Skip to content
BibleKenya

Biblica® Open Punjabi Contemporary Version 2025

1 ਕੁਰਿੰਥੀਆਂ 5

ਕਲੀਸਿਆ ਵਿੱਚ ਵਿਭਚਾਰ

ਇਸ ਗੱਲ ਦੀ ਪੱਕੀ ਖ਼ਬਰ ਮਿਲੀ ਹੈ ਕਿ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ ਅਤੇ ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਵਿੱਚ ਵੀ ਨਹੀਂ ਹੁੰਦੀ: ਇੱਕ ਆਦਮੀ ਆਪਣੀ ਮਤਰੇਈ ਮਾਂ ਨਾਲ ਸੌ ਰਿਹਾ ਹੈ।1 ਇਸ ਉੱਤੇ ਸ਼ਰਮਿੰਦੇ ਹੋਣ ਦੀ ਬਜਾਏ, ਤੁਸੀਂ ਇਸ ਗੱਲ ਉੱਤੇ ਮਾਣ ਕਰਦੇ ਹੋ! ਅਤੇ ਅਜਿਹੇ ਕਰਨ ਵਾਲੇ ਵਿਅਕਤੀ ਨੂੰ ਤੁਹਾਡੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਸੀ। ਭਾਵੇਂ ਮੈਂ ਸਰੀਰਕ ਤੌਰ ਤੇ ਤੁਹਾਡੇ ਵਿੱਚ ਮੌਜੂਦ ਨਹੀਂ ਹਾਂ, ਪਰ ਮੈਂ ਆਤਮਾ ਵਿੱਚ ਤੁਹਾਡੇ ਵਿਚਕਾਰ ਮੌਜੂਦ ਹਾਂ। ਅਤੇ ਮੈਂ ਸਾਡੇ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਉਸ ਬੁਰਾ ਕੰਮ ਕਰਨ ਵਾਲੇ ਆਦਮੀ ਉੱਤੇ ਆਪਣਾ ਫ਼ੈਸਲਾ ਦੇ ਚੁੱਕਾ ਹਾਂ। ਜਦੋਂ ਤੁਸੀਂ ਪ੍ਰਭੂ ਦੇ ਨਾਮ ਉੱਤੇ ਇਕੱਠੇ ਹੁੰਦੇ ਹੋ ਤਾਂ ਮੈਂ ਆਤਮਾ ਵਿੱਚ ਤੁਹਾਡੇ ਨਾਲ ਹੁੰਦਾ ਹਾਂ, ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸ਼ਕਤੀ ਸਾਡੇ ਨਾਲ ਮੌਜੂਦ ਹੁੰਦੀ ਹੈ, ਤਦ ਇਸ ਤਰ੍ਹਾਂ ਦੇ ਆਦਮੀ ਨੂੰ ਸਰੀਰ ਦੇ ਨਾਸ ਹੋਣ ਲਈ ਸ਼ੈਤਾਨ ਦੇ ਹਵਾਲੇ ਕਰ ਦਿਓ, ਤਾਂ ਕਿ ਉਸ ਦਾ ਆਤਮਾ ਪ੍ਰਭੂ ਦੇ ਨਿਆਂ ਦੇ ਦਿਨ ਬਚ ਜਾਵੇਂ।

ਤੁਹਾਡਾ ਘਮੰਡ ਕਰਨਾ ਚੰਗਾ ਨਹੀਂ ਹੈ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜਾ ਜਿਹਾ ਖਮੀਰ ਪੂਰੇ ਆਟੇ ਨੂੰ ਖਮੀਰ ਕਰ ਦਿੰਦਾ ਹੈ? ਪਾਪ ਦੇ ਪੁਰਾਣੇ ਖਮੀਰ ਨੂੰ ਕੱਢ ਕੇ ਸੁੱਟ ਦਿਓ, ਤਾਂ ਜੋ ਤੁਸੀਂ ਪੂਰੀ ਤਰ੍ਹਾਂ ਸ਼ੁੱਧ ਹੋ ਸਕੋ। ਕਿਉਂਕਿ ਸਾਡੇ ਪਸਾਹ ਦੇ ਤਿਉਹਾਰ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ ਹੈ। ਇਸ ਲਈ ਆਓ ਅਸੀਂ ਆਪਣੇ ਪਸਾਹ ਦੇ ਤਿਉਹਾਰ ਨੂੰ ਇਸ ਪੁਰਾਣੇ ਖਮੀਰ ਨਾਲ ਨਹੀਂ, ਨਾਂ ਬੁਰਾਈ ਅਤੇ ਦੁਸ਼ਟਪੁਣੇ ਦੇ ਖਮੀਰ ਨਾਲ, ਬਲਕਿ ਸ਼ੁੱਧਤਾ ਅਤੇ ਸੱਚਾਈ ਦੀ ਪਤੀਰੀ ਰੋਟੀ ਨਾਲ ਮਨਾਈਏ।

ਮੈਂ ਆਪਣੇ ਪੱਤਰ ਵਿੱਚ ਤੁਹਾਨੂੰ ਇਹ ਲਿਖਿਆ ਕਿ ਵਿਭਚਾਰ ਕਰਨ ਵਾਲੇ ਲੋਕਾਂ ਨਾਲ ਸੰਗਤ ਨਾ ਕਰੋ। ਮੇਰਾ ਮਤਲਬ ਇਹ ਬਿਲਕੁਲ ਨਹੀਂ ਸੀ, ਕਿ ਤੁਸੀਂ ਸੰਸਾਰ ਦੇ ਉਹਨਾਂ ਸਾਰੇ ਮਨੁੱਖਾਂ ਤੋਂ, ਜੋ ਬੁਰੇ ਕੰਮ ਕਰਨ ਵਾਲੇ, ਲੋਭੀ, ਠੱਗ ਜਾਂ ਮੂਰਤੀ ਪੂਜਕ ਹਨ, ਕੋਈ ਸੰਬੰਧ ਨਾ ਰੱਖਣਾ, ਨਹੀਂ ਤਾਂ ਤੁਹਾਨੂੰ ਇਸ ਸੰਸਾਰ ਤੋਂ ਹੀ ਬਾਹਰ ਜਾਣਾ ਪਵੇਗਾ। ਪਰ ਹੁਣ ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿ ਤੁਹਾਨੂੰ ਉਸ ਵਿਅਕਤੀ ਨਾਲ ਸੰਗਤ ਨਹੀਂ ਕਰਨੀ ਚਾਹੀਦੀ ਜੋ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦਾ ਹੈ ਪਰ ਵਿਭਚਾਰੀ, ਲਾਲਚੀ, ਮੂਰਤੀ ਪੂਜਕ, ਨਿੰਦਕ, ਸ਼ਰਾਬੀ ਅਤੇ ਚੋਰ ਹੋਵੇ। ਅਜਿਹੇ ਵਿਅਕਤੀ ਨਾਲ ਰੋਟੀ ਤੱਕ ਨਾ ਖਾਣਾ।

ਕਿਉਂਕਿ ਮੈਨੂੰ ਕੀ ਲੋੜ ਹੈ ਜੋ ਕਲੀਸਿਆ ਦੇ ਨਹੀਂ ਹਨ ਉਹਨਾਂ ਦਾ ਨਿਆਂ ਕਰਾਂ? ਕੀ ਤੁਸੀਂ ਕਲੀਸਿਆ ਦੇ ਅੰਦਰਲਿਆਂ ਦਾ ਨਿਆਂ ਨਹੀਂ ਕਰਦੇ? ਪਰਮੇਸ਼ਵਰ ਉਹਨਾਂ ਦਾ ਨਿਆਂ ਕਰੇਗਾ ਜਿਹੜੇ ਮਸੀਹੀ ਨਹੀਂ ਹਨ। ਜਿਵੇਂ ਪਵਿੱਤਰ ਸ਼ਾਸਤਰ ਕਹਿੰਦਾ ਹੈ, “ਦੁਸ਼ਟ ਵਿਅਕਤੀ ਨੂੰ ਆਪਣੇ ਵਿੱਚੋਂ ਬਾਹਰ ਕੱਢ ਦਿਓ।”2

Source notes (2)
  1. Footnote ਲੇਵਿ 18:8; 22:30
  2. Footnote ਬਿਵ 13:5; 17:7; 19:19; 21:21; 22:21; 24:7

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.