Biblica® Open Punjabi Contemporary Version 2025
1 ਰਾਜਿਆਂ 6
ਸ਼ਲੋਮੋਨ ਨੇ ਮੰਦਰ ਬਣਵਾਇਆ
ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਚਾਰ ਸੌ ਅੱਸੀਵੇਂ ਸਾਲ ਵਿੱਚ, ਇਸਰਾਏਲ ਉੱਤੇ ਸ਼ਲੋਮੋਨ ਦੇ ਰਾਜ ਦੇ ਚੌਥੇ ਸਾਲ ਜ਼ਿਵ ਦੇ ਮਹੀਨੇ ਜੋ ਦੂਸਰਾ ਮਹੀਨਾ ਹੈ, ਉਸ ਨੇ ਯਾਹਵੇਹ ਦਾ ਮੰਦਰ ਬਣਾਉਣਾ ਸ਼ੁਰੂ ਕੀਤਾ।
ਜੋ ਮੰਦਰ ਸ਼ਲੋਮੋਨ ਪਾਤਸ਼ਾਹ ਨੇ ਯਾਹਵੇਹ ਲਈ ਬਣਵਾਇਆ ਸੀ, ਉਹ ਸੱਠ ਹੱਥ ਲੰਬਾ, ਵੀਹ ਹੱਥ ਚੌੜਾ ਅਤੇ ਤੀਹ ਹੱਥ ਉੱਚਾ ਸੀ1। ਹੈਕਲ ਦੇ ਮੁੱਖ ਹਾਲ ਦੇ ਸਾਹਮਣੇ ਵਾਲੇ ਦਰਵਾਜ਼ੇ ਨੇ ਹੈਕਲ ਦੀ ਚੌੜਾਈ ਅਰਥਾਤ ਵੀਹ ਹੱਥ2 ਸੀ ਅਤੇ ਹੈਕਲ ਦੇ ਸਾਹਮਣੇ ਤੋਂ ਦਸ ਹੱਥ3 ਪ੍ਰਸਤੁਤ ਕੀਤੀ। ਉਸ ਨੇ ਹੈਕਲ ਦੀਆਂ ਕੰਧਾਂ ਵਿੱਚ ਉੱਚੀਆਂ ਤੰਗ ਖਿੜਕੀਆਂ ਬਣਾਈਆਂ। ਮੁੱਖ ਹਾਲ ਅਤੇ ਅੰਦਰਲੇ ਭਵਨ ਅਸਥਾਨ ਦੀਆਂ ਕੰਧਾਂ ਦੇ ਵਿਰੁੱਧ ਉਸਨੇ ਇਮਾਰਤ ਦੇ ਦੁਆਲੇ ਇੱਕ ਢਾਂਚਾ ਬਣਾਇਆ, ਜਿਸ ਵਿੱਚ ਚੁਫ਼ੇਰੇ ਪਾਸੇ ਕਮਰੇ ਸਨ। ਸਭ ਤੋਂ ਹੇਠਲੀ ਮੰਜ਼ਿਲ ਪੰਜ ਹੱਥ4 ਚੌੜੀ ਸੀ, ਵਿੱਚਕਾਰਲੀ ਮੰਜ਼ਿਲ ਛੇ ਹੱਥ5 ਅਤੇ ਤੀਜੀ ਮੰਜ਼ਿਲ ਸੱਤ ਹੱਥ ਸੀ, ਉਸ ਨੇ ਭਵਨ ਦੇ ਬਾਹਰਲੇ ਪਾਸੇ ਦੁਆਲੇ ਕਿਨਾਰੇ ਬਣਾਏ ਤਾਂ ਜੋ ਕੁਝ ਵੀ ਮੰਦਰ ਦੀਆਂ ਕੰਧਾਂ ਵਿੱਚ ਨਾ ਪਾਇਆ ਜਾਵੇ।
ਮੰਦਰ ਦੇ ਨਿਰਮਾਣ ਸਮੇਂ, ਤਾਂ ਉਸ ਵਿੱਚ ਪੂਰੇ-ਪੂਰੇ ਪੱਥਰ ਲਾਏ ਜਿਹੜੇ ਖਾਣ ਉੱਤੇ ਤਿਆਰ ਕੀਤੇ ਗਏ ਸਨ ਇਸ ਲਈ ਭਵਨ ਬਣਾਉਣ ਵਿੱਚ ਨਾ ਉੱਥੇ ਹਥੌੜਾ, ਨਾ ਬਲੂਸੀ ਅਤੇ ਨਾ ਲੋਹੇ ਦੇ ਕਿਸੇ ਹੋਰ ਸੰਦ ਦੀ ਆਵਾਜ਼ ਸੁਣਾਈ ਦਿੰਦੀ ਸੀ।
ਸਭ ਤੋਂ ਹੇਠਲੀ ਮੰਜ਼ਿਲ ਦਾ ਪ੍ਰਵੇਸ਼ ਦੁਆਰ ਹੈਕਲ ਦੇ ਦੱਖਣ ਵੱਲ ਸੀ। ਇੱਕ ਪੌੜੀ ਮੱਧ ਪੱਧਰ ਤੱਕ ਅਤੇ ਉੱਥੋਂ ਤੀਜੇ ਤੱਕ ਜਾਂਦੀ ਸੀ। ਇਸ ਲਈ ਉਸ ਨੇ ਹੈਕਲ ਨੂੰ ਬਣਾਇਆ ਅਤੇ ਉਸ ਨੂੰ ਸ਼ਤੀਰ ਅਤੇ ਦਿਆਰ ਦੇ ਤਖਤਿਆਂ ਨਾਲ ਛੱਤ ਕੇ ਪੂਰਾ ਕੀਤਾ। ਅਤੇ ਉਸ ਨੇ ਹੈਕਲ ਦੇ ਸਾਰੇ ਪਾਸੇ ਦੇ ਕਮਰੇ ਬਣਾਏ। ਹਰੇਕ ਦੀ ਉਚਾਈ ਪੰਜ ਹੱਥ ਸੀ ਅਤੇ ਉਹ ਦਿਆਰ ਦੇ ਸ਼ਤੀਰਾਂ ਨਾਲ ਭਵਨ ਦੇ ਨਾਲ ਜੁੜੇ ਹੋਏ ਸਨ।
ਯਾਹਵੇਹ ਦਾ ਬਚਨ ਸ਼ਲੋਮੋਨ ਕੋਲ ਆਇਆ: “ਜਿਵੇਂ ਕਿ ਤੂੰ ਇਸ ਮੰਦਰ ਨੂੰ ਬਣਾ ਰਿਹਾ ਹੈ, ਜੇ ਤੂੰ ਮੇਰੇ ਹੁਕਮਾਂ ਦੀ ਪਾਲਣਾ ਕਰੇ, ਮੇਰੇ ਕਾਨੂੰਨਾਂ ਦੀ ਪਾਲਣਾ ਕਰੇ ਅਤੇ ਮੇਰੀ ਸਾਰੀ ਬਿਧੀਆਂ ਨੂੰ ਮੰਨੇ ਅਤੇ ਉਹਨਾਂ ਦੀ ਪਾਲਣਾ ਕਰੇ, ਮੈਂ ਤੇਰੇ ਪਿਤਾ ਦਾਵੀਦ ਨਾਲ ਜਿਹੜਾ ਵਾਅਦਾ ਕੀਤਾ ਸੀ ਉਹ ਤੇਰੇ ਰਾਹੀਂ ਪੂਰਾ ਕਰਾਂਗਾ। ਅਤੇ ਮੈਂ ਇਸਰਾਏਲੀਆਂ ਵਿੱਚ ਰਹਾਂਗਾ ਅਤੇ ਆਪਣੀ ਪਰਜਾ ਇਸਰਾਏਲ ਨੂੰ ਨਹੀਂ ਛੱਡਾਂਗਾ।”
ਇਸ ਲਈ ਸ਼ਲੋਮੋਨ ਨੇ ਮੰਦਰ ਬਣਵਾਇਆ ਅਤੇ ਇਸਨੂੰ ਪੂਰਾ ਕੀਤਾ। ਉਸ ਨੇ ਉਸ ਦੀਆਂ ਅੰਦਰਲੀਆਂ ਕੰਧਾਂ ਨੂੰ ਦਿਆਰ ਦੇ ਫੱਟਿਆਂ ਨਾਲ ਕਤਾਰਬੱਧ ਕੀਤਾ, ਹੈਕਲ ਦੇ ਫਰਸ਼ ਤੋਂ ਲੈ ਕੇ ਛੱਤ ਤੱਕ ਲੱਕੜ ਲਾ ਦਿੱਤੀ ਅਤੇ ਹੈਕਲ ਦੇ ਫਰਸ਼ ਨੂੰ ਚੀਲ ਦੀਆਂ ਤੱਖ਼ਤੀਆ ਨਾਲ ਢੱਕ ਦਿੱਤਾ। ਉਸ ਨੇ ਹੈਕਲ ਦੇ ਪਿਛਲੇ ਪਾਸੇ ਫਰਸ਼ ਤੋਂ ਲੈ ਕੇ ਛੱਤ ਤੱਕ ਦਿਆਰ ਦੇ ਫੱਟਿਆਂ ਨਾਲ ਵੀਹ ਹੱਥਾਂ ਨੂੰ ਵੰਡਿਆ ਤਾਂ ਜੋ ਹੈਕਲ ਦੇ ਅੰਦਰ ਇੱਕ ਅੰਦਰੂਨੀ ਅਸਥਾਨ, ਅੱਤ ਪਵਿੱਤਰ ਸਥਾਨ ਬਣਾਇਆ ਜਾ ਸਕੇ। ਇਸ ਕਮਰੇ ਦੇ ਸਾਹਮਣੇ ਮੁੱਖ ਹਾਲ ਚਾਲੀ ਹੱਥ ਲੰਬਾ6 ਸੀ। ਹੈਕਲ ਦਾ ਅੰਦਰਲਾ ਹਿੱਸਾ ਦਿਆਰ ਦਾ ਸੀ, ਜੋ ਲੁਕਿਆਂ ਅਤੇ ਖੁੱਲ੍ਹੇ ਫੁੱਲਾਂ ਨਾਲ ਉੱਕਰਿਆ ਹੋਇਆ ਸੀ। ਸਭ ਕੁਝ ਦਿਆਰ ਦੀ ਲੱਕੜ ਦਾ ਸੀ, ਕੋਈ ਪੱਥਰ ਦਿਸਦਾ ਨਹੀਂ ਸੀ।
ਉਸ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਉੱਥੇ ਰੱਖਣ ਲਈ ਹੈਕਲ ਦਾ ਅੰਦਰਲਾ ਅਸਥਾਨ ਤਿਆਰ ਕੀਤਾ। ਅੰਦਰਲਾ ਪਵਿੱਤਰ ਅਸਥਾਨ ਵੀਹ ਹੱਥ ਲੰਮਾ, ਵੀਹ ਹੱਥ ਚੌੜਾ ਅਤੇ ਵੀਹ ਹੱਥ ਉੱਚਾ ਸੀ। ਉਸ ਨੇ ਅੰਦਰ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ, ਅਤੇ ਉਸ ਨੇ ਦਿਆਰ ਦੀ ਜਗਵੇਦੀ ਨੂੰ ਵੀ ਮੜ੍ਹਿਆ। ਸ਼ਲੋਮੋਨ ਨੇ ਹੈਕਲ ਦੇ ਅੰਦਰਲੇ ਹਿੱਸੇ ਨੂੰ ਸ਼ੁੱਧ ਸੋਨੇ ਨਾਲ ਮੜ੍ਹਿਆ ਅਤੇ ਅੰਦਰਲੇ ਅਸਥਾਨ ਦੇ ਸਾਹਮਣੇ ਸੋਨੇ ਦੀਆਂ ਜ਼ੰਜੀਰਾਂ ਲਾਈਆਂ ਅਤੇ ਉਹਨਾਂ ਉੱਤੇ ਸੋਨਾ ਚੜ੍ਹਾਇਆ। ਸੋ ਉਸ ਨੇ ਸਾਰੇ ਅੰਦਰਲੇ ਹਿੱਸੇ ਨੂੰ ਸੋਨੇ ਨਾਲ ਮੜ੍ਹ ਦਿੱਤਾ। ਉਸਨੇ ਅੰਦਰਲੇ ਪਵਿੱਤਰ ਸਥਾਨ ਦੀ ਜਗਵੇਦੀ ਨੂੰ ਵੀ ਸੋਨੇ ਨਾਲ ਮੜ੍ਹ ਦਿੱਤਾ।
ਅੰਦਰਲੇ ਅਸਥਾਨ ਲਈ ਉਸ ਨੇ ਜ਼ੈਤੂਨ ਦੀ ਲੱਕੜ ਤੋਂ ਕਰੂਬੀਆਂ ਦਾ ਇੱਕ ਜੋੜਾ ਬਣਾਇਆ, ਹਰੇਕ ਦਸ ਹੱਥ ਉੱਚਾ ਸੀ। ਪਹਿਲੇ ਕਰੂਬੀ ਦਾ ਇੱਕ ਖੰਭ ਪੰਜ ਹੱਥ ਲੰਮਾ ਸੀ ਅਤੇ ਦੂਸਰਾ ਖੰਭ ਪੰਜ ਹੱਥ ਲੰਮਾ ਸੀ ਖੰਭ ਦੇ ਸਿਰੇ ਤੋਂ ਖੰਭ ਦੇ ਦੂਸਰੇ ਸਿਰੇ ਤੱਕ ਦਸ ਹੱਥ ਸੀ। ਦੂਸਰਾ ਕਰੂਬੀ ਵੀ ਦਸ ਹੱਥ ਨਾਪਿਆ ਕਿਉਂ ਜੋ ਦੋਵੇਂ ਕਰੂਬੀ ਮਿਣਤੀ ਅਤੇ ਆਕਾਰ ਵਿੱਚ ਇੱਕੋ ਜਿਹੇ ਸਨ। ਹਰੇਕ ਕਰੂਬੀ ਦੀ ਉਚਾਈ ਦਸ ਹੱਥ ਸੀ। ਉਸ ਨੇ ਕਰੂਬੀਆਂ ਨੂੰ ਹੈਕਲ ਦੇ ਅੰਦਰਲੇ ਕਮਰੇ ਵਿੱਚ ਰੱਖਿਆ ਅਤੇ ਉਹਨਾਂ ਦੇ ਖੰਭ ਫੈਲਾਏ ਹੋਏ ਸਨ। ਇੱਕ ਕਰੂਬੀ ਦਾ ਖੰਭ ਇੱਕ ਕੰਧ ਨੂੰ ਛੂਹਦਾ ਸੀ, ਜਦੋਂ ਕਿ ਦੂਸਰੇ ਦਾ ਖੰਭ ਦੂਸਰੀ ਕੰਧ ਨੂੰ ਛੂਹਦਾ ਸੀ, ਅਤੇ ਉਹਨਾਂ ਦੇ ਖੰਭ ਕਮਰੇ ਦੇ ਵਿਚਕਾਰ ਇੱਕ ਦੂਸਰੇ ਨੂੰ ਛੂਹਦੇ ਸਨ। ਉਸ ਨੇ ਕਰੂਬੀਆਂ ਨੂੰ ਸੋਨੇ ਨਾਲ ਮੜ੍ਹ ਦਿੱਤਾ।
ਹੈਕਲ ਦੇ ਆਲੇ-ਦੁਆਲੇ ਦੀਆਂ ਕੰਧਾਂ ਉੱਤੇ, ਅੰਦਰਲੇ ਅਤੇ ਬਾਹਰਲੇ ਕਮਰਿਆਂ ਵਿੱਚ, ਉਸ ਨੇ ਕਰੂਬੀ, ਖਜ਼ੂਰ ਦੇ ਰੁੱਖ ਅਤੇ ਖੁੱਲ੍ਹੇ ਫੁੱਲ ਉੱਕਰੇ ਹੋਏ ਸਨ। ਉਸ ਨੇ ਹੈਕਲ ਦੇ ਅੰਦਰਲੇ ਅਤੇ ਬਾਹਰਲੇ ਕਮਰਿਆਂ ਦੇ ਫਰਸ਼ਾਂ ਨੂੰ ਵੀ ਸੋਨੇ ਨਾਲ ਢੱਕਿਆ ਹੋਇਆ ਸੀ।
ਅੰਦਰਲੇ ਪਵਿੱਤਰ ਸਥਾਨ ਦੇ ਪ੍ਰਵੇਸ਼ ਦੁਆਰ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਦਰਵਾਜ਼ੇ ਬਣਾਏ, ਜੋ ਪਵਿੱਤਰ ਸਥਾਨ ਦੀ ਚੌੜਾਈ ਦਾ ਪੰਜਵਾਂ ਹਿੱਸਾ ਸਨ। ਅਤੇ ਜ਼ੈਤੂਨ ਦੀ ਲੱਕੜੀ ਦੇ ਦੋ ਦਰਵਾਜ਼ਿਆਂ ਉੱਤੇ ਉਸ ਨੇ ਕਰੂਬੀਆਂ, ਖਜੂਰਾਂ ਅਤੇ ਖੁੱਲ੍ਹੇ ਫੁੱਲ ਉੱਕਰੇ ਅਤੇ ਕਰੂਬੀਆਂ ਅਤੇ ਖਜ਼ੂਰ ਦੇ ਰੁੱਖਾਂ ਨੂੰ ਸੋਨੇ ਨਾਲ ਮੜ੍ਹਿਆ। ਇਸੇ ਤਰ੍ਹਾਂ, ਮੁੱਖ ਹੈਕਲ ਦੇ ਪ੍ਰਵੇਸ਼ ਦੁਆਰ ਲਈ ਉਸ ਨੇ ਜ਼ੈਤੂਨ ਦੀ ਲੱਕੜੀ ਦੇ ਦਰਵਾਜ਼ੇ ਦੀ ਚੁਗਾਠ ਬਣਾਈ ਜੋ ਹਾਲ ਦੀ ਚੌੜਾਈ ਦੇ ਇੱਕ ਚੌਥਾਈ ਸਨ। ਉਸ ਦੇ ਦੋਵੇਂ ਬੂਹੇ ਚੀਲ ਦੀ ਲੱਕੜ ਦੇ ਸਨ, ਇੱਕ ਬੂਹੇ ਦੇ ਦੋ-ਦੋ ਫੱਟ ਜੋ ਮੋੜੇ ਜਾਂਦੇ ਸਨ। ਉਸ ਨੇ ਉਹਨਾਂ ਉੱਤੇ ਕਰੂਬੀਆਂ, ਖਜ਼ੂਰਾਂ ਦੇ ਰੁੱਖਾਂ ਅਤੇ ਖੁੱਲ੍ਹੇ ਫੁੱਲਾਂ ਦੀਆਂ ਮੂਰਤਾਂ ਉੱਕਰੀਆਂ ਅਤੇ ਉਹਨਾਂ ਸਭਨਾਂ ਉੱਤੇ ਸਮਾਨ ਰੂਪ ਵਿੱਚ ਸੋਨੇ ਨਾਲ ਮੜ੍ਹਿਆ।
ਅਤੇ ਉਸ ਨੇ ਅੰਦਰਲੇ ਵਿਹੜੇ ਨੂੰ ਤਿੰਨ ਸਿਰੇ ਵਾਲੇ ਪੱਥਰ ਦੇ ਅਤੇ ਇੱਕ ਸਿਰੇ ਦੇ ਦਿਆਰ ਦੇ ਸ਼ਤੀਰਾਂ ਦਾ ਬਣਾਇਆ।
ਯਾਹਵੇਹ ਦੇ ਮੰਦਰ ਦੀ ਨੀਂਹ ਚੌਥੇ ਸਾਲ, ਜ਼ੀਵ7 ਦੇ ਮਹੀਨੇ ਵਿੱਚ ਰੱਖੀ ਗਈ ਸੀ। ਗਿਆਰਵੇਂ ਸਾਲ ਬੂਲ8 ਦੇ ਮਹੀਨੇ ਦੇ ਅੱਠਵੇਂ ਮਹੀਨੇ ਵਿੱਚ, ਹੈਕਲ ਉਸ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਅਨੁਸਾਰ ਸੰਪੂਰਨ ਹੋ ਗਿਆ। ਉਸ ਨੇ ਇਸ ਨੂੰ ਬਣਾਉਣ ਵਿੱਚ ਸੱਤ ਸਾਲ ਬਿਤਾਏ ਸਨ।
Source notes (8)
- Footnote ਇਹ ਲਗਭਗ 90 ਫੁੱਟ ਲੰਬਾ, 30 ਫੁੱਟ ਚੌੜਾ ਅਤੇ 45 ਫੁੱਟ ਉੱਚਾ
- Footnote ਵੀਹ ਹੱਥ ਲਗਭਗ 30 ਫੁੱਟ
- Footnote ਦਸ ਹੱਥ ਲਗਭਗ 15 ਫੁੱਟ
- Footnote ਪੰਜ ਹੱਥ ਲਗਭਗ 7 1/2 ਫੁੱਟ
- Footnote ਛੇ ਹੱਥ ਲਗਭਗ 9 ਫੁੱਟ
- Footnote ਚਾਲੀ ਹੱਥ ਲੰਬਾ ਲਗਭਗ 60 ਫੁੱਟ
- Footnote ਜ਼ੀਵ ਇਹ ਮਹੀਨਾ ਆਮ ਤੌਰ ਤੇ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ ਹੁੰਦਾ ਹੈ।
- Footnote ਬੂਲ ਇਹ ਮਹੀਨਾ ਆਮ ਤੌਰ ਤੇ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਹੁੰਦਾ ਹੈ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.