Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

ਜ਼ਬੂਰ 84

ਪਰਮੇਸ਼ੁਰ ਦੇ ਭਵਨ ਦੀ ਚਾਹਤ

ਪ੍ਰਧਾਨ ਵਜਾਉਣ ਵਾਲੇ ਦੇ ਲਈ ਗਿਤੀਥ ਰਾਗ ਵਿੱਚ ਕੋਰਹ ਵੰਸ਼ੀਆਂ ਦਾ ਭਜਨ।

ਹੇ ਸੈਨਾਂ ਦੇ ਯਹੋਵਾਹ, ਤੇਰੇ ਡੇਰੇ ਕਿਹੇ ਪ੍ਰੇਮ ਰੱਤੇ ਹਨ!

ਮੇਰਾ ਜੀਅ ਯਹੋਵਾਹ ਦੀਆਂ ਦਰਗਾਹਾਂ ਲਈ ਤਰਸਦਾ ਸਗੋਂ ਖੁੱਸਦਾ ਜਾਂਦਾ ਹੈ,

ਮੇਰਾ ਤਨ-ਮਨ ਜਿਉਂਦੇ ਪਰਮੇਸ਼ੁਰ ਲਈ ਜੈਕਾਰਾ ਗਜਾਉਂਦਾ ਹੈ!

ਹੇ ਸੈਨਾਂ ਦੇ ਯਹੋਵਾਹ, ਮੇਰੇ ਪਾਤਸ਼ਾਹ ਅਤੇ ਮੇਰੇ ਪਰਮੇਸ਼ੁਰ, ਤੇਰੀਆਂ ਜਗਵੇਦੀਆਂ ਵਿੱਚ ਚਿੜ੍ਹੀ ਨੇ ਆਪਣੇ ਲਈ ਘਰ

ਅਤੇ ਬਾਲਕਟਾਰੇ ਨੇ ਆਪਣੇ ਬੋਟਾਂ ਨੂੰ ਰੱਖਣ ਲਈ ਆਲ੍ਹਣਾ ਪਾਇਆ ਹੈ।

ਧੰਨ ਓਹ ਹਨ ਜਿਹੜੇ ਭਵਨ ਵਿੱਚ ਵੱਸਦੇ ਹਨ,

ਓਹ ਨਿੱਤ ਤੇਰੀ ਉਸਤਤ ਕਰਨਗੇ! ਸਲਹ।

ਧੰਨ ਓਹ ਆਦਮੀ ਹੈ ਜਿਹ ਦਾ ਬਲ ਤੇਰੀ ਵੱਲੋਂ ਹੈ,

ਜਿਹ ਦੇ ਮਨ ਵਿੱਚ ਤੇਰੇ ਮਾਰਗ ਹਨ!

ਓਹ ਬਾਕਾ ਦੀ ਵਾਦੀ ਦੇ ਵਿੱਚ ਦੀ ਲੰਘਦਿਆਂ, ਉੱਥੇ ਪਾਣੀ ਦੇ ਚਸ਼ਮੇ ਵਗਾ ਦਿੰਦੇ ਹਨ,

ਸਗੋਂ ਪਹਿਲਾਂ ਮੀਂਹ ਉਸ ਨੂੰ ਬਰਕਤਾਂ ਨਾਲ ਢੱਕ ਲੈਂਦਾ ਹੈ।

ਓਹ ਬਲ ਤੇ ਬਲ ਪਾਉਂਦੇ ਚਲੇ ਜਾਂਦੇ ਹਨ,

ਉਨ੍ਹਾਂ ਵਿੱਚੋਂ ਹਰੇਕ ਸੀਯੋਨ ਵਿੱਚ ਪਰਮੇਸ਼ੁਰ ਅੱਗੇ ਵਿਖਾਈ ਦਿੰਦਾ ਹੈ।

ਹੇ ਯਹੋਵਾਹ ਸੈਨਾਂ ਦੇ ਪਰਮੇਸ਼ੁਰ, ਮੇਰੀ ਬੇਨਤੀ ਸੁਣ,

ਹੇ ਯਾਕੂਬ ਦੇ ਪਰਮੇਸ਼ੁਰ, ਆਪਣਾ ਕੰਨ ਲਾ! ਸਲਹ।

ਹੇ ਸਾਡੀ ਢਾਲ਼, ਵੇਖ, ਹੇ ਪਰਮੇਸ਼ੁਰ,

ਆਪਣੇ ਮਸੀਹ ਦੇ ਮੁੱਖੜੇ ਵੱਲ ਧਿਆਨ ਕਰ!

ਤੇਰੀ ਦਰਗਾਹ ਵਿੱਚ ਤਾਂ ਇੱਕ ਦਿਨ ਹਜ਼ਾਰ ਦਿਨਾਂ ਨਾਲੋਂ ਚੰਗਾ ਹੈ,

ਮੈਂ ਪਰਮੇਸ਼ੁਰ ਦੇ ਭਵਨ ਦਾ ਰਾਖ਼ਾ ਬਣਨਾ ਦੁਸ਼ਟਾਂ ਦੇ

ਤੰਬੂ ਵਿੱਚ ਵੱਸਣ ਨਾਲੋਂ ਪਸੰਦ ਕਰਦਾ ਹਾਂ।

ਯਹੋਵਾਹ ਪਰਮੇਸ਼ੁਰ ਇੱਕ ਸੂਰਜ ਤੇ ਇੱਕ ਢਾਲ਼ ਹੈ,

ਯਹੋਵਾਹ ਦਯਾ ਅਤੇ ਤੇਜ ਦੇਵੇਗਾ,

ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ

ਕੋਈ ਚੰਗੀ ਚੀਜ਼ ਨਹੀਂ ਰੋਕੇਗਾ।

ਹੇ ਸੈਨਾਂ ਦੇ ਯਹੋਵਾਹ,

ਧੰਨ ਹੈ ਉਹ ਆਦਮੀ ਜਿਹੜਾ ਤੇਰੇ ਉੱਤੇ ਭਰੋਸਾ ਰੱਖਦਾ ਹੈ!

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.