Skip to content
BibleKenya

Biblica® Open Punjabi Contemporary Version 2025

1 ਸ਼ਮੂਏਲ 19

ਸ਼ਾਊਲ ਨੇ ਦਾਵੀਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ

ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਸਾਰੇ ਸੇਵਕਾਂ ਨੂੰ ਦਾਵੀਦ ਨੂੰ ਮਾਰਨ ਲਈ ਕਿਹਾ, ਪਰ ਯੋਨਾਥਾਨ ਦਾਵੀਦ ਨੂੰ ਬਹੁਤ ਪਸੰਦ ਕਰਦਾ ਸੀ। ਅਤੇ ਯੋਨਾਥਾਨ ਨੇ ਦਾਵੀਦ ਨੂੰ ਚੇਤਾਵਨੀ ਦਿੱਤੀ, “ਮੇਰਾ ਪਿਤਾ ਸ਼ਾਊਲ ਤੈਨੂੰ ਮਾਰਨ ਦਾ ਮੌਕਾ ਲੱਭ ਰਿਹਾ ਹੈ। ਕੱਲ੍ਹ ਸਵੇਰੇ ਤੱਕ ਤੂੰ ਚੌਕਸ ਰਹਿ ਅਤੇ ਕਿਸੇ ਗੁਪਤ ਸਥਾਨ ਵਿੱਚ ਆਪ ਨੂੰ ਲੁਕਾ ਲੈ। ਮੈਂ ਬਾਹਰ ਜਾਵਾਂਗਾ ਅਤੇ ਆਪਣੇ ਪਿਤਾ ਦੇ ਨਾਲ ਉਸ ਖੇਤ ਵਿੱਚ ਖੜ੍ਹਾ ਹੋਵਾਂਗਾ ਜਿੱਥੇ ਤੁਸੀਂ ਹੋ। ਮੈਂ ਉਸ ਨਾਲ ਤੁਹਾਡੇ ਬਾਰੇ ਗੱਲ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਕਿ ਮੈਨੂੰ ਕੀ ਪਤਾ ਲੱਗਾ।”

ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਦਾਵੀਦ ਬਾਰੇ ਚੰਗੀ ਗੱਲ ਆਖੀ ਅਤੇ ਉਸ ਨੂੰ ਕਿਹਾ, “ਪਾਤਸ਼ਾਹ ਆਪਣੇ ਸੇਵਕ ਦਾਵੀਦ ਨਾਲ ਬੁਰਾ ਨਾ ਕਰੇ। ਉਸ ਨੇ ਤੁਹਾਡੇ ਨਾਲ ਕੋਈ ਬੁਰਾ ਨਹੀਂ ਕੀਤਾ ਹੈ, ਅਤੇ ਜੋ ਕੁਝ ਉਸ ਨੇ ਕੀਤਾ ਹੈ ਉਸ ਦਾ ਤੁਹਾਨੂੰ ਬਹੁਤ ਲਾਭ ਹੋਇਆ ਹੈ। ਕਿਉਂ ਜੋ ਉਸ ਨੇ ਆਪਣੀ ਜਾਨ ਆਪਣੀ ਤਲੀ ਉੱਤੇ ਰੱਖ ਕੇ ਫ਼ਲਿਸਤੀਆਂ ਨੂੰ ਵੱਢਿਆ ਅਤੇ ਯਾਹਵੇਹ ਨੇ ਸਾਰੇ ਇਸਰਾਏਲ ਨੂੰ ਇੱਕ ਮਹਾਨ ਜਿੱਤ ਦਿੱਤੀ ਅਤੇ ਤੂੰ ਇਸਨੂੰ ਦੇਖਿਆ ਅਤੇ ਖੁਸ਼ ਹੋਇਆ ਸੀ। ਫਿਰ ਤੂੰ ਦਾਵੀਦ ਵਰਗੇ ਨਿਰਦੋਸ਼ ਆਦਮੀ ਨੂੰ ਬਿਨਾਂ ਕਿਸੇ ਕਾਰਨ ਮਾਰ ਕੇ ਉਸ ਨਾਲ ਬੁਰਾ ਕਿਉਂ ਕਰੇਗਾ?”

ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਅਤੇ ਇਹ ਸਹੁੰ ਖਾ ਕੇ ਆਖਿਆ, “ਕਿ ਜਿਉਂਦੇ ਯਾਹਵੇਹ ਦੀ ਸਹੁੰ, ਦਾਵੀਦ ਨਾ ਮਾਰਿਆ ਜਾਵੇਗਾ।”

ਤਾਂ ਯੋਨਾਥਾਨ ਨੇ ਦਾਵੀਦ ਨੂੰ ਸੱਦ ਕੇ ਸਾਰੀ ਗੱਲ ਦੱਸੀ। ਉਹ ਉਸਨੂੰ ਸ਼ਾਊਲ ਕੋਲ ਲੈ ਆਇਆ ਅਤੇ ਦਾਵੀਦ ਪਹਿਲਾਂ ਵਾਂਗ ਸ਼ਾਊਲ ਦੇ ਨਾਲ ਸੀ।

ਇੱਕ ਵਾਰ ਫੇਰ ਲੜਾਈ ਹੋਈ ਅਤੇ ਦਾਵੀਦ ਬਾਹਰ ਗਿਆ ਅਤੇ ਫ਼ਲਿਸਤੀਆਂ ਨਾਲ ਲੜਿਆ। ਉਸ ਨੇ ਉਹਨਾਂ ਨੂੰ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਹ ਉਸ ਦੇ ਅੱਗੇ ਭੱਜ ਗਏ।

ਪਰ ਯਾਹਵੇਹ ਵੱਲੋਂ ਇੱਕ ਦੁਸ਼ਟ ਆਤਮਾ ਸ਼ਾਊਲ ਉੱਤੇ ਆਇਆ ਜਦੋਂ ਉਹ ਆਪਣੇ ਘਰ ਵਿੱਚ ਬਰਛੀ ਹੱਥ ਵਿੱਚ ਫੜੀ ਬੈਠਾ ਸੀ। ਜਦੋਂ ਦਾਵੀਦ ਬਰਬਤ ਵਜਾ ਰਿਹਾ ਸੀ, ਸ਼ਾਊਲ ਨੇ ਆਪਣੀ ਬਰਛੀ ਨਾਲ ਉਹ ਨੂੰ ਕੰਧ ਨਾਲ ਟੰਗਣ ਦੀ ਕੋਸ਼ਿਸ਼ ਕੀਤੀ ਪਰ ਦਾਵੀਦ ਉਸ ਤੋਂ ਬਚ ਕੇ ਭੱਜ ਗਿਆ ਅਤੇ ਬਰਛੀ ਕੰਧ ਦੇ ਵਿੱਚ ਜਾ ਖੁੱਭੀ। ਇਸ ਤਰ੍ਹਾਂ ਉਸ ਰਾਤ ਦਾਵੀਦ ਨੇ ਭੱਜ ਕੇ ਆਪਣੀ ਜਾਨ ਬਚਾਈ।

ਸ਼ਾਊਲ ਨੇ ਸੇਵਕਾਂ ਨੂੰ ਦਾਵੀਦ ਦੇ ਘਰ ਘੱਲਿਆ ਤਾਂ ਜੋ ਉਹ ਦਾਵੀਦ ਦੇ ਘਰ ਨੂੰ ਵੇਖ ਸਕਣ ਅਤੇ ਸਵੇਰ ਨੂੰ ਉਹ ਨੂੰ ਮਾਰ ਦੇਣ, ਪਰ ਦਾਵੀਦ ਦੀ ਪਤਨੀ ਮੀਕਲ ਨੇ ਉਸਨੂੰ ਚੇਤਾਵਨੀ ਦਿੱਤੀ, “ਜੇ ਤੂੰ ਅੱਜ ਰਾਤ ਆਪਣੀ ਜਾਨ ਲਈ ਨਹੀਂ ਭੱਜਿਆ।” ਤਾਂ ਮੀਕਲ ਨੇ ਦਾਵੀਦ ਨੂੰ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਅਤੇ ਉਹ ਭੱਜ ਕੇ ਬਚ ਗਿਆ। ਤਦ ਮੀਕਲ ਨੇ ਇੱਕ ਮੂਰਤੀ ਲੈ ਕੇ ਮੰਜੇ ਉੱਤੇ ਰੱਖੀ ਅਤੇ ਉਸ ਨੂੰ ਕੱਪੜੇ ਨਾਲ ਢੱਕਿਆ ਅਤੇ ਕੁਝ ਬੱਕਰੀਆਂ ਦੇ ਵਾਲ ਸਿਰ ਉੱਤੇ ਰੱਖੇ।

ਜਦੋਂ ਸ਼ਾਊਲ ਨੇ ਦਾਵੀਦ ਨੂੰ ਫੜਨ ਲਈ ਸੇਵਕਾਂ ਨੂੰ ਭੇਜਿਆ ਤਾਂ ਮੀਕਲ ਨੇ ਕਿਹਾ, “ਉਹ ਬਿਮਾਰ ਹੈ।”

ਤਦ ਸ਼ਾਊਲ ਨੇ ਦਾਵੀਦ ਨੂੰ ਮਿਲਣ ਲਈ ਸੇਵਕਾਂ ਨੂੰ ਵਾਪਸ ਭੇਜਿਆ ਅਤੇ ਉਹਨਾਂ ਨੂੰ ਕਿਹਾ, “ਉਸ ਨੂੰ ਮੇਰੇ ਕੋਲ ਬਿਸਤਰੇ ਸਮੇਤ ਲਿਆਓ ਤਾਂ ਜੋ ਮੈਂ ਉਸਨੂੰ ਮਾਰ ਦਿਆਂ।” ਪਰ ਜਦੋਂ ਉਹ ਮਨੁੱਖ ਅੰਦਰ ਗਏ ਤਾਂ ਮੰਜੇ ਉੱਤੇ ਮੂਰਤੀ ਸੀ ਅਤੇ ਸਿਰ ਉੱਤੇ ਬੱਕਰੀਆਂ ਦੇ ਵਾਲ ਸਨ।

ਸ਼ਾਊਲ ਨੇ ਮੀਕਲ ਨੂੰ ਆਖਿਆ, ਤੂੰ ਮੈਨੂੰ ਇਸ ਤਰ੍ਹਾਂ ਧੋਖਾ ਕਿਉਂ ਦਿੱਤਾ ਅਤੇ ਮੇਰੇ ਵੈਰੀ ਨੂੰ ਕਿਉਂ ਭਜਾ ਦਿੱਤਾ ਹੈ, ਹੁਣ ਉਹ ਬਚ ਗਿਆ ਹੈ?

ਮੀਕਲ ਨੇ ਉਸਨੂੰ ਕਿਹਾ, “ਉਸ ਨੇ ਮੈਨੂੰ ਕਿਹਾ, ‘ਮੈਨੂੰ ਦੂਰ ਜਾਣ ਦੇ। ਮੈਂ ਤੈਨੂੰ ਕਿਉਂ ਮਾਰਾਂ?’ ”

ਜਦੋਂ ਦਾਵੀਦ ਭੱਜ ਕੇ ਬਚ ਗਿਆ ਤਾਂ ਉਹ ਰਾਮਾਹ ਵਿੱਚ ਸਮੂਏਲ ਕੋਲ ਗਿਆ ਅਤੇ ਉਸ ਨੂੰ ਉਹ ਸਭ ਕੁਝ ਦੱਸਿਆ ਜੋ ਸ਼ਾਊਲ ਨੇ ਉਸ ਨਾਲ ਕੀਤਾ ਸੀ। ਤਦ ਉਹ ਅਤੇ ਸਮੂਏਲ ਨਾਯੋਥ ਨੂੰ ਗਏ ਅਤੇ ਉੱਥੇ ਠਹਿਰੇ। ਸ਼ਾਊਲ ਨੂੰ ਬਚਨ ਆਇਆ, “ਦਾਵੀਦ ਰਾਮਾਹ ਦੇ ਨਾਯੋਥ ਵਿੱਚ ਹੈ” ਤਾਂ ਉਸ ਨੇ ਉਸ ਨੂੰ ਫੜਨ ਲਈ ਸੇਵਕ ਭੇਜੇ। ਪਰ ਜਦੋਂ ਉਹਨਾਂ ਨੇ ਨਬੀਆਂ ਦੇ ਇੱਕ ਸਮੂਹ ਨੂੰ ਅਗੰਮਵਾਕ ਕਰਦੇ ਦੇਖਿਆ, ਸਮੂਏਲ ਉਹਨਾਂ ਦੇ ਆਗੂ ਵਜੋਂ ਉੱਥੇ ਖੜ੍ਹਾ ਸੀ, ਤਾਂ ਪਰਮੇਸ਼ਵਰ ਦਾ ਆਤਮਾ ਸ਼ਾਊਲ ਦੇ ਮਨੁੱਖਾਂ ਉੱਤੇ ਆਇਆ ਅਤੇ ਉਹਨਾਂ ਨੇ ਵੀ ਅਗੰਮਵਾਕ ਕੀਤਾ। ਸ਼ਾਊਲ ਨੂੰ ਇਸ ਬਾਰੇ ਦੱਸਿਆ ਗਿਆ ਅਤੇ ਉਸ ਨੇ ਹੋਰ ਸੇਵਕ ਭੇਜੇ ਅਤੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ। ਸ਼ਾਊਲ ਨੇ ਤੀਜੀ ਵਾਰ ਆਦਮੀਆਂ ਨੂੰ ਭੇਜਿਆ ਅਤੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ। ਅੰਤ ਵਿੱਚ ਉਹ ਆਪ ਰਾਮਾਹ ਨੂੰ ਚੱਲਿਆ ਅਤੇ ਸੇਕੂ ਦੇ ਵੱਡੇ ਖੂਹ ਕੋਲ ਗਿਆ ਅਤੇ ਉਸ ਨੇ ਪੁੱਛਿਆ, “ਸਮੂਏਲ ਅਤੇ ਦਾਵੀਦ ਕਿੱਥੇ ਹਨ?”

ਉਹਨਾਂ ਨੇ ਕਿਹਾ, “ਰਾਮਾਹ ਦੇ ਨਾਯੋਥ ਵਿੱਚ ਹਨ।”

ਸੋ ਸ਼ਾਊਲ ਰਾਮਾਹ ਵਿੱਚ ਨਾਯੋਥ ਨੂੰ ਗਿਆ। ਪਰ ਪਰਮੇਸ਼ਵਰ ਦਾ ਆਤਮਾ ਉਸ ਉੱਤੇ ਵੀ ਆਇਆ ਅਤੇ ਉਹ ਅਗੰਮਵਾਕ ਕਰਦਾ ਹੋਇਆ ਨਾਯੋਥ ਵਿੱਚ ਆਉਣ ਤੱਕ ਚੱਲਦਾ ਰਿਹਾ। ਉਸ ਨੇ ਆਪਣੇ ਕੱਪੜੇ ਲਾਹ ਦਿੱਤੇ ਅਤੇ ਸਮੂਏਲ ਦੀ ਹਜ਼ੂਰੀ ਵਿੱਚ ਭਵਿੱਖਬਾਣੀ ਕੀਤੀ। ਉਹ ਸਾਰਾ ਦਿਨ ਅਤੇ ਸਾਰੀ ਰਾਤ ਨੰਗਾ ਪਿਆ ਰਿਹਾ। ਇਸ ਲਈ ਲੋਕ ਆਖਦੇ ਹਨ, “ਕੀ ਸ਼ਾਊਲ ਵੀ ਨਬੀਆਂ ਵਿੱਚੋਂ ਹੈ?”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.