Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

ਪਰਕਾਸ਼ ਦੀ ਪੋਥੀ 21

ਨਵਾਂ ਆਕਾਸ਼ ਅਤੇ ਨਵੀਂ ਧਰਤੀ

ਫਿਰ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਸਮੁੰਦਰ ਨਹੀਂ ਹੈ। ਅਤੇ ਮੈਂ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਪਰਮੇਸ਼ੁਰ ਦੇ ਕੋਲੋਂ ਅਕਾਸ਼ ਤੋਂ ਉਤਰਦੀ ਹੋਈ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ। ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਕਿ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਉਹਨਾਂ ਦਾ ਪਰਮੇਸ਼ੁਰ ਹੋ ਕੇ ਉਹਨਾਂ ਦੇ ਨਾਲ ਰਹੇਗਾ। ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ, ਅਤੇ ਉਸ ਨੇ ਆਖਿਆ, ਲਿਖ, ਕਿਉਂ ਜੋ ਇਹ ਬਚਨ ਵਿਸ਼ਵਾਸਯੋਗ ਅਤੇ ਸੱਚ ਹਨ। ਅਤੇ ਉਸ ਨੇ ਮੈਨੂੰ ਆਖਿਆ, ਹੋ ਗਿਆ ਹੈ! ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਜਿਹੜਾ ਤਿਹਾਇਆ ਹੈ, ਮੈਂ ਉਹ ਨੂੰ ਅੰਮ੍ਰਿਤ ਜਲ ਦੇ ਸੋਤੇ ਵਿੱਚੋਂ ਮੁਫ਼ਤ ਪਿਆਵਾਂਗਾ। ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ ਅਤੇ ਮੈਂ ਉਹ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਪਰ ਡਰਾਕਲਾਂ, ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਜੀ ਮੌਤ ਹੈ।

ਨਵਾਂ ਯਰੂਸ਼ਲਮ

ਜਿਨ੍ਹਾਂ ਸੱਤਾਂ ਦੂਤਾਂ ਕੋਲ ਉਹ ਸੱਤ ਕਟੋਰੇ ਸਨ ਅਤੇ ਜਿਹੜੇ ਆਖਰੀ ਸੱਤ ਮਹਾਂਮਾਰੀਆਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆ ਕੇ ਮੇਰੇ ਨਾਲ ਗੱਲ ਕੀਤੀ ਕਿ ਇੱਧਰ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਸਵਰਗ ਤੋਂ ਉੱਤਰਦੀ ਮੈਨੂੰ ਵਿਖਾਈ, ਜਿਹ ਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ। ਉਹ ਦੀ ਜੋਤ ਅੱਤ ਭਾਰੇ ਮੁੱਲ ਦੇ ਜਵਾਹਰ ਵਰਗੀ ਸੀ ਅਰਥਾਤ ਪੁਖਰਾਜ ਪੱਥਰ ਜਿਹੀ ਜੋ ਬਲੌਰ ਦੀ ਤਰ੍ਹਾਂ ਨਿਰਮਲ ਹੋਵੇ। ਅਤੇ ਉਹ ਦੀ ਵੱਡੀ ਅਤੇ ਉੱਚੀ ਸ਼ਹਿਰਪਨਾਹ ਹੈ ਅਤੇ ਉਹ ਦੇ ਬਾਰਾਂ ਦਰਵਾਜ਼ੇ ਹਨ ਅਤੇ ਉਹਨਾਂ ਦਰਵਾਜਿਆਂ ਉੱਤੇ ਬਾਰਾਂ ਦੂਤ। ਅਤੇ ਉਹਨਾਂ ਉੱਤੇ ਨਾਮ ਲਿਖੇ ਹੋਏ ਸਨ, ਜਿਹੜੇ ਇਸਰਾਏਲ ਦੇ ਵੰਸ਼ ਦੇ ਬਾਰਾਂ ਗੋਤਾਂ ਦੇ ਨਾਮ ਹਨ। ਪੂਰਬ ਵੱਲ ਤਿੰਨ ਦਰਵਾਜ਼ੇ ਅਤੇ ਪੱਛਮ ਵੱਲ ਤਿੰਨ ਦਰਵਾਜ਼ੇ ਅਤੇ ਦੱਖਣ ਵੱਲ ਤਿੰਨ ਦਰਵਾਜ਼ੇ ਅਤੇ ਉੱਤਰ ਵੱਲ ਤਿੰਨ ਦਰਵਾਜ਼ੇ ਹਨ। ਅਤੇ ਉਸ ਨਗਰੀ ਦੀ ਸ਼ਹਿਰਪਨਾਹ ਦੀਆਂ ਬਾਰਾਂ ਨੀਹਾਂ ਹਨ ਅਤੇ ਉਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਮ ਹਨ। ਮੇਰੇ ਨਾਲ ਜਿਹੜਾ ਗੱਲਾਂ ਕਰਦਾ ਸੀ ਉਹ ਦੇ ਕੋਲ ਇੱਕ ਨਾਪ ਅਰਥਾਤ ਇੱਕ ਸੋਨੇ ਦਾ ਕਾਨਾ ਸੀ ਭਈ ਉਹ ਉਸ ਨਗਰੀ ਦੀ ਅਤੇ ਉਹ ਦੇ ਦਰਵਾਜਿਆਂ ਦੀ ਅਤੇ ਉਹ ਦੀ ਸ਼ਹਿਰਪਨਾਹ ਦੀ ਮਿਣਤੀ ਕਰੇ। ਅਤੇ ਉਹ ਨਗਰੀ ਚੌਰਸ ਬਣੀ ਹੋਈ ਹੈ ਅਤੇ ਜਿੰਨੀ ਉਹ ਦੀ ਚੌੜਾਈ ਓਨੀ ਹੀ ਉਹ ਦੀ ਲੰਬਾਈ ਹੈ। ਅਤੇ ਉਸ ਨੇ ਨਗਰੀ ਨੂੰ ਕਾਨੇ ਨਾਲ ਮਿਣਿਆ ਅਤੇ ਪੰਦਰਾਂ ਸੌ ਮੀਲ ਨਿੱਕਲੀ ਉਹ ਦੀ ਲੰਬਾਈ ਅਤੇ ਚੁੜਾਈ ਅਤੇ ਉਚਾਈ ਇੱਕੋ ਜਿਹੀ ਹੈ। ਅਤੇ ਉਸ ਨੇ ਉਹ ਦੀ ਸ਼ਹਿਰਪਨਾਹ ਨੂੰ ਮਨੁੱਖ ਦੇ ਅਰਥਾਤ ਦੂਤ ਦੇ ਨਾਪ ਦੇ ਅਨੁਸਾਰ ਮਿਣਿਆ ਅਤੇ ਇੱਕ ਸੌ ਚੁਤਾਲੀ ਹੱਥ ਨਿੱਕਲੀ। ਅਤੇ ਉਹ ਦੀ ਸ਼ਹਿਰਪਨਾਹ ਦੀ ਚਿਣਾਈ ਯਸ਼ਬ ਦੀ ਸੀ ਅਤੇ ਉਹ ਨਗਰੀ ਸਾਫ਼ ਸ਼ੀਸ਼ੇ ਦੇ ਵਾਂਗੂੰ ਸ਼ੁੱਧ ਸੋਨੇ ਦੀ ਸੀ। ਉਸ ਨਗਰੀ ਦੀ ਸ਼ਹਿਰਪਨਾਹ ਦੀਆਂ ਨੀਹਾਂ ਹਰ ਪਰਕਾਰ ਦੇ ਜਵਾਹਰ ਨਾਲ ਜੜੀਆਂ ਹੋਈਆਂ ਸਨ। ਪਹਿਲੀ ਨੀਂਹ ਯਸ਼ਬ ਦੀ ਸੀ, ਦੂਜੀ ਨੀਲਮ ਦੀ, ਤੀਜੀ ਦੁਧੀਯਾ ਅਕੀਕ ਦੀ, ਚੌਥੀ ਪੰਨੇ ਦੀ। ਪੰਜਵੀਂ ਸੁਲੇਮਾਨੀ ਦੀ, ਛੇਵੀਂ ਲਾਲ ਅਕੀਕ ਦੀ, ਸੱਤਵੀਂ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ, ਨੌਵੀਂ ਸੁਨਹਿਲੇ ਦੀ, ਦਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਕਰਨ ਦੀ, ਬਾਰ੍ਹਵੀਂ ਕਟਹਲੇ ਦੀ। ਅਤੇ ਬਾਰਾਂ ਦਰਵਾਜ਼ੇ ਬਾਰਾਂ ਮੋਤੀ ਸਨ। ਇੱਕ-ਇੱਕ ਦਰਵਾਜ਼ਾ ਇੱਕ-ਇੱਕ ਮੋਤੀ ਦਾ ਸੀ, ਅਤੇ ਉਸ ਨਗਰੀ ਦਾ ਚੌਂਕ ਨਿਰਮਲ ਸ਼ੀਸ਼ੇ ਵਰਗਾ ਸ਼ੁੱਧ ਸੋਨੇ ਦਾ ਸੀ। ਮੈਂ ਉਸ ਵਿੱਚ ਕੋਈ ਹੈਕਲ ਨਾ ਵੇਖੀ ਕਿਉਂ ਜੋ ਪ੍ਰਭੂ ਪਰਮੇਸ਼ੁਰ ਸਰਬ ਸ਼ਕਤੀਮਾਨ ਅਤੇ ਲੇਲਾ ਉਹ ਦੀ ਹੈਕਲ ਹੈ। ਅਤੇ ਉਸ ਨਗਰੀ ਨੂੰ ਸੂਰਜ ਦੀ ਕੁਝ ਲੋੜ ਨਹੀਂ, ਨਾ ਚੰਦਰਮਾ ਦੀ ਕਿ ਉਹ ਉਸ ਉੱਤੇ ਚਮਕਣ ਕਿਉਂ ਜੋ ਪਰਮੇਸ਼ੁਰ ਦੇ ਤੇਜ ਨੇ ਉਹ ਨੂੰ ਚਾਨਣ ਕੀਤਾ ਅਤੇ ਲੇਲਾ ਉਹ ਦੀ ਜੋਤ ਹੈ। ਅਤੇ ਕੌਮਾਂ ਉਹ ਦੇ ਚਾਨਣ ਦੇ ਆਸਰੇ ਫਿਰਨਗੀਆਂ ਅਤੇ ਧਰਤੀ ਦੇ ਰਾਜੇ ਆਪਣਾ ਪ੍ਰਤਾਪ ਉਸ ਵਿੱਚ ਲਿਆਉਣਗੇ। ਅਤੇ ਉਹ ਦੇ ਦਰਵਾਜ਼ੇ ਦਿਨ ਨੂੰ ਕਦੇ ਬੰਦ ਨਾ ਹੋਣਗੇ ਕਿਉਂ ਜੋ ਰਾਤ ਤਾਂ ਉੱਥੇ ਹੋਣੀ ਹੀ ਨਹੀਂ। ਅਤੇ ਉਹ ਕੌਮਾਂ ਦਾ ਪ੍ਰਤਾਪ ਅਤੇ ਮਾਣ ਉਸ ਵਿੱਚ ਲਿਆਉਣਗੇ। ਪਰ ਕੋਈ ਅਪਵਿੱਤਰ ਵਸਤ ਜਾਂ ਕੋਈ ਘਿਣਾਉਣੇ ਕੰਮ ਕਰਨ ਵਾਲਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ ਪਰ ਕੇਵਲ ਉਹ ਜਿਹਨਾਂ ਦੇ ਨਾਮ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.