ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਜ਼ਬੂਰ 122
ਯਰੂਸ਼ਲਮ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ
ਦਾਊਦ ਦਾ ਯਾਤਰਾ ਦਾ ਗੀਤ
ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ,
ਆਓ ਯਹੋਵਾਹ ਦੇ ਘਰ ਨੂੰ ਚੱਲੀਏ!
ਹੇ ਯਰੂਸ਼ਲਮ, ਸਾਡੇ ਪੈਰ
ਤੇਰੇ ਫਾਟਕਾਂ ਦੇ ਅੰਦਰ ਖੜ੍ਹੇ ਹਨ।
ਹੇ ਯਰੂਸ਼ਲਮ ਤੂੰ ਅਜਿਹੇ ਸ਼ਹਿਰ ਵਰਗਾ ਹੈ
ਜਿਸ ਦੇ ਘਰ ਇੱਕ ਦੂਜੇ ਨਾਲ ਮਿਲੇ ਹੋਏ ਹਨ,
ਜਿੱਥੇ ਗੋਤ, ਹਾਂ, ਯਹੋਵਾਹ ਦੇ ਗੋਤ ਇਸਰਾਏਲ ਦੀ ਸਾਖੀ ਦੇਣ ਲਈ ਚੜ੍ਹ ਜਾਂਦੇ ਹਨ,
ਤਾਂ ਜੋ ਓਹ ਯਹੋਵਾਹ ਦੇ ਨਾਮ ਦਾ ਧੰਨਵਾਦ ਕਰਨ।
ਉੱਥੇ ਤਾਂ ਨਿਆਂ ਲਈ ਸਿੰਘਾਸਣ,
ਦਾਊਦ ਦੇ ਘਰਾਣੇ ਦੇ ਸਿੰਘਾਸਣ ਰੱਖੇ ਹੋਏ ਹਨ।
ਯਰੂਸ਼ਲਮ ਦੀ ਸਲਾਮਤੀ ਮੰਗੋ,
ਤੇਰੇ ਪ੍ਰੇਮੀ ਨਿਹਾਲ ਹੋਣਗੇ।
ਤੇਰੀ ਸ਼ਹਿਰਪਨਾਹ ਦੇ ਅੰਦਰ ਸਲਾਮਤੀ ਹੋਵੇ,
ਤੇਰੇ ਮਹਿਲਾਂ ਵਿੱਚ ਖੁਸ਼ਹਾਲੀ ਨਿਹਾਲਤਾ!
ਮੈਂ ਆਪਣੇ ਭਰਾਵਾਂ ਤੇ ਗੁਆਂਢੀਆਂ ਦੇ ਕਾਰਨ ਆਖਾਂਗਾ,
ਤੇਰੀ ਸਲਾਮਤੀ ਹੋਵੇ!
ਸਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਦੇ ਕਾਰਨ,
ਮੈਂ ਤੇਰੀ ਭਲਿਆਈ ਦਾ ਖੋਜੀ ਹੋਵਾਂਗਾ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.