Skip to content
BibleKenya

Biblica® Open Punjabi Contemporary Version 2025

1 ਇਤਿਹਾਸ 19

ਦਾਵੀਦ ਨੇ ਅੰਮੋਨੀਆਂ ਨੂੰ ਹਰਾਇਆ

ਸਮੇਂ ਦੇ ਬੀਤਣ ਨਾਲ, ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਤੇ ਉਸ ਦਾ ਪੁੱਤਰ ਉਸ ਤੋਂ ਬਾਅਦ ਰਾਜਾ ਬਣਿਆ। ਦਾਵੀਦ ਨੇ ਸੋਚਿਆ, “ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਦੇ ਨਾਲ ਭਲਿਆਈ ਕਰਾਂਗਾ, ਕਿਉਂਕਿ ਉਸਦੇ ਪਿਤਾ ਨੇ ਮੇਰੇ ਨਾਲ ਭਲਿਆਈ ਕੀਤੀ ਸੀ।” ਇਸ ਲਈ ਦਾਵੀਦ ਨੇ ਹਾਨੂਨ ਨੂੰ ਉਸ ਦੇ ਪਿਤਾ ਬਾਰੇ ਹਮਦਰਦੀ ਪ੍ਰਗਟ ਕਰਨ ਲਈ ਆਪਣੇ ਸੇਵਕ ਭੇਜੇ।

ਜਦੋਂ ਦਾਵੀਦ ਦੇ ਸੰਦੇਸ਼ਵਾਹਕ ਅੰਮੋਨੀਆਂ ਦੇ ਦੇਸ਼ ਵਿੱਚ ਹਾਨੂਨ ਕੋਲ ਉਸ ਨਾਲ ਹਮਦਰਦੀ ਪ੍ਰਗਟ ਕਰਨ ਲਈ ਆਏ ਸਨ, ਤਦ ਅੰਮੋਨੀਆਂ ਦੇ ਸਰਦਾਰਾਂ ਨੇ ਹਾਨੂਨ ਨੂੰ ਆਖਿਆ, “ਕੀ ਤੁਹਾਨੂੰ ਲੱਗਦਾ ਹੈ ਦਾਵੀਦ ਤੁਹਾਡੇ ਪਿਤਾ ਦਾ ਆਦਰ ਕਰਦਾ ਹੈ ਜੋ ਉਸ ਨੇ ਤਸੱਲੀ ਦੇਣ ਲਈ ਤੁਹਾਡੇ ਕੋਲ ਲੋਕ ਭੇਜੇ ਹਨ? ਕੀ ਉਹ ਦੇ ਸੇਵਕ ਤੁਹਾਡੇ ਕੋਲ ਇਸ ਲਈ ਨਹੀਂ ਆਏ ਕਿ ਖੋਜ ਕਰਨ, ਨਾਸ ਕਰਨ ਅਤੇ ਦੇਸ ਦਾ ਭੇਤ ਲੈਣ?” ਇਸ ਲਈ ਹਾਨੂਨ ਨੇ ਦਾਵੀਦ ਦੇ ਸੰਦੇਸ਼ਵਾਹਕਾਂ ਨੂੰ ਫੜ ਲਿਆ ਅਤੇ ਉਹਨਾਂ ਦੀਆਂ ਦਾੜ੍ਹੀਆਂ ਮੁਨਵਾ ਦਿੱਤੀਆਂ ਅਤੇ ਉਨ੍ਹਾਂ ਦੇ ਬਸਤਰ ਅੱਧ ਵਿੱਚਕਾਰੋਂ ਲੱਕ ਤੱਕ ਪਾੜ ਸੁੱਟੇ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।

ਜਦੋਂ ਕਿਸੇ ਨੇ ਆ ਕੇ ਦਾਵੀਦ ਨੂੰ ਮਨੁੱਖਾਂ ਬਾਰੇ ਦੱਸਿਆ ਤਾਂ ਉਸ ਨੇ ਉਨ੍ਹਾਂ ਨੂੰ ਮਿਲਣ ਲਈ ਸੰਦੇਸ਼ਵਾਹਕ ਭੇਜੇ ਕਿਉਂਕਿ ਉਨ੍ਹਾਂ ਨੂੰ ਬਹੁਤ ਬੇਇੱਜ਼ਤ ਕੀਤਾ ਗਿਆ ਸੀ। ਰਾਜੇ ਨੇ ਕਿਹਾ, “ਜਦ ਤੱਕ ਤੁਹਾਡੀ ਦਾੜ੍ਹੀ ਨਾ ਵਧ ਜਾਵੇ, ਯਰੀਹੋ ਵਿੱਚ ਠਹਿਰੋ ਅਤੇ ਫਿਰ ਵਾਪਸ ਆ ਜਾਣਾ।”

ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਉਹ ਦਾਵੀਦ ਦੇ ਸਾਹਮਣੇ ਘਿਣਾਉਣੇ ਹੋ ਗਏ ਹਨ, ਹਾਨੂਨ ਅਤੇ ਅੰਮੋਨ ਦੇ ਉੱਤਰਾਧਿਕਾਰੀਆਂ ਨੇ ਮਸੋਪੋਤਾਮੀਆ, ਅਰਾਮ-ਮਕਾਹ ਅਤੇ ਜ਼ੋਬਾਹ ਤੋਂ ਲਗਭਗ ਪੈਂਤੀ ਹਜ਼ਾਰ ਕਿੱਲੋ ਚਾਂਦੀ ਅਤੇ ਭਾੜੇ ਦੇ ਘੋੜਸਵਾਰ ਅਤੇ ਰਥ ਦਿੱਤੇ। ਸੋ ਉਨ੍ਹਾਂ ਨੇ ਬੱਤੀ ਹਜ਼ਾਰ ਰੱਥਾਂ, ਮਕਾਹ ਦੇ ਰਾਜੇ ਅਤੇ ਉਸ ਦੀ ਸੈਨਾਂ ਨੂੰ ਕਿਰਾਏ ਤੇ ਲਿਆ। ਇਹਨਾਂ ਨੇ ਆ ਕੇ ਮੇਦੇਬਾ ਦੇ ਅੱਗੇ ਡੇਰੇ ਲਾ ਦਿੱਤੇ ਅਤੇ ਅੰਮੋਨੀ ਆਪੋ-ਆਪਣੇ ਨਗਰਾਂ ਤੋਂ ਇਕੱਠੇ ਹੋਏ ਅਤੇ ਯੁੱਧ ਕਰਨ ਨੂੰ ਆਏ।

ਇਹ ਸੁਣ ਕੇ ਦਾਵੀਦ ਨੇ ਯੋਆਬ ਅਤੇ ਸੂਰਮਿਆਂ ਦੀ ਸਾਰੀ ਸੈਨਾਂ ਨੂੰ ਬਾਹਰ ਭੇਜ ਦਿੱਤਾ। ਅੰਮੋਨੀ ਬਾਹਰ ਆਏ ਅਤੇ ਆਪਣੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਲੜਾਈ ਦੇ ਰੂਪ ਵਿੱਚ ਤਿਆਰ ਹੋ ਗਏ, ਜਦੋਂ ਕਿ ਰਾਜੇ ਜਿਹੜੇ ਆਏ ਸਨ ਅਲੱਗ ਮੈਦਾਨ ਵਿੱਚ ਸਨ।

ਯੋਆਬ ਨੇ ਵੇਖਿਆ ਕਿ ਉਸ ਦੇ ਅੱਗੇ ਅਤੇ ਪਿੱਛੇ ਲੜਾਈ ਦੀਆਂ ਕਤਾਰਾਂ ਸਨ। ਇਸ ਲਈ ਉਸਨੇ ਇਸਰਾਏਲ ਵਿੱਚ ਸਭ ਤੋਂ ਵਧੀਆ ਸੂਰਮਿਆਂ ਨੂੰ ਚੁਣਿਆ ਅਤੇ ਅਰਾਮੀਆਂ ਦੇ ਵਿਰੁੱਧ ਕਤਾਰਾਂ ਬੰਨ੍ਹੀਆਂ। ਉਸ ਨੇ ਬਾਕੀ ਦੇ ਮਨੁੱਖਾਂ ਨੂੰ ਆਪਣੇ ਭਰਾ ਅਬੀਸ਼ਾਈ ਦੇ ਅਧੀਨ ਕਰ ਦਿੱਤਾ ਅਤੇ ਉਨ੍ਹਾਂ ਨੇ ਅੰਮੋਨੀਆਂ ਦੇ ਵਿਰੁੱਧ ਕਤਾਰ ਬੰਨ੍ਹੀ। ਯੋਆਬ ਨੇ ਆਖਿਆ, “ਜੇਕਰ ਅਰਾਮੀ ਮੇਰੇ ਉੱਤੇ ਪਰਬਲ ਹੋਣ ਤਾਂ ਤੂੰ ਮੈਨੂੰ ਬਚਾਉਣ ਲਈ ਆਵੀ। ਪਰ ਜੇਕਰ ਅੰਮੋਨੀ ਤੁਹਾਡੇ ਉੱਤੇ ਪਰਬਲ ਹੋਣ, ਤਾਂ ਮੈਂ ਤੁਹਾਨੂੰ ਬਚਾਵਾਂਗਾ। ਤਕੜੇ ਹੋਵੋ ਅਤੇ ਅਸੀਂ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ਵਰ ਦੇ ਸ਼ਹਿਰਾਂ ਲਈ ਬਹਾਦਰੀ ਨਾਲ ਲੜੀਏ। ਯਾਹਵੇਹ ਉਹੀ ਕਰੇਗਾ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।”

ਤਦ ਯੋਆਬ ਅਤੇ ਉਸ ਦੇ ਨਾਲ ਦੀ ਸੈਨਾਂ ਅਰਾਮੀਆਂ ਨਾਲ ਲੜਨ ਲਈ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗੋਂ ਭੱਜ ਗਏ। ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਅਰਾਮੀ ਭੱਜ ਰਹੇ ਹਨ ਤਾਂ ਉਹ ਵੀ ਉਸ ਦੇ ਭਰਾ ਅਬੀਸ਼ਾਈ ਦੇ ਅੱਗੇ ਭੱਜ ਕੇ ਸ਼ਹਿਰ ਦੇ ਅੰਦਰ ਚਲੇ ਗਏ। ਇਸ ਲਈ ਯੋਆਬ ਯੇਰੂਸ਼ਲੇਮ ਨੂੰ ਵਾਪਸ ਚਲਾ ਗਿਆ।

ਜਦੋਂ ਅਰਾਮੀਆਂ ਨੇ ਵੇਖਿਆ ਕਿ ਅਸੀਂ ਇਸਰਾਏਲੀਆਂ ਦੇ ਅੱਗੇ ਹਾਰ ਗਏ ਹਨ, ਤਾਂ ਉਹ ਸੰਦੇਸ਼ਵਾਹਕਾਂ ਨੂੰ ਭੇਜ ਕੇ ਫ਼ਰਾਤ ਦਰਿਆ ਦੇ ਪਾਰ ਵਾਲਿਆਂ ਅਰਾਮੀਆਂ ਨੂੰ ਸੱਦ ਲਿਆਂਦਾ ਸੀ, ਅਤੇ ਹਾਦੇਦੇਜ਼ਰ ਦੀ ਸੈਨਾ ਦਾ ਪ੍ਰਧਾਨ ਸ਼ੋਫਕ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।

ਜਦੋਂ ਦਾਵੀਦ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਯਰਦਨ ਪਾਰ ਕੀਤੀ। ਉਹ ਉਹਨਾਂ ਦੇ ਵਿਰੁੱਧ ਅੱਗੇ ਵਧਿਆ ਅਤੇ ਉਹਨਾਂ ਦੇ ਵਿਰੁੱਧ ਆਪਣੀ ਲੜਾਈ ਦਾ ਪਿੜ ਬੰਨਿਆ। ਦਾਵੀਦ ਨੇ ਲੜਾਈ ਵਿੱਚ ਅਰਾਮੀਆਂ ਨੂੰ ਮਿਲਣ ਲਈ ਆਪਣੀਆਂ ਕਤਾਰਾਂ ਬਣਾਈਆਂ, ਅਤੇ ਉਹ ਉਸਦੇ ਵਿਰੁੱਧ ਲੜੇ। ਅਤੇ ਅਰਾਮੀ ਇਸਰਾਏਲ ਦੇ ਅੱਗੋਂ ਭੱਜ ਗਏ ਅਤੇ ਦਾਵੀਦ ਨੇ ਅਰਾਮੀਆਂ ਦੇ ਸੱਤ ਸੌ ਰੱਥਾਂ ਅਤੇ ਚਾਲੀ ਹਜ਼ਾਰ ਪੈਦਲ ਸਿਪਾਹੀਆਂ ਨੂੰ ਮਾਰ ਸੁੱਟਿਆ, ਸੈਨਾਂ ਦੇ ਸੈਨਾ ਸਰਦਾਰ ਸ਼ੋਫਕ ਨੂੰ ਵੀ ਜਾਨੋਂ ਮਾਰ ਮੁਕਾਇਆ।

ਜਦੋਂ ਹਾਦੇਦੇਜ਼ਰ ਦੇ ਹਾਕਮਾਂ ਨੇ ਵੇਖਿਆ ਜੋ ਇਸਰਾਏਲ ਨੇ ਉਹਨਾਂ ਨੂੰ ਹਰਾ ਦਿੱਤਾ ਹੈ ਤਾਂ ਉਹਨਾਂ ਨੇ ਦਾਵੀਦ ਨਾਲ ਸੁਲ੍ਹਾ ਕੀਤੀ ਅਤੇ ਉਹ ਦੇ ਅਧੀਨ ਹੋ ਗਏ।

ਇਸ ਲਈ ਅਰਾਮੀ ਹੁਣ ਅੰਮੋਨੀਆਂ ਦੀ ਮਦਦ ਕਰਨ ਲਈ ਤਿਆਰ ਨਹੀਂ ਸਨ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.