Skip to content
BibleKenya

Biblica® Open Punjabi Contemporary Version 2025

1 ਰਾਜਿਆਂ 11

ਸ਼ਲੋਮੋਨ ਦੀਆਂ ਪਤਨੀਆਂ

ਪਰ ਰਾਜਾ ਸ਼ਲੋਮੋਨ ਫ਼ਿਰਾਊਨ ਦੀ ਧੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨੂੰ ਪਿਆਰ ਕਰਦਾ ਸੀ ਅਰਥਾਤ ਮੋਆਬੀਆਂ, ਅੰਮੋਨੀਆਂ, ਅਦੋਮੀਆਂ, ਸੀਦੋਨੀਆਂ ਅਤੇ ਹਿੱਤੀਆਂ ਨਾਲ। ਉਹ ਉਹਨਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਬਾਰੇ ਯਾਹਵੇਹ ਨੇ ਇਸਰਾਏਲੀਆਂ ਨੂੰ ਕਿਹਾ ਸੀ, “ਤੁਹਾਨੂੰ ਉਹਨਾਂ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ ਹੈ, ਕਿਉਂਕਿ ਉਹ ਜ਼ਰੂਰ ਤੁਹਾਡੇ ਮਨਾਂ ਨੂੰ ਆਪਣੇ ਦੇਵਤਿਆਂ ਵੱਲ ਮੋੜ ਲੈਣਗੀਆਂ।” ਫਿਰ ਵੀ, ਸ਼ਲੋਮੋਨ ਨੇ ਉਹਨਾਂ ਨੂੰ ਪਿਆਰ ਨਾਲ ਫੜੀ ਰੱਖਿਆ। ਉਸਦੀਆਂ ਸੱਤ ਸੌ ਰਾਣੀਆਂ ਸਨ ਜਿਹੜੀਆਂ ਰਾਜ ਪੁੱਤਰੀਆਂ ਸਨ ਅਤੇ ਤਿੰਨ ਸੌ ਰਖੇਲਾਂ ਸਨ ਅਤੇ ਉਹ ਦੀਆਂ ਪਤਨੀਆਂ ਨੇ ਉਹ ਨੂੰ ਕੁਰਾਹੇ ਪਾ ਦਿੱਤਾ। ਜਿਵੇਂ ਹੀ ਸ਼ਲੋਮੋਨ ਬੁੱਢਾ ਹੋ ਗਿਆ, ਉਸ ਦੀਆਂ ਪਤਨੀਆਂ ਨੇ ਉਸ ਦਾ ਮਨ ਹੋਰਨਾਂ ਦੇਵਤਿਆਂ ਵੱਲ ਮੋੜ ਲਿਆ ਅਤੇ ਉਸ ਦਾ ਦਿਲ ਆਪਣੇ ਪਰਮੇਸ਼ਵਰ ਲਈ ਪੂਰੀ ਤਰ੍ਹਾਂ ਸਮਰਪਿਤ ਨਹੀਂ ਸੀ, ਜਿਵੇਂ ਉਸ ਦੇ ਪਿਤਾ ਦਾਵੀਦ ਦਾ ਦਿਲ ਸੀ। ਸ਼ਲੋਮੋਨ ਨੇ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮਿਲਕੋਮ ਦੇ ਮਗਰ ਲੱਗਾ। ਇਸ ਲਈ ਸ਼ਲੋਮੋਨ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਉਹ ਪੂਰੀ ਤਰ੍ਹਾਂ ਯਾਹਵੇਹ ਦੇ ਪਿੱਛੇ ਨਹੀਂ ਚੱਲਿਆ, ਜਿਵੇਂ ਕਿ ਉਸਦੇ ਪਿਤਾ ਦਾਵੀਦ ਨੇ ਕੀਤਾ ਸੀ।

ਯੇਰੂਸ਼ਲੇਮ ਦੇ ਪੂਰਬ ਵਿੱਚ ਇੱਕ ਪਹਾੜੀ ਉੱਤੇ ਸ਼ਲੋਮੋਨ ਨੇ ਮੋਆਬ ਦੇ ਘਿਣਾਉਣੇ ਦੇਵਤੇ ਕਮੋਸ਼ ਲਈ ਅਤੇ ਅੰਮੋਨੀਆਂ ਦੇ ਘਿਣਾਉਣੇ ਦੇਵਤੇ ਮੋਲੋਕ ਲਈ ਇੱਕ ਉੱਚਾ ਸਥਾਨ ਬਣਾਇਆ। ਉਸ ਨੇ ਆਪਣੀਆਂ ਸਾਰੀਆਂ ਵਿਦੇਸ਼ੀ ਪਤਨੀਆਂ ਲਈ ਵੀ ਅਜਿਹਾ ਹੀ ਕੀਤਾ ਜੋ ਆਪਣੇ ਦੇਵਤਿਆਂ ਨੂੰ ਧੂਪ ਧੁਖਾਉਂਦੀਆਂ ਅਤੇ ਬਲੀਆਂ ਚੜ੍ਹਾਉਂਦੀਆਂ ਸਨ।

ਯਾਹਵੇਹ ਸ਼ਲੋਮੋਨ ਉੱਤੇ ਕ੍ਰੋਧਵਾਨ ਹੋ ਗਿਆ ਕਿਉਂ ਜੋ ਉਹ ਦਾ ਮਨ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਤੋਂ ਦੂਰ ਹੋ ਗਿਆ ਸੀ, ਜਿਸ ਨੇ ਉਸਨੂੰ ਦੋ ਵਾਰ ਦਰਸ਼ਨ ਦਿੱਤੇ। ਭਾਵੇਂ ਉਸ ਨੇ ਸ਼ਲੋਮੋਨ ਨੂੰ ਹੋਰ ਦੇਵਤਿਆਂ ਦੀ ਪਾਲਣਾ ਕਰਨ ਤੋਂ ਮਨ੍ਹਾ ਕੀਤਾ ਸੀ, ਪਰ ਸ਼ਲੋਮੋਨ ਨੇ ਯਾਹਵੇਹ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ। ਇਸ ਲਈ ਯਾਹਵੇਹ ਨੇ ਸ਼ਲੋਮੋਨ ਨੂੰ ਆਖਿਆ, “ਕਿਉਂਕਿ ਤੇਰਾ ਇਹ ਰਵੱਈਆ ਹੈ ਅਤੇ ਤੂੰ ਮੇਰੇ ਨੇਮ ਅਤੇ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ, ਮੈਂ ਨਿਸ਼ਚਤ ਹੀ ਰਾਜ ਨੂੰ ਤੇਰੇ ਕੋਲੋਂ ਖੋਹ ਲਵਾਂਗਾ ਅਤੇ ਤੇਰੇ ਟਹਿਲੂਏ ਨੂੰ ਦੇ ਦਿਆਂਗਾ ਤਾਂ ਵੀ ਤੇਰੇ ਪਿਤਾ ਦਾਵੀਦ ਦੀ ਖ਼ਾਤਰ ਮੈਂ ਤੇਰੇ ਜੀਵਨ ਕਾਲ ਵਿੱਚ ਅਜਿਹਾ ਨਹੀਂ ਕਰਾਂਗਾ। ਮੈਂ ਇਸਨੂੰ ਤੇਰੇ ਪੁੱਤਰ ਦੇ ਹੱਥੋਂ ਪਾੜ ਦਿਆਂਗਾ। ਤਾਂ ਵੀ ਮੈਂ ਉਹ ਦੇ ਕੋਲੋਂ ਸਾਰਾ ਰਾਜ ਨਹੀਂ ਖੋਹਾਂਗਾ, ਇੱਕ ਗੋਤ ਮੈਂ ਤੇਰੇ ਪੁੱਤਰ ਨੂੰ ਤੇਰੇ ਪਿਤਾ ਦਾਵੀਦ ਦੇ ਕਾਰਨ ਅਤੇ ਯੇਰੂਸ਼ਲੇਮ ਦੇ ਕਾਰਨ ਜਿਸ ਨੂੰ ਮੈਂ ਚੁਣਿਆ ਹੈ ਦਿਆਂਗਾ।”

ਸ਼ਲੋਮੋਨ ਦੇ ਵਿਰੋਧੀ

ਤਦ ਯਾਹਵੇਹ ਨੇ ਸ਼ਲੋਮੋਨ ਦੇ ਵਿਰੁੱਧ ਅਦੋਮ ਦੇ ਸ਼ਾਹੀ ਵੰਸ਼ ਵਿੱਚੋਂ ਇੱਕ ਵਿਰੋਧੀ ਹਦਦ ਅਦੋਮੀ ਨੂੰ ਖੜ੍ਹਾ ਕੀਤਾ। ਪਹਿਲਾਂ ਜਦੋਂ ਦਾਵੀਦ ਅਦੋਮ ਨਾਲ ਲੜ ਰਿਹਾ ਸੀ ਤਾਂ ਸੈਨਾਪਤੀ ਯੋਆਬ ਨੇ ਜੋ ਮੁਰਦਿਆਂ ਨੂੰ ਦੱਬਣ ਲਈ ਚੜ੍ਹਿਆ ਸੀ ਅਦੋਮ ਦੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ। ਯੋਆਬ ਅਤੇ ਇਸਰਾਏਲ ਦੇ ਸਾਰੇ ਲੋਕ ਉੱਥੇ ਛੇ ਮਹੀਨਿਆਂ ਤੱਕ ਰਹੇ, ਜਦ ਤੱਕ ਉਹਨਾਂ ਨੇ ਅਦੋਮ ਦੇ ਸਾਰੇ ਮਨੁੱਖਾਂ ਨੂੰ ਨਾਸ ਕਰ ਦਿੱਤਾ। ਪਰ ਹਦਦ ਜੋ ਅਜੇ ਇੱਕ ਮੁੰਡਾ ਹੀ ਸੀ, ਆਪਣੇ ਪਿਤਾ ਦੀ ਸੇਵਾ ਕਰਨ ਵਾਲੇ ਅਦੋਮੀ ਅਧਿਕਾਰੀਆਂ ਨਾਲ ਮਿਸਰ ਨੂੰ ਭੱਜ ਗਿਆ। ਉਹ ਮਿਦਯਾਨ ਤੋਂ ਚੱਲ ਕੇ ਪਾਰਾਨ ਨੂੰ ਗਏ। ਤਦ ਉਹ ਪਾਰਾਨ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਮਿਸਰ ਦੇ ਰਾਜੇ ਫ਼ਿਰਾਊਨ ਕੋਲ ਗਏ, ਜਿਸ ਨੇ ਹਦਦ ਨੂੰ ਇੱਕ ਘਰ ਅਤੇ ਜ਼ਮੀਨ ਦਿੱਤੀ ਅਤੇ ਉਸਨੂੰ ਭੋਜਨ ਦਿੱਤਾ।

ਫ਼ਿਰਾਊਨ ਹਦਦ ਤੋਂ ਇੰਨਾ ਪ੍ਰਸੰਨ ਹੋਇਆ ਕਿ ਉਸ ਨੇ ਉਸ ਨਾਲ ਆਪਣੀ ਪਤਨੀ ਰਾਣੀ ਤਹਪੇਨੇਸ ਦੀ ਇੱਕ ਭੈਣ ਦਾ ਵਿਆਹ ਕਰਵਾ ਦਿੱਤਾ। ਤਹਪੇਨੇਸ ਦੀ ਭੈਣ ਨੇ ਉਸ ਦੇ ਲਈ ਗਨੂਬਥ ਨਾਮ ਦੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿਸ ਨੂੰ ਤਹਪੇਨੇਸ ਨੇ ਸ਼ਾਹੀ ਮਹਿਲ ਵਿੱਚ ਪਾਲਿਆ। ਉੱਥੇ ਗਨੂਬਥ ਫ਼ਿਰਾਊਨ ਦੇ ਆਪਣੇ ਬੱਚਿਆਂ ਨਾਲ ਰਹਿੰਦਾ ਸੀ।

ਜਦੋਂ ਉਹ ਮਿਸਰ ਵਿੱਚ ਸੀ ਤਾਂ ਹਦਦ ਨੇ ਸੁਣਿਆ ਕਿ ਦਾਵੀਦ ਆਪਣੇ ਪੁਰਖਿਆਂ ਨਾਲ ਅਰਾਮ ਕਰਦਾ ਹੈ ਅਤੇ ਸੈਨਾਪਤੀ ਯੋਆਬ ਵੀ ਮਰ ਗਿਆ ਹੈ। ਤਦ ਹਦਦ ਨੇ ਫ਼ਿਰਾਊਨ ਨੂੰ ਆਖਿਆ, ਮੈਨੂੰ ਜਾਣ ਦਿਓ ਤਾਂ ਜੋ ਮੈਂ ਆਪਣੇ ਦੇਸ਼ ਨੂੰ ਮੁੜ ਜਾਵਾਂ।

“ਤੈਨੂੰ ਇੱਥੇ ਕੀ ਕਮੀ ਹੈ ਜੋ ਤੂੰ ਆਪਣੇ ਦੇਸ਼ ਨੂੰ ਵਾਪਸ ਜਾਣਾ ਚਾਹੁੰਦਾ ਹੈ?” ਫ਼ਿਰਾਊਨ ਨੇ ਪੁੱਛਿਆ।

ਹਦਦ ਨੇ ਜਵਾਬ ਦਿੱਤਾ, “ਕੁਝ ਥੁੜ ਨਹੀਂ, ਪਰ ਮੈਨੂੰ ਜਾਣ ਦਿਓ!”

ਅਤੇ ਪਰਮੇਸ਼ਵਰ ਨੇ ਸ਼ਲੋਮੋਨ ਦੇ ਵਿਰੁੱਧ ਇੱਕ ਹੋਰ ਵਿਰੋਧੀ ਨੂੰ ਖੜ੍ਹਾ ਕੀਤਾ ਅਰਥਾਤ ਅਲਯਾਦਾ ਦਾ ਪੁੱਤਰ ਰਜ਼ੋਨ ਜਿਹੜਾ ਆਪਣੇ ਸੁਆਮੀ ਜ਼ੋਬਾਹ ਦੇ ਰਾਜਾ ਹਾਦੇਦੇਜ਼ਰ ਤੋਂ ਭੱਜ ਗਿਆ ਸੀ। ਜਦੋਂ ਦਾਵੀਦ ਨੇ ਸੋਬਾਹ ਦੀ ਫ਼ੌਜ ਨੂੰ ਤਬਾਹ ਕਰ ਦਿੱਤਾ ਤਾਂ ਰਜ਼ੋਨ ਨੇ ਆਪਣੇ ਆਲੇ-ਦੁਆਲੇ ਆਦਮੀਆਂ ਦਾ ਇੱਕ ਸਮੂਹ ਇਕੱਠਾ ਕੀਤਾ ਅਤੇ ਉਹਨਾਂ ਦਾ ਆਗੂ ਬਣ ਗਿਆ। ਉਹ ਦੰਮਿਸ਼ਕ ਚਲੇ ਗਏ, ਜਿੱਥੇ ਉਹ ਵੱਸ ਗਏ ਅਤੇ ਅਧਿਕਾਰ ਕਰ ਲਿਆ। ਜਦੋਂ ਤੱਕ ਸ਼ਲੋਮੋਨ ਜੀਉਂਦਾ ਰਿਹਾ ਰਜ਼ੋਨ ਇਸਰਾਏਲ ਦਾ ਵਿਰੋਧੀ ਬਣਿਆਂ ਰਿਹਾ ਅਤੇ ਹਦਦ ਦੇ ਕਾਰਨ ਮੁਸੀਬਤਾਂ ਵਿੱਚ ਵਾਧਾ ਹੋਇਆ। ਇਸ ਲਈ ਰਜ਼ੋਨ ਨੇ ਅਰਾਮ ਵਿੱਚ ਰਾਜ ਕੀਤਾ ਅਤੇ ਇਸਰਾਏਲ ਨਾਲ ਵੈਰ ਕੀਤਾ।

ਯਾਰਾਬੁਆਮ ਨੇ ਸ਼ਲੋਮੋਨ ਦੇ ਵਿਰੁੱਧ ਬਗਾਵਤ ਕੀਤੀ

ਨਾਲੇ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ। ਉਹ ਸ਼ਲੋਮੋਨ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ, ਜੋ ਜ਼ਰਦਾਹ ਦਾ ਇੱਕ ਇਫ਼ਰਾਈਮ ਸੀ, ਅਤੇ ਉਸਦੀ ਮਾਂ ਇੱਕ ਵਿਧਵਾ ਸੀ ਜਿਸਦਾ ਨਾਮ ਜ਼ੇਰੂਇਯਹ ਸੀ।

ਇਹ ਬਿਰਤਾਂਤ ਹੈ ਕਿ ਕਿਵੇਂ ਉਸਨੇ ਰਾਜੇ ਦੇ ਵਿਰੁੱਧ ਬਗਾਵਤ ਕੀਤੀ: ਸ਼ਲੋਮੋਨ ਨੇ ਛੱਤ ਬਣਵਾਈ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਦੀ ਕੰਧਾਂ ਦੀ ਮੁਰੰਮਤ ਕਰਵਾਈ। ਹੁਣ ਯਾਰਾਬੁਆਮ ਇੱਕ ਸੂਰਮਾ ਮਨੁੱਖ ਸੀ ਅਤੇ ਜਦੋਂ ਸ਼ਲੋਮੋਨ ਨੇ ਵੇਖਿਆ ਕਿ ਉਸ ਜੁਆਨ ਨੇ ਆਪਣਾ ਕੰਮ ਕਿੰਨਾ ਵਧੀਆ ਕੀਤਾ ਤਾਂ ਉਸ ਨੇ ਉਸ ਨੂੰ ਯੋਸੇਫ਼ ਦੇ ਗੋਤਾਂ ਦੀ ਸਾਰੀ ਮਜ਼ਦੂਰੀ ਦਾ ਪ੍ਰਧਾਨ ਬਣਾ ਦਿੱਤਾ।

ਉਸ ਵੇਲੇ ਯਾਰਾਬੁਆਮ ਯੇਰੂਸ਼ਲੇਮ ਤੋਂ ਬਾਹਰ ਜਾ ਰਿਹਾ ਸੀ ਅਤੇ ਸ਼ੀਲੋਹ ਦਾ ਨਬੀ ਅਹੀਯਾਹ ਇੱਕ ਨਵਾਂ ਚੋਲਾ ਪਾ ਕੇ ਰਾਹ ਵਿੱਚ ਉਸ ਨੂੰ ਮਿਲਿਆ। ਉਹ ਦੋਵੇਂ ਬਾਹਰ ਦੇਸ ਵਿੱਚ ਇਕੱਲੇ ਸਨ, ਅਤੇ ਅਹੀਯਾਹ ਨੇ ਜਿਹੜਾ ਨਵਾਂ ਚੋਲਾ ਪਾਇਆ ਹੋਇਆ ਸੀ ਉਸ ਨੂੰ ਫੜ ਕੇ ਬਾਰਾਂ ਟੁਕੜਿਆਂ ਵਿੱਚ ਪਾੜ ਦਿੱਤਾ। ਤਦ ਉਸ ਨੇ ਯਾਰਾਬੁਆਮ ਨੂੰ ਆਖਿਆ, ਆਪਣੇ ਲਈ ਦਸ ਟੁਕੜੇ ਲੈ ਕਿਉਂ ਜੋ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਐਉਂ ਆਖਦਾ ਹੈ, ਵੇਖ, ਮੈਂ ਸ਼ਲੋਮੋਨ ਦੇ ਹੱਥੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ ਦਸ ਗੋਤ ਦੇ ਦਿਆਂਗਾ। ਪਰ ਮੇਰੇ ਦਾਸ ਦਾਵੀਦ ਅਤੇ ਯੇਰੂਸ਼ਲੇਮ ਦੇ ਸ਼ਹਿਰ ਦੇ ਕਾਰਨ, ਜਿਸ ਨੂੰ ਮੈਂ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ, ਉਹ ਦਾ ਇੱਕ ਗੋਤ ਹੋਵੇਗਾ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਉਸ ਨੇ ਮੈਨੂੰ ਤਿਆਗ ਕੇ ਸੀਦੋਨੀਆਂ ਦੀ ਦੇਵੀ ਅਸ਼ਤਾਰੋਥ, ਮੋਆਬੀਆਂ ਦੇ ਦੇਵਤੇ ਕਮੋਸ਼ ਅਤੇ ਅੰਮੋਨੀਆਂ ਦੇ ਦੇਵਤੇ ਮਿਲਕੋਮ ਦੀ ਉਪਾਸਨਾ ਕੀਤੀ ਅਤੇ ਮੇਰੀ ਆਗਿਆਕਾਰੀ ਵਿੱਚ ਨਾ ਚੱਲਿਆ ਅਤੇ ਨਾ ਹੀ ਨੇਕ ਕੰਮ ਕੀਤੇ। ਮੇਰੀ ਨਿਗਾਹ ਵਿੱਚ, ਅਤੇ ਨਾ ਹੀ ਮੇਰੇ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਮੰਨਿਆ ਜਿਵੇਂ ਦਾਵੀਦ, ਸ਼ਲੋਮੋਨ ਦੇ ਪਿਤਾ ਨੇ ਕੀਤਾ ਸੀ।

“ ‘ਪਰ ਮੈਂ ਸ਼ਲੋਮੋਨ ਦੇ ਹੱਥੋਂ ਸਾਰਾ ਰਾਜ ਨਹੀਂ ਖੋਹਾਂਗਾ। ਮੈਂ ਆਪਣੇ ਸੇਵਕ ਦਾਵੀਦ ਦੀ ਖ਼ਾਤਰ, ਜਿਸ ਨੂੰ ਮੈਂ ਚੁਣਿਆ ਸੀ ਅਤੇ ਜਿਸ ਨੇ ਮੇਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਕੀਤੀ ਸੀ, ਮੈਂ ਉਸਨੂੰ ਉਸਦੇ ਜੀਵਨ ਦੇ ਸਾਰੇ ਦਿਨ ਹਾਕਮ ਵਿੱਚ ਬਣਾ ਕੇ ਰੱਖਾਂਗਾ। ਮੈਂ ਉਹ ਦੇ ਪੁੱਤਰ ਦੇ ਹੱਥੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ ਦਸ ਗੋਤ ਦਿਆਂਗਾ। ਮੈਂ ਇੱਕ ਗੋਤ ਉਹ ਦੇ ਪੁੱਤਰ ਨੂੰ ਦੇਵਾਂਗਾ ਤਾਂ ਜੋ ਮੇਰਾ ਦਾਸ ਦਾਵੀਦ ਯੇਰੂਸ਼ਲੇਮ ਵਿੱਚ, ਜਿਸ ਸ਼ਹਿਰ ਵਿੱਚ ਮੈਂ ਆਪਣਾ ਨਾਮ ਰੱਖਣ ਲਈ ਚੁਣਿਆ ਹੈ, ਹਮੇਸ਼ਾ ਮੇਰੇ ਅੱਗੇ ਇੱਕ ਦੀਵਾ ਜਗਦਾ ਰਹੇ। ਪਰ, ਮੈਂ ਤੁਹਾਨੂੰ ਲੈ ਲਵਾਂਗਾ ਅਤੇ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਉੱਤੇ ਰਾਜ ਕਰੋਗੇ ਜੋ ਤੁਹਾਡਾ ਦਿਲ ਚਾਹੁੰਦਾ ਹੈ। ਤੂੰ ਇਸਰਾਏਲ ਦਾ ਰਾਜਾ ਹੋਵੇਂਗਾ। ਜੇ ਤੁਸੀਂ ਉਹੀ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਮੇਰੀ ਆਗਿਆਕਾਰੀ ਵਿੱਚ ਚੱਲਦਾ ਰਹੇ ਅਤੇ ਮੇਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨ ਕੇ ਜੋ ਮੇਰੀ ਨਿਗਾਹ ਵਿੱਚ ਠੀਕ ਹੈ, ਜਿਵੇਂ ਮੇਰੇ ਸੇਵਕ ਦਾਵੀਦ ਨੇ ਕੀਤਾ ਸੀ, ਤਾਂ ਮੈਂ ਤੇਰੇ ਅੰਗ-ਸੰਗ ਰਹਾਂਗਾ। ਮੈਂ ਤੇਰੇ ਲਈ ਇੱਕ ਸਥਾਈ ਰਾਜਵੰਸ਼ ਬਣਾਵਾਂਗਾ ਜਿਵੇਂ ਮੈਂ ਦਾਵੀਦ ਲਈ ਬਣਾਇਆ ਸੀ ਅਤੇ ਇਸਰਾਏਲ ਤੇਰੇ ਹਵਾਲੇ ਕਰ ਦਿਆਂਗਾ। ਮੈਂ ਇਸ ਕਾਰਨ ਦਾਵੀਦ ਦੇ ਉੱਤਰਾਧਿਕਾਰੀ ਨੂੰ ਨਿਮਰ ਬਣਾਵਾਂਗਾ, ਪਰ ਸਦਾ ਲਈ ਨਹੀਂ।’ ”

ਸ਼ਲੋਮੋਨ ਨੇ ਯਾਰਾਬੁਆਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਯਾਰਾਬੁਆਮ ਮਿਸਰ ਵਿੱਚ ਸ਼ੀਸ਼ਕ ਰਾਜੇ ਕੋਲ ਭੱਜ ਗਿਆ ਅਤੇ ਸ਼ਲੋਮੋਨ ਦੀ ਮੌਤ ਤੱਕ ਉੱਥੇ ਰਿਹਾ।

ਸ਼ਲੋਮੋਨ ਦੀ ਮੌਤ

ਸ਼ਲੋਮੋਨ ਦੇ ਰਾਜ ਦੀਆਂ ਹੋਰ ਘਟਨਾਵਾਂ, ਜੋ ਕੁਝ ਉਸਨੇ ਕੀਤਾ ਅਤੇ ਜੋ ਬੁੱਧ ਉਸਨੇ ਦਿਖਾਈ, ਕੀ ਉਹ ਸ਼ਲੋਮੋਨ ਦੇ ਇਤਿਹਾਸ ਦੀ ਪੋਥੀ ਵਿੱਚ ਨਹੀਂ ਲਿਖੀਆਂ ਗਈਆਂ ਹਨ? ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਸਾਰੇ ਇਸਰਾਏਲ ਉੱਤੇ ਚਾਲੀ ਸਾਲ ਰਾਜ ਕੀਤਾ। ਤਦ ਸ਼ਲੋਮੋਨ ਆਪਣੇ ਪੁਰਖਿਆਂ ਨਾਲ ਸੌ ਗਿਆ ਅਤੇ ਆਪਣੇ ਪਿਤਾ ਦਾਵੀਦ ਦੇ ਸ਼ਹਿਰ ਵਿੱਚ ਦੱਬਿਆ ਗਿਆ। ਫਿਰ ਉਸ ਦਾ ਪੁੱਤਰ ਰਹਬੁਆਮ ਉਸ ਤੋਂ ਬਾਅਦ ਰਾਜਾ ਬਣਿਆ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.