Skip to content
BibleKenya

Biblica® Open Punjabi Contemporary Version 2025

1 ਰਾਜਿਆਂ 21

ਨਾਬੋਥ ਦਾ ਬਾਗ

ਕੁਝ ਸਮੇਂ ਬਾਅਦ ਯਿਜ਼ਰਏਲੀ ਨਾਬੋਥ ਦੇ ਅੰਗੂਰੀ ਬਾਗ਼ ਵਿੱਚ ਇੱਕ ਘਟਨਾ ਵਾਪਰੀ। ਅੰਗੂਰੀ ਬਾਗ ਯਿਜ਼ਰਏਲ ਵਿੱਚ ਸਾਮਰਿਯਾ ਦੇ ਰਾਜਾ ਅਹਾਬ ਦੇ ਮਹਿਲ ਦੇ ਨੇੜੇ ਸੀ। ਅਹਾਬ ਨਾਬੋਥ ਨੂੰ ਬੋਲਿਆ, “ਕਿ ਆਪਣਾ ਅੰਗੂਰੀ ਬਾਗ ਮੈਨੂੰ ਦੇ ਦੇਹ ਭਈ ਇਹ ਮੇਰੇ ਲਈ ਇੱਕ ਸਬਜ਼ੀ ਦਾ ਬਾਗ ਹੋਵੇ ਕਿਉਂ ਜੋ ਉਹ ਮੇਰੇ ਘਰ ਦੇ ਨਾਲ ਲੱਗਦਾ ਹੈ ਅਤੇ ਮੈਂ ਤੈਨੂੰ ਉਹ ਦੇ ਥਾਂ ਇੱਕ ਚੰਗਾ ਅੰਗੂਰੀ ਬਾਗ ਦੇ ਦਿਆਂਗਾ ਅਤੇ ਜੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤਾਂ ਮੈਂ ਤੈਨੂੰ ਉਹ ਦੇ ਲਈ ਚਾਂਦੀ ਦਿਆਂਗਾ।”

ਪਰ ਨਾਬੋਥ ਨੇ ਅਹਾਬ ਨੂੰ ਉੱਤਰ ਦਿੱਤਾ, “ਯਾਹਵੇਹ ਨੇ ਮਨ੍ਹਾ ਕੀਤਾ ਹੈ ਕਿ ਮੈਂ ਤੁਹਾਨੂੰ ਆਪਣੇ ਪੁਰਖਿਆਂ ਦੀ ਵਿਰਾਸਤ ਦੇਵਾਂ।”

ਤਾਂ ਅਹਾਬ ਉਦਾਸ ਅਤੇ ਗੁੱਸੇ ਵਿੱਚ ਘਰ ਚਲਾ ਗਿਆ ਕਿਉਂਕਿ ਯਿਜ਼ਰਏਲੀ ਨਾਬੋਥ ਨੇ ਕਿਹਾ ਸੀ, “ਮੈਂ ਤੈਨੂੰ ਆਪਣੇ ਪੁਰਖਿਆਂ ਦੀ ਵਿਰਾਸਤ ਨਹੀਂ ਦਿਆਂਗਾ।” ਉਹ ਆਪਣੇ ਬਿਸਤਰੇ ਉੱਤੇ ਲੇਟ ਗਿਆ ਅਤੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ।

ਉਸ ਦੀ ਪਤਨੀ ਈਜ਼ੇਬੇਲ ਅੰਦਰ ਆਈ ਅਤੇ ਉਸ ਨੂੰ ਪੁੱਛਿਆ, “ਤੂੰ ਇੰਨਾ ਉਦਾਸ ਕਿਉਂ ਹੈ? ਤੂੰ ਕਿਉਂ ਨਹੀਂ ਕੁਝ ਖਾਂਦਾ?”

ਉਹ ਉਸ ਨੂੰ ਬੋਲਿਆ, “ਕਿ ਮੈਂ ਯਿਜ਼ਰਏਲੀ ਨਾਬੋਥ ਨਾਲ ਗੱਲ ਕੀਤੀ ਸੀ, ‘ਮੈਂ ਉਸ ਨੂੰ ਆਖਿਆ ਸੀ, ਭਈ ਤੂੰ ਆਪਣਾ ਅੰਗੂਰੀ ਬਾਗ ਮੈਨੂੰ ਚਾਂਦੀ ਲੈ ਕੇ ਦੇ ਦੇਹ ਅਤੇ ਜਾਂ ਜੇ ਤੈਨੂੰ ਪਸੰਦ ਹੋਵੇ ਤਾਂ ਮੈਂ ਤੈਨੂੰ ਉਹ ਦੇ ਥਾਂ ਇੱਕ ਹੋਰ ਅੰਗੂਰੀ ਬਾਗ ਦੇ ਦਿੰਦਾ ਹਾਂ।’ ਪਰ ਉਸ ਨੇ ਆਖਿਆ, ‘ਮੈਂ ਤੁਹਾਨੂੰ ਆਪਣਾ ਅੰਗੂਰੀ ਬਾਗ ਨਹੀਂ ਦਿਆਂਗਾ।’ ”

ਤਾਂ ਉਹ ਦੀ ਰਾਣੀ ਈਜ਼ੇਬੇਲ ਨੇ ਉਹ ਨੂੰ ਆਖਿਆ, “ਕੀ ਤੂੰ ਇਸ ਵੇਲੇ ਇਸਰਾਏਲ ਉੱਤੇ ਰਾਜ ਕਰਦਾ ਹੈ? ਉੱਠ ਰੋਟੀ ਖਾਹ ਅਤੇ ਆਪਣਾ ਮਨ ਭਾਉਂਦਾ ਭੋਗ ਬਿਲਾਸ ਕਰ। ਮੈਂ ਤੈਨੂੰ ਯਿਜ਼ਰਏਲੀ ਨਾਬੋਥ ਦਾ ਅੰਗੂਰੀ ਬਾਗ ਲੈ ਦਿੰਦੀ ਹਾਂ।”

ਸੋ ਉਸ ਨੇ ਅਹਾਬ ਦੇ ਨਾਮ ਉੱਤੇ ਪੱਤਰ ਲਿਖੇ ਅਤੇ ਉਹਨਾਂ ਉੱਤੇ ਉਸ ਦੀ ਮੋਹਰ ਲਾਈ। ਉਹ ਉਹਨਾਂ ਬਜ਼ੁਰਗਾਂ ਅਤੇ ਭਲੇ ਲੋਕਾਂ ਨੂੰ ਘੱਲੇ ਜਿਹੜੇ ਉਹ ਦੇ ਸ਼ਹਿਰੀ ਸਨ ਅਤੇ ਨਾਬੋਥ ਦੇ ਨੇੜੇ ਵੱਸਦੇ ਸਨ। ਉਹਨਾਂ ਚਿੱਠੀਆਂ ਵਿੱਚ ਉਸਨੇ ਲਿਖਿਆ:

“ਵਰਤ ਦੇ ਦਿਨ ਦਾ ਐਲਾਨ ਕਰੋ ਅਤੇ ਨਾਬੋਥ ਨੂੰ ਲੋਕਾਂ ਵਿੱਚ ਇੱਕ ਪ੍ਰਮੁੱਖ ਸਥਾਨ ਉੱਤੇ ਬਿਠਾਓ। ਤਾਂ ਸ਼ੈਤਾਨ ਦੇ ਪੁੱਤਰਾਂ ਵਿੱਚੋਂ ਦੋ ਮਨੁੱਖਾਂ ਨੂੰ ਉਸ ਦੇ ਸਾਹਮਣੇ ਬਿਠਾਓ। ਉਹ ਗਵਾਹੀ ਦੇਣ ਕਿ ਤੂੰ ਪਰਮੇਸ਼ਵਰ ਅਤੇ ਪਾਤਸ਼ਾਹ ਨੂੰ ਦੁਰਬਚਨ ਬੋਲਿਆ ਹੈ ਤਾਂ ਉਹ ਉਸ ਨੂੰ ਬਾਹਰ ਲੈ ਜਾ ਕੇ ਪਥਰਾਓ ਕਰਨ ਕਿ ਉਹ ਮਰ ਜਾਵੇ।”

ਸੋ ਨਾਬੋਥ ਦੇ ਸ਼ਹਿਰ ਵਿੱਚ ਰਹਿਣ ਵਾਲੇ ਬਜ਼ੁਰਗਾਂ ਅਤੇ ਪਤਵੰਤਿਆਂ ਨੇ ਉਹੀ ਕੀਤਾ ਜਿਵੇਂ ਈਜ਼ੇਬੇਲ ਨੇ ਉਹਨਾਂ ਨੂੰ ਚਿੱਠੀਆਂ ਵਿੱਚ ਲਿਖੀਆ ਸੀ। ਉਹਨਾਂ ਨੇ ਵਰਤ ਦਾ ਐਲਾਨ ਕੀਤਾ ਅਤੇ ਨਾਬੋਥ ਨੂੰ ਲੋਕਾਂ ਵਿੱਚ ਇੱਕ ਪ੍ਰਮੁੱਖ ਸਥਾਨ ਉੱਤੇ ਬਿਠਾਇਆ। ਤਦ ਦੋ ਦੁਸ਼ਟ ਮਨੁੱਖ ਆਏ ਅਤੇ ਉਹ ਦੇ ਸਾਹਮਣੇ ਬੈਠ ਗਏ ਅਤੇ ਲੋਕਾਂ ਦੇ ਸਾਹਮਣੇ ਨਾਬੋਥ ਉੱਤੇ ਦੋਸ਼ ਲਾਏ ਅਤੇ ਕਿਹਾ, “ਨਾਬੋਥ ਨੇ ਪਰਮੇਸ਼ਵਰ ਅਤੇ ਰਾਜੇ ਦੋਹਾਂ ਨੂੰ ਸਰਾਪ ਦਿੱਤਾ ਹੈ।” ਇਸ ਲਈ ਉਹ ਉਸਨੂੰ ਸ਼ਹਿਰ ਤੋਂ ਬਾਹਰ ਲੈ ਗਏ ਅਤੇ ਉਸਨੂੰ ਪੱਥਰ ਮਾਰ ਕੇ ਮਾਰ ਦਿੱਤਾ। ਤਦ ਉਹਨਾਂ ਨੇ ਈਜ਼ੇਬੇਲ ਨੂੰ ਸੁਨੇਹਾ ਭੇਜਿਆ ਕਿ ਨਾਬੋਥ ਨੂੰ ਪੱਥਰਾਂ ਨਾਲ ਮਾਰਿਆ ਗਿਆ ਹੈ।

ਜਿਵੇਂ ਹੀ ਈਜ਼ੇਬੇਲ ਨੇ ਸੁਣਿਆ ਕਿ ਨਾਬੋਥ ਨੂੰ ਪੱਥਰਾਂ ਨਾਲ ਮਾਰਿਆ ਗਿਆ ਹੈ, ਉਸਨੇ ਅਹਾਬ ਨੂੰ ਕਿਹਾ, “ਉੱਠ ਅਤੇ ਯਿਜ਼ਰਏਲੀ ਨਾਬੋਥ ਦੇ ਅੰਗੂਰੀ ਬਾਗ਼ ਉੱਤੇ ਕਬਜ਼ਾ ਕਰ ਜੋ ਉਸ ਨੇ ਤੈਨੂੰ ਵੇਚਣ ਤੋਂ ਇਨਕਾਰ ਕੀਤਾ ਸੀ। ਉਹ ਹੁਣ ਜ਼ਿੰਦਾ ਨਹੀਂ ਹੈ, ਪਰ ਮਰ ਗਿਆ ਹੈ।” ਜਦੋਂ ਅਹਾਬ ਨੇ ਸੁਣਿਆ ਕਿ ਨਾਬੋਥ ਮਰ ਗਿਆ ਹੈ ਤਾਂ ਉਹ ਉੱਠਿਆ ਅਤੇ ਨਾਬੋਥ ਦੇ ਅੰਗੂਰੀ ਬਾਗ਼ ਉੱਤੇ ਕਬਜ਼ਾ ਕਰਨ ਲਈ ਹੇਠਾਂ ਗਿਆ।

ਤਦ ਯਾਹਵੇਹ ਦਾ ਬਚਨ ਏਲੀਯਾਹ ਤਿਸ਼ਬੀ ਕੋਲ ਆਇਆ: “ਇਸਰਾਏਲ ਦੇ ਰਾਜਾ ਅਹਾਬ ਨੂੰ ਮਿਲਣ ਲਈ ਹੇਠਾਂ ਜਾ, ਜੋ ਸਾਮਰਿਯਾ ਵਿੱਚ ਰਾਜ ਕਰਦਾ ਹੈ। ਉਹ ਹੁਣ ਨਾਬੋਥ ਦੇ ਅੰਗੂਰੀ ਬਾਗ਼ ਵਿੱਚ ਹੈ, ਜਿੱਥੇ ਉਹ ਇਸ ਉੱਤੇ ਕਬਜ਼ਾ ਕਰਨ ਗਿਆ ਹੈ। ਤੂੰ ਉਹ ਨੂੰ ਬੋਲ, ‘ਕਿ ਯਾਹਵੇਹ ਐਉਂ ਫ਼ਰਮਾਉਂਦਾ ਹੈ: ਕੀ ਤੂੰ ਖੂਨੀ ਬਣਿਆ ਅਤੇ ਕੀ ਕਬਜ਼ਾ ਵੀ ਲਿਆ? ਤੂੰ ਉਹ ਨੂੰ ਬੋਲ ਕਿ ਯਾਹਵੇਹ ਐਉਂ ਫ਼ਰਮਾਉਂਦਾ ਹੈ: ਕਿ ਜਿੱਥੇ ਕੁੱਤਿਆਂ ਨੇ ਨਾਬੋਥ ਦਾ ਲਹੂ ਚੱਟਿਆ ਉੱਥੇ ਤੇਰਾ ਲਹੂ ਚੱਟਣਗੇ, ਹਾਂ ਤੇਰਾ ਵੀ!’ ”

ਅਹਾਬ ਨੇ ਏਲੀਯਾਹ ਨੂੰ ਆਖਿਆ, “ਹੇ ਮੇਰਿਆ ਦੁਸ਼ਮਣਾਂ! ਤੂੰ ਮੈਨੂੰ ਲੱਭ ਲਿਆ ਹੈ।”

ਉਸਨੇ ਜਵਾਬ ਦਿੱਤਾ, “ਮੈਂ ਤੈਨੂੰ ਲੱਭ ਲਿਆ ਹੈ, ਕਿਉਂਕਿ ਤੂੰ ਆਪਣੇ ਆਪ ਨੂੰ ਯਾਹਵੇਹ ਦੀਆਂ ਨਜ਼ਰਾਂ ਵਿੱਚ ਬੁਰਾ ਕਰਨ ਲਈ ਵੇਚ ਦਿੱਤਾ ਹੈ। ਤੂੰ ਵੇਖੇਂਗਾ, ‘ਕਿ ਮੈਂ ਤੇਰੇ ਉੱਤੇ ਬੁਰਿਆਈ ਲਿਆਵਾਂਗਾ ਅਤੇ ਮੈਂ ਤੈਨੂੰ ਝਾੜ ਸੁੱਟਾਂਗਾ ਅਤੇ ਮੈਂ ਅਹਾਬ ਨਾਲੋਂ ਨਰ ਅਤੇ ਇਸਰਾਏਲ ਦੇ ਬੰਧੂਏ ਅਤੇ ਅਜ਼ਾਦ ਵੱਢ ਸੁੱਟਾਂਗਾ। ਮੈਂ ਤੇਰੇ ਘਰਾਣੇ ਨੂੰ ਨੇਬਾਥ ਦੇ ਪੁੱਤਰ ਯਾਰਾਬੁਆਮ ਅਤੇ ਅਹੀਯਾਹ ਦੇ ਪੁੱਤਰ ਬਆਸ਼ਾ ਦੇ ਘਰ ਵਰਗਾ ਬਣਾ ਦਿਆਂਗਾ, ਕਿਉਂ ਜੋ ਤੈਂ ਮੈਨੂੰ ਜਗਾਇਆ ਹੈ। ਕ੍ਰੋਧ ਅਤੇ ਇਸਰਾਏਲ ਨੂੰ ਪਾਪ ਕਰਨ ਲਈ ਮਜ਼ਬੂਰ ਕੀਤਾ ਹੈ।’

“ਈਜ਼ੇਬੇਲ ਲਈ ਵੀ ਯਾਹਵੇਹ ਦਾ ਬਚਨ ਹੈ, ‘ਕਿ ਈਜ਼ੇਬੇਲ ਨੂੰ ਯਿਜ਼ਰਏਲ ਦੀ ਸਫੀਲ ਕੋਲ ਕੁੱਤੇ ਖਾਣਗੇ।’

“ਕੁੱਤੇ ਅਹਾਬ ਦੇ ਉਹਨਾਂ ਲੋਕਾਂ ਨੂੰ ਖਾ ਜਾਣਗੇ ਜਿਹੜੇ ਸ਼ਹਿਰ ਵਿੱਚ ਮਰਨਗੇ ਅਤੇ ਪੰਛੀ ਉਹਨਾਂ ਨੂੰ ਖਾਣਗੇ ਜੋ ਦੇਸ਼ ਵਿੱਚ ਮਰਨਗੇ।”

ਅਹਾਬ ਵਰਗਾ ਕਦੇ ਵੀ ਕੋਈ ਨਹੀਂ ਸੀ, ਜਿਸ ਨੇ ਆਪਣੇ ਆਪ ਨੂੰ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕਰਨ ਲਈ ਆਪ ਨੂੰ ਵੇਚਿਆ ਅਤੇ ਜਿਸ ਨੂੰ ਉਸ ਦੀ ਪਤਨੀ ਈਜ਼ੇਬੇਲ ਰਾਣੀ ਨੇ ਪਰੇਰਿਆ। ਉਹ ਨੇ ਅੱਤ ਘਿਣਾਉਣਾ ਕੰਮ ਇਹ ਕੀਤਾ ਕਿ ਅਮੋਰੀਆਂ ਵਾਂਗੂੰ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲ ਦੇ ਅੱਗੋਂ ਕੱਢ ਦਿੱਤਾ ਸੀ ਉਹ ਬੁੱਤਾਂ ਦੇ ਮਗਰ ਲੱਗ ਗਿਆ।

ਜਦੋਂ ਅਹਾਬ ਨੇ ਇਹ ਗੱਲਾਂ ਸੁਣੀਆਂ, ਉਸਨੇ ਆਪਣੇ ਕੱਪੜੇ ਪਾੜੇ, ਤੱਪੜ ਪਾ ਲਿਆ ਅਤੇ ਵਰਤ ਰੱਖਿਆ। ਉਹ ਤੱਪੜ ਪਾ ਕੇ ਲੇਟ ਗਿਆ ਅਤੇ ਨਿਮਰਤਾ ਨਾਲ ਘੁੰਮਦਾ ਰਿਹਾ।

ਤਦ ਯਾਹਵੇਹ ਦਾ ਬਚਨ ਏਲੀਯਾਹ ਤਿਸ਼ਬੀ ਕੋਲ ਆਇਆ: “ਤੂੰ ਵੇਖਦਾ ਹੈ ਕਿ ਅਹਾਬ ਨੇ ਮੇਰੇ ਸਾਹਮਣੇ ਆਪ ਨੂੰ ਅਧੀਨ ਕੀਤਾ ਹੈ? ਇਸ ਲਈ ਕਿ ਉਹ ਨੇ ਆਪ ਨੂੰ ਮੇਰੇ ਸਨਮੁਖ ਅਧੀਨ ਕੀਤਾ ਹੈ ਮੈਂ ਉਹ ਦੇ ਦਿਨਾਂ ਵਿੱਚ ਇਹ ਬੁਰਿਆਈ ਨਾ ਲਿਆਵਾਂਗਾ ਪਰ ਉਹ ਦੇ ਪੁੱਤਰ ਦੇ ਦਿਨਾਂ ਵਿੱਚ ਉਹ ਦੇ ਘਰਾਣੇ ਉੱਤੇ ਇਹ ਬੁਰਿਆਈ ਲਿਆਵਾਂਗਾ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.