Skip to content
BibleKenya

Biblica® Open Punjabi Contemporary Version 2025

1 ਸ਼ਮੂਏਲ 28

ਉਹਨਾਂ ਦਿਨਾਂ ਵਿੱਚ ਫ਼ਲਿਸਤੀਆਂ ਨੇ ਇਸਰਾਏਲ ਦੇ ਵਿਰੁੱਧ ਲੜਨ ਲਈ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ। ਆਕੀਸ਼ ਨੇ ਦਾਵੀਦ ਨੂੰ ਕਿਹਾ, “ਤੈਨੂੰ ਸਮਝ ਲੈਣਾ ਚਾਹੀਦਾ ਹੈ ਤੈਨੂੰ ਅਤੇ ਤੇਰੇ ਲੋਕਾਂ ਨੂੰ ਮੇਰੇ ਨਾਲ ਲੜਾਈ ਵਿੱਚ ਮੇਰੇ ਨਾਲ ਜਾਣਾ ਪਵੇਗਾ।”

ਦਾਵੀਦ ਨੇ ਆਖਿਆ, ਤਦ ਤੂੰ ਆਪ ਵੇਖੇਗਾ ਕਿ ਤੇਰਾ ਦਾਸ ਕੀ ਕਰ ਸਕਦਾ ਹੈ।

ਆਕੀਸ਼ ਨੇ ਜਵਾਬ ਦਿੱਤਾ, “ਬਹੁਤ ਵਧੀਆ, ਮੈਂ ਤੈਨੂੰ ਜੀਵਨ ਭਰ ਲਈ ਆਪਣਾ ਸੁਰੱਖਿਆ ਕਰਮੀ ਬਣਾਵਾਂਗਾ।”

ਸ਼ਾਊਲ ਅਤੇ ਜਾਦੂਗਰਨੀ

ਹੁਣ ਸਮੂਏਲ ਮਰ ਗਿਆ ਸੀ ਅਤੇ ਸਾਰੇ ਇਸਰਾਏਲ ਨੇ ਉਹ ਦੇ ਲਈ ਸੋਗ ਕੀਤਾ ਅਤੇ ਉਸਨੂੰ ਉਸਦੇ ਆਪਣੇ ਨਗਰ ਰਾਮਾਹ ਵਿੱਚ ਦਫ਼ਨਾਇਆ। ਸ਼ਾਊਲ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓਯਾਰਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਸੀ।

ਫ਼ਲਿਸਤੀ ਇਕੱਠੇ ਹੋਏ ਅਤੇ ਆ ਕੇ ਸ਼ੂਨੇਮ ਵਿੱਚ ਡੇਰਾ ਲਾਇਆ ਅਤੇ ਸ਼ਾਊਲ ਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਗਿਲਬੋਆ ਵਿੱਚ ਡੇਰਾ ਲਾਇਆ। ਜਦੋਂ ਸ਼ਾਊਲ ਨੇ ਫ਼ਲਿਸਤੀਆਂ ਦੀ ਫ਼ੌਜ ਨੂੰ ਵੇਖਿਆ ਤਾਂ ਉਹ ਡਰ ਗਿਆ। ਉਸਦਾ ਦਿਲ ਡਾਢਾ ਕੰਬਿਆ। ਉਸ ਨੇ ਯਾਹਵੇਹ ਤੋਂ ਪੁੱਛਿਆ, ਪਰ ਯਾਹਵੇਹ ਨੇ ਉਸ ਨੂੰ ਸੁਪਨਿਆਂ ਜਾਂ ਊਰੀਮ ਜਾਂ ਨਬੀਆਂ ਦੁਆਰਾ ਉੱਤਰ ਨਹੀਂ ਦਿੱਤਾ। ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, “ਮੇਰੇ ਲਈ ਕੋਈ ਅਜਿਹੀ ਔਰਤ ਭਾਲੋ ਜਿਸ ਦੇ ਭੂਤ ਮਿੱਤਰ ਹੋਣ1 ਤਾਂ ਜੋ ਮੈਂ ਉਸ ਕੋਲੋ ਜਾ ਕੇ ਪੁੱਛ ਸਕਾ।”

ਉਹਨਾਂ ਨੇ ਕਿਹਾ, “ਏਨ-ਦੋਰ ਵਿੱਚ ਇੱਕ ਅਜਿਹੀ ਔਰਤ ਹੈ।”

ਸੋ ਸ਼ਾਊਲ ਨੇ ਆਪਣਾ ਭੇਸ ਬਦਲ ਕੇ ਹੋਰ ਕੱਪੜੇ ਪਾ ਲਏ ਅਤੇ ਰਾਤ ਨੂੰ ਉਹ ਅਤੇ ਦੋ ਮਨੁੱਖ ਉਸ ਔਰਤ ਕੋਲ ਗਏ ਅਤੇ ਉਸਨੂੰ ਕਿਹਾ “ਮੇਰੇ ਲਈ ਇੱਕ ਆਤਮਾ ਕੋਲੋ ਸਲਾਹ ਪੁੱਛ, ਅਤੇ ਜਿਸਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਬੁਲਾ ਲਿਆ।”

ਪਰ ਔਰਤ ਨੇ ਉਸ ਨੂੰ ਕਿਹਾ, “ਤੂੰ ਸੱਚ-ਮੁੱਚ ਜਾਣਦਾ ਹੈ ਕਿ ਸ਼ਾਊਲ ਨੇ ਕੀ ਕੀਤਾ ਹੈ। ਕਿਵੇਂ ਉਸਨੇ ਉਹਨਾਂ ਨੂੰ ਜਿਨ੍ਹਾਂ ਦੇ ਭੂਤ ਮਿੱਤਰ ਸਨ ਅਤੇ ਦਿਓਯਾਰਾਂ ਨੂੰ ਦੇਸ ਵਿੱਚੋਂ ਮੁਕਾ ਸੁੱਟਿਆ। ਫਿਰ ਤੂੰ ਮੇਰੀ ਜਾਨ ਨੂੰ ਕਿਉਂ ਫਸਾਉਂਦਾ ਹੈ ਜੋ ਮੈਨੂੰ ਮਰਵਾ ਸੁੱਟੇ?”

ਸ਼ਾਊਲ ਨੇ ਉਸ ਨੂੰ ਯਾਹਵੇਹ ਦੀ ਸਹੁੰ ਚੁੱਕ ਕੇ ਆਖਿਆ, “ਜਿਉਂਦੇ ਯਾਹਵੇਹ ਦੀ ਸਹੁੰ, ਤੈਨੂੰ ਇਸ ਗੱਲ ਦੀ ਸਜ਼ਾ ਨਹੀਂ ਮਿਲੇਗੀ।”

ਤਦ ਉਸ ਔਰਤ ਨੇ ਪੁੱਛਿਆ, “ਮੈਂ ਤੇਰੇ ਲਈ ਕਿਸ ਨੂੰ ਬੁਲਾਵਾਂ?”

ਉਸਨੇ ਕਿਹਾ, “ਸਮੂਏਲ ਨੂੰ ਲਿਆਓ।”

ਜਦੋਂ ਉਸ ਔਰਤ ਨੇ ਸਮੂਏਲ ਨੂੰ ਵੇਖਿਆ ਤਾਂ ਉਹ ਉੱਚੀ ਆਵਾਜ਼ ਵਿੱਚ ਚਿੱਲਾਈ ਉਸਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਕਿਉਂ ਧੋਖਾ ਦਿੱਤਾ ਹੈ? ਤੂੰ ਸ਼ਾਊਲ ਹੈ!”

ਰਾਜੇ ਨੇ ਉਸ ਨੂੰ ਆਖਿਆ, “ਡਰ ਨਾ, ਤੂੰ ਕੀ ਵੇਖਿਆ?”

ਔਰਤ ਨੇ ਕਿਹਾ, “ਮੈਂ ਧਰਤੀ ਵਿੱਚੋਂ ਇੱਕ ਦੇਵਤੇ ਨੂੰ ਨਿੱਕਲਦੇ ਵੇਖਦੀ ਹਾਂ।”

ਉਸ ਨੇ ਪੁੱਛਿਆ, “ਉਹ ਕਿਹੋ ਜਿਹਾ ਦਿਖਾਈ ਦਿੰਦਾ ਹੈ?”

ਉਸਨੇ ਕਿਹਾ, “ਇੱਕ ਬੁੱਢੇ ਨੇ ਚੋਗਾ ਪਾਇਆ ਹੋਇਆ ਆ ਰਿਹਾ ਹੈ।”

ਤਦ ਸ਼ਾਊਲ ਨੂੰ ਪਤਾ ਲੱਗਾ ਕਿ ਇਹ ਸਮੂਏਲ ਹੈ, ਅਤੇ ਉਸ ਨੇ ਮੱਥਾ ਟੇਕਿਆ ਅਤੇ ਆਪਣਾ ਮੂੰਹ ਜ਼ਮੀਨ ਉੱਤੇ ਝੁਕਾਇਆ।

ਸਮੂਏਲ ਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਬੁਲਾ ਕੇ ਕਿਉਂ ਮੇਰੀ ਸ਼ਾਂਤੀ ਭੰਗ ਕਰ ਰਿਹਾ ਹੈ?”

ਸ਼ਾਊਲ ਨੇ ਕਿਹਾ, “ਮੈਂ ਬਹੁਤ ਦੁਖੀ ਹਾਂ, ਫ਼ਲਿਸਤੀ ਮੇਰੇ ਨਾਲ ਲੜਦੇ ਹਨ, ਅਤੇ ਪਰਮੇਸ਼ਵਰ ਨੇ ਮੈਨੂੰ ਤਿਆਗ ਦਿੱਤਾ ਹੈ। ਉਹ ਹੁਣ ਮੈਨੂੰ ਕੋਈ ਜਵਾਬ ਨਹੀਂ ਦਿੰਦਾ, ਨਾ ਤਾਂ ਨਬੀਆਂ ਰਾਹੀ ਅਤੇ ਨਾ ਹੀ ਸੁਪਨਿਆਂ ਰਾਹੀ। ਇਸ ਲਈ ਮੈਂ ਤੁਹਾਨੂੰ ਮੇਰੇ ਲਈ ਬੁਲਾਇਆ ਹੈ ਤਾਂ ਜੋ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ।”

ਸਮੂਏਲ ਨੇ ਕਿਹਾ, “ਤੁਸੀਂ ਮੇਰੇ ਕੋਲੋ ਕਿਉਂ ਪੁੱਛਦੇ ਹੋ, ਜਦੋਂ ਕਿ ਯਾਹਵੇਹ ਨੇ ਤੈਨੂੰ ਤਿਆਗ ਦਿੱਤਾ ਹੈ ਅਤੇ ਤੇਰਾ ਦੁਸ਼ਮਣ ਬਣ ਗਿਆ ਹੈ? ਯਾਹਵੇਹ ਨੇ ਉਹੀ ਕੀਤਾ ਹੈ ਜੋ ਉਸਨੇ ਮੇਰੇ ਰਾਹੀਂ ਭਵਿੱਖਬਾਣੀ ਕੀਤੀ ਸੀ। ਯਾਹਵੇਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਹੈ ਅਤੇ ਤੇਰੇ ਗੁਆਂਢੀ ਦਾਵੀਦ ਨੂੰ ਦੇ ਦਿੱਤਾ ਹੈ। ਕਿਉਂਕਿ ਤੂੰ ਯਾਹਵੇਹ ਦੇ ਹੁਕਮ ਨੂੰ ਨਹੀਂ ਮੰਨਿਆ ਅਤੇ ਅਮਾਲੇਕੀਆਂ ਨਾਲ ਉਸ ਦੇ ਭਿਆਨਕ ਕ੍ਰੋਧ ਦੇ ਅਨੁਸਾਰ ਨਹੀਂ ਕੀਤਾ, ਇਸ ਲਈ ਯਾਹਵੇਹ ਨੇ ਅੱਜ ਤੇਰੇ ਨਾਲ ਅਜਿਹਾ ਕੀਤਾ ਹੈ। ਯਾਹਵੇਹ ਇਸਰਾਏਲ ਨੂੰ ਅਤੇ ਤੈਨੂੰ ਫ਼ਲਿਸਤੀਆਂ ਦੇ ਹੱਥਾਂ ਵਿੱਚ ਸੌਂਪ ਦੇਵੇਗਾ ਅਤੇ ਕੱਲ੍ਹ ਨੂੰ ਤੂੰ ਅਤੇ ਤੇਰੇ ਪੁੱਤਰ ਮੇਰੇ ਨਾਲ ਹੋਵੋਗੇ। ਯਾਹਵੇਹ ਇਸਰਾਏਲ ਦੀ ਫ਼ੌਜ ਨੂੰ ਵੀ ਫ਼ਲਿਸਤੀਆਂ ਦੇ ਹੱਥਾਂ ਵਿੱਚ ਦੇ ਦੇਵੇਗਾ।”

ਸਮੂਏਲ ਦੀਆਂ ਗੱਲਾਂ ਤੋਂ ਡਰਦਾ ਹੋਇਆ ਸ਼ਾਊਲ ਝੱਟ ਜ਼ਮੀਨ ਉੱਤੇ ਡਿੱਗ ਪਿਆ। ਉਸਦੀ ਤਾਕਤ ਖਤਮ ਹੋ ਗਈ ਸੀ, ਕਿਉਂਕਿ ਉਸਨੇ ਸਾਰਾ ਦਿਨ ਅਤੇ ਸਾਰੀ ਰਾਤ ਕੁਝ ਨਹੀਂ ਖਾਧਾ ਸੀ।

ਜਦੋਂ ਉਹ ਔਰਤ ਸ਼ਾਊਲ ਕੋਲ ਆਈ ਅਤੇ ਵੇਖਿਆ ਕਿ ਉਹ ਬਹੁਤ ਘਬਰਾ ਗਿਆ ਹੈ ਤਾਂ ਉਸ ਨੇ ਆਖਿਆ, “ਵੇਖ, ਤੇਰੀ ਦਾਸੀ ਨੇ ਤੇਰੀ ਗੱਲ ਮੰਨ ਲਈ ਹੈ। ਮੈਂ ਆਪਣੀ ਜਾਨ ਤਲੀ ਤੇ ਰੱਖੀ ਅਤੇ ਜੋ ਗੱਲਾਂ ਤੁਸੀਂ ਮੈਨੂੰ ਆਖੀਆਂ ਸਨ ਸੋ ਮੰਨ ਲਈਆਂ। ਹੁਣ ਕਿਰਪਾ ਕਰਕੇ ਆਪਣੇ ਸੇਵਕ ਦੀ ਗੱਲ ਸੁਣੋ ਅਤੇ ਮੈਂ ਤੁਹਾਨੂੰ ਕੁਝ ਭੋਜਨ ਦੇਣਾ ਚਾਉਂਦੀ ਤਾਂ ਜੋ ਤੁਸੀਂ ਖਾ ਸਕੋ ਅਤੇ ਆਪਣੇ ਰਾਹ ਉੱਤੇ ਚੱਲਣ ਦੀ ਤਾਕਤ ਪ੍ਰਾਪਤ ਕਰੋ।”

ਉਸ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ, ਮੈਂ ਨਹੀਂ ਖਾਵਾਂਗਾ।

ਪਰ ਉਸ ਦੇ ਆਦਮੀ ਉਸ ਔਰਤ ਨਾਲ ਮਿਲ ਕੇ ਉਸ ਨੂੰ ਬੇਨਤੀ ਕਰਨ ਲੱਗੇ, ਅਤੇ ਉਸ ਨੇ ਉਹਨਾਂ ਦੀ ਗੱਲ ਸੁਣੀ। ਉਹ ਜ਼ਮੀਨ ਤੋਂ ਉੱਠ ਕੇ ਮੰਜੇ ਤੇ ਬੈਠ ਗਿਆ।

ਉਸ ਔਰਤ ਦੇ ਘਰ ਇੱਕ ਮੋਟਾ ਵੱਛਾ ਸੀ, ਜਿਸ ਨੂੰ ਉਸ ਨੇ ਉਸੇ ਵੇਲੇ ਕੱਟਿਆ। ਉਸਨੇ ਆਟਾ ਲਿਆ ਅਤੇ ਉਸ ਨੂੰ ਗੁੰਨ੍ਹਿਆ ਅਤੇ ਬਿਨਾਂ ਖਮੀਰ ਦੇ ਰੋਟੀ ਪਕਾਈ। ਤਦ ਉਸ ਨੇ ਉਹ ਨੂੰ ਸ਼ਾਊਲ ਅਤੇ ਉਸ ਦੇ ਮਨੁੱਖਾਂ ਦੇ ਅੱਗੇ ਰੱਖਿਆ ਅਤੇ ਉਹਨਾਂ ਨੇ ਖਾਧਾ। ਉਸੇ ਰਾਤ ਉਹ ਉੱਠ ਕੇ ਚਲੇ ਗਏ।

Source notes (1)
  1. Footnote ਭੂਤ ਮਿੱਤਰ ਹੋਣ ਅਰਥਾਤ ਜਾਦੂ ਕਰਨ ਵਾਲੀ ਔਰਤ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.