Skip to content
BibleKenya

Biblica® Open Punjabi Contemporary Version 2025

2 ਇਤਿਹਾਸ 25

ਯਹੂਦਾਹ ਦਾ ਰਾਜਾ ਅਮਾਜ਼ਯਾਹ

ਅਮਾਜ਼ਯਾਹ ਪੱਚੀ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਉਨੱਤੀ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਯੇਹੋਅਦਾਨ ਸੀ ਅਤੇ ਉਹ ਯੇਰੂਸ਼ਲੇਮ ਦੀ ਸੀ। ਉਸ ਨੇ ਉਹ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਪਰ ਉਸ ਨੇ ਪੂਰੇ ਦਿਲ ਦੇ ਨਾਲ ਨਹੀਂ ਕੀਤਾ। ਜਿਵੇਂ ਹੀ ਰਾਜ ਉਸਦੇ ਹੱਥ ਵਿੱਚ ਮਜ਼ਬੂਤ ਹੋਇਆ, ਉਸ ਨੇ ਉਹਨਾਂ ਅਧਿਕਾਰੀਆਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਉਸ ਦੇ ਪਿਤਾ ਰਾਜੇ ਦਾ ਕਤਲ ਕੀਤਾ ਸੀ। ਫਿਰ ਵੀ ਉਸ ਨੇ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਕਿਉਂ ਜੋ ਮੋਸ਼ੇਹ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੀਆਂ ਗੱਲਾਂ ਦੇ ਅਨੁਸਾਰ ਜਿੱਥੇ ਯਾਹਵੇਹ ਨੇ ਹੁਕਮ ਦਿੱਤਾ ਸੀ, “ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਥਾਂ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ, ਨਾ ਹੀ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਨ ਮਾਰੇ ਜਾਣ, ਹਰ ਇੱਕ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।”1

ਅਮਾਜ਼ਯਾਹ ਨੇ ਯਹੂਦਾਹ ਦੇ ਲੋਕਾਂ ਨੂੰ ਇਕੱਠਿਆਂ ਬੁਲਾਇਆ ਅਤੇ ਉਹਨਾਂ ਨੂੰ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਹਜ਼ਾਰਾਂ ਦੇ ਸਰਦਾਰ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਲਈ ਸੈਂਕੜੇ ਦੇ ਸਰਦਾਰਾਂ ਨੂੰ ਨਿਯੁਕਤ ਕੀਤਾ। ਉਸ ਨੇ ਫਿਰ ਉਹਨਾਂ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਦੇਖਿਆ ਕਿ ਫੌਜੀ ਸੇਵਾ ਲਈ ਤਿੰਨ ਲੱਖ ਆਦਮੀ ਸਨ, ਜੋ ਬਰਛੇ ਅਤੇ ਢਾਲ਼ ਨੂੰ ਸੰਭਾਲਣ ਦੇ ਯੋਗ ਸਨ। ਉਸਨੇ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ ਦੇ ਬਦਲੇ ਇਸਰਾਏਲ ਵਿੱਚੋਂ ਇੱਕ ਲੱਖ ਲੜਾਕੇ ਵੀ ਰੱਖੇ।

ਪਰ ਇੱਕ ਪਰਮੇਸ਼ਵਰ ਦੇ ਬੰਦੇ ਨੇ ਉਸ ਦੇ ਕੋਲ ਆਣ ਕੇ ਆਖਿਆ, “ਹੇ ਪਾਤਸ਼ਾਹ, ਇਸਰਾਏਲ ਦੀ ਇਸ ਫ਼ੌਜ ਨੂੰ ਆਪਣੇ ਨਾਲ ਨਾ ਲੈ ਜਾਓ। ਕਿਉਂ ਜੋ ਯਾਹਵੇਹ ਇਸਰਾਏਲ ਦੀ ਫ਼ੌਜ ਦੇ ਪੱਖ ਵਿੱਚ ਨਹੀਂ ਹੈ ਅਤੇ ਨਾ ਹੀ ਇਫ਼ਰਾਈਮ ਦੇ ਵੰਸ਼ ਵਿੱਚੋਂ ਕਿਸੇ ਦੇ ਪਾਸੇ ਹੈ। ਭਾਵੇਂ ਤੁਸੀਂ ਜਾ ਕੇ ਦਲੇਰੀ ਨਾਲ ਲੜਾਈ ਵਿੱਚ ਲੜੋ, ਪਰਮੇਸ਼ਵਰ ਤੁਹਾਨੂੰ ਦੁਸ਼ਮਣ ਦੇ ਅੱਗੇ ਪਛਾੜ ਦੇਵੇਗਾ, ਕਿਉਂਕਿ ਪਰਮੇਸ਼ਵਰ ਕੋਲ ਮਦਦ ਕਰਨ ਜਾਂ ਹਰਾਉਣ ਦੀ ਸ਼ਕਤੀ ਹੈ।”

ਅਮਾਜ਼ਯਾਹ ਨੇ ਪਰਮੇਸ਼ਵਰ ਦੇ ਬੰਦੇ ਨੂੰ ਪੁੱਛਿਆ, “ਪਰ ਮੈਂ ਇਨ੍ਹਾਂ ਇਸਰਾਏਲੀ ਫ਼ੌਜਾਂ ਲਈ ਸਾਢੇ ਤਿੰਨ ਹਜ਼ਾਰ ਕਿੱਲੋ ਚਾਂਦੀ ਦਿੱਤੀ ਹੈ?”

ਪਰਮੇਸ਼ਵਰ ਦੇ ਮਨੁੱਖ ਨੇ ਜਵਾਬ ਦਿੱਤਾ, “ਯਾਹਵੇਹ ਤੁਹਾਨੂੰ ਇਸ ਤੋਂ ਵੱਧ ਦੇ ਸਕਦਾ ਹੈ।”

ਇਸ ਲਈ ਅਮਾਜ਼ਯਾਹ ਨੇ ਉਹਨਾਂ ਫ਼ੌਜਾਂ ਨੂੰ ਬਾਹਰ ਕੱਢ ਦਿੱਤਾ ਉਹਨਾਂ ਨੂੰ ਘਰ ਭੇਜ ਦਿੱਤਾ ਜੋ ਇਫ਼ਰਾਈਮ ਤੋਂ ਉਸ ਕੋਲ ਆਏ ਸਨ। ਉਹ ਯਹੂਦਾਹ ਨਾਲ ਗੁੱਸੇ ਹੋਏ ਅਤੇ ਘਰ ਨੂੰ ਚਲੇ ਗਏ।

ਤਦ ਅਮਾਜ਼ਯਾਹ ਨੇ ਹਿੰਮਤ ਕੀਤੀ ਅਤੇ ਆਪਣੀ ਸੈਨਾ ਨੂੰ ਲੂਣ ਦੀ ਘਾਟੀ ਵੱਲ ਲੈ ਗਿਆ ਅਤੇ ਉੱਥੇ ਉਸ ਨੇ ਸੇਈਰ ਦੇ ਦਸ ਹਜ਼ਾਰ ਆਦਮੀਆਂ ਨੂੰ ਮਾਰ ਦਿੱਤਾ। ਯਹੂਦਾਹ ਦੀ ਫ਼ੌਜ ਨੇ ਵੀ ਦਸ ਹਜ਼ਾਰ ਆਦਮੀਆਂ ਨੂੰ ਜਿਉਂਦਾ ਫੜ ਲਿਆ, ਉਹਨਾਂ ਨੂੰ ਚੱਟਾਨ ਦੀ ਸਿਖਰ ਤੇ ਲੈ ਗਿਆ ਅਤੇ ਉਹਨਾਂ ਨੂੰ ਹੇਠਾਂ ਸੁੱਟ ਦਿੱਤਾ ਕਿ ਇਸ ਕਾਰਨ ਉਸ ਦੇ ਸਰੀਰ ਦੇ ਟੋਟੇ-ਟੋਟੇ ਹੋ ਗਏ।

ਪਰ ਉਹਨਾਂ ਗੁੱਸੇ ਵਿੱਚ ਆਏ ਸਿਪਾਹੀਆਂ ਜਿਨ੍ਹਾਂ ਨੂੰ ਅਮਾਜ਼ਯਾਹ ਨੇ ਯੁੱਧ ਦੇ ਮੈਦਾਨ ਵਿੱਚ ਲਿਜਾਣ ਦੀ ਬਜਾਏ ਘਰ ਵਾਪਸ ਭੇਜਿਆ ਸੀ, ਯਹੂਦਿਯਾ ਦੇ ਸ਼ਹਿਰਾਂ ਵਿੱਚ ਜਾ ਕੇ ਉਹਨਾਂ ਨੂੰ ਲੁੱਟਿਆ ਅਤੇ ਸਾਮਰਿਯਾ ਤੋਂ ਬੈਥ-ਹੋਰੋਨ ਤੱਕ ਤਿੰਨ ਹਜ਼ਾਰ ਲੋਕਾਂ ਨੂੰ ਮਾਰਿਆ ਅਤੇ ਬਹੁਤ ਸਾਰਾ ਮਾਲ ਲੁੱਟ ਲਿਆ।

ਜਦੋਂ ਅਮਾਜ਼ਯਾਹ ਅਦੋਮੀਆਂ ਨੂੰ ਮਾਰ ਕੇ ਵਾਪਸ ਆਇਆ, ਤਾਂ ਉਸਨੇ ਸੇਈਰ ਦੇ ਲੋਕਾਂ ਦੇ ਦੇਵਤਿਆਂ ਨੂੰ ਵਾਪਸ ਲਿਆਂਦਾ। ਉਸ ਨੇ ਉਹਨਾਂ ਨੂੰ ਆਪਣੇ ਦੇਵਤਿਆਂ ਵਜੋਂ ਸਥਾਪਿਤ ਕੀਤਾ, ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਨੂੰ ਬਲੀਆਂ ਚੜ੍ਹਾਈਆਂ। ਇਸ ਲਈ ਯਾਹਵੇਹ ਦਾ ਕ੍ਰੋਧ ਅਮਾਜ਼ਯਾਹ ਤੇ ਭੜਕਿਆ ਅਤੇ ਉਸ ਨੇ ਇੱਕ ਨਬੀ ਨੂੰ ਉਸ ਦੇ ਕੋਲ ਭੇਜਿਆ, ਜਿਸ ਨੇ ਉਸ ਨੂੰ ਆਖਿਆ, “ਤੁਸੀਂ ਉਹਨਾਂ ਲੋਕਾਂ ਦੇ ਉਹਨਾਂ ਦੇਵਤਿਆਂ ਦੇ ਕੋਲੋਂ ਸਲਾਹ ਕਿਉਂ ਲੈਂਦੇ ਹੋ ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੁਹਾਡੇ ਹੱਥੋਂ ਨਾ ਛੁਡਾਇਆ?”

ਉਹ ਉਸ ਦੇ ਨਾਲ ਗੱਲਾਂ ਕਰਦਾ ਸੀ ਕਿ ਪਾਤਸ਼ਾਹ ਨੇ ਉਸ ਨੂੰ ਕਿਹਾ, “ਕੀ ਅਸੀਂ ਤੈਨੂੰ ਪਾਤਸ਼ਾਹ ਦਾ ਮੰਤਰੀ ਬਣਾਇਆ ਹੈ ਚੁੱਪ ਰਹਿ! ਤੂੰ ਆਪਣੀ ਮੌਤ ਨੂੰ ਕਿਉਂ ਸੱਦਾ ਦੇ ਰਹੇ ਹੋ?”

ਤਦ ਉਹ ਨਬੀ ਇਹ ਆਖ ਕੇ ਚੁੱਪ ਹੋ ਗਿਆ, “ਕਿ ਮੈਂ ਜਾਣਦਾ ਹਾਂ ਕਿ ਪਰਮੇਸ਼ਵਰ ਨੇ ਤੁਹਾਨੂੰ ਨਾਸ ਕਰਨਾ ਠਾਣਿਆ ਹੈ ਇਸ ਲਈ ਕਿ ਤੁਸੀਂ ਮੇਰੀ ਸਲਾਹ ਨਹੀਂ ਮੰਨੀ ਅਤੇ ਤੁਸੀਂ ਇਹ ਸਭ ਕੀਤਾ ਹੈ।”

ਯਹੂਦਾਹ ਦੇ ਰਾਜੇ ਅਮਾਜ਼ਯਾਹ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ, ਉਸਨੇ ਇਸਰਾਏਲ ਦੇ ਰਾਜੇ ਯੇਹੂ ਦੇ ਪੁੱਤਰ ਯਹੋਆਹਾਜ਼ ਦੇ ਪੁੱਤਰ ਯੋਆਸ਼ ਨੂੰ ਇਹ ਲਲਕਾਰ ਘੱਲਿਆ: “ਆਓ, ਅਸੀਂ ਇੱਕ-ਦੂਜੇ ਨਾਲ ਲੜਾਈ ਕਰੀਏ।”

ਪਰ ਇਸਰਾਏਲ ਦੇ ਰਾਜੇ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ ਜਵਾਬ ਦਿੱਤਾ: “ਲਬਾਨੋਨ ਦੀ ਇੱਕ ਕੰਡਿਆਲੀ ਝਾੜੀ ਨੇ ਲਬਾਨੋਨ ਦੇ ਇੱਕ ਦਿਆਰ ਨੂੰ ਸੁਨੇਹਾ ਭੇਜਿਆ, ‘ਆਪਣੀ ਧੀ ਦਾ ਮੇਰੇ ਪੁੱਤਰ ਨਾਲ ਵਿਆਹ ਕਰ ਦੇ।’ ਤਦ ਲਬਾਨੋਨ ਵਿੱਚ ਇੱਕ ਜੰਗਲੀ ਜਾਨਵਰ ਲੰਗਿਆ ਅਤੇ ਉਸ ਨੇ ਉਸ ਕੰਡਿਆਲੇ ਨੂੰ ਪੈਰਾਂ ਹੇਠ ਮਿੱਧ ਦਿੱਤਾ। ਤੂੰ ਆਖਿਆ, ਤੂੰ ਅਦੋਮ ਨੂੰ ਹਰਾਇਆ ਹੈ ਅਤੇ ਹੁਣ ਤੂੰ ਹੰਕਾਰੀ ਹੋ ਰਿਹਾ ਹੈ। ਪਰ ਘਰ ਵਿੱਚ ਬੈਠ! ਤੂੰ ਕਿਉਂ ਆਪਣੇ ਲਈ ਅਤੇ ਯਹੂਦਾਹ ਵੀ ਲਈ ਮੁਸੀਬਤ ਨੂੰ ਛੇੜਦਾ ਅਤੇ ਡਿੱਗਦਾ ਹੈ।”

ਪਰ ਅਮਾਜ਼ਯਾਹ ਨੇ ਨਾ ਸੁਣੀ, ਕਿਉਂਕਿ ਪਰਮੇਸ਼ਵਰ ਨੇ ਅਜਿਹਾ ਕੰਮ ਕੀਤਾ ਕਿ ਉਹ ਉਹਨਾਂ ਨੂੰ ਯੋਆਸ਼ ਦੇ ਹੱਥਾਂ ਵਿੱਚ ਸੌਂਪ ਦੇਵੇ, ਕਿਉਂਕਿ ਉਹ ਅਦੋਮ ਦੇ ਦੇਵਤਿਆਂ ਨੂੰ ਭਾਲਦੇ ਸਨ। ਇਸ ਲਈ ਇਸਰਾਏਲ ਦੇ ਰਾਜਾ ਯੋਆਸ਼ ਨੇ ਹਮਲਾ ਕਰ ਦਿੱਤਾ। ਉਹ ਅਤੇ ਯਹੂਦਾਹ ਦਾ ਰਾਜਾ ਅਮਾਜ਼ਯਾਹ ਯਹੂਦਾਹ ਵਿੱਚ ਬੈਥ-ਸ਼ੇਮੇਸ਼ ਵਿੱਚ ਇੱਕ ਦੂਸਰੇ ਦੇ ਆਹਮੋ-ਸਾਹਮਣੇ ਹੋਏ। ਤਦ ਯਹੂਦਾਹ ਇਸਰਾਏਲ ਦੁਆਰਾ ਹਾਰ ਗਿਆ ਅਤੇ ਹਰੇਕ ਮਨੁੱਖ ਆਪਣੇ ਤੰਬੂ ਨੂੰ ਭੱਜ ਗਿਆ। ਇਸਰਾਏਲ ਦੇ ਪਾਤਸ਼ਾਹ ਯੋਆਸ਼ ਨੇ ਯਹੂਦਾਹ ਦੇ ਰਾਜੇ ਅਮਾਜ਼ਯਾਹ ਨੂੰ, ਜੋ ਯੋਆਸ਼ ਦਾ ਪੁੱਤਰ, ਯਹੋਆਹਾਜ਼ ਦਾ ਪੁੱਤਰ ਸੀ, ਬੈਥ-ਸ਼ੇਮੇਸ਼ ਵਿੱਚ ਫੜ ਲਿਆ। ਫਿਰ ਯੋਆਸ਼ ਉਸ ਨੂੰ ਯੇਰੂਸ਼ਲੇਮ ਵਿੱਚ ਲੈ ਆਇਆ ਅਤੇ ਯੇਰੂਸ਼ਲੇਮ ਦੀ ਕੰਧ ਨੂੰ ਇਫ਼ਰਾਈਮ ਫ਼ਾਟਕ ਤੋਂ ਲੈ ਕੇ ਕੋਨੇ ਦੇ ਫ਼ਾਟਕ ਤੱਕ ਢਾਹ ਦਿੱਤਾ, ਜੋ ਲਗਭਗ ਚਾਰ ਸੌ ਹੱਥ2 ਲੰਮੀ ਸੀ। ਉਸ ਨੇ ਸਾਰਾ ਸੋਨਾ ਅਤੇ ਚਾਂਦੀ ਅਤੇ ਪਰਮੇਸ਼ਵਰ ਦੇ ਭਵਨ ਦੇ ਸਾਰੇ ਸਮਾਨ ਨੂੰ ਜੋ ਓਬੇਦ-ਅਦੋਮ ਦੀ ਦੇਖਭਾਲ ਵਿੱਚ ਸੀ, ਮਹਿਲ ਦੇ ਖ਼ਜ਼ਾਨੇ ਅਤੇ ਬੰਧਕਾਂ ਨੂੰ ਲੈ ਲਿਆ ਅਤੇ ਸਾਮਰਿਯਾ ਵਾਪਸ ਆ ਗਿਆ।

ਯਹੂਦਾਹ ਦੇ ਪਾਤਸ਼ਾਹ ਯੋਆਸ਼ ਦਾ ਪੁੱਤਰ ਅਮਾਜ਼ਯਾਹ ਇਸਰਾਏਲ ਦੇ ਪਾਤਸ਼ਾਹ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੀ ਮੌਤ ਤੋਂ ਬਾਅਦ ਪੰਦਰਾਂ ਸਾਲ ਤੱਕ ਜੀਉਂਦਾ ਰਿਹਾ। ਅਮਾਜ਼ਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ, ਉਹ ਸਭ ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ। ਜਿਸ ਸਮੇਂ ਤੋਂ ਅਮਾਜ਼ਯਾਹ ਯਾਹਵੇਹ ਦਾ ਅਨੁਸਰਣ ਕਰਨ ਤੋਂ ਹਟ ਗਿਆ, ਉਹਨਾਂ ਨੇ ਯੇਰੂਸ਼ਲੇਮ ਵਿੱਚ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਹ ਲਾਕੀਸ਼ ਨੂੰ ਭੱਜ ਗਿਆ, ਪਰ ਉਹਨਾਂ ਨੇ ਉਸਦੇ ਮਗਰ ਲਾਕੀਸ਼ ਵਿੱਚ ਆਦਮੀ ਭੇਜੇ ਅਤੇ ਉੱਥੇ ਉਸਨੂੰ ਮਾਰ ਦਿੱਤਾ। ਉਸਨੂੰ ਘੋੜੇ ਉੱਤੇ ਵਾਪਸ ਲਿਆਂਦਾ ਗਿਆ ਅਤੇ ਯਹੂਦਾਹ ਦੇ ਸ਼ਹਿਰ ਵਿੱਚ ਉਸਦੇ ਪੁਰਖਿਆਂ ਦੇ ਨਾਲ ਦਫ਼ਨਾਇਆ ਗਿਆ।

Source notes (2)
  1. Footnote ਬਿਵ 24:16
  2. Footnote ਚਾਰ ਸੌ ਹੱਥ ਅਰਥਾਤ 600 ਫੁੱਟ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.