Skip to content
BibleKenya

Biblica® Open Punjabi Contemporary Version 2025

1 ਰਾਜਿਆਂ 10

ਸ਼ਬਾ ਦੀ ਰਾਣੀ ਸ਼ਲੋਮੋਨ ਨੂੰ ਮਿਲਣ ਆਈ

ਜਦੋਂ ਸ਼ਬਾ ਦੀ ਰਾਣੀ ਨੇ ਸ਼ਲੋਮੋਨ ਦੀ ਧੁੰਮ ਅਤੇ ਯਾਹਵੇਹ ਨਾਲ ਉਸਦੇ ਰਿਸ਼ਤੇ ਬਾਰੇ ਸੁਣਿਆ, ਤਾਂ ਉਹ ਸ਼ਲੋਮੋਨ ਨੂੰ ਬੁਝਾਰਤਾਂ ਵਿੱਚ ਪਰਖਣ ਲਈ ਆਈ। ਉਹ ਇੱਕ ਬਹੁਤ ਵੱਡੇ ਕਾਫ਼ਲੇ ਦੇ ਨਾਲ ਯੇਰੂਸ਼ਲੇਮ ਵਿੱਚ ਮਸਾਲਿਆਂ ਨਾਲ ਲੱਦੇ ਹੋਏ ਊਠਾਂ ਦੇ ਨਾਲ, ਵੱਡੀ ਮਾਤਰਾ ਵਿੱਚ ਸੋਨਾ ਅਤੇ ਕੀਮਤੀ ਪੱਥਰ ਲੈ ਕੇ ਸ਼ਲੋਮੋਨ ਕੋਲ ਆਈ ਅਤੇ ਉਸ ਨਾਲ ਸਭ ਗੱਲਾਂ ਕੀਤੀਆਂ ਜੋ ਉਸਦੇ ਮਨ ਵਿੱਚ ਸਨ। ਸ਼ਲੋਮੋਨ ਨੇ ਉਸ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ; ਰਾਜੇ ਕੋਲ ਕੋਈ ਅਜਿਹੀ ਗੱਲ ਨਹੀਂ ਸੀ ਜਿਸਦਾ ਦਾ ਉਸਨੇ ਉੱਤਰ ਦਿੱਤਾ ਨਾ ਹੋਵੇ। ਜਦੋਂ ਸ਼ਬਾ ਦੀ ਰਾਣੀ ਨੇ ਸ਼ਲੋਮੋਨ ਦੀ ਸਾਰੀ ਬੁੱਧ ਅਤੇ ਉਸ ਮਹਿਲ ਨੂੰ ਜਿਹੜਾ ਉਸ ਨੇ ਬਣਾਇਆ ਸੀ ਵੇਖਿਆ, ਉਸ ਦੇ ਮੇਜ਼ ਉੱਤੇ ਭੋਜਨ, ਉਸਦੇ ਅਧਿਕਾਰੀਆਂ ਦੇ ਬੈਠਣ ਦਾ ਤਰੀਕਾ, ਉਸਦੇ ਸੇਵਕਾਂ ਦੀ ਆਗਿਆਕਾਰੀ ਅਤੇ ਉਹਨਾਂ ਦਾ ਪਹਿਰਾਵਾ, ਉਸ ਦੇ ਪਿਲਾਉਣ ਵਾਲੇ ਅਤੇ ਉਸ ਦੀਆਂ ਹੋਮ ਬਲੀਆਂ ਜਿਹੜੀਆਂ ਉਹ ਯਾਹਵੇਹ ਦੇ ਭਵਨ ਵਿੱਚ ਚੜ੍ਹਾਉਂਦਾ ਸੀ ਵੇਖਿਆ, ਤਾਂ ਉਸ ਦੇ ਹੋਸ਼ ਉੱਡ ਗਏ।

ਉਸਨੇ ਰਾਜੇ ਨੂੰ ਆਖਿਆ, “ਉਹ ਸੱਚੀ ਖ਼ਬਰ ਸੀ ਜੋ ਮੈਂ ਤੇਰੇ ਕੰਮਾਂ ਅਤੇ ਤੇਰੀ ਬੁੱਧ ਦੇ ਬਾਰੇ ਆਪਣੇ ਦੇਸ਼ ਵਿੱਚ ਸੁਣੀ ਸੀ। ਪਰ ਮੈਂ ਇਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਨਾ ਕੀਤਾ ਜਦੋਂ ਤੱਕ ਮੈਂ ਆ ਕੇ ਆਪਣੀਆਂ ਅੱਖਾਂ ਨਾਲ ਸਭ ਕੁਝ ਨਾ ਵੇਖਿਆ। ਸੱਚ-ਮੁੱਚ, ਉਹ ਮੈਨੂੰ ਅੱਧੀਆਂ ਵੀ ਨਹੀਂ ਦੱਸੀਆਂ ਗਈਆ, ਸਿਆਣਪ ਅਤੇ ਦੌਲਤ ਵਿੱਚ ਤੁਸੀਂ ਉਸ ਨਾਲੋਂ ਕਿਤੇ ਵੱਧ ਹੋ ਜੋ ਮੈਂ ਸੁਣੀ ਹੈ। ਮੁਬਾਰਕ ਹਨ ਤੇਰੇ ਮਨੁੱਖ ਅਤੇ ਮੁਬਾਰਕ ਤੇਰੇ ਇਹ ਸੇਵਕ ਜੋ ਸਦਾ ਤੇਰੇ ਸਨਮੁਖ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧੀ ਨੂੰ ਸੁਣਦੇ ਹਨ! ਯਾਹਵੇਹ ਤੇਰਾ ਪਰਮੇਸ਼ਵਰ ਮੁਬਾਰਕ ਹੋਵੇ ਜੋ ਤੇਰੇ ਤੋਂ ਪ੍ਰਸੰਨ ਹੈ ਤੈਨੂੰ ਇਸਰਾਏਲ ਦੀ ਰਾਜ ਗੱਦੀ ਬਿਠਾਇਆ ਹੈ। ਇਸਰਾਏਲ ਨਾਲ ਯਾਹਵੇਹ ਨੇ ਸਦਾ ਪਿਆਰ ਕੀਤਾ ਹੈ, ਉਸਨੇ ਤੈਨੂੰ ਨਿਆਂ ਅਤੇ ਧਾਰਮਿਕਤਾ ਨੂੰ ਕਾਇਮ ਰੱਖਣ ਲਈ ਰਾਜਾ ਬਣਾਇਆ ਹੈ।”

ਅਤੇ ਉਸ ਨੇ ਰਾਜੇ ਨੂੰ ਚਾਰ ਸੌ ਕਿੱਲੋ ਦੇ ਲਗਭਗ ਸੋਨਾ, ਵੱਡੀ ਮਾਤਰਾ ਵਿੱਚ ਮਸਾਲੇ ਅਤੇ ਕੀਮਤੀ ਪੱਥਰ ਦਿੱਤੇ। ਫੇਰ ਕਦੇ ਵੀ ਇੰਨਾ ਢੇਰ ਸਾਰਾ ਮਸਾਲਾ ਨਹੀਂ ਦਿੱਤਾ ਗਿਆ ਜਿੰਨਾ ਸ਼ਬਾ ਦੀ ਰਾਣੀ ਨੇ ਰਾਜਾ ਸ਼ਲੋਮੋਨ ਨੂੰ ਦਿੱਤਾ ਸੀ।

(ਹੀਰਾਮ ਦਾ ਜਹਾਜ਼ ਓਫੀਰ ਤੋਂ ਸੋਨਾ ਲਿਆਉਂਦਾ ਸੀ ਅਤੇ ਉਹ ਵੀ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜੀ ਤੇ ਬਹੁਮੁੱਲੇ ਪੱਥਰ ਲਿਆਇਆ। ਰਾਜਾ ਨੇ ਯਾਹਵੇਹ ਦੇ ਭਵਨ ਲਈ ਅਤੇ ਸ਼ਾਹੀ ਮਹਿਲ ਲਈ, ਚੰਦਨ ਦੀ ਲੱਕੜ ਦੀਆਂ ਥੰਮ੍ਹੀਆਂ ਅਤੇ ਰਾਗੀਆਂ ਲਈ ਬਰਬਤਾਂ ਅਤੇ ਰਬਾਬ ਬਣਾਏ ਅਤੇ ਫਿਰ ਅਜਿਹੇ ਚੰਦਨ ਦੀ ਲੱਕੜੀ ਅੱਜ ਤੱਕ ਕਦੇ ਵੇਖਣ ਵਿੱਚ ਨਹੀਂ ਆਈ।)

ਰਾਜਾ ਸ਼ਲੋਮੋਨ ਨੇ ਸ਼ਬਾ ਦੀ ਰਾਣੀ ਨੂੰ ਉਹ ਸਭ ਕੁਝ ਦਿੱਤਾ ਜੋ ਕੁਝ ਉਸ ਨੇ ਚਾਹਿਆ ਅਤੇ ਮੰਗਿਆ। ਇਹ ਉਸ ਤੋਂ ਅਲੱਗ ਸੀ ਜਿਹੜਾ ਸ਼ਲੋਮੋਨ ਨੇ ਆਪਣੀ ਸਾਰੀ ਸਖਾਵਤ ਨਾਲ ਦਿੱਤਾ ਸੀ। ਫਿਰ ਉਹ ਚਲੀ ਗਈ ਅਤੇ ਆਪਣੇ ਸੇਵਾਦਾਰ ਨਾਲ ਆਪਣੇ ਦੇਸ਼ ਵਾਪਸ ਮੁੜ ਗਈ।

ਸ਼ਲੋਮੋਨ ਦੀ ਸ਼ਾਨ

ਸ਼ਲੋਮੋਨ ਨੂੰ ਹਰ ਸਾਲ ਸੋਨਾ ਬਾਈ ਹਜ਼ਾਰ ਕਿੱਲੋ ਮਿਲਦਾ ਸੀ, ਉਸ ਤੋਂ ਬਿਨ੍ਹਾਂ ਹੋਰ ਵੀ ਜਿਹੜਾ ਵਪਾਰੀਆਂ ਅਤੇ ਸੌਦਾਗਰਾਂ ਅਤੇ ਅਰਬ ਦੇ ਸਾਰੇ ਰਾਜਿਆਂ ਕੋਲ ਅਤੇ ਦੇਸ਼ ਦੇ ਹਾਕਮਾਂ ਕੋਲੋਂ ਆਉਂਦਾ ਸੀ।

ਅਤੇ ਸ਼ਲੋਮੋਨ ਰਾਜਾ ਨੇ ਸੋਨਾ ਘੜ੍ਹ ਕੇ ਦੋ ਸੌ ਵੱਡੀਆਂ ਢਾਲ਼ਾਂ ਬਣਾਈਆਂ ਅਤੇ ਇੱਕ-ਇੱਕ ਢਾਲ਼ ਨੂੰ ਸੱਤ ਕਿੱਲੋ ਸੋਨਾ ਲੱਗਾ ਹੋਇਆ ਸੀ। ਅਤੇ ਸੋਨੇ ਦੀਆਂ ਘੜ੍ਹਵੀਆਂ ਤਿੰਨ ਸੌ ਛੋਟੀਆਂ ਢਾਲ਼ਾਂ ਬਣਾਈਆਂ, ਹਰ ਇੱਕ ਢਾਲ਼ ਨੂੰ ਦੋ ਕਿੱਲੋ ਸੋਨਾ ਲੱਗਾ। ਰਾਜੇ ਨੇ ਉਹਨਾਂ ਨੂੰ ਲਬਾਨੋਨ ਦੇ ਜੰਗਲ ਦੇ ਮਹਿਲ ਵਿੱਚ ਰੱਖਿਆ।

ਤਦ ਰਾਜੇ ਨੇ ਹਾਥੀ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਾਇਆ ਅਤੇ ਉਸਨੂੰ ਸ਼ੁੱਧ ਸੋਨੇ ਨਾਲ ਮੜ੍ਹਵਾਇਆਂ। ਸਿੰਘਾਸਣ ਦੀਆਂ ਛੇ ਪੌੜੀਆਂ ਸਨ ਅਤੇ ਉਸ ਦੀ ਪਿੱਠ ਉੱਤੇ ਗੋਲ ਸਿਰਾ ਸੀ। ਸੀਟ ਦੇ ਦੋਵੇਂ ਪਾਸੇ ਢਾਸਣੇ ਬੰਨ੍ਹੇ ਹੋਏ ਸਨ ਬੈਠਣ ਦੇ ਥਾਂ ਦੇ ਆਲੇ-ਦੁਆਲੇ ਦੋਹੀ ਪਾਸੇ ਢਾਸਣੇ ਸਨ ਅਤੇ ਢਾਸਣਿਆ ਦੇ ਕੋਲ ਬੱਬਰ ਸ਼ੇਰ ਖੜ੍ਹੇ ਸਨ। ਛੇ ਪੌੜੀਆਂ ਉੱਤੇ ਬਾਰਾਂ ਸ਼ੇਰ ਖੜ੍ਹੇ ਸਨ, ਹਰੇਕ ਕਦਮ ਦੇ ਦੋਹਾਂ ਸਿਰਿਆਂ ਉੱਤੇ ਇੱਕ। ਕਿਸੇ ਵੀ ਹੋਰ ਰਾਜ ਵਿੱਚ ਅਜਿਹਾ ਸਿੰਘਾਸਣ ਨਹੀਂ ਬਣਾਇਆ ਗਿਆ ਸੀ। ਸ਼ਲੋਮੋਨ ਰਾਜਾ ਦੇ ਸਾਰੇ ਪੀਣ ਵਾਲੇ ਬਰਤਨ ਸੋਨੇ ਦੇ ਸਨ ਅਤੇ ਲਬਾਨੋਨ ਦੇ ਜੰਗਲ ਦੇ ਮਹਿਲ ਵਿੱਚ ਸਾਰੀਆਂ ਘਰੇਲੂ ਵਸਤਾਂ ਸ਼ੁੱਧ ਸੋਨੇ ਦੀਆਂ ਸਨ। ਕੁਝ ਵੀ ਚਾਂਦੀ ਦਾ ਨਹੀਂ ਸੀ, ਕਿਉਂਕਿ ਸ਼ਲੋਮੋਨ ਦੇ ਦਿਨਾਂ ਵਿੱਚ ਚਾਂਦੀ ਦੀ ਕੀਮਤ ਘੱਟ ਸਮਝੀ ਜਾਂਦੀ ਸੀ। ਰਾਜੇ ਕੋਲ ਹੀਰਾਮ ਦੇ ਜਹਾਜ਼ਾਂ ਦੇ ਨਾਲ ਸਮੁੰਦਰ ਵਿੱਚ ਵਪਾਰਕ ਜਹਾਜ਼ਾਂ ਦਾ ਇੱਕ ਬੇੜਾ ਸੀ। ਇਹ ਸਮੁੰਦਰੀ ਜ਼ਹਾਜ ਹਰ ਤਿੰਨ ਸਾਲਾਂ ਵਿੱਚ ਇੱਕ ਵਾਰ ਸੋਨਾ, ਚਾਂਦੀ ਅਤੇ ਹਾਥੀ ਦੇ ਦੰਦ, ਅਤੇ ਬਾਂਦਰ ਤੇ ਮੋਰ ਲੱਦ ਕੇ ਲਿਆਉਂਦਾ ਹੁੰਦਾ ਸੀ।

ਰਾਜਾ ਸ਼ਲੋਮੋਨ ਧਰਤੀ ਦੇ ਬਾਕੀ ਰਾਜਿਆਂ ਨਾਲੋਂ ਧੰਨ ਅਤੇ ਬੁੱਧ ਵਿੱਚ ਵੱਡਾ ਸੀ। ਅਤੇ ਸਾਰੀ ਧਰਤੀ ਦੇ ਲੋਕ ਸ਼ਲੋਮੋਨ ਦੇ ਦਰਸ਼ਨ ਦੇ ਚਾਹਵੰਦ ਸਨ ਤਾਂ ਜੋ ਉਸ ਦੀ ਬੁੱਧ ਨੂੰ ਸੁਣਨ ਜਿਹੜੀ ਪਰਮੇਸ਼ਵਰ ਨੇ ਉਹ ਦੇ ਮਨ ਵਿੱਚ ਪਾਈ ਸੀ। ਉਹਨਾਂ ਵਿੱਚੋਂ ਹਰ ਸਾਲ ਹਰ ਕੋਈ ਆਪਣਾ ਨਜ਼ਰਾਨਾ ਅਰਥਾਤ ਚਾਂਦੀ ਦੇ ਭਾਂਡੇ, ਸੋਨੇ ਦੇ ਭਾਂਡੇ ਬਸਤਰ, ਸ਼ਸਤਰ, ਮਸਾਲੇ, ਘੋੜੇ ਅਤੇ ਖੱਚਰਾਂ ਲੈ ਕੇ ਆਉਂਦਾ ਸੀ।

ਸ਼ਲੋਮੋਨ ਨੇ ਰਥ ਅਤੇ ਘੋੜੇ ਇਕੱਠੇ ਕੀਤੇ। ਉਸਦੇ ਕੋਲ ਚੌਦਾਂ ਸੌ ਰੱਥ ਅਤੇ ਬਾਰਾਂ ਹਜ਼ਾਰ ਘੋੜੇ ਸਨ, ਜੋ ਉਸਨੇ ਰਥਾਂ ਵਾਲੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਵਿੱਚ ਵੀ ਆਪਣੇ ਨਾਲ ਰੱਖੇ ਹੋਏ ਸਨ। ਰਾਜੇ ਨੇ ਯੇਰੂਸ਼ਲੇਮ ਵਿੱਚ ਚਾਂਦੀ ਪੱਥਰਾਂ ਵਾਂਗੂੰ ਅਤੇ ਦਿਆਰ ਨੂੰ ਗੁੱਲਰ ਵਾਂਗੂੰ ਦਿੱਤਾ ਅਤੇ ਹੰਜੀਰ ਦੇ ਰੁੱਖਾਂ ਵਾਂਗੂੰ ਬਹੁਤਾ ਕੀਤਾ। ਸ਼ਲੋਮੋਨ ਦੇ ਘੋੜੇ ਮਿਸਰ ਅਤੇ ਕਵੇ ਤੋਂ ਲਿਆਏ ਜਾਂਦੇ ਸਨ ਅਤੇ ਸ਼ਾਹੀ ਵਪਾਰੀ ਉਹਨਾਂ ਨੂੰ ਮੌਜ਼ੂਦਾ ਕੀਮਤ ਉੱਤੇ ਕਵੇ ਤੋਂ ਖਰੀਦ ਲੈਂਦੇ ਸਨ। ਉਹਨਾਂ ਨੇ ਮਿਸਰ ਤੋਂ ਇੱਕ ਰੱਥ ਛੇ ਸੌ ਸ਼ੈਕੇਲ ਚਾਂਦੀ ਦਾ ਅਤੇ ਇੱਕ ਘੋੜਾ ਇੱਕ ਸੌ ਪੰਜਾਹ ਵਿੱਚ ਲਿਆਇਆ ਅਤੇ ਹਿੱਤੀਆਂ ਅਤੇ ਅਰਾਮੀਆਂ ਦੇ ਸਾਰੇ ਰਾਜਿਆਂ ਨੂੰ ਵੀ ਭੇਜ ਦਿੱਤਾ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.