Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

ਜ਼ਬੂਰ 5

ਸੁਰੱਖਿਆ ਦੇ ਲਈ ਪ੍ਰਾਰਥਨਾ

ਪ੍ਰਧਾਨ ਵਜਾਉਣ ਵਾਲੇ ਦੇ ਲਈ: ਬੰਸਰੀਆਂ ਦੇ ਨਾਲ। ਦਾਊਦ ਦਾ ਭਜਨ।

ਹੇ ਯਹੋਵਾਹ, ਮੇਰੀਆਂ ਗੱਲਾਂ ਵੱਲ ਕੰਨ ਲਾ,

ਅਤੇ ਮੇਰੀ ਹੂੰਗਣ ਉੱਤੇ ਧਿਆਨ ਕਰ।

ਹੇ ਮੇਰੇ ਪਾਤਸ਼ਾਹ, ਹੇ ਮੇਰੇ ਪਰਮੇਸ਼ੁਰ ਮੇਰੀ ਦੁਹਾਈ ਦੀ ਅਵਾਜ਼ ਸੁਣ,

ਕਿਉਂ ਜੋ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।

ਹੇ ਯਹੋਵਾਹ, ਤੂੰ ਅੰਮ੍ਰਿਤ ਵੇਲੇ ਮੇਰੀ ਅਵਾਜ਼ ਸੁਣੇਗਾ,

ਅੰਮ੍ਰਿਤ ਵੇਲੇ ਮੈਂ ਤੇਰੇ ਅੱਗੇ ਆਪਣੀ ਬੇਨਤੀ ਰੱਖਾਂਗਾ ਅਤੇ ਤੇਰੀ ਉਡੀਕ ਕਰਾਂਗਾ।

ਕਿਉਂਕਿ ਤੂੰ ਅਜਿਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾਈ ਤੋਂ ਪਰਸੰਨ ਹੋਵੇਂ,

ਬਦੀ ਤੇਰੇ ਨਾਲ ਰਹਿ ਨਹੀਂ ਸਕਦੀ।

ਘਮੰਡੀ ਤੇਰੀਆਂ ਅੱਖਾਂ ਅੱਗੇ ਖੜ੍ਹੇ ਨਹੀਂ ਹੋ ਸਕਦੇ,

ਤੂੰ ਸਾਰਿਆਂ ਬਦਕਾਰਾਂ ਨਾਲ ਵੈਰ ਰੱਖਦਾ ਹੈਂ।

ਤੂੰ ਝੂਠ ਮਾਰਨ ਵਾਲਿਆਂ ਦਾ ਨਾਸ ਕਰਦਾ ਹੈਂ।

ਯਹੋਵਾਹ ਖੂਨੀ ਅਤੇ ਛਲੀਏ ਤੋਂ ਘਿਣ ਕਰਦਾ ਹੈ।

ਪਰ ਮੈਂ ਤੇਰੀ ਵੱਡੀ ਦਯਾ ਦੇ ਕਾਰਨ ਤੇਰੇ ਭਵਨ ਵਿੱਚ ਆਵਾਂਗਾ,

ਮੈਂ ਤੇਰਾ ਭੈਅ ਮੰਨ ਕੇ ਤੇਰੀ ਪਵਿੱਤਰ ਹੈਕਲ ਵਿੱਚ ਮੱਥਾ ਟੇਕਾਂਗਾ।

ਹੇ ਯਹੋਵਾਹ, ਮੇਰੇ ਘਾਤੀਆਂ ਦੇ ਕਾਰਨ ਆਪਣੇ ਧਰਮ ਵਿੱਚ ਮੇਰੀ ਅਗਵਾਈ ਕਰ,

ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ,

ਕਿਉਂ ਜੋ ਉਹਨਾਂ ਦੇ ਮੂੰਹ ਵਿੱਚ ਕੋਈ ਸਚਿਆਈ ਨਹੀਂ,

ਉਹਨਾਂ ਦਾ ਮਨ ਤਬਾਹੀ ਨਾਲ ਭਰਿਆ ਹੈ,

ਉਹਨਾਂ ਦਾ ਸੰਘ ਖੁੱਲੀ ਹੋਈ ਕਬਰ ਹੈ,

ਉਹ ਆਪਣੀਆਂ ਜੀਭਾਂ ਨਾਲ ਵਲ-ਛਲ ਕਰਦੇ ਹਨ।

ਹੇ ਪਰਮੇਸ਼ੁਰ, ਤੂੰ ਉਹਨਾਂ ਨੂੰ ਦੋਸ਼ੀ ਠਹਿਰਾ,

ਉਹ ਆਪਣੀਆਂ ਯੋਜਨਾਵਾਂ ਦੇ ਕਾਰਨ ਡਿੱਗ ਪੈਣ,

ਉਹਨਾਂ ਦੇ ਅਪਰਾਧਾਂ ਦੇ ਬਹੁਤ ਹੋਣ ਕਾਰਨ ਉਹਨਾਂ ਨੂੰ ਕੱਢ ਦੇ,

ਕਿਉਂ ਜੋ ਉਹ ਤੇਰੇ ਵਿਰੁੱਧ ਵਿਦਰੋਹ ਕਰਦੇ ਹਨ।

ਪਰ ਸਭ ਜੋ ਤੇਰੀ ਸ਼ਰਨ ਆਏ ਹਨ ਅਨੰਦ ਹੋਣ,

ਉਹ ਸਦਾ ਜੈ-ਜੈਕਾਰ ਕਰਨ ਕਿ ਤੂੰ ਉਹਨਾਂ ਨੂੰ ਬਚਾਉਂਦਾ ਹੈਂ,

ਅਤੇ ਤੇਰੇ ਨਾਮ ਦੇ ਪ੍ਰੇਮੀ ਤੇਰੇ ਤੋਂ ਬਾਗ-ਬਾਗ ਹੋਣ।

ਹੇ ਯਹੋਵਾਹ, ਤੂੰ ਤਾਂ ਧਰਮੀ ਨੂੰ ਬਰਕਤ ਦੇਵੇਂਗਾ

ਅਤੇ ਆਪਣੀ ਕਿਰਪਾ ਦੀ ਢਾਲ਼ ਨਾਲ ਤੂੰ ਉਹ ਨੂੰ ਘੇਰੀਂ ਰੱਖੇਂਗਾ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.