅਤੇ ਸਾਰੀਆਂ ਜਗਵੇਦੀਆਂ ਨੂੰ ਜਿਹੜੀਆਂ ਉਸ ਯਾਹਵੇਹ ਦੇ ਭਵਨ ਦੇ ਪਹਾੜ ਉੱਤੇ ਯੇਰੂਸ਼ਲੇਮ ਵਿੱਚ ਬਣਾਈਆਂ ਸਨ ਕੱਢ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ। ਫਿਰ ਉਸ ਨੇ ਯਾਹਵੇਹ ਦੀ ਜਗਵੇਦੀ ਨੂੰ ਮੁੜ ਸਥਾਪਿਤ ਕੀਤਾ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਈਆਂ, ਅਤੇ ਯਹੂਦਾਹ ਨੂੰ ਕਿਹਾ ਕਿ ਉਹ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਦੀ ਸੇਵਾ ਕਰੇ। ਫਿਰ ਵੀ, ਲੋਕ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਰਹੇ, ਭਾਵੇਂ ਕਿ ਉਹ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਬਲੀਆਂ ਚੜ੍ਹਾ ਰਹੇ ਸਨ।

ਮਨੱਸ਼ੇਹ ਦੇ ਰਾਜ ਦੀਆਂ ਹੋਰ ਘਟਨਾਵਾਂ, ਜਿਸ ਵਿੱਚ ਉਸ ਦੇ ਪਰਮੇਸ਼ਵਰ ਨੂੰ ਪ੍ਰਾਰਥਨਾ ਕੀਤੀ ਗਈ ਅਤੇ ਉਹ ਸ਼ਬਦ ਜੋ ਉਸ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਉੱਤੇ ਬੋਲੇ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਵਿੱਚ ਲਿਖੇ ਹੋਏ ਹਨ। ਮਨੱਸ਼ੇਹ ਨੇ ਜੋ ਪ੍ਰਾਰਥਨਾਵਾਂ ਕੀਤੀਆਂ, ਅਤੇ ਉਸ ਦੀਆਂ ਪ੍ਰਾਰਥਨਾਵਾਂ ਨੇ ਪਰਮੇਸ਼ਵਰ ਨੂੰ ਕਿਵੇਂ ਪਿਘਲਾ ਦਿੱਤਾ, ਉਸ ਦੇ ਕੀਤੇ ਗਏ ਪਾਪ, ਉਸ ਦਾ ਵਿਸ਼ਵਾਸਘਾਤ, ਉਸ ਦੀਆਂ ਉੱਚੀਆਂ ਥਾਵਾਂ ਉੱਤੇ ਬਣਾਈਆਂ ਜਗਵੇਦੀਆਂ, ਅਸ਼ੇਰਾਹ ਦੇ ਅਸਥਾਨ, ਉੱਕਰੀਆਂ ਮੂਰਤੀਆਂ, ਉਹ ਸਭ ਕੁਝ ਜੋ ਉਸ ਨੇ ਆਪਣੇ ਆਪ ਨੂੰ ਨਿਮਰ ਹੋਣ ਤੋਂ ਪਹਿਲਾਂ ਕੀਤਾ, ਇਨ੍ਹਾਂ ਸਭ ਦਾ ਵਰਣਨ ਹੋਜ਼ਾਈ ਦੀ ਪੋਥੀ ਵਿੱਚ ਦਰਜ ਹੈ। ਮਨੱਸ਼ੇਹ ਮਰ ਕੇ ਆਪਣੇ ਪੁਰਖਿਆਂ ਨਾਲ ਗਿਆ ਅਤੇ ਉਸਨੂੰ ਉਸਦੇ ਮਹਿਲ ਵਿੱਚ ਦਫ਼ਨਾਇਆ ਗਿਆ ਅਤੇ ਉਸ ਦਾ ਪੁੱਤਰ ਆਮੋਨ ਉਸਦੇ ਬਾਅਦ ਪਾਤਸ਼ਾਹ ਬਣਿਆ।

ਯਹੂਦਾਹ ਦਾ ਰਾਜਾ ਆਮੋਨ

ਆਮੋਨ ਬਾਈਆਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਦੋ ਸਾਲ ਰਾਜ ਕੀਤਾ। ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਉਸਦੇ ਪਿਤਾ ਮਨੱਸ਼ੇਹ ਨੇ ਕੀਤੀ ਸੀ। ਆਮੋਨ ਨੇ ਮਨੱਸ਼ੇਹ ਦੀਆਂ ਸਾਰੀਆਂ ਮੂਰਤੀਆਂ ਦੀ ਉਪਾਸਨਾ ਕੀਤੀ ਅਤੇ ਬਲੀਆਂ ਚੜ੍ਹਾਈਆਂ। ਪਰ ਆਪਣੇ ਪਿਤਾ ਮਨੱਸ਼ੇਹ ਦੇ ਉਲਟ, ਉਸਨੇ ਆਪਣੇ ਆਪ ਨੂੰ ਯਾਹਵੇਹ ਅੱਗੇ ਨਿਮਰ ਨਹੀਂ ਕੀਤਾ ਅਤੇ ਆਮੋਨ ਨੇ ਆਪਣੇ ਦੋਸ਼ ਨੂੰ ਵਧਾ ਦਿੱਤਾ।

ਆਮੋਨ ਦੇ ਅਧਿਕਾਰੀਆਂ ਨੇ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸਦੇ ਮਹਿਲ ਵਿੱਚ ਉਸ ਦਾ ਕਤਲ ਕਰਵਾ ਦਿੱਤਾ। ਤਦ ਦੇਸ਼ ਦੇ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਰਾਜੇ ਆਮੋਨ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਅਤੇ ਉਹਨਾਂ ਨੇ ਉਸ ਦੇ ਪੁੱਤਰ ਯੋਸ਼ੀਯਾਹ ਨੂੰ ਉਸ ਦੀ ਥਾਂ ਤੇ ਰਾਜਾ ਬਣਾਇਆ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.