Skip to content
BibleKenya

Biblica® Open Punjabi Contemporary Version 2025

2 ਇਤਿਹਾਸ 32

ਸਨਹੇਰੀਬ ਦੀ ਯੇਰੂਸ਼ਲੇਮ ਨੂੰ ਧਮਕੀ

ਹਿਜ਼ਕੀਯਾਹ ਦੇ ਇਹ ਵਫ਼ਾਦਾਰੀ ਨਾਲ ਕੰਮ ਪੂਰੇ ਹੋਣ ਤੋਂ ਬਾਅਦ, ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਯਹੂਦੀਆ ਉੱਤੇ ਹਮਲਾ ਕੀਤਾ ਅਤੇ ਗੜ੍ਹ ਵਾਲੇ ਸ਼ਹਿਰਾਂ ਨੂੰ ਘੇਰ ਲਿਆ। ਉਸਦੀ ਯੋਜਨਾ ਉਹਨਾਂ ਨੂੰ ਆਪਣੇ ਲਈ ਜਿੱਤਣ ਬਾਰੇ ਸੀ। ਜਦੋਂ ਹਿਜ਼ਕੀਯਾਹ ਨੇ ਦੇਖਿਆ ਕਿ ਸਨਹੇਰੀਬ ਆਇਆ ਹੈ ਅਤੇ ਉਹ ਯੇਰੂਸ਼ਲੇਮ ਦੇ ਵਿਰੁੱਧ ਯੁੱਧ ਕਰਨ ਦਾ ਇਰਾਦਾ ਰੱਖਦਾ ਹੈ, ਤਾਂ ਉਸ ਨੇ ਸ਼ਹਿਰ ਦੇ ਬਾਹਰਲੇ ਚਸ਼ਮੇ ਦੇ ਪਾਣੀ ਨੂੰ ਰੋਕਣ ਲਈ ਆਪਣੇ ਅਧਿਕਾਰੀਆਂ ਅਤੇ ਸੈਨਿਕ ਕਰਮਚਾਰੀਆਂ ਨਾਲ ਸਲਾਹ ਕੀਤੀ ਅਤੇ ਉਹਨਾਂ ਨੇ ਉਸ ਦੀ ਸਹਾਇਤਾ ਕੀਤੀ। ਉਹਨਾਂ ਨੇ ਲੋਕਾਂ ਦਾ ਇੱਕ ਵੱਡਾ ਸਮੂਹ ਇਕੱਠਾ ਕੀਤਾ ਜਿਨ੍ਹਾਂ ਨੇ ਸਾਰੇ ਚਸ਼ਮੇ ਅਤੇ ਧਰਤੀ ਵਿੱਚੋਂ ਵਗਦੀ ਨਦੀ ਨੂੰ ਰੋਕ ਦਿੱਤਾ। ਉਹਨਾਂ ਨੇ ਕਿਹਾ, “ਅੱਸ਼ੂਰ ਦਾ ਰਾਜਾ ਕਿਉਂ ਆਵੇ ਅਤੇ ਬਹੁਤ ਸਾਰਾ ਪਾਣੀ ਲੱਭੇ?” ਤਾਂ ਉਸ ਨੇ ਹਿੰਮਤ ਕੀਤੀ ਅਤੇ ਸਾਰੀ ਕੰਧ ਨੂੰ ਜਿਹੜੀ ਟੁੱਟੀ ਹੋਈ ਸੀ ਬਣਾਇਆ ਅਤੇ ਬੁਰਜਾਂ ਨੂੰ ਉੱਚਾ ਕੀਤਾ ਅਤੇ ਉਸ ਦੇ ਬਾਹਰਲੀ ਵੱਲ ਇੱਕ ਹੋਰ ਕੰਧ ਬਣਾਈ ਅਤੇ ਉਸਨੇ ਦਾਵੀਦ ਦੇ ਸ਼ਹਿਰ ਵਿੱਚ ਛੱਤਾਂ ਨੂੰ ਮਜ਼ਬੂਤ ਕੀਤਾ ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲ਼ਾਂ ਬਣਾਈਆਂ।

ਉਸ ਨੇ ਲੋਕਾਂ ਉੱਤੇ ਫ਼ੌਜੀ ਅਧਿਕਾਰੀ ਨਿਯੁਕਤ ਕੀਤੇ ਅਤੇ ਉਹਨਾਂ ਨੂੰ ਸ਼ਹਿਰ ਦੇ ਦਰਵਾਜ਼ੇ ਦੇ ਚੌਂਕ ਵਿੱਚ ਆਪਣੇ ਸਾਮ੍ਹਣੇ ਇਕੱਠਾ ਕੀਤਾ ਅਤੇ ਉਹਨਾਂ ਨੂੰ ਇਨ੍ਹਾਂ ਸ਼ਬਦਾਂ ਨਾਲ ਹੌਸਲਾ ਦਿੱਤਾ: “ਤਕੜੇ ਹੋਵੋ ਅਤੇ ਹੌਂਸਲਾ ਰੱਖੋ। ਅੱਸ਼ੂਰ ਦੇ ਰਾਜੇ ਅਤੇ ਉਸ ਦੇ ਨਾਲ ਵੱਡੀ ਸੈਨਾ ਦੇ ਕਾਰਨ ਨਾ ਡਰੋ ਅਤੇ ਨਿਰਾਸ਼ ਨਾ ਹੋਵੋ, ਕਿਉਂਕਿ ਸਾਡੇ ਵਿੱਚ ਉਸ ਨਾਲੋਂ ਵੱਡੀ ਸ਼ਕਤੀ ਹੈ। ਉਸਦੇ ਨਾਲ ਮਨੁੱਖ ਦਾ ਹੱਥ ਹੈ ਪਰ ਸਾਡੇ ਨਾਲ ਯਾਹਵੇਹ ਸਾਡਾ ਪਰਮੇਸ਼ਵਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ।” ਤਾਂ ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ।

ਬਾਅਦ ਵਿੱਚ, ਜਦੋਂ ਅੱਸ਼ੂਰ ਦਾ ਰਾਜਾ ਸਨਹੇਰੀਬ ਅਤੇ ਉਸਦੀ ਸਾਰੀ ਸੈਨਾ ਲਾਕੀਸ਼ ਨੂੰ ਘੇਰਾ ਪਾ ਰਹੀ ਸੀ, ਉਸਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਅਤੇ ਯਹੂਦਾਹ ਦੇ ਸਾਰੇ ਲੋਕਾਂ ਲਈ ਜਿਹੜੇ ਉੱਥੇ ਸਨ, ਆਪਣੇ ਅਫ਼ਸਰਾਂ ਨੂੰ ਇਹ ਸੰਦੇਸ਼ ਦੇ ਕੇ ਯੇਰੂਸ਼ਲੇਮ ਵਿੱਚ ਭੇਜਿਆ:

“ਅੱਸ਼ੂਰ ਦਾ ਰਾਜਾ ਸਨਹੇਰੀਬ ਇਹ ਆਖਦਾ ਹੈ ਕਿ ਤੁਸੀਂ ਕਿਸ ਗੱਲ ਉੱਤੇ ਭਰੋਸਾ ਰੱਖਦੇ ਹੋ ਕਿ ਤੁਸੀਂ ਯੇਰੂਸ਼ਲੇਮ ਵਿੱਚ ਘੇਰਾਬੰਦੀ ਵਿੱਚ ਰਹੇ ਹੋ? ਜਦੋਂ ਹਿਜ਼ਕੀਯਾਹ ਕਹਿੰਦਾ ਹੈ, ‘ਯਾਹਵੇਹ ਸਾਡਾ ਪਰਮੇਸ਼ਵਰ ਸਾਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵੇਗਾ,’ ਤਾਂ ਉਹ ਤੁਹਾਨੂੰ ਗੁਮਰਾਹ ਕਰ ਰਿਹਾ ਹੈ, ਤਾਂ ਜੋ ਤੁਹਾਨੂੰ ਭੁੱਖ ਅਤੇ ਪਿਆਸ ਨਾਲ ਮਰਨ ਦੇਵੇ। ਕੀ ਹਿਜ਼ਕੀਯਾਹ ਨੇ ਖ਼ੁਦ ਇਨ੍ਹਾਂ ਦੇਵਤਿਆਂ ਦੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਨਹੀਂ ਹਟਾਇਆ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਕਿਹਾ, ‘ਤੁਹਾਨੂੰ ਇੱਕ ਜਗਵੇਦੀ ਦੇ ਅੱਗੇ ਮੱਥਾ ਟੇਕਣਾ ਚਾਹੀਦਾ ਹੈ ਅਤੇ ਉਸ ਉੱਤੇ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ।’

“ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਅਤੇ ਮੇਰੇ ਪੂਰਵਜਾਂ ਨੇ ਦੂਜੇ ਦੇਸ਼ਾਂ ਦੇ ਸਾਰੇ ਲੋਕਾਂ ਨਾਲ ਕੀ ਕੀਤਾ ਹੈ? ਕੀ ਉਹਨਾਂ ਕੌਮਾਂ ਦੇ ਦੇਵਤੇ ਕਦੇ ਆਪਣੀ ਧਰਤੀ ਨੂੰ ਮੇਰੇ ਹੱਥੋਂ ਛੁਡਾਉਣ ਦੇ ਯੋਗ ਸਨ? ਇਨ੍ਹਾਂ ਕੌਮਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਹੈ ਜਿਨ੍ਹਾਂ ਨੂੰ ਮੇਰੇ ਪੂਰਵਜਾਂ ਨੇ ਤਬਾਹ ਕੀਤਾ ਸੀ, ਆਪਣੇ ਲੋਕਾਂ ਨੂੰ ਮੇਰੇ ਤੋਂ ਬਚਾ ਸਕਦਾ ਹੈ? ਤਾਂ ਤੇਰਾ ਪਰਮੇਸ਼ਵਰ ਤੈਨੂੰ ਮੇਰੇ ਹੱਥੋਂ ਕਿਵੇਂ ਛੁਡਾਵੇਗਾ? ਹੁਣ ਹਿਜ਼ਕੀਯਾਹ ਤੁਹਾਨੂੰ ਇਸ ਤਰ੍ਹਾਂ ਧੋਖਾ ਨਾ ਦੇਵੇ ਅਤੇ ਨਾ ਹੀ ਤੁਹਾਨੂੰ ਗੁਮਰਾਹ ਕਰੇ। ਤੁਸੀਂ ਬਸ ਉਸ ਤੇ ਵਿਸ਼ਵਾਸ ਨਾ ਰੱਖੋ ਕਿਉਂਕਿ ਕਿਸੇ ਵੀ ਕੌਮ ਦਾ ਕੋਈ ਵੀ ਦੇਵਤਾ ਆਪਣੇ ਲੋਕਾਂ ਨੂੰ ਮੇਰੇ ਜਾਂ ਮੇਰੇ ਪੁਰਖਿਆਂ ਦੇ ਹੱਥੋਂ ਨਹੀਂ ਬਚਾ ਸਕਿਆ, ਫਿਰ ਤੁਹਾਡਾ ਪਰਮੇਸ਼ਵਰ ਤੁਹਾਨੂੰ ਮੇਰੇ ਹੱਥੋਂ ਕਿਵੇਂ ਬਚਾ ਸਕਦਾ ਹੈ!”

ਅਤੇ ਉਹ ਦੇ ਨੌਕਰਾਂ ਨੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਅਤੇ ਉਹ ਦੇ ਸੇਵਕ ਹਿਜ਼ਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ। ਰਾਜੇ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦਾ ਮਜ਼ਾਕ ਉਡਾਉਂਦੇ ਹੋਏ ਚਿੱਠੀਆਂ ਵੀ ਲਿਖੀਆਂ ਅਤੇ ਉਸ ਦੇ ਵਿਰੁੱਧ ਇਹ ਕਿਹਾ: “ਜਿਵੇਂ ਦੂਜੇ ਦੇਸ਼ਾਂ ਦੇ ਲੋਕਾਂ ਦੇ ਦੇਵਤਿਆਂ ਨੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਛੁਡਾਇਆ, ਉਸੇ ਤਰ੍ਹਾਂ ਦੇ ਦੇਵਤੇ ਨੇ ਹਿਜ਼ਕੀਯਾਹ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਛੁਡਾਵੇਗਾ।” ਤਦ ਉਹਨਾਂ ਨੇ ਯੇਰੂਸ਼ਲੇਮ ਦੇ ਲੋਕਾਂ ਨੂੰ ਜਿਹੜੇ ਕੰਧ ਉੱਤੇ ਸਨ, ਇਬਰਾਨੀ ਵਿੱਚ ਪੁਕਾਰ ਕੇ ਉਹਨਾਂ ਨੂੰ ਡਰਾਉਣ ਅਤੇ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਉਹਨਾਂ ਨੂੰ ਡਰਾਉਣ ਲਈ ਕਿਹਾ। ਇਹ ਕਹਿ ਕੇ ਉਹਨਾਂ ਨੇ ਯੇਰੂਸ਼ਲੇਮ ਦੇ ਪਰਮੇਸ਼ਵਰ ਨੂੰ ਧਰਤੀ ਉੱਤੇ ਦੂਜੀਆਂ ਕੌਮਾਂ ਦੇ ਦੇਵਤਿਆਂ ਦੇ ਬਰਾਬਰ ਰੱਖਿਆ, ਉਹ ਦੇਵਤੇ ਜੋ ਉਹਨਾਂ ਦੇ ਆਪਣੇ ਹੱਥਾਂ ਦੀ ਰਚਨਾ ਸਨ।

ਰਾਜਾ ਹਿਜ਼ਕੀਯਾਹ ਅਤੇ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਨੇ ਇਸ ਬਾਰੇ ਸਵਰਗ ਨੂੰ ਪ੍ਰਾਰਥਨਾ ਕੀਤੀ। ਤਾਂ ਯਾਹਵੇਹ ਨੇ ਇੱਕ ਦੂਤ ਨੂੰ ਘੱਲਿਆ ਜਿਸ ਨੇ ਅੱਸ਼ੂਰ ਦੇ ਪਾਤਸ਼ਾਹ ਦੇ ਲਸ਼ਕਰ ਵਿੱਚੋਂ ਸਾਰੇ ਸੂਰਬੀਰਾਂ ਨੂੰ ਅਤੇ ਅਫ਼ਸਰਾਂ ਨੂੰ ਅਤੇ ਸਰਦਾਰਾਂ ਨੂੰ ਮਾਰ ਸੁੱਟਿਆ! ਸੋ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਨੂੰ ਮੁੜ ਗਿਆ ਅਤੇ ਜਦ ਉਹ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤਾਂ ਉਹ ਦੀ ਅੰਸ ਵਿੱਚੋਂ ਹੀ ਕਿਸੇ ਉਹ ਨੂੰ ਉੱਥੇ ਹੀ ਤਲਵਾਰ ਨਾਲ ਵੱਢ ਸੁੱਟਿਆ।

ਇਸ ਲਈ ਯਾਹਵੇਹ ਨੇ ਹਿਜ਼ਕੀਯਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਦੇ ਹੱਥੋਂ ਅਤੇ ਬਾਕੀ ਸਾਰਿਆਂ ਦੇ ਹੱਥੋਂ ਬਚਾਇਆ। ਉਸ ਨੇ ਹਰ ਪਾਸੇ ਉਹਨਾਂ ਦੀ ਦੇਖਭਾਲ ਕੀਤੀ। ਬਹੁਤ ਸਾਰੇ ਲੋਕ ਯਾਹਵੇਹ ਲਈ ਭੇਟਾਂ ਲੈ ਕੇ ਯੇਰੂਸ਼ਲੇਮ ਨੂੰ ਆਉਣ ਲੱਗੇ। ਉਹ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਸੁੰਦਰ ਤੋਹਫ਼ੇ ਲਿਆ ਰਹੇ ਸਨ। ਉਸ ਸਮੇਂ ਤੋਂ ਉਸ ਨੂੰ ਸਾਰੀਆਂ ਕੌਮਾਂ ਦੁਆਰਾ ਬਹੁਤ ਸਤਿਕਾਰਿਆ ਜਾਂਦਾ ਸੀ।

ਹਿਜ਼ਕੀਯਾਹ ਦਾ ਹੰਕਾਰ, ਸਫਲਤਾ ਅਤੇ ਮੌਤ

ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਗਿਆ ਅਤੇ ਮੌਤ ਦੇ ਮੂੰਹ ਵਿੱਚ ਜਾ ਪਹੁੰਚਿਆ ਸੀ। ਉਸ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਉਸ ਨੂੰ ਉੱਤਰ ਦਿੱਤਾ ਅਤੇ ਉਸ ਨੂੰ ਇੱਕ ਚਮਤਕਾਰੀ ਚਿੰਨ੍ਹ ਦਿੱਤਾ। ਪਰ ਹਿਜ਼ਕੀਯਾਹ ਨੇ ਉਸ ਤਰਸ ਦੇ ਅਨੁਸਾਰ ਜੋ ਉਸ ਉੱਤੇ ਕੀਤਾ ਗਿਆ ਸੀ ਕੰਮ ਨਾ ਕੀਤਾ ਕਿਉਂ ਜੋ ਉਹ ਦੇ ਮਨ ਵਿੱਚ ਹੰਕਾਰ ਆ ਗਿਆ ਸੀ ਇਸ ਲਈ ਉਹ ਦੇ ਉੱਤੇ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਕਹਿਰ ਭੜਕਿਆ। ਤਦ ਹਿਜ਼ਕੀਯਾਹ ਨੇ ਆਪਣੇ ਦਿਲ ਦੇ ਹੰਕਾਰ ਤੋਂ ਤੋਬਾ ਕੀਤੀ, ਜਿਵੇਂ ਕਿ ਯੇਰੂਸ਼ਲੇਮ ਦੇ ਲੋਕਾਂ ਨੇ ਕੀਤਾ ਸੀ; ਇਸ ਲਈ ਹਿਜ਼ਕੀਯਾਹ ਦੇ ਦਿਨਾਂ ਵਿੱਚ ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਨਹੀਂ ਆਇਆ।

ਹਿਜ਼ਕੀਯਾਹ ਕੋਲ ਬਹੁਤ ਵੱਡੀ ਦੌਲਤ ਅਤੇ ਇੱਜ਼ਤ ਸੀ ਅਤੇ ਉਸ ਨੇ ਆਪਣੀ ਚਾਂਦੀ ਅਤੇ ਸੋਨੇ ਅਤੇ ਆਪਣੇ ਕੀਮਤੀ ਪੱਥਰਾਂ, ਮਸਾਲਿਆਂ, ਢਾਲ਼ਾਂ ਅਤੇ ਹਰ ਕਿਸਮ ਦੀਆਂ ਕੀਮਤੀ ਚੀਜ਼ਾਂ ਲਈ ਖ਼ਜ਼ਾਨੇ ਬਣਾਏ। ਉਸ ਨੇ ਅਨਾਜ ਅਤੇ ਮੈਂ ਅਤੇ ਤੇਲ ਦੇ ਵਾਧੇ ਲਈ ਕੋਠੜੀਆਂ ਅਤੇ ਹਰ ਪ੍ਰਕਾਰ ਦੇ ਪਸ਼ੂਆਂ ਲਈ ਥਾਂ ਕੋਠੜੀਆਂ ਅਤੇ ਹਰ ਪਰਕਾਰ ਦੇ ਪਸ਼ੂਆਂ ਲਈ ਅਤੇ ਭੇਡ ਬੱਕਰੀਆਂ ਲਈ ਵਾੜੇ ਬਣਾਏ। ਉਸਨੇ ਆਪਣੇ ਲਈ ਪਿੰਡ ਬਣਾਏ ਅਤੇ ਬਹੁਤ ਸਾਰੇ ਇੱਜੜ ਅਤੇ ਝੁੰਡ ਪ੍ਰਾਪਤ ਕੀਤੇ, ਕਿਉਂਕਿ ਪਰਮੇਸ਼ਵਰ ਨੇ ਉਸਨੂੰ ਬਹੁਤ ਵੱਡੀ ਦੌਲਤ ਦਿੱਤੀ ਸੀ।

ਇਹ ਹਿਜ਼ਕੀਯਾਹ ਸੀ ਜਿਸ ਨੇ ਗੀਹੋਨ ਝਰਨੇ ਦੇ ਉੱਪਰਲੇ ਰਸਤੇ ਨੂੰ ਰੋਕ ਦਿੱਤਾ ਅਤੇ ਪਾਣੀ ਨੂੰ ਦਾਵੀਦ ਦੇ ਸ਼ਹਿਰ ਦੇ ਪੱਛਮ ਵਾਲੇ ਪਾਸੇ ਵੱਲ ਮੋੜ ਦਿੱਤਾ। ਉਸ ਨੇ ਹਰ ਕੰਮ ਵਿੱਚ ਸਫ਼ਲਤਾ ਹਾਸਲ ਕੀਤੀ। ਪਰ ਜਦੋਂ ਬਾਬੇਲ ਦੇ ਸ਼ਾਸਕਾਂ ਦੁਆਰਾ ਰਾਜਦੂਤ ਭੇਜੇ ਗਏ ਸਨ ਤਾਂ ਜੋ ਉਸ ਨੂੰ ਦੇਸ਼ ਵਿੱਚ ਵਾਪਰੇ ਚਮਤਕਾਰੀ ਚਿੰਨ੍ਹ ਬਾਰੇ ਪੁੱਛਣ ਲਈ, ਪਰਮੇਸ਼ਵਰ ਨੇ ਉਸ ਨੂੰ ਪਰਖਣ ਲਈ ਅਤੇ ਉਸ ਦੇ ਦਿਲ ਦੀ ਹਰ ਗੱਲ ਜਾਣਨ ਲਈ ਛੱਡ ਦਿੱਤਾ।

ਹਿਜ਼ਕੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਉਸ ਦੇ ਭਗਤੀ ਦੇ ਕੰਮ ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਕਿਤਾਬ ਵਿੱਚ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਦੇ ਦਰਸ਼ਣ ਵਿੱਚ ਲਿਖੇ ਗਏ ਹਨ। ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸ ਨੂੰ ਪਹਾੜੀ ਉੱਤੇ ਦਫ਼ਨਾਇਆ ਗਿਆ ਜਿੱਥੇ ਦਾਵੀਦ ਦੇ ਉੱਤਰਾਧਿਕਾਰੀਆਂ ਦੀਆਂ ਕਬਰਾਂ ਸਨ। ਜਦੋਂ ਉਹ ਮਰ ਗਿਆ ਤਾਂ ਸਾਰੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੇ ਉਸ ਦਾ ਆਦਰ ਕੀਤਾ ਅਤੇ ਉਸ ਦਾ ਪੁੱਤਰ ਮਨੱਸ਼ੇਹ ਉਸ ਤੋਂ ਬਾਅਦ ਰਾਜਾ ਬਣਿਆ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.