Biblica® Open Punjabi Contemporary Version 2025
1 ਇਤਿਹਾਸ 11
ਦਾਵੀਦ ਇਸਰਾਏਲ ਦਾ ਰਾਜਾ ਬਣਿਆ
ਸਾਰੇ ਇਸਰਾਏਲ ਨੇ ਹੇਬਰੋਨ ਵਿੱਚ ਦਾਵੀਦ ਕੋਲ ਆ ਕੇ ਉਸਨੂੰ ਆਖਿਆ, “ਅਸੀਂ ਤੁਹਾਡਾ ਆਪਣਾ ਹੀ ਮਾਸ ਅਤੇ ਲਹੂ ਹਾਂ। ਪਿਛਲੇ ਸਾਲਾਂ ਵਿੱਚ, ਜਦੋਂ ਸ਼ਾਊਲ ਰਾਜਾ ਸੀ, ਤੁਸੀਂ ਹੀ ਉਹ ਸੀ ਜਿਸਨੇ ਇਸਰਾਏਲ ਅਤੇ ਉਸਦੀ ਫੌਜਾਂ ਦੀ ਅਗਵਾਈ ਕੀਤੀ ਸੀ ਅਤੇ ਯਾਹਵੇਹ ਤੇਰੇ ਪਰਮੇਸ਼ਵਰ ਨੇ ਤੈਨੂੰ ਆਖਿਆ, ਤੂੰ ਮੇਰੀ ਪਰਜਾ ਇਸਰਾਏਲ ਉੱਤੇ ਚਰਵਾਹਾ ਹੋਵੇਗਾ ਅਤੇ ਤੂੰ ਉਹਨਾਂ ਦਾ ਹਾਕਮ ਬਣ ਜਾਵੇਂਗਾ।”
ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਹੇਬਰੋਨ ਵਿੱਚ ਰਾਜਾ ਦਾਵੀਦ ਕੋਲ ਆਏ। ਉਸ ਨੇ ਉਨ੍ਹਾਂ ਨਾਲ ਹੇਬਰੋਨ ਵਿੱਚ ਯਾਹਵੇਹ ਦੇ ਸਾਮ੍ਹਣੇ ਇੱਕ ਨੇਮ ਬੰਨ੍ਹਿਆ, ਅਤੇ ਉਨ੍ਹਾਂ ਨੇ ਦਾਵੀਦ ਨੂੰ ਇਸਰਾਏਲ ਦਾ ਰਾਜਾ ਮਸਹ ਕੀਤਾ, ਜਿਵੇਂ ਕਿ ਯਾਹਵੇਹ ਨੇ ਸਮੂਏਲ ਰਾਹੀਂ ਵਾਅਦਾ ਕੀਤਾ ਸੀ।
ਦਾਵੀਦ ਨੇ ਯੇਰੂਸ਼ਲੇਮ ਨੂੰ ਜਿੱਤ ਲਿਆ
ਦਾਵੀਦ ਅਤੇ ਸਾਰੇ ਇਸਰਾਏਲੀਆਂ ਨੇ ਯੇਰੂਸ਼ਲੇਮ (ਯਾਨੀ ਯਬੂਸ) ਵੱਲ ਕੂਚ ਕੀਤਾ ਅਤੇ ਯਬੂਸੀਆਂ ਨੇ ਜਿਹੜੇ ਉੱਥੇ ਰਹਿੰਦੇ ਸਨ ਦਾਵੀਦ ਨੂੰ ਆਖਿਆ, “ਤੂੰ ਇੱਥੇ ਅੰਦਰ ਨਹੀਂ ਵੜੇਂਗਾ।” ਫਿਰ ਵੀ, ਦਾਵੀਦ ਨੇ ਸੀਯੋਨ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਜੋ ਦਾਵੀਦ ਦਾ ਸ਼ਹਿਰ ਹੈ।
ਦਾਵੀਦ ਨੇ ਕਿਹਾ ਸੀ, “ਜੋ ਕੋਈ ਯਬੂਸੀਆਂ ਉੱਤੇ ਹਮਲੇ ਦੀ ਅਗਵਾਈ ਕਰੇਗਾ ਉਹ ਸੈਨਾਪਤੀ ਬਣੇਗਾ।” ਜ਼ੇਰੂਇਯਾਹ ਦਾ ਪੁੱਤਰ ਯੋਆਬ ਪਹਿਲਾਂ ਚੜ੍ਹਿਆ ਅਤੇ ਇਸ ਲਈ ਉਸਨੂੰ ਹੁਕਮ ਮਿਲਿਆ।
ਦਾਵੀਦ ਨੇ ਫਿਰ ਕਿਲ੍ਹੇ ਵਿੱਚ ਨਿਵਾਸ ਕੀਤਾ ਅਤੇ ਇਸ ਲਈ ਉਸ ਨੂੰ ਦਾਵੀਦ ਦਾ ਸ਼ਹਿਰ ਆਖਿਆ। ਉਸ ਨੇ ਉਸ ਦੇ ਆਲੇ-ਦੁਆਲੇ, ਛੱਤ ਤੋਂ ਲੈ ਕੇ ਆਲੇ-ਦੁਆਲੇ ਦੀ ਕੰਧ ਤੱਕ ਸ਼ਹਿਰ ਉਸਾਰਿਆ, ਜਦੋਂ ਕਿ ਯੋਆਬ ਨੇ ਬਾਕੀ ਦੇ ਸ਼ਹਿਰ ਨੂੰ ਮੁੜ ਵਸਾਇਆ। ਅਤੇ ਦਾਵੀਦ ਦਿਨੋਂ ਦਿਨ ਤਾਕਤਵਰ ਹੁੰਦਾ ਗਿਆ ਕਿਉਂ ਜੋ ਸਰਬ ਸ਼ਕਤੀਮਾਨ ਯਾਹਵੇਹ ਉਸਦੇ ਨਾਲ ਸੀ।
ਦਾਵੀਦ ਦੇ ਸ਼ਕਤੀਸ਼ਾਲੀ ਯੋਧੇ
ਇਹ ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੇ ਮੁਖੀ ਸਨ—ਉਹਨਾਂ ਨੇ ਸਾਰੇ ਇਸਰਾਏਲ ਦੇ ਨਾਲ ਮਿਲ ਕੇ ਉਸਦੀ ਰਾਜਸ਼ਾਹੀ ਨੂੰ ਸਾਰੇ ਦੇਸ਼ ਵਿੱਚ ਫੈਲਾਉਣ ਲਈ ਮਜ਼ਬੂਤ ਸਹਾਇਤਾ ਦਿੱਤੀ, ਜਿਵੇਂ ਕਿ ਯਾਹਵੇਹ ਨੇ ਵਾਅਦਾ ਕੀਤਾ ਸੀ। ਦਾਵੀਦ ਦੇ ਸ਼ਕਤੀਸ਼ਾਲੀ ਯੋਧਿਆਂ ਦੀ ਸੂਚੀ ਇਹ ਹੈ:
ਯਸ਼ੋਬਯਾਮ, ਹਕਮੋਨੀ ਦਾ ਇੱਕ ਸਰਦਾਰ ਸੀ; ਉਸਨੇ ਤਿੰਨ ਸੌ ਆਦਮੀਆਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।
ਉਸ ਦੇ ਪਿੱਛੋਂ ਦੋਦੋ ਦਾ ਪੁੱਤਰ ਅਲਆਜ਼ਾਰ ਅਹੋਹੀ ਸੀ, ਜਿਹੜਾ ਉਨ੍ਹਾਂ ਤਿੰਨਾਂ ਸੂਰਮਿਆਂ ਵਿੱਚੋਂ ਇੱਕ ਸੀ। ਉਹ ਦਾਵੀਦ ਦੇ ਨਾਲ ਪਾਸ ਦੰਮੀਮ ਵਿੱਚ ਸੀ ਜਦੋਂ ਫ਼ਲਿਸਤੀ ਉੱਥੇ ਯੁੱਧ ਕਰਨ ਲਈ ਇਕੱਠੇ ਹੋਏ ਸਨ। ਇੱਕ ਥਾਂ ਜਿੱਥੇ ਜੌਂ ਨਾਲ ਭਰਿਆ ਹੋਇਆ ਖੇਤ ਸੀ, ਲੋਕ ਫ਼ਲਿਸਤੀਆਂ ਅੱਗੋਂ ਭੱਜ ਗਏ। ਪਰ ਉਨ੍ਹਾਂ ਉਸ ਪੈਲੀ ਦੇ ਵਿਚਕਾਰ ਖੜ੍ਹੇ ਹੋ ਕੇ ਉਸ ਨੂੰ ਬਚਾਇਆ ਅਤੇ ਫ਼ਲਿਸਤੀਆਂ ਨੂੰ ਮਾਰਿਆ, ਅਤੇ ਯਾਹਵੇਹ ਨੇ ਇੱਕ ਵੱਡੀ ਜਿੱਤ ਲੈ ਦਿੱਤੀ।
ਤੀਹ ਸਰਦਾਰਾਂ ਵਿੱਚੋਂ ਤਿੰਨ ਦਾਵੀਦ ਕੋਲ ਅਦੁੱਲਾਮ ਦੀ ਗੁਫ਼ਾ ਦੀ ਚੱਟਾਨ ਕੋਲ ਆਏ ਅਤੇ ਫ਼ਲਿਸਤੀਆਂ ਦੇ ਇੱਕ ਜੱਥੇ ਨੇ ਰਫ਼ਾਈਮ ਦੀ ਵਾਦੀ ਵਿੱਚ ਡੇਰਾ ਲਾਇਆ ਹੋਇਆ ਸੀ। ਉਸ ਸਮੇਂ ਦਾਵੀਦ ਗੜ੍ਹ ਵਿੱਚ ਸੀ ਅਤੇ ਫ਼ਲਿਸਤੀਆਂ ਦੀ ਫ਼ੌਜ ਬੈਤਲਹਮ ਵਿੱਚ ਸੀ। ਦਾਵੀਦ ਪਾਣੀ ਦੇ ਲਈ ਤਰਸਿਆ ਅਤੇ ਆਖਿਆ, “ਕਾਸ਼, ਕੋਈ ਮੈਨੂੰ ਬੈਤਲਹਮ ਦੇ ਉਸ ਖੂਹ ਦਾ ਪਾਣੀ ਪਿਲਾਉਂਦਾ, ਜਿਹੜਾ ਫਾਟਕ ਦੇ ਕੋਲ ਹੈ!” ਇਸ ਲਈ ਤਿੰਨਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘ ਕੇ ਬੈਤਲਹਮ ਦੇ ਫਾਟਕ ਦੇ ਕੋਲ ਖੂਹ ਤੋਂ ਪਾਣੀ ਕੱਢਿਆ ਅਤੇ ਦਾਵੀਦ ਨੂੰ ਦਿੱਤਾ, ਪਰ ਉਸਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ, ਇਸ ਦੀ ਬਜਾਏ ਉਸਨੇ ਇਸ ਨੂੰ ਯਾਹਵੇਹ ਅੱਗੇ ਡੋਲ੍ਹ ਦਿੱਤਾ। ਉਸ ਨੇ ਕਿਹਾ, “ਪਰਮੇਸ਼ਵਰ ਨਾ ਕਰੇ ਕਿ ਮੈਂ ਅਜਿਹਾ ਕਰਾਂ! ਕੀ ਮੈਨੂੰ ਇਨ੍ਹਾਂ ਮਨੁੱਖਾਂ ਦਾ ਖੂਨ ਪੀਣਾ ਚਾਹੀਦਾ ਹੈ ਜੋ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਗਏ ਸਨ?” ਕਿਉਂਕਿ ਉਹਨਾਂ ਨੇ ਇਸ ਨੂੰ ਵਾਪਸ ਲਿਆਉਣ ਲਈ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾਈਆਂ ਸਨ, ਦਾਵੀਦ ਨੇ ਉਸ ਨੂੰ ਪੀਣ ਤੋਂ ਇਨਕਾਰ ਕੀਤਾ।
ਅਜਿਹੇ ਤਿੰਨ ਸੂਰਬੀਰ ਯੋਧਿਆਂ ਦੇ ਕਾਰਨਾਮੇ ਸਨ।
ਯੋਆਬ ਦਾ ਭਰਾ ਅਬੀਸ਼ਾਈ ਤਿੰਨਾਂ ਵਿੱਚੋਂ ਸਰਦਾਰ ਸੀ। ਉਸਨੇ ਤਿੰਨ ਸੌ ਮਨੁੱਖਾਂ ਦੇ ਵਿਰੁੱਧ ਆਪਣਾ ਬਰਛਾ ਚੁੱਕਿਆ, ਜਿਨ੍ਹਾਂ ਨੂੰ ਉਸਨੇ ਮਾਰ ਦਿੱਤਾ, ਅਤੇ ਇਸ ਲਈ ਉਹ ਤਿੰਨਾਂ ਵਿੱਚੋਂ ਮਸ਼ਹੂਰ ਹੋ ਗਿਆ। ਉਸ ਨੂੰ ਤਿੰਨਾਂ ਨਾਲੋਂ ਦੁੱਗਣਾ ਸਨਮਾਨ ਮਿਲਿਆ ਅਤੇ ਉਹ ਉਨ੍ਹਾਂ ਦਾ ਸੈਨਾਪਤੀ ਬਣ ਗਿਆ ਭਾਵੇਂ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ।
ਯਹੋਯਾਦਾ ਦਾ ਪੁੱਤਰ ਬਨਾਯਾਹ ਕਬਜ਼ੇਲ ਵਿੱਚ ਇੱਕ ਵੱਡੇ ਸੂਰਮੇ ਮਨੁੱਖ ਦਾ ਪੋਤਰਾ ਸੀ ਜਿਸ ਨੇ ਕਈ ਵੱਡੀ ਬਹਾਦੁਰੀ ਵਾਲੇ ਕੰਮ ਕੀਤੇ ਸਨ। ਉਸਨੇ ਮੋਆਬ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਯੋਧਿਆਂ ਨੂੰ ਮਾਰ ਦਿੱਤਾ ਅਤੇ ਬਰਫ਼ ਦੇ ਦਿਨਾਂ ਦੇ ਰੁੱਤ ਵੇਲੇ ਇੱਕ ਟੋਏ ਵਿੱਚ ਜਾ ਕੇ ਇੱਕ ਸ਼ੇਰ ਨੂੰ ਮਾਰ ਸੁੱਟਿਆ। ਅਤੇ ਉਸਨੇ ਇੱਕ ਮਿਸਰੀ ਨੂੰ ਮਾਰਿਆ ਜੋ ਪੰਜ ਹੱਥ ਲੰਬਾ1 ਸੀ। ਭਾਵੇਂ ਮਿਸਰੀ ਦੇ ਹੱਥ ਵਿੱਚ ਜੁਲਾਹੇ ਦੇ ਸ਼ਤੀਰ ਵਰਗਾ ਬਰਛਾ ਸੀ, ਬਨਾਯਾਹ ਇੱਕ ਡੰਡੇ ਨਾਲ ਉਸਦੇ ਵਿਰੁੱਧ ਗਿਆ। ਉਸ ਨੇ ਮਿਸਰੀ ਦੇ ਹੱਥੋਂ ਬਰਛਾ ਖੋਹ ਲਿਆ ਅਤੇ ਉਸ ਨੂੰ ਆਪਣੇ ਬਰਛੇ ਨਾਲ ਮਾਰ ਦਿੱਤਾ। ਯਹੋਯਾਦਾ ਦੇ ਪੁੱਤਰ ਬਨਾਯਾਹ ਦੇ ਅਜਿਹੇ ਕਾਰਨਾਮੇ ਸਨ। ਉਹ ਵੀ ਤਿੰਨ ਸ਼ਕਤੀਸ਼ਾਲੀ ਯੋਧਿਆਂ ਵਾਂਗ ਮਸ਼ਹੂਰ ਸੀ। ਉਸਦਾ ਉਨ੍ਹਾਂ ਤੀਹ ਨਾਲੋਂ ਵੱਧ ਸਨਮਾਨ ਸੀ ਤਾਂ ਵੀ ਉਹ ਪਹਿਲੇ ਤਿੰਨਾਂ ਦੇ ਦਰਜੇ ਤੱਕ ਨਾ ਪਹੁੰਚਿਆ ਅਤੇ ਦਾਵੀਦ ਨੇ ਉਸਨੂੰ ਆਪਣੇ ਅੰਗ-ਰੱਖਿਅਕਾਂ ਦਾ ਪ੍ਰਧਾਨ ਨਿਯੁਕਤ ਕੀਤਾ।
ਉਹ ਸੂਰਬੀਰ ਸਨ:
ਯੋਆਬ ਦਾ ਭਰਾ ਅਸਾਹੇਲ,
ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ,
ਸ਼ਮੋਥ ਹਰੋਰੀ,
ਹੇਲੇਜ਼ ਪਲੋਨੀ,
ਤਕੋਆ ਤੋਂ ਇਕੇਸ਼ ਦਾ ਪੁੱਤਰ ਈਰਾ, ਅਬੀਅਜ਼ਰ ਅਨਾਥੋਥ,
ਹੁਸ਼ਾਥੀ ਸਿਬਕੀ, ਅਹੋਹੀ ਦਾ ਇਲਈ,
ਨਟੋਫਾਥੀ ਮਹਾਰਾਈ,
ਨਟੋਫਾਥੀ ਬਆਨਾਹ ਦਾ ਪੁੱਤਰ ਹੇਲਦ,
ਬਿਨਯਾਮੀਨ ਦੇ ਗਿਬਆਹ ਤੋਂ ਰਿਬਈ ਦਾ ਪੁੱਤਰ ਈਥਈ,
ਬਨਾਯਾਹ ਪਿਰਾਥੋਨੀ,
ਗਾਸ਼ ਦੀਆਂ ਖੱਡਾਂ ਵਿੱਚੋਂ ਹੂਰਈ,
ਅਬੀਏਲ ਅਰਬਾਥੀ,
ਅਜ਼ਮਾਵੇਥ ਬਹਾਰੂਮੀ,
ਅਲਯਹਬਾ ਸ਼ਾਲਬੋਨੀ,
ਹਾਸ਼ਮ ਗਿਜ਼ੋਨੀ ਦੇ ਪੁੱਤਰ,
ਸ਼ਗੀ ਦਾ ਪੁੱਤਰ ਯੋਨਾਥਨ, ਹਰਾਰ ਦਾ ਵਾਸੀ,
ਅਹੀਯਾਮ, ਸਾਕਾਰ ਦਾ ਪੁੱਤਰ, ਹਰਾਰ ਦਾ ਵਾਸੀ,
ਅਲੀਫ਼ਲ, ਊਰ ਦਾ ਪੁੱਤਰ,
ਹੇਫਰ ਮਕੇਰਾਥੀ,
ਅਹੀਯਾਹ ਪਲੋਨੀ,
ਹੇਜ਼ਰੋ ਕਰਮਲਈ,
ਏਜ਼ਬਾਈ ਦਾ ਪੁੱਤਰ ਨਾਰਈ,
ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਾਰ,
ਜ਼ਲੇਕ ਅੰਮੋਨੀ,
ਬੇਰੋਥੀ ਨਹਰਈ, ਜ਼ੇਰੂਇਯਾਹ ਦਾ ਪੁੱਤਰ ਯੋਆਬ ਦੇ ਸ਼ਸਤਰ ਚੁੱਕਣ ਵਾਲਾ,
ਈਰਾ ਯਿਥਰੀ,
ਗਾਰੇਬ ਯਿਥਰੀ,
ਹਿੱਤੀ ਊਰੀਯਾਹ,
ਅਹਲਾਈ ਦਾ ਪੁੱਤਰ ਜ਼ਾਬਾਦ,
ਸ਼ੀਜ਼ਾ ਰਊਬੇਨੀ ਦਾ ਪੁੱਤਰ ਅਦੀਨਾ, ਜੋ ਰਊਬੇਨੀਆਂ ਦਾ ਸਰਦਾਰ ਸੀ ਅਤੇ ਉਹ ਦੇ ਨਾਲ ਤੀਹ,
ਮਕਾਹ ਦਾ ਪੁੱਤਰ ਹਨਾਨ, ਯੋਸ਼ਾਫ਼ਾਟ ਮਿਥਨੀ,
ਅਸ਼ਤਾਰਾਥੀ ਉਜ਼ੀਯਾ, ਅਰੋਏਰੀ ਹੋਥਾਮ ਦੇ ਪੁੱਤਰ ਸ਼ਮਾ ਅਤੇ ਯਈਏਲ,
ਯਦੀਏਲ ਦਾ ਪੁੱਤਰ। ਸ਼ਿਮਰੀ ਤੋਂ, ਉਸ ਦਾ ਭਰਾ ਯੋਹਾ ਤਿਜ਼ੀ,
ਮਹਾਵੀ ਅਲੀਏਲ,
ਅਲਨਾਮ ਦੇ ਪੁੱਤਰ ਯਰੀਬਾਈ ਅਤੇ ਯੋਸ਼ਾਵਯਾਹ,
ਇਥਮਾਹ ਮੋਆਬੀ,
ਅਲੀਏਲ, ਓਬੇਦ ਅਤੇ ਯਾਸੀਏਲ ਮੇਜ਼ੋਬਾਈ।
Source notes (1)
- Footnote ਪੰਜ ਹੱਥ ਲੰਬਾ ਅਰਥਾਤ 7 ਫੁੱਟ 6 ਇੰਚ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.