Skip to content
BibleKenya

Biblica® Open Punjabi Contemporary Version 2025

1 ਰਾਜਿਆਂ 22

ਮੀਕਾਯਾਹ ਨੇ ਅਹਾਬ ਦੇ ਵਿਰੁੱਧ ਭਵਿੱਖਬਾਣੀ ਕੀਤੀ

ਤਿੰਨ ਸਾਲਾਂ ਤੱਕ ਅਰਾਮ1 ਅਤੇ ਇਸਰਾਏਲ ਵਿੱਚ ਕੋਈ ਲੜਾਈ ਨਹੀਂ ਹੋਈ। ਪਰ ਤੀਜੇ ਸਾਲ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਇਸਰਾਏਲ ਦੇ ਰਾਜਾ ਨੂੰ ਮਿਲਣ ਲਈ ਗਿਆ। ਇਸਰਾਏਲ ਦੇ ਰਾਜਾ ਨੇ ਆਪਣੇ ਅਧਿਕਾਰੀਆਂ ਨੂੰ ਆਖਿਆ, ਕੀ ਤੁਸੀਂ ਨਹੀਂ ਜਾਣਦੇ ਕਿ ਰਾਮੋਥ ਗਿਲਆਦ ਸਾਡਾ ਹੈ ਅਤੇ ਫਿਰ ਵੀ ਅਸੀਂ ਅਰਾਮ ਦੇ ਰਾਜੇ ਤੋਂ ਉਸ ਨੂੰ ਵਾਪਸ ਲੈਣ ਲਈ ਕੁਝ ਨਹੀਂ ਕਰ ਰਹੇ?

ਤਾਂ ਉਸ ਨੇ ਯਹੋਸ਼ਾਫ਼ਾਟ ਨੂੰ ਪੁੱਛਿਆ, ਕੀ ਤੂੰ ਮੇਰੇ ਨਾਲ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਵੇਂਗਾ?

ਯਹੋਸ਼ਾਫ਼ਾਟ ਨੇ ਇਸਰਾਏਲ ਦੇ ਰਾਜੇ ਨੂੰ ਉੱਤਰ ਦਿੱਤਾ, “ਮੈਂ ਤੇਰੇ ਵਰਗਾ ਹਾਂ ਅਤੇ ਮੇਰੇ ਲੋਕ ਤੇਰੇ ਵਰਗੇ ਹਨ, ਮੇਰੇ ਘੋੜੇ ਤੇਰੇ ਘੋੜੇ ਹਨ।” ਪਰ ਯਹੋਸ਼ਾਫ਼ਾਟ ਨੇ ਇਸਰਾਏਲ ਦੇ ਰਾਜੇ ਨੂੰ ਇਹ ਵੀ ਕਿਹਾ, “ਪਹਿਲਾਂ ਯਾਹਵੇਹ ਦੀ ਸਲਾਹ ਲਓ।”

ਇਸ ਲਈ ਇਸਰਾਏਲ ਦੇ ਰਾਜਾ ਨੇ ਨਬੀਆਂ ਨੂੰ ਜੋ ਲਗਭਗ ਚਾਰ ਸੌ ਮਨੁੱਖ ਸਨ ਇਕੱਠਾ ਕੀਤਾ ਅਤੇ ਉਹਨਾਂ ਨੂੰ ਪੁੱਛਿਆ, ਕੀ ਮੈਂ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਂਵਾ ਜਾਂ ਨਾ?

ਉਹਨਾਂ ਨੇ ਉੱਤਰ ਦਿੱਤਾ, “ਤੁਸੀਂ ਜਾਓ ਕਿਉਂ ਜੋ ਯਾਹਵੇਹ ਉਸ ਨੂੰ ਰਾਜੇ ਦੇ ਹੱਥ ਵਿੱਚ ਦੇ ਦੇਵੇਗਾ।”

ਪਰ ਯਹੋਸ਼ਾਫ਼ਾਟ ਨੇ ਪੁੱਛਿਆ, “ਕੀ ਹੁਣ ਇੱਥੇ ਯਾਹਵੇਹ ਦਾ ਕੋਈ ਨਬੀ ਨਹੀਂ ਹੈ ਜਿਸ ਤੋਂ ਅਸੀਂ ਪੁੱਛੀਏ?”

ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਉੱਤਰ ਦਿੱਤਾ, “ਅਜੇ ਵੀ ਇੱਕ ਨਬੀ ਹੈ ਜਿਸ ਦੇ ਰਾਹੀਂ ਅਸੀਂ ਯਾਹਵੇਹ ਤੋਂ ਪੁੱਛ ਸਕਦੇ ਹਾਂ, ਪਰ ਮੈਂ ਉਸ ਨੂੰ ਨਫ਼ਰਤ ਕਰਦਾ ਹਾਂ ਕਿਉਂਕਿ ਉਹ ਕਦੇ ਵੀ ਮੇਰੇ ਬਾਰੇ ਕੋਈ ਚੰਗੀ ਭਵਿੱਖਬਾਣੀ ਨਹੀਂ ਕਰਦਾ ਸਗੋਂ ਹਮੇਸ਼ਾ ਬੁਰੀ ਕਰਦਾ ਹੈ। ਉਹ ਇਮਲਾਹ ਦਾ ਪੁੱਤਰ ਮੀਕਾਯਾਹ ਹੈ।”

ਯਹੋਸ਼ਾਫ਼ਾਟ ਨੇ ਉੱਤਰ ਦਿੱਤਾ, “ਰਾਜੇ ਨੂੰ ਅਜਿਹੀ ਗੱਲ ਨਹੀਂ ਆਖਣੀ ਚਾਹੀਦੀ।”

ਇਸ ਲਈ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ ਇੱਕ ਅਧਿਕਾਰੀ ਨੂੰ ਬੁਲਾ ਕੇ ਕਿਹਾ, “ਇਮਲਾਹ ਦੇ ਪੁੱਤਰ ਮੀਕਾਯਾਹ ਨੂੰ ਇੱਕ ਵਾਰ ਲੈ ਆਉ।”

ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਆਪਣੇ ਸ਼ਾਹੀ ਬਸਤਰ ਪਹਿਨੇ ਸਾਮਰਿਯਾ ਦੇ ਦਰਵਾਜ਼ੇ ਦੇ ਕੋਲ ਪਿੜ ਵਿੱਚ ਆਪਣੇ ਸਿੰਘਾਸਣ ਉੱਤੇ ਬੈਠਾ ਸੀ ਅਤੇ ਸਾਰੇ ਨਬੀ ਉਹਨਾਂ ਦੇ ਅੱਗੇ ਭਵਿੱਖਬਾਣੀ ਕਰ ਰਹੇ ਸਨ। ਹੁਣ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਲੋਹੇ ਦੇ ਸਿੰਗ ਬਣਾਏ ਸਨ ਅਤੇ ਉਸ ਨੇ ਐਲਾਨ ਕੀਤਾ, “ਯਾਹਵੇਹ ਇਹ ਆਖਦਾ ਹੈ, ‘ਇਨ੍ਹਾਂ ਨਾਲ ਤੁਸੀਂ ਅਰਾਮੀਆਂ2 ਨੂੰ ਉਦੋਂ ਤੱਕ ਮਾਰੋਗੇ ਜਦੋਂ ਤੱਕ ਉਹ ਨਾਸ਼ ਨਾ ਹੋ ਜਾਣ।’ ”

ਬਾਕੀ ਸਾਰੇ ਨਬੀ ਵੀ ਇਸੇ ਗੱਲ ਦੀ ਭਵਿੱਖਬਾਣੀ ਕਰ ਰਹੇ ਸਨ। “ਰਾਮੋਥ ਗਿਲਆਦ ਉੱਤੇ ਹਮਲਾ ਕਰੋ ਅਤੇ ਜਿੱਤ ਪ੍ਰਾਪਤ ਕਰੋ,” ਉਹਨਾਂ ਨੇ ਕਿਹਾ, “ਕਿਉਂਕਿ ਯਾਹਵੇਹ ਇਸ ਨੂੰ ਰਾਜੇ ਦੇ ਹੱਥ ਵਿੱਚ ਦੇ ਦੇਵੇਗਾ।”

ਜਿਹੜਾ ਸੰਦੇਸ਼ਵਾਹਕ ਮੀਕਾਯਾਹ ਨੂੰ ਬੁਲਾਉਣ ਗਿਆ ਸੀ, ਉਸਨੇ ਉਸ ਨੂੰ ਕਿਹਾ, “ਵੇਖੋ, ਕਿ ਨਬੀ ਇੱਕ ਮੂੰਹ ਹੋ ਕੇ ਪਾਤਸ਼ਾਹ ਲਈ ਭਲਿਆਈ ਦੀ ਗੱਲਾਂ ਦੱਸਦੇ ਹਨ। ਤੇਰੀ ਗੱਲ ਵੀ ਉਹਨਾਂ ਦੀਆਂ ਗੱਲਾਂ ਵਰਗੀ ਹੋਵੇ ਅਤੇ ਤੂੰ ਭਲਿਆਈ ਬੋਲੀ।”

ਪਰ ਮੀਕਾਯਾਹ ਨੇ ਕਿਹਾ, “ਜਿਉਂਦੇ ਯਾਹਵੇਹ ਦੀ ਸਹੁੰ, ਮੈਂ ਉਸਨੂੰ ਸਿਰਫ ਉਹੀ ਦੱਸਾਂਗਾ ਜੋ ਯਾਹਵੇਹ ਮੈਨੂੰ ਬੋਲੇਗਾ।”

ਜਦੋਂ ਉਹ ਪਹੁੰਚਿਆ ਤਾਂ ਰਾਜੇ ਨੇ ਉਸ ਨੂੰ ਪੁੱਛਿਆ, “ਮੀਕਾਯਾਹ, ਕੀ ਅਸੀਂ ਰਾਮੋਥ ਗਿਲਆਦ ਦੇ ਵਿਰੁੱਧ ਲੜਨ ਲਈ ਜਾਈਏ ਜਾਂ ਨਹੀਂ?”

ਉਸਨੇ ਉੱਤਰ ਦਿੱਤਾ ਜਾਓ “ਹਮਲਾ ਕਰੋ ਅਤੇ ਜਿੱਤ ਪ੍ਰਾਪਤ ਕਰੋ, ਕਿਉਂਕਿ ਯਾਹਵੇਹ ਉਸ ਰਾਜੇ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ।”

ਤਾਂ ਰਾਜੇ ਨੇ ਉਸ ਨੂੰ ਆਖਿਆ, “ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੈਨੂੰ ਯਾਹਵੇਹ ਦੇ ਨਾਮ ਉੱਤੇ ਸਚਿਆਈ ਤੋਂ ਇਲਾਵਾ ਹੋਰ ਕੁਝ ਨਾ ਦੱਸ?”

ਤਦ ਮੀਕਾਯਾਹ ਨੇ ਉੱਤਰ ਦਿੱਤਾ, “ਮੈਂ ਸਾਰੇ ਇਸਰਾਏਲ ਨੂੰ ਪਹਾੜਾਂ ਉੱਤੇ ਭੇਡਾਂ ਵਾਂਗੂੰ ਬਿਨਾਂ ਚਰਵਾਹੇ ਦੇ ਖਿੱਲਰੇ ਹੋਏ ਵੇਖਿਆ ਅਤੇ ਯਾਹਵੇਹ ਨੇ ਆਖਿਆ, ‘ਇਨ੍ਹਾਂ ਲੋਕਾਂ ਦਾ ਕੋਈ ਮਾਲਕ ਨਹੀਂ ਹੈ। ਹਰ ਇੱਕ ਨੂੰ ਸ਼ਾਂਤੀ ਨਾਲ ਆਪਣੇ ਘਰ ਜਾਣ ਦਿਓ।’ ”

ਇਸਰਾਏਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਕੀ ਮੈਂ ਤੈਨੂੰ ਨਹੀਂ ਦੱਸਿਆ ਸੀ ਕਿ ਉਹ ਮੇਰੇ ਬਾਰੇ ਕਦੇ ਵੀ ਭਲੇ ਦੀ ਭਵਿੱਖਬਾਣੀ ਨਹੀਂ ਕਰਦਾ, ਪਰ ਸਿਰਫ ਬੁਰਿਆਈ ਹੀ ਕਰਦਾ ਹੈ?”

ਮੀਕਾਯਾਹ ਨੇ ਅੱਗੇ ਕਿਹਾ, “ਇਸ ਲਈ ਯਾਹਵੇਹ ਦਾ ਬਚਨ ਸੁਣੋ: ਮੈਂ ਯਾਹਵੇਹ ਨੂੰ ਆਪਣੇ ਸਿੰਘਾਸਣ ਤੇ ਬੈਠਾ ਵੇਖਿਆ ਅਤੇ ਸਵਰਗ ਦੀ ਸਾਰੀ ਸੈਨਾਂ ਉਸਦੇ ਸੱਜੇ ਅਤੇ ਖੱਬੇ ਅਤੇ ਉਸਦੇ ਦੁਆਲੇ ਖੜ੍ਹੀਆਂ ਸਨ। ਅਤੇ ਯਾਹਵੇਹ ਨੇ ਕਿਹਾ, ‘ਕੌਣ ਅਹਾਬ ਨੂੰ ਰਾਮੋਥ ਗਿਲਆਦ ਉੱਤੇ ਹਮਲਾ ਕਰਨ ਅਤੇ ਉੱਥੇ ਉਸਦੀ ਮੌਤ ਲਈ ਭਰਮਾਏਗਾ?’

“ਉੱਥੇ ਕਿਸੇ ਨੇ ਇੱਕ ਜਵਾਬ ਦਿੱਤਾ ਅਤੇ ਕਿਸੇ ਨੇ ਕੁਝ ਹੋਰ ਦਿੱਤਾ। ਅੰਤ ਵਿੱਚ ਇੱਕ ਆਤਮਾ ਨਿੱਕਲ ਕੇ ਯਾਹਵੇਹ ਦੇ ਅੱਗੇ ਖੜ੍ਹਾ ਹੋਇਆ ਅਤੇ ਬੋਲਿਆ, ‘ਮੈਂ ਉਸ ਨੂੰ ਭਰਮਾਵਾਂਗਾ ਤਾਂ ਯਾਹਵੇਹ ਨੇ ਪੁੱਛਿਆ।’

“ ‘ਤੂੰ ਇਹ ਕਿਵੇਂ ਕਰੇਂਗਾ?’ ਯਾਹਵੇਹ ਨੇ ਪੁੱਛਿਆ।

“ ‘ਅਤੇ ਆਤਮਾ ਨੇ ਉੱਤਰ ਦਿੱਤਾ, ਮੈਂ ਬਾਹਰ ਜਾਵਾਂਗਾ ਅਤੇ ਉਸਦੇ ਸਾਰੇ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾਵਾਂਗਾ।’

“ ‘ਤੂੰ ਸਫ਼ਲ ਹੋਵੇਗਾ,’ ਯਾਹਵੇਹ ਨੇ ਆਖਿਆ। ‘ਅੱਗੇ ਜਾਓ ਅਤੇ ਇਹ ਕਰੋ।’

“ਇਸ ਲਈ ਹੁਣ ਯਾਹਵੇਹ ਨੇ ਤੁਹਾਡੇ ਇਨ੍ਹਾਂ ਸਾਰੇ ਨਬੀਆਂ ਦੇ ਮੂੰਹ ਵਿੱਚ ਇੱਕ ਝੂਠ ਬੋਲਣ ਵਾਲਾ ਆਤਮਾ ਪਾ ਦਿੱਤਾ ਹੈ। ਯਾਹਵੇਹ ਨੇ ਤੁਹਾਡੇ ਲਈ ਤਬਾਹੀ ਦਾ ਫੈਸਲਾ ਕੀਤਾ ਹੈ।”

ਤਦ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਚੜ੍ਹ ਕੇ ਮੀਕਾਯਾਹ ਦੇ ਮੂੰਹ ਉੱਤੇ ਚਪੇੜ ਮਾਰੀ। “ਯਾਹਵੇਹ ਦਾ ਆਤਮਾ ਕਿਸ ਪਾਸੇ ਗਿਆ ਜਦੋਂ ਉਹ ਤੁਹਾਡੇ ਨਾਲ ਗੱਲ ਕਰਨ ਲਈ ਮੇਰੇ ਕੋਲੋਂ ਗਿਆ ਸੀ?” ਉਸ ਨੇ ਪੁੱਛਿਆ।

ਮੀਕਾਯਾਹ ਨੇ ਜਵਾਬ ਦਿੱਤਾ, ਜਿਸ ਦਿਨ ਤੂੰ ਅੰਦਰਲੇ ਕਮਰੇ ਵਿੱਚ ਛੁਪਣ ਲਈ ਜਾਵੇਗਾ ਤੈਨੂੰ ਪਤਾ ਲੱਗ ਜਾਵੇਗਾ।

ਤਦ ਇਸਰਾਏਲ ਦੇ ਰਾਜੇ ਨੇ ਹੁਕਮ ਦਿੱਤਾ, “ਮੀਕਾਯਾਹ ਨੂੰ ਲੈ ਕੇ ਸ਼ਹਿਰ ਦੇ ਹਾਕਮ ਆਮੋਨ ਕੋਲ ਅਤੇ ਰਾਜੇ ਦੇ ਪੁੱਤਰ ਯੋਆਸ਼ ਕੋਲ ਵਾਪਸ ਭੇਜੋ। ਅਤੇ ਆਖ, ‘ਰਾਜਾ ਇਹ ਆਖਦਾ ਹੈ: ਇਸ ਬੰਦੇ ਨੂੰ ਅੰਦਰ ਕੈਦ ਵਿੱਚ ਰੱਖੋ ਅਤੇ ਉਸਨੂੰ ਰੋਟੀ ਅਤੇ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ ਜਦੋਂ ਤੱਕ ਮੈਂ ਸਹੀ-ਸਲਾਮਤ ਵਾਪਸ ਨਾ ਆ ਜਾਵਾਂ।’ ”

ਪਰ ਮੀਕਾਯਾਹ ਨੇ ਆਖਿਆ, “ਜੇਕਰ ਤੁਸੀਂ ਕਦੀ ਸੁੱਖ-ਸਾਂਦ ਨਾਲ ਮੁੜ ਆਓ ਤਾਂ ਯਾਹਵੇਹ ਮੇਰੇ ਰਾਹੀਂ ਨਹੀਂ ਬੋਲਿਆ ਨਾਲੇ ਉਸ ਨੇ ਆਖਿਆ, ਹੇ ਲੋਕੋ, ਤੁਸੀਂ ਸਭ ਦੇ ਸਭ ਸੁਣ ਲਓ!”

ਅਹਾਬ ਨੂੰ ਰਾਮੋਥ ਗਿਲਆਦ ਵਿੱਚ ਮਾਰਿਆ ਗਿਆ

ਇਸ ਲਈ ਇਸਰਾਏਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ ਗਿਲਆਦ ਨੂੰ ਚੜ੍ਹ ਗਿਆ। ਇਸਰਾਏਲ ਦੇ ਰਾਜਾ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਮੈਂ ਆਪਣਾ ਭੇਸ ਬਦਲ ਕੇ ਲੜਾਈ ਵਿੱਚ ਜਾਵਾਂਗਾ ਪਰ ਤੂੰ ਆਪਣੇ ਸ਼ਾਹੀ ਬਸਤਰ ਪਹਿਨੀ ਰੱਖੀ।” ਇਸ ਲਈ ਇਸਰਾਏਲ ਦਾ ਰਾਜਾ ਭੇਸ ਧਾਰ ਕੇ ਲੜਾਈ ਵਿੱਚ ਗਿਆ।

ਹੁਣ ਅਰਾਮ ਦੇ ਰਾਜੇ ਨੇ ਆਪਣੇ ਬੱਤੀਆਂ ਰੱਥਾਂ ਦੇ ਸਰਦਾਰਾਂ ਨੂੰ ਹੁਕਮ ਦਿੱਤਾ ਸੀ, “ਇਸਰਾਏਲ ਦੇ ਰਾਜੇ ਤੋਂ ਬਿਨਾਂ ਕਿਸੇ ਛੋਟੇ ਜਾਂ ਵੱਡੇ ਨਾਲ ਨਾ ਲੜੋ।” ਜਦੋਂ ਰੱਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਟ ਨੂੰ ਵੇਖਿਆ ਤਾਂ ਉਹਨਾਂ ਨੇ ਸੋਚਿਆ, “ਯਕੀਨਨ ਇਹ ਇਸਰਾਏਲ ਦਾ ਰਾਜਾ ਹੈ।” ਇਸ ਲਈ ਉਹ ਉਸ ਉੱਤੇ ਹਮਲਾ ਕਰਨ ਲਈ ਮੁੜੇ, ਪਰ ਜਦੋਂ ਯਹੋਸ਼ਾਫ਼ਾਟ ਨੇ ਉੱਚੀ ਅਵਾਜ਼ ਨਾਲ ਪੁਕਰਿਆ, ਤਾਂ ਰੱਥਾਂ ਦੇ ਸਰਦਾਰਾਂ ਨੇ ਵੇਖਿਆ ਕਿ ਉਹ ਇਸਰਾਏਲ ਦਾ ਰਾਜਾ ਨਹੀਂ ਹੈ ਅਤੇ ਉਸਦਾ ਪਿੱਛਾ ਕਰਨਾ ਛੱਡ ਦਿੱਤਾ।

ਅਤੇ ਕਿਸੇ ਮਨੁੱਖ ਨੇ ਅਟਕਲ ਪੱਚੂ ਆਪਣਾ ਧਣੁੱਖ ਖਿੱਚ ਕੇ ਇਸਰਾਏਲ ਦੇ ਰਾਜਾ ਨੂੰ ਸੰਜੋ ਦੇ ਜੋੜ ਵਿੱਚ ਤੀਰ ਮਾਰਿਆ ਤਾਂ ਉਸ ਆਪਣੇ ਸਾਰਥੀ ਨੂੰ ਆਖਿਆ, “ਮੋੜ ਲੈ ਅਤੇ ਮੈਨੂੰ ਦਲ ਵਿੱਚੋਂ ਕੱਢ ਕੇ ਲੈ ਚੱਲ ਕਿਉਂ ਜੋ ਮੈਂ ਫੱਟੜ ਹੋ ਗਿਆ ਹਾਂ।” ਅਤੇ ਸਾਰਾ ਦਿਨ ਲੜਾਈ ਹੁੰਦੀ ਰਹੀ ਅਤੇ ਰਾਜਾ ਆਪਣੇ ਰਥ ਉੱਤੇ ਅਰਾਮੀਆਂ ਦੇ ਸਾਹਮਣੇ ਖੜ੍ਹਾ ਸੀ। ਉਸ ਦੇ ਜ਼ਖ਼ਮ ਵਿੱਚੋਂ ਲਹੂ ਰੱਥ ਦੇ ਵਿੱਚ ਵੱਗਦਾ ਰਿਹਾ, ਅਤੇ ਉਸੇ ਸ਼ਾਮ ਉਸ ਦੀ ਮੌਤ ਹੋ ਗਈ। ਜਿਵੇਂ ਹੀ ਸੂਰਜ ਡੁੱਬ ਰਿਹਾ ਸੀ, ਫੌਜ ਵਿੱਚ ਇੱਕ ਆਵਾਜ਼ ਫੈਲ ਗਈ: “ਹਰੇਕ ਮਨੁੱਖ ਆਪਣੇ ਸ਼ਹਿਰ ਨੂੰ। ਹਰ ਆਦਮੀ ਆਪਣੀ ਧਰਤੀ ਨੂੰ ਚਲਾ ਜਾਵੇ!”

ਸੋ ਰਾਜਾ ਮਰ ਗਿਆ ਅਤੇ ਸਾਮਰਿਯਾ ਵਿੱਚ ਲਿਆਂਦਾ ਗਿਆ ਅਤੇ ਉੱਥੇ ਉਸ ਨੂੰ ਦੱਬ ਦਿੱਤਾ। ਉਹਨਾਂ ਨੇ ਸਾਮਰਿਯਾ ਵਿੱਚ ਇੱਕ ਤਲਾਬ ਵਿੱਚ ਰਥ ਨੂੰ ਧੋਤਾ (ਜਿੱਥੇ ਵੇਸਵਾਵਾਂ ਨਹਾਉਂਦੀਆਂ ਸਨ) ਅਤੇ ਕੁੱਤਿਆਂ ਨੇ ਉਸ ਦਾ ਲਹੂ ਚੱਟ ਲਿਆ, ਜਿਵੇਂ ਕਿ ਯਾਹਵੇਹ ਦੇ ਬਚਨ ਦੇ ਅਨੁਸਾਰ ਉਸ ਨੂੰ ਬੋਲਿਆ ਸੀ।

ਅਹਾਬ ਦੇ ਰਾਜ ਦੀਆਂ ਹੋਰ ਘਟਨਾਵਾਂ, ਜਿਸ ਵਿੱਚ ਉਸ ਨੇ ਸਭ ਕੁਝ ਕੀਤਾ, ਉਹ ਮਹਿਲ ਜੋ ਉਸ ਨੇ ਬਣਾਇਆ ਅਤੇ ਹਾਥੀ ਦੰਦ ਨਾਲ ਸਜਾਇਆ ਅਤੇ ਜਿਹੜੇ ਸ਼ਹਿਰ ਉਸ ਨੇ ਮਜ਼ਬੂਤ ਕੀਤੇ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। ਅਹਾਬ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸਦਾ ਪੁੱਤਰ ਅਹਜ਼ਯਾਹ ਉਸਦੇ ਬਾਅਦ ਪਾਤਸ਼ਾਹ ਬਣਿਆ।

ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ

ਆਸਾ ਦਾ ਪੁੱਤਰ ਯਹੋਸ਼ਾਫ਼ਾਟ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਚੌਥੇ ਸਾਲ ਵਿੱਚ ਯਹੂਦਾਹ ਦਾ ਰਾਜਾ ਬਣਿਆ। ਜਦੋਂ ਯਹੋਸ਼ਾਫ਼ਾਟ ਪਾਤਸ਼ਾਹ ਬਣਿਆ ਤਾਂ ਉਹ ਪੈਂਤੀ ਸਾਲਾਂ ਦਾ ਸੀ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਪੱਚੀ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਅਜ਼ੂਬਾਹ ਸੀ ਜੋ ਸ਼ਿਲਹੀ ਦੀ ਧੀ ਸੀ। ਹਰ ਗੱਲ ਵਿੱਚ ਉਹ ਆਪਣੇ ਪਿਤਾ ਆਸਾ ਦੇ ਰਾਹਾਂ ਉੱਤੇ ਚੱਲਿਆ ਅਤੇ ਉਹਨਾਂ ਤੋਂ ਭਟਕਿਆ ਨਹੀਂ। ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ। ਪਰ ਉੱਚੀਆਂ ਥਾਵਾਂ ਨੂੰ ਨਾ ਹਟਾਇਆ, ਅਤੇ ਲੋਕ ਉੱਥੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਰਹੇ। ਯਹੋਸ਼ਾਫ਼ਾਟ ਨੇ ਇਸਰਾਏਲ ਦੇ ਰਾਜੇ ਨਾਲ ਮੇਲ ਕੀਤਾ।

ਯਹੋਸ਼ਾਫ਼ਾਟ ਦੀਆਂ ਬਾਕੀ ਗੱਲਾਂ ਅਤੇ ਉਹ ਦਾ ਬਲ ਜੋ ਉਹ ਨੇ ਵਿਖਾਇਆ ਅਰ ਉਹ ਕਿਵੇਂ ਲੜਿਆ, ਇਹ ਯਹੂਦਾਹ ਦੇ ਰਾਜਾ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੇ ਹੋਏ ਸਨ। ਉਸ ਨੇ ਬਾਕੀ ਦੇ ਮਰਦ ਵੇਸਵਾਵਾਂ ਦੀ ਧਰਤੀ ਨੂੰ ਛੁਡਵਾਇਆ ਜੋ ਉਸ ਦੇ ਪਿਤਾ ਆਸਾ ਦੇ ਰਾਜ ਦੇ ਬਾਅਦ ਵੀ ਉੱਥੇ ਹੀ ਸਨ। ਤਦ ਅਦੋਮ ਵਿੱਚ ਕੋਈ ਰਾਜਾ ਨਹੀਂ ਸੀ। ਇੱਕ ਸੂਬਾਈ ਗਵਰਨਰ ਨੇ ਰਾਜ ਕੀਤਾ।

ਯਹੋਸ਼ਾਫ਼ਾਟ ਨੇ ਤਰਸ਼ੀਸ਼ ਜਹਾਜ਼ ਬਣਾਏ ਤਾਂ ਜੋ ਓਹ ਸੋਨੇ ਲਈ ਓਫੀਰ ਨੂੰ ਜਾਣ ਪਰ ਓਹ ਗਏ ਨਾ ਕਿਉਂ ਜੋ ਓਹ ਜਹਾਜ਼ ਏਸਯੋਨ ਗੇਬਰ ਕੋਲ ਟੁੱਟ ਗਏ। ਉਸ ਸਮੇਂ ਅਹਾਬ ਦੇ ਪੁੱਤਰ ਅਹਜ਼ਯਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੇਰੇ ਬੰਦਿਆਂ ਨੂੰ ਤੇਰੇ ਨਾਲ ਜਹਾਜ਼ ਵਿੱਚ ਚੜ੍ਹਨ ਦਿਓ,” ਪਰ ਯਹੋਸ਼ਾਫ਼ਾਟ ਨੇ ਇਨਕਾਰ ਕੀਤਾ।

ਫਿਰ ਯਹੋਸ਼ਾਫ਼ਾਟ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਵਿੱਚ ਉਹਨਾਂ ਦੇ ਨਾਲ ਦਫ਼ਨਾਇਆ ਗਿਆ ਅਤੇ ਉਸਦਾ ਪੁੱਤਰ ਯਹੋਰਾਮ ਉਸਦੇ ਬਾਅਦ ਰਾਜਾ ਬਣਿਆ।

ਇਸਰਾਏਲ ਦਾ ਰਾਜਾ ਅਹਜ਼ਯਾਹ

ਅਹਾਬ ਦਾ ਪੁੱਤਰ ਅਹਜ਼ਯਾਹ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਦੇ ਸਤਾਰਵੇਂ ਸਾਲ ਵਿੱਚ ਸਾਮਰਿਯਾ ਵਿੱਚ ਇਸਰਾਏਲ ਦਾ ਰਾਜਾ ਬਣਿਆ ਅਤੇ ਉਸਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ। ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਕਿਉਂ ਜੋ ਉਹ ਆਪਣੇ ਮਾਤਾ-ਪਿਤਾ ਅਤੇ ਨੇਬਾਥ ਦੇ ਪੁੱਤਰ ਯਾਰਾਬੁਆਮ ਦੇ ਰਾਹਾਂ ਉੱਤੇ ਚੱਲਿਆ ਜਿਸ ਨੇ ਇਸਰਾਏਲ ਤੋਂ ਪਾਪ ਕਰਾਇਆ। ਉਸ ਨੇ ਬਆਲ ਦੀ ਸੇਵਾ ਕਰਦਾ ਅਤੇ ਉਸ ਦੀ ਉਪਾਸਨਾ ਕੀਤੀ ਅਤੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦਾ ਕ੍ਰੋਧ ਭੜਕਾਇਆ, ਜਿਵੇਂ ਉਸ ਦੇ ਪਿਤਾ ਨੇ ਕੀਤਾ ਸੀ।

Source notes (2)
  1. Footnote ਅਰਾਮ ਅਰਥਾਤ ਸੀਰੀਆ ਦੇਸ਼
  2. Footnote ਅਰਾਮੀਆਂ ਅਰਥਾਤ ਸੀਰੀਆ ਦੇਸ਼ ਦੇ ਲੋਕ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.