Biblica® Open Punjabi Contemporary Version 2025
2 ਇਤਿਹਾਸ 26
ਯਹੂਦਾਹ ਦਾ ਰਾਜਾ ਉਜ਼ੀਯਾਹ
ਤਦ ਯਹੂਦਾਹ ਦੇ ਸਾਰੇ ਲੋਕਾਂ ਨੇ ਉਜ਼ੀਯਾਹ ਨੂੰ ਉਸ ਦੇ ਪਿਤਾ ਅਮਾਜ਼ਯਾਹ1 ਦੇ ਥਾਂ ਰਾਜਾ ਬਣਾਇਆ। ਉਜ਼ੀਯਾਹ ਉਸ ਸਮੇਂ ਸੋਲਾਂ ਸਾਲਾਂ ਦਾ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਉਸ ਨੇ ਏਲੋਥ ਨੂੰ ਦੁਬਾਰਾ ਬਣਾਇਆ ਅਤੇ ਇਸ ਨੂੰ ਯਹੂਦੀਆ ਵਿੱਚ ਸ਼ਾਮਲ ਕਰ ਲਿਆ।
ਉਜ਼ੀਯਾਹ ਸੋਲਾਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਬਵੰਜਾ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਅਤੇ ਉਹ ਯੇਰੂਸ਼ਲੇਮ ਤੋਂ ਸੀ। ਉਸ ਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸ ਦੇ ਪਿਤਾ ਅਮਾਜ਼ਯਾਹ ਨੇ ਕੀਤਾ ਸੀ। ਉਸ ਨੇ ਜ਼ਕਰਯਾਹ ਦੇ ਦਿਨਾਂ ਦੌਰਾਨ ਪਰਮੇਸ਼ਵਰ ਦੀ ਭਾਲ ਕੀਤੀ, ਜਿਸ ਨੇ ਉਸ ਨੂੰ ਪਰਮੇਸ਼ਵਰ ਦੇ ਡਰ ਦਾ ਉਪਦੇਸ਼ ਦਿੱਤਾ। ਜਿੰਨਾ ਚਿਰ ਉਹ ਯਾਹਵੇਹ ਨੂੰ ਭਾਲਦਾ ਰਿਹਾ, ਪਰਮੇਸ਼ਵਰ ਨੇ ਉਸ ਨੂੰ ਸਫਲਤਾ ਦਿੱਤੀ।
ਉਹ ਫ਼ਲਿਸਤੀਆਂ ਨਾਲ ਲੜਨ ਲਈ ਗਿਆ ਅਤੇ ਗਾਥ, ਯਬਨੇਹ ਅਤੇ ਅਸ਼ਦੋਦ ਦੀਆਂ ਕੰਧਾਂ ਨੂੰ ਢਾਹ ਦਿੱਤਾ। ਫਿਰ ਉਸ ਨੇ ਅਸ਼ਦੋਦ ਦੇ ਨੇੜੇ ਅਤੇ ਫ਼ਲਿਸਤੀਆਂ ਦੇ ਵਿੱਚ ਹੋਰ ਥਾਵਾਂ ਤੇ ਸ਼ਹਿਰਾਂ ਨੂੰ ਦੁਬਾਰਾ ਬਣਾਇਆ। ਪਰਮੇਸ਼ਵਰ ਨੇ ਫ਼ਲਿਸਤੀਆਂ ਦੇ ਵਿਰੁੱਧ ਅਤੇ ਅਰਬੀਆਂ ਦੇ ਵਿਰੁੱਧ ਜੋ ਗੁਰ-ਬਆਲ ਵਿੱਚ ਰਹਿੰਦੇ ਸਨ ਅਤੇ ਮਊਨੀਮ ਦੇ ਵਿਰੁੱਧ ਉਸ ਦੀ ਮਦਦ ਕੀਤੀ। ਅੰਮੋਨੀਆਂ ਨੇ ਉਜ਼ੀਯਾਹ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਸ ਦੀ ਪ੍ਰਸਿੱਧੀ ਮਿਸਰ ਦੀ ਸਰਹੱਦ ਤੱਕ ਫੈਲ ਗਈ ਕਿਉਂਕਿ ਉਹ ਬਹੁਤ ਸ਼ਕਤੀਸ਼ਾਲੀ ਹੋ ਗਿਆ ਸੀ।
ਉਜ਼ੀਯਾਹ ਨੇ ਯੇਰੂਸ਼ਲੇਮ ਵਿੱਚ ਕੋਨੇ ਫਾਟਕ ਉੱਤੇ, ਘਾਟੀ ਦੇ ਫਾਟਕ ਉੱਤੇ ਅਤੇ ਕੰਧ ਦੇ ਕੌਣ ਉੱਤੇ ਬੁਰਜ ਬਣਾਏ ਅਤੇ ਉਹਨਾਂ ਨੂੰ ਮਜ਼ਬੂਤ ਕੀਤਾ। ਉਸ ਨੇ ਉਜਾੜ ਵਿੱਚ ਬੁਰਜ ਵੀ ਬਣਾਏ ਅਤੇ ਬਹੁਤ ਸਾਰੇ ਟੋਏ ਪੁੱਟੇ, ਕਿਉਂਕਿ ਉਸ ਦੇ ਕੋਲ ਪਹਾੜੀਆਂ ਅਤੇ ਮੈਦਾਨ ਵਿੱਚ ਬਹੁਤ ਸਾਰੇ ਪਸ਼ੂ ਸਨ। ਉਸ ਨੇ ਪਹਾੜੀਆਂ ਅਤੇ ਉਪਜਾਊ ਜ਼ਮੀਨਾਂ ਵਿੱਚ ਆਪਣੇ ਖੇਤਾਂ ਅਤੇ ਅੰਗੂਰਾਂ ਦੇ ਬਾਗ਼ਾਂ ਵਿੱਚ ਕੰਮ ਕਰਨ ਵਾਲੇ ਲੋਕ ਸਨ, ਕਿਉਂਕਿ ਉਹ ਖੇਤੀ ਨੂੰ ਪਿਆਰ ਕਰਦਾ ਸੀ।
ਇਸ ਤੋਂ ਇਲਾਵਾ ਉਜ਼ੀਯਾਹ ਦੀ ਬਹਾਦਰ ਫ਼ੌਜ ਹਮੇਸ਼ਾ ਜੰਗ ਲਈ ਤਿਆਰ ਰਹਿੰਦੀ ਸੀ। ਉਹ ਇੱਕ ਦਲ ਵਜੋਂ ਗਿਣੇ ਗਏ ਸਨ, ਅਤੇ ਹਨਨਯਾਹ ਦੀ ਅਗਵਾਈ ਹੇਠਾਂ ਸਨ ਜੋ ਕਿ ਰਾਜੇ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ। ਇਹ ਲੋਕ ਸਕੱਤਰ ਯਈਏਲ ਅਤੇ ਮਅਸੇਯਾਹ ਦੁਆਰਾ ਗਿਣੇ ਗਏ ਸਨ। ਲੜਨ ਵਾਲੇ ਆਦਮੀਆਂ ਦੇ ਪਰਿਵਾਰ ਦੇ ਆਗੂਆਂ ਦੀ ਕੁੱਲ ਗਿਣਤੀ ਦੋ ਹਜ਼ਾਰ ਛੇ ਸੌ ਸੀ। ਅਤੇ ਉਸ ਦੇ ਅਧੀਨ ਇੱਕ ਵੱਡੀ ਫ਼ੌਜ ਸੀ ਜਿਸ ਦੀ ਗਿਣਤੀ ਤਿੰਨ ਲੱਖ ਸਾਢੇ ਸੱਤ ਹਜ਼ਾਰ ਸੀ। ਉਹ ਰਾਜੇ ਦੇ ਵਿਰੁੱਧ ਉੱਠਣ ਵਾਲੇ ਕਿਸੇ ਵੀ ਦੁਸ਼ਮਣ ਉੱਤੇ ਬਹੁਤ ਤਾਕਤ ਨਾਲ ਹਮਲਾ ਕਰ ਸਕਦੇ ਸਨ। ਅਤੇ ਉਜ਼ੀਯਾਹ ਨੇ ਉਹਨਾਂ ਦੀ ਸਾਰੀ ਸੈਨਾ ਲਈ ਢਾਲ਼ਾਂ, ਬਰਛੇ, ਟੋਪ, ਸੰਜੋਆਂ ਤੇ ਧਣੁੱਖ ਤੇ ਗੋਪੀਏ ਤਿਆਰ ਕੀਤੇ। ਅਤੇ ਉਸ ਨੇ ਯੇਰੂਸ਼ਲੇਮ ਵਿੱਚ ਕਸਬੀ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾਂ ਲਗਵਾਈਆਂ ਤਾਂ ਜੋ ਉਹ ਤੀਰ ਚਲਾਉਣ ਅਤੇ ਵੱਡੇ-ਵੱਡੇ ਪੱਥਰ ਵਗਾਹੁਣ ਲਈ ਬੁਰਜਾਂ ਤੇ ਕੰਧਾਂ ਉੱਪਰ ਲਗਾਈਆਂ ਜਾਣ। ਸੋ ਉਹ ਦਾ ਨਾਮ ਦੂਰ ਤੱਕ ਵੱਜਣ ਲੱਗਾ ਕਿਉਂ ਜੋ ਉਹ ਦੀ ਸਹਾਇਤਾ ਅਜਿਹੇ ਨਿਰਾਲੇ ਢੰਗ ਨਾਲ ਹੋਈ ਜੋ ਉਹ ਤਕੜਾ ਹੋ ਗਿਆ।
ਪਰ ਉਜ਼ੀਯਾਹ ਦੇ ਸ਼ਕਤੀਸ਼ਾਲੀ ਬਣਨ ਤੋਂ ਬਾਅਦ, ਉਸ ਦਾ ਘਮੰਡ ਉਸ ਦੇ ਨਾਸ਼ ਦਾ ਕਾਰਨ ਬਣਿਆ। ਉਹ ਆਪਣੇ ਯਾਹਵੇਹ ਨਾਲ ਬੇਵਫ਼ਾ ਸੀ ਅਤੇ ਧੂਪ ਦੀ ਜਗਵੇਦੀ ਉੱਤੇ ਧੂਪ ਧੁਖਾਉਣ ਲਈ ਯਾਹਵੇਹ ਦੇ ਭਵਨ ਵਿੱਚ ਦਾਖਲ ਹੋਇਆ। ਅਜ਼ਰਯਾਹ ਜਾਜਕ, ਯਾਹਵੇਹ ਦੇ ਅੱਸੀ ਹੋਰ ਦਲੇਰ ਪੁਜਾਰੀਆਂ ਨਾਲ ਉਸ ਦੇ ਪਿੱਛੇ-ਪਿੱਛੇ ਆਇਆ। ਅਤੇ ਉਹਨਾਂ ਨੇ ਉਜ਼ੀਯਾਹ ਰਾਜੇ ਦਾ ਟਾਕਰਾ ਕੀਤਾ ਅਤੇ ਉਹ ਨੂੰ ਆਖਣ ਲੱਗੇ, “ਹੇ ਉਜ਼ੀਯਾਹ! ਯਾਹਵੇਹ ਦੇ ਲਈ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਸਗੋਂ ਜਾਜਕਾਂ ਅਰਥਾਤ ਹਾਰੋਨ ਦੇ ਪੁੱਤਰਾਂ ਦਾ ਕੰਮ ਹੈ ਜਿਹੜੇ ਧੂਪ ਧੁਖਾਉਣ ਲਈ ਪਵਿੱਤਰ ਕੀਤੇ ਗਏ ਹਨ। ਪਵਿੱਤਰ ਭਵਨ ਤੋਂ ਬਾਹਰ ਜਾਹ, ਕਿਉਂ ਜੋ ਤੂੰ ਬੇਈਮਾਨੀ ਕੀਤੀ ਹੈ ਅਤੇ ਯਾਹਵੇਹ ਪਰਮੇਸ਼ਵਰ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ।”
ਉਜ਼ੀਯਾਹ ਦੇ ਹੱਥ ਵਿੱਚ ਧੂਪਦਾਨ ਸੀ, ਅਤੇ ਧੂਪ ਧੁਖਾਉਣ ਲਈ ਤਿਆਰ ਸੀ ਪਰ ਇਹ ਸੁਣ ਕੇ ਉਹ ਗੁੱਸੇ ਹੋ ਗਿਆ। ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਧੂਪ ਜਗਵੇਦੀ ਅੱਗੇ ਉਹਨਾਂ ਦੀ ਮੌਜੂਦਗੀ ਵਿੱਚ ਪੁਜਾਰੀਆਂ ਤੇ ਗੁੱਸਾ ਕਰ ਰਿਹਾ ਸੀ, ਤਾਂ ਉਸ ਦੇ ਮੱਥੇ ਤੇ ਕੋੜ੍ਹ2 ਨਿਕਲ ਗਿਆ। ਜਦੋਂ ਮੁੱਖ ਜਾਜਕ ਅਜ਼ਰਯਾਹ ਅਤੇ ਹੋਰ ਸਾਰੇ ਜਾਜਕ ਉਸ ਵੱਲ ਦੇਖਿਆ ਤੇ ਉਸ ਦੇ ਮੱਥੇ ਤੇ ਕੋੜ੍ਹ ਸੀ। ਉਹ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਬਾਹਰ ਲੈ ਗਏ, ਅਸਲ ਵਿੱਚ ਉਹ ਖੁਦ ਉੱਥੋਂ ਜਲਦੀ ਨਿਕਲਣ ਚਾਹੁੰਦਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਉਸ ਉੱਤੇ ਯਾਹਵੇਹ ਵੱਲੋਂ ਹਮਲਾ ਕੀਤਾ ਗਿਆ ਸੀ।
ਰਾਜਾ ਉਜ਼ੀਯਾਹ ਆਪਣੇ ਮਰਨ ਦੇ ਦਿਨ ਤੱਕ ਕੋੜ੍ਹ ਦੀ ਬਿਮਾਰੀ ਨਾਲ ਪੀੜਤ ਰਿਹਾ ਕੋੜ੍ਹੀ ਹੋਣ ਕਾਰਨ ਉਹ ਇੱਕ ਵੱਖਰੇ ਘਰ ਵਿੱਚ ਰਹਿੰਦਾ ਸੀ। ਉਸ ਨੂੰ ਯਾਹਵੇਹ ਦੇ ਘਰ ਵਿੱਚ ਜਾਣ ਦੀ ਮਨਾਹੀ ਸੀ। ਉਸ ਦਾ ਪੁੱਤਰ ਯੋਥਾਮ ਸ਼ਾਹੀ ਮਹਿਲ ਦਾ ਅਧਿਕਾਰੀ ਬਣ ਗਿਆ ਅਤੇ ਉਹ ਦੇਸ਼ ਦੇ ਲੋਕਾਂ ਉੱਤੇ ਰਾਜ ਕਰਦਾ ਸੀ।
ਉਜ਼ੀਯਾਹ ਦੇ ਰਾਜ ਦੀਆਂ ਸ਼ੁਰੂ ਤੋਂ ਅੰਤ ਤੱਕ ਦੀਆਂ ਘਟਨਾਵਾਂ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਦੁਆਰਾ ਦਰਜ ਕੀਤੀਆਂ ਗਈਆਂ ਹਨ। ਉਜ਼ੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਹਨਾਂ ਦੇ ਕੋਲ ਦਫ਼ਨਾਇਆ ਗਿਆ ਜੋ ਰਾਜਿਆਂ ਦਾ ਸੀ, ਕਿਉਂਕਿ ਲੋਕ ਕਹਿੰਦੇ ਸਨ, “ਉਸ ਨੂੰ ਕੋੜ੍ਹ ਸੀ।” ਅਤੇ ਉਸ ਦਾ ਪੁੱਤਰ ਯੋਥਾਮ ਉਸ ਦੇ ਬਾਅਦ ਰਾਜਾ ਬਣਿਆ।
Source notes (2)
- Footnote ਇਸ ਨੂੰ ਅਜ਼ਰਯਾਹ ਵੀ ਕਿਹਾ ਜਾਂਦਾ ਹੈ
- Footnote ਕੋੜ੍ਹ ਅਰਥਾਤ ਚਮੜੀ ਦਾ ਰੋਗ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.