ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਜ਼ਬੂਰ 119
ਪਰਮੇਸ਼ੁਰ ਦੀ ਬਿਵਸਥਾ
ਅਲਫ਼
ਧੰਨ ਓਹ ਹਨ ਜਿਹੜੇ ਨਿਰਦੋਸ਼ ਮਾਰਗ ਤੇ ਚਲਦੇ ਹਨ,
ਜਿਹੜੇ ਯਹੋਵਾਹ ਦੀ ਬਿਵਸਥਾ ਅਨੁਸਾਰ ਚੱਲਦੇ ਹਨ!
ਧੰਨ ਓਹ ਹਨ ਜਿਹੜੇ ਇਹ ਦੀਆਂ ਸਾਖੀਆਂ ਨੂੰ ਮੰਨਦੇ,
ਅਤੇ ਤਨੋ ਮਨੋ ਉਹ ਨੂੰ ਭਾਲਦੇ ਹਨ!
ਓਹ ਤਾਂ ਬਦੀ ਨਹੀਂ ਕਰਦੇ,
ਓਹ ਉਸ ਦੇ ਰਾਹਾਂ ਵਿੱਚ ਚੱਲਦੇ ਹਨ।
ਤੂੰ ਸਾਨੂੰ ਆਪਣੇ ਫ਼ਰਮਾਨਾਂ ਦਾ ਹੁਕਮ ਦਿੱਤਾ,
ਕਿ ਅਸੀਂ ਮਨ ਲਾ ਕੇ ਉਨ੍ਹਾਂ ਦੀ ਪਾਲਣਾ ਕਰੀਏ।
ਕਾਸ਼ ਕਿ
ਮੇਰੀ ਚਾਲ ਤੇਰੀਆਂ ਬਿਧੀਆਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ!
ਜਦ ਮੈਂ ਤੇਰੇ ਹੁਕਮਾਂ ਉੱਤੇ ਗੌਰ ਕਰਾਂਗਾ,
ਤਦ ਮੈਂ ਲੱਜਿਆਵਾਨ ਨਾ ਹੋਵਾਂਗਾ।
ਜਦ ਮੈਂ ਤੇਰਿਆਂ ਸੱਚਿਆਂ ਨਿਆਂਵਾਂ ਨੂੰ ਸਿੱਖ ਲਵਾਂਗਾ,
ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ।
ਮੈਂ ਤੇਰੀਆਂ ਬਿਧੀਆਂ ਦੀ ਪਾਲਣਾ ਕਰਾਂਗਾ,
ਤੂੰ ਮੈਨੂੰ ਮੂਲੋਂ ਹੀ ਤਿਆਗ ਨਾ ਦੇ!
ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣਾ
ਬੇਥ
ਜੁਆਨ ਕਿੱਦਾਂ ਆਪਣੀ ਚਾਲ ਨੂੰ ਸੁੱਧ ਰੱਖੇ?
ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ।
ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਭਾਲਿਆ ਹੈ,
ਆਪਣੇ ਹੁਕਮਾਂ ਤੋਂ ਮੈਨੂੰ ਭਟਕਣ ਨਾ ਦੇ!
ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾਂ ਕਰ ਲਿਆ,
ਤਾਂ ਜੋ ਤੇਰਾ ਪਾਪ ਨਾ ਕਰਾਂ।
ਹੇ ਯਹੋਵਾਹ,
ਤੂੰ ਮੁਬਾਰਕ ਹੈਂ,
ਆਪਣੀਆਂ ਬਿਧੀਆਂ ਮੈਨੂੰ ਸਿਖਲਾ!
ਮੈਂ ਆਪਣੇ ਬੁੱਲ੍ਹਾਂ ਨਾਲ
ਤੇਰੇ ਮੂੰਹ ਦੇ ਸਾਰੇ ਨਿਆਂਵਾਂ ਦਾ ਨਿਰਣਾ ਕੀਤਾ।
ਮੈਂ ਤੇਰੀਆਂ ਸਾਖੀਆਂ ਦੇ ਰਾਹ ਵਿੱਚ ਖੁਸ਼ ਰਿਹਾ,
ਜਿਵੇਂ ਸਾਰੀ ਦੌਲਤ ਉੱਤੇ।
ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਹੋਵਾਂਗਾ,
ਅਤੇ ਤੇਰੇ ਮਾਰਗਾਂ ਉੱਤੇ ਗੌਰ ਕਰਾਂਗਾ।
ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ,
ਮੈਂ ਤੇਰੇ ਬਚਨ ਨੂੰ ਨਹੀਂ ਵਿਸਰਾਂਗਾ।
ਪਰਮੇਸ਼ੁਰ ਦੀ ਬਿਵਸਥਾ ਦੇ ਵਿੱਚ ਅਨੰਦ
ਗਿਮਲ
ਆਪਣੇ ਸੇਵਕ ਉੱਤੇ ਉਪਕਾਰ ਕਰ ਕਿ ਮੈਂ ਜਿਉਂਦਾ ਰਹਾਂ,
ਤੇ ਤੇਰੇ ਬਚਨ ਦੀ ਪਾਲਣਾ ਕਰਾਂ।
ਮੇਰੀਆਂ ਅੱਖਾਂ ਖੋਲ੍ਹ,
ਕਿ ਮੈਂ ਤੇਰੀ ਬਿਵਸਥਾ ਦੀਆਂ ਅਚਰਜ਼ ਗੱਲਾਂ ਨੂੰ ਵੇਖਾਂ!
ਮੈਂ ਧਰਤੀ ਉੱਤੇ ਪਰਦੇਸੀ ਹਾਂ,
ਆਪਣੇ ਹੁਕਮ ਮੈਥੋਂ ਗੁਪਤ ਨਾ ਰੱਖ।
ਮੇਰੀ ਜਾਨ ਹਰ ਵੇਲੇ ਤੇਰਿਆਂ ਨਿਆਂਵਾਂ ਦੀ ਤਾਂਘ ਵਿੱਚ ਟੁੱਟਦੀ ਹੈ।
ਮੈਂ ਸਰਾਪੀ ਹੰਕਾਰੀਆਂ ਨੂੰ ਵਰਜਿਆ ਹੈ,
ਜਿਹੜੇ ਤੇਰੇ ਹੁਕਮਾਂ ਤੋਂ ਭੁੱਲੇ ਫਿਰਦੇ ਹਨ।
ਮੇਰੇ ਉੱਤੋਂ ਨਿੰਦਿਆ ਤੇ ਨਫ਼ਰਤ ਦੂਰ ਕਰ,
ਕਿਉਂ ਜੋ ਮੈਂ ਤੇਰੀਆਂ ਸਾਖੀਆਂ ਨੂੰ ਸੰਭਾਲਿਆ ਹੈ!
ਸਰਦਾਰਾਂ ਨੇ ਵੀ ਬਹਿ ਕੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਹਨ,
ਪਰ ਤੇਰਾ ਸੇਵਕ ਤੇਰੀਆਂ ਬਿਧੀਆਂ ਵਿੱਚ ਲੀਨ ਰਹੇਗਾ।
ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ,
ਅਤੇ ਮੇਰੇ ਲਈ ਸਲਾਹਕਾਰ ਹਨ।
ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣ ਦਾ ਸੰਕਲਪ
ਦਾਲਥ
ਮੇਰੀ ਜਾਨ ਖਾਕ ਵਿੱਚ ਰਲ ਗਈ ਹੈ,
ਆਪਣੇ ਬਚਨ ਦੇ ਅਨੁਸਾਰ ਮੈਨੂੰ ਜਿਵਾਲ!
ਮੈਂ ਆਪਣੀ ਚਾਲ ਨੂੰ ਪਰਗਟ ਕੀਤਾ ਅਤੇ ਤੂੰ ਮੈਨੂੰ ਉੱਤਰ ਦਿੱਤਾ,
ਆਪਣੀਆਂ ਬਿਧੀਆਂ ਮੈਨੂੰ ਸਿਖਲਾ!
ਆਪਣੇ ਫ਼ਰਮਾਨਾਂ ਦਾ ਰਾਹ ਮੈਨੂੰ ਸਮਝਾ,
ਤਾਂ ਮੈਂ ਤੇਰੇ ਅਚਰਜ਼ ਸਿਖਿਆਵਾਂ1 ਉੱਤੇ ਧਿਆਨ ਲਾਵਾਂਗਾ।
ਮੇਰੀ ਜਾਨ ਉਦਾਸੀ ਦੇ ਕਾਰਨ ਢੱਲ਼ ਗਈ ਹੈ,
ਆਪਣੇ ਬਚਨ ਦੇ ਅਨੁਸਾਰ ਮੈਨੂੰ ਦ੍ਰਿੜ੍ਹ ਕਰ!
ਝੂਠ ਦਾ ਰਾਹ ਮੈਥੋਂ ਦੂਰ ਕਰ,
ਅਤੇ ਆਪਣੀ ਬਿਵਸਥਾ ਦਯਾ ਨਾਲ ਮੈਨੂੰ ਬਖਸ਼ ਦੇ!
ਮੈਂ ਵਫ਼ਾਦਾਰੀ ਦਾ ਰਾਹ ਚੁਣ ਲਿਆ ਹੈ,
ਮੈਂ ਤੇਰਿਆਂ ਨਿਆਂਵਾਂ ਨੂੰ ਆਪਣੇ ਸਨਮੁਖ ਰੱਖਿਆ।
ਮੈਂ ਤੇਰੀਆਂ ਸਾਖੀਆਂ ਨੂੰ ਫੜ ਛੱਡਿਆ ਹੈ,
ਹੇ ਯਹੋਵਾਹ,
ਮੈਨੂੰ ਲੱਜਿਆਵਾਨ ਨਾ ਕਰ!
ਜਦ ਤੂੰ ਮੇਰੇ ਮਨ ਨੂੰ ਵਧਾਵੇਂਗਾ,
ਤਦ ਮੈ ਤੇਰੇ ਹੁਕਮਾਂ ਦੇ ਮਾਰਗ ਉੱਤੇ ਦੌੜਿਆ ਜਾਂਵਾਂਗਾ!
ਸਮਝ ਦੇ ਲਈ ਪ੍ਰਾਰਥਨਾ
ਹੇ
ਹੇ ਯਹੋਵਾਹ,
ਤੂੰ ਆਪਣੀਆਂ ਬਿਧੀਆਂ ਦਾ ਰਾਹ ਮੈਨੂੰ ਸਿਖਲਾ,
ਤਾਂ ਮੈਂ ਅੰਤ ਤੱਕ ਉਹ ਨੂੰ ਸੰਭਾਲੀ ਰੱਖਾਂਗਾ।
ਮੈਨੂੰ ਸਮਝ ਦੇ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ,
ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਣਾ ਕਰਾਂਗਾ।
ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ,
ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ!
ਆਪਣੀਆਂ ਸਾਖੀਆਂ ਵੱਲ ਮੇਰਾ ਦਿਲ ਮੋੜ,
ਨਾ ਕਿ ਲੋਭ ਵੱਲ,
ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇ,
ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ!
ਆਪਣੇ ਬਚਨ ਨੂੰ ਆਪਣੇ ਸੇਵਕ ਲਈ ਕਾਇਮ ਰੱਖ,
ਜਿਹੜਾ ਤੇਰੇ ਭੈਅ ਮੰਨਣ ਵਾਲਿਆਂ ਦੇ ਲਈ ਹੈ।
ਮੇਰੀ ਨਿੰਦਿਆ ਨੂੰ ਜਿਸ ਤੋਂ ਮੈਂ ਡਰਦਾ ਹਾਂ ਮੈਥੋਂ ਲੰਘਾ ਦੇ,
ਤੇਰੇ ਨਿਆਂ ਭਲੇ ਹਨ!
ਵੇਖ, ਤੇਰੇ ਫ਼ਰਮਾਨਾਂ ਲਈ ਲੋਚਿਆ ਹੈ,
ਆਪਣੇ ਧਰਮ ਵਿੱਚ ਮੈਨੂੰ ਜਿਵਾਲ!
ਪਰਮੇਸ਼ੁਰ ਦੀ ਬਿਵਸਥਾ ਉੱਤੇ ਭਰੋਸਾ
ਵਾਵ
ਹੇ ਯਹੋਵਾਹ,
ਤੇਰੀ ਦਯਾ ਮੇਰੇ ਉੱਤੇ ਆਵੇ,
ਤੇਰਾ ਬਚਾਓ ਵੀ ਤੇਰੇ ਬਚਨ ਅਨੁਸਾਰ!
ਤਾਂ ਮੈ ਆਪਣੀ ਨਿੰਦਿਆ ਕਰਨ ਵਾਲੇ ਨੂੰ ਉੱਤਰ ਦਿਆਂਗਾ,
ਕਿਉਂ ਜੋ ਮੈਂ ਤੇਰੇ ਬਚਨ ਉੱਤੇ ਭਰੋਸਾ ਰੱਖਦਾ ਹਾਂ,
ਅਤੇ ਮੇਰੇ ਮੂੰਹੋਂ ਸਚਿਆਈ ਦਾ ਬਚਨ ਮੂਲੋਂ ਹੀ ਖੋਹ ਨਾ ਲੈ,
ਕਿਉਂ ਜੋ ਤੇਰੇ ਨਿਆਂਵਾਂ ਉੱਤੇ ਮੇਰੀ ਆਸ ਹੈ,
ਤਾਂ ਮੈ ਤੇਰੀ ਬਿਵਸਥਾ ਦੀ ਹਰ ਵੇਲੇ ਸਦਾ ਤੱਕ ਪਾਲਣਾ ਕਰਾਂਗਾ,
ਅਤੇ ਮੈਂ ਖੁੱਲਮਖੁੱਲਾ ਚੱਲਦਾ ਫਿਰਾਂਗਾ,
ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ।
ਮੈਂ ਪਾਤਸ਼ਾਹਾਂ ਦੇ ਸਨਮੁਖ ਤੇਰੀਆਂ ਸਾਖੀਆਂ ਦਾ ਚਰਚਾ ਕਰਾਂਗਾ,
ਅਤੇ ਲੱਜਿਆਵਾਨ ਨਾ ਹੋਵਾਂਗਾ।
ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ,
ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ।
ਮੈਂ ਤੇਰੇ ਹੁਕਮਾਂ ਵੱਲ ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ ਆਪਣੇ ਹੱਥ ਅੱਡਾਂਗਾ,
ਅਤੇ ਤੇਰੀਆਂ ਬਿਧੀਆਂ ਵਿੱਚ ਲੀਨ ਹੋਵਾਂਗਾ।
ਪਰਮੇਸ਼ੁਰ ਦੀ ਬਿਵਸਥਾ ਵਿੱਚ ਆਸ
ਜ਼ਾਇਨ
ਆਪਣੇ ਸੇਵਕ ਲਈ ਉਹ ਬਚਨ ਚੇਤੇ ਕਰ,
ਜਿਹ ਦੇ ਉੱਤੇ ਤੂੰ ਮੈਨੂੰ ਆਸ ਦੁਆਈ ਹੈ!
ਇਹ ਹੀ ਮੇਰੇ ਦੁੱਖ ਵਿੱਚ ਮੇਰੀ ਤਸੱਲੀ ਹੈ,
ਕਿ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ।
ਹੰਕਾਰੀਆਂ ਨੇ ਮੈਨੂੰ ਠੱਠੇ ਵਿੱਚ ਬਹੁਤ ਉਡਾਇਆ ਹੈ,
ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁੱਖ ਨਾ ਹੋਇਆ।
ਹੇ ਯਹੋਵਾਹ, ਮੈਂ ਤੇਰੇ ਪ੍ਰਾਚੀਨ ਨਿਆਂਵਾਂ ਨੂੰ ਚੇਤੇ ਰੱਖਿਆ ਹੈ,
ਅਤੇ ਮੈਨੂੰ ਦਿਲਾਸਾ ਮਿਲਿਆ।
ਮੇਰਾ ਗੁੱਸਾ ਭੱਖ ਉੱਠਿਆ ਹੈ,
ਕਿ ਦੁਸ਼ਟ ਤੇਰੀ ਬਿਵਸਥਾ ਨੂੰ ਤਿਆਗ ਦਿੰਦੇ ਹਨ।
ਤੇਰੀਆਂ ਬਿਧੀਆਂ ਮੇਰੇ ਮੁਸਾਫ਼ਰੀ ਦੇ ਘਰ ਵਿੱਚ ਮੇਰੇ ਭਜਨ ਸਨ।
ਹੇ ਯਹੋਵਾਹ,
ਮੈਂ ਰਾਤੀਂ ਤੇਰੇ ਨਾਮ ਨੂੰ ਚੇਤੇ ਕੀਤਾ ਹੈ,
ਅਤੇ ਤੇਰੀ ਬਿਵਸਥਾ ਦੀ ਪਾਲਣਾ ਕੀਤੀ
ਇਹ ਮੈਨੂੰ ਇਸ ਲਈ ਹੋਇਆ,
ਕਿ ਮੈਂ ਤੇਰੇ ਫ਼ਰਮਾਨਾਂ ਨੂੰ ਸੰਭਾਲਿਆ ਹੈ।
ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰਤੀ ਭਗਤੀ
ਖੇਥ
ਯਹੋਵਾਹ ਮੇਰਾ ਭਾਗ ਹੈ,
ਮੈਂ ਆਖਿਆ, ਮੈਂ ਤੇਰਿਆਂ ਬਚਨਾਂ ਦੀ ਪਾਲਣਾ ਕਰਾਂਗਾ।
ਮੈਂ ਆਪਣੇ ਸਾਰੇ ਦਿਲ ਨਾਲ ਤੇਰੇ ਦਰਸ਼ਣ ਲਈ ਬੇਨਤੀ ਕੀਤੀ ਹੈ,
ਆਪਣੇ ਬਚਨ ਅਨੁਸਾਰ ਮੇਰੇ ਉੱਤੇ ਕਿਰਪਾ ਕਰ।
ਮੈਂ ਆਪਣੇ ਚਾਲ-ਚਲਣ ਨੂੰ ਸੋਚਿਆ,
ਅਤੇ ਆਪਣੇ ਪੈਰ ਤੇਰੀਆਂ ਸਾਖੀਆਂ ਵੱਲ ਫੇਰੇ ਹਨ।
ਮੈਂ ਛੇਤੀ ਕੀਤੀ ਅਤੇ ਢਿੱਲ ਨਾ ਲਾਈ,
ਕਿ ਤੇਰੇ ਹੁਕਮਾਂ ਦੀ ਪਾਲਣਾ ਕਰਾਂ।
ਦੁਸ਼ਟਾਂ ਦੇ ਬੰਨਾਂ ਨੇ ਮੈਨੂੰ ਵਲ ਲਿਆ,
ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ।
ਤੇਰੇ ਧਰਮ ਦਿਆਂ ਨਿਆਂਵਾਂ ਦੇ ਕਾਰਨ,
ਅੱਧੀ ਰਾਤ ਨੂੰ ਮੈਂ ਉੱਠ ਕੇ ਤੇਰਾ ਧੰਨਵਾਦ ਕਰਾਂਗਾ।
ਮੈਂ ਉਨ੍ਹਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ ਭੈਅ ਰੱਖਦੇ ਹਨ,
ਅਤੇ ਤੇਰੇ ਫ਼ਰਮਾਨਾਂ ਦੀ ਪਾਲਣਾ ਕਰਦੇ ਹਨ।
ਹੇ ਯਹੋਵਾਹ, ਧਰਤੀ ਤੇਰੀ ਦਯਾ ਨਾਲ ਭਰੀ ਹੋਈ ਹੈ,
ਆਪਣੀਆਂ ਬਿਧੀਆਂ ਮੈਨੂੰ ਸਿਖਲਾ!
ਪਰਮੇਸ਼ੁਰ ਦੀ ਬਿਵਸਥਾ ਦਾ ਮੁੱਲ
ਟੇਥ
ਆਪਣੇ ਸੇਵਕ ਨਾਲ ਤੂੰ ਭਲਿਆਈ ਕੀਤੀ ਹੈ,
ਹੇ ਯਹੋਵਾਹ,
ਆਪਣੇ ਬਚਨ ਅਨੁਸਾਰ
ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ,
ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਨਿਹਚਾ ਕੀਤੀ ਹੈ।
ਮੇਰੇ ਦੁਖੀ ਹੋਣ ਤੋਂ ਪਹਿਲਾਂ ਮੈਂ ਭੁੱਲਿਆ ਫਿਰਦਾ ਸੀ,
ਪਰ ਹੁਣ ਮੈਂ ਤੇਰੇ ਬਚਨ ਦੀ ਪਾਲਣਾ ਕਰਦਾ ਹਾਂ।
ਤੂੰ ਭਲਾ ਹੈਂ ਅਤੇ ਭਲਿਆਈ ਕਰਦਾ ਹੈਂ,
ਆਪਣੀਆਂ ਬਿਧੀਆਂ ਮੈਨੂੰ ਸਿਖਲਾ।
ਹੰਕਾਰੀਆਂ ਨੇ ਮੇਰੇ ਉੱਤੇ ਝੂਠ ਥੱਪ ਛੱਡਿਆ ਹੈ,
ਮੈਂ ਆਪਣੇ ਸਾਰੇ ਮਨ ਨਾਲ ਤੇਰੇ ਫ਼ਰਮਾਨਾਂ ਨੂੰ ਮੰਨਾਂਗਾ।
ਉਨ੍ਹਾਂ ਦਾ ਮਨ ਚਰਬੀ ਵਰਗਾ ਮੋਟਾ ਹੈ2,
ਪਰ ਮੈਂ ਤੇਰੀ ਬਿਵਸਥਾ ਵਿੱਚ ਖੁਸ਼ ਹਾਂ।
ਮੇਰੇ ਲਈ ਭਲਾ ਕਿ ਮੈਂ ਦੁਖੀ ਹੋਇਆ,
ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਿੱਖਾਂ।
ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ
ਹਜ਼ਾਰਾਂ ਸਿੱਕਿਆਂ ਤੋਂ ਚੰਗੀ ਹੈ!
ਪਰਮੇਸ਼ੁਰ ਦੀ ਬਿਵਸਥਾ ਦਾ ਨਿਆਂ
ਯੋਧ
ਤੇਰੇ ਹੱਥਾਂ ਨੇ ਮੈਨੂੰ ਬਣਾਇਆ ਤੇ ਰਚਿਆ ਹੈ,
ਮੈਨੂੰ ਗਿਆਨ ਦੇ ਕਿ ਮੈਂ ਤੇਰੇ ਹੁਕਮਾਂ ਨੂੰ ਸਿੱਖਾਂ।
ਜਿਹੜੇ ਤੇਰਾ ਭੈਅ ਮੰਨਦੇ ਹਨ ਉਹ ਮੈਨੂੰ ਵੇਖ ਕੇ ਅਨੰਦ ਹੋਣਗੇ,
ਕਿਉਂਕਿ ਮੈਂ ਤੇਰੇ ਬਚਨ ਉੱਤੇ ਆਸਾ ਰੱਖੀ ਹੈ।
ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੇਰੇ ਨਿਆਂ ਧਰਮ ਦੇ ਹਨ,
ਸੋ ਤੂੰ ਵਫ਼ਾਦਾਰੀ ਨਾਲ ਮੈਨੂੰ ਦੁੱਖ ਦਿੱਤਾ।
ਤੇਰੀ ਦਯਾ ਮੈਨੂੰ ਸ਼ਾਂਤ ਦੇਵੇ,
ਤੇਰੇ ਬਚਨ ਅਨੁਸਾਰ ਜਿਹੜਾ ਤੇਰੇ ਸੇਵਕ ਨੂੰ ਮਿਲਿਆ।
ਤੇਰੀਆਂ ਦਿਆਲ਼ਗੀਆਂ ਮੈਨੂੰ ਮਿਲ ਜਾਣ ਕਿ ਮੈਂ ਜੀਂਉਦਾ ਰਹਾਂ,
ਕਿਉਂ ਜੋ ਮੇਰੀ ਖੁਸ਼ੀ ਤੇਰੀ ਬਿਵਸਥਾ ਵਿੱਚ ਹੈ!
ਹੰਕਾਰੀ ਸ਼ਰਮਿੰਦੇ ਹੋਣ ਕਿਉਂਕਿ ਉਨ੍ਹਾਂ ਨੇ ਝੂਠ ਨਾਲ ਮੈਨੂੰ ਡੇਗ ਦਿੱਤਾ ਹੈ,
ਪਰ ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਰਹਾਂਗਾ।
ਤੇਰੇ ਭੈਅ ਮੰਨਣ ਵਾਲੇ ਮੇਰੀ ਵੱਲ ਫਿਰਨ,
ਅਤੇ ਉਹ ਜੋ ਤੇਰੀਆਂ ਸਾਖੀਆਂ ਜਾਣਦੇ ਹਨ।
ਮੇਰਾ ਮਨ ਤੇਰੀਆਂ ਬਿਧੀਆਂ ਵਿੱਚ ਸੰਪੂਰਨ ਹੋਵੇ ਕਿ ਮੈਂ ਲੱਜਿਆਵਾਨ ਨਾ ਹੋਵਾਂ!
ਛੁਟਕਾਰੇ ਦੇ ਲਈ ਪ੍ਰਾਰਥਨਾ
ਕਾਫ਼
ਮੇਰੀ ਜਾਨ ਤੇਰੀ ਮੁਕਤੀ ਲਈ ਖੁੱਸਦੀ ਹੈ,
ਮੈਂ ਤੇਰੇ ਬਚਨ ਦੀ ਉਡੀਕ ਵਿੱਚ ਹਾਂ।
ਮੇਰੀਆਂ ਅੱਖਾਂ ਤੇਰੇ ਬਚਨ ਲਈ ਪੱਕ ਗਈਆਂ,
ਮੈਂ ਆਖਦਾ ਹਾਂ, ਤੂੰ ਮੈਨੂੰ ਕਦ ਸ਼ਾਂਤੀ ਦੇਵੇਂਗਾ?
ਮੈਂ ਤਾਂ ਧੂੰਏਂ ਵਿੱਚ ਦੀ ਮੇਸ਼ੇਕ ਵਾਂਗੂੰ ਹੋਇਆ,
ਤਾਂ ਵੀ ਤੇਰੀਆਂ ਬਿਧੀਆਂ ਨੂੰ ਮੈਂ ਨਾ ਭੁੱਲਿਆ।
ਤੇਰਾ ਸੇਵਕ ਕਦੋਂ ਤੱਕ ਤੇਰੀ ਉਡੀਕ ਕਰਦਾ ਰਹੇਗਾ?
ਤੂੰ ਕਦੋਂ ਮੇਰਾ ਪਿੱਛਾ ਕਰਨ ਵਾਲਿਆਂ ਦਾ ਨਿਆਂ ਕਰੇਂਗਾ?
ਜਿਹੜੇ ਤੇਰੀ ਬਿਵਸਥਾ ਦੇ ਅਨੁਸਾਰ ਨਹੀਂ ਚੱਲਦੇ,
ਉਨ੍ਹਾਂ ਹੰਕਾਰੀਆਂ ਨੇ ਮੇਰੇ ਲਈ ਟੋਏ ਪੁੱਟੇ।
ਤੇਰੇ ਸਾਰੇ ਹੁਕਮ ਸੱਚੇ ਹਨ,
ਉਹ ਝੂਠ ਨਾਲ ਮੇਰੇ ਪਿੱਛੇ ਪਏ ਹੋਏ ਹਨ,
ਤੂੰ ਮੇਰੀ ਸਹਾਇਤਾ ਕਰ!
ਉਹ ਧਰਤੀ ਉੱਤੋਂ ਮੈਨੂੰ ਮਿਟਾ ਦੇਣ ਨੂੰ ਸਨ,
ਪਰ ਮੈਂ ਤੇਰੇ ਫ਼ਰਮਾਨਾਂ ਨੂੰ ਨਾ ਤਿਆਗਿਆ।
ਆਪਣੀ ਦਯਾ ਦੇ ਅਨੁਸਾਰ ਮੇਰੇ ਜੀਵਨ ਨੂੰ ਸੰਭਾਲ3 ਰੱਖ,
ਤਾਂ ਮੈਂ ਤੇਰੇ ਮੂੰਹ ਦੀ ਸਾਖੀ ਦੀ ਪਾਲਣਾ ਕਰਾਂਗਾ।
ਪਰਮੇਸ਼ੁਰ ਦੀ ਬਿਵਸਥਾ ਦੇ ਵਿੱਚ ਵਿਸ਼ਵਾਸ
ਲਾਮੇਧ
ਹੇ ਯਹੋਵਾਹ,
ਸਦਾ ਤੱਕ ਤੇਰਾ ਬਚਨ ਅਕਾਸ਼ ਉੱਤੇ ਸਥਿਰ ਹੈ!
ਤੇਰੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਹੈ,
ਤੂੰ ਧਰਤੀ ਨੂੰ ਕਾਇਮ ਕੀਤਾ ਅਤੇ ਉਹ ਬਣੀ ਰਹਿੰਦੀ ਹੈ।
ਉਹ ਤੇਰੇ ਨਿਆਂਵਾਂ ਅਨੁਸਾਰ ਅੱਜ ਤੱਕ ਖੜੇ ਹਨ,
ਕਿਉਂ ਜੋ ਸੱਭੋ ਤੇਰੇ ਸੇਵਕ ਹਨ।
ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ,
ਤਾਂ ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ।
ਤੇਰੇ ਫ਼ਰਮਾਨ ਮੈਂ ਕਦੇ ਨਾ ਭੁੱਲਾਂਗਾ,
ਕਿਉਂਕਿ ਉਨ੍ਹਾਂ ਨਾਲ ਤੂੰ ਮੈਨੂੰ ਜਿਉਂਦਿਆ ਰੱਖਿਆ ਹੈ।
ਮੈਂ ਤੇਰਾ ਹੀ ਹਾਂ,
ਮੈਨੂੰ ਬਚਾ, ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ!
ਦੁਸ਼ਟ ਮੇਰੇ ਨਾਸ ਕਰਨ ਲਈ ਘਾਤ ਵਿੱਚ ਬੈਠੇ ਸਨ,
ਪਰ ਮੈਂ ਤੇਰੀਆਂ ਸਾਖੀਆਂ ਦਾ ਵਿਚਾਰ ਕਰਾਂਗਾ।
ਸਾਰੇ ਕਮਾਲ ਦਾ ਅੰਤ ਮੈਂ ਵੇਖਿਆ,
ਪਰ ਤੇਰੇ ਹੁਕਮ ਬੇਅੰਤ ਹਨ।
ਪਰਮੇਸ਼ੁਰ ਦੀ ਬਿਵਸਥਾ ਦੇ ਲਈ ਪ੍ਰੇਮ
ਮੀਮ
ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ,
ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!
ਤੂੰ ਆਪਣੇ ਹੁਕਮਨਾਮੇ ਤੋਂ ਮੈਨੂੰ ਮੇਰੇ ਵੈਰੀਆਂ ਤੋਂ ਬੁੱਧਵਾਨ ਬਣਾਉਂਦਾ ਹੈਂ,
ਕਿਉਂ ਜੋ ਉਹ ਸਦਾ ਮੇਰੇ ਨਾਲ ਹੈ।
ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਵੱਧ ਗਿਆਨ ਰੱਖਦਾ ਹਾਂ,
ਕਿਉਂ ਜੋ ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ।
ਬਜ਼ੁਰਗਾਂ ਨਾਲੋਂ ਮੈਂ ਬਹੁਤ ਜਾਂਚਦਾ ਹਾਂ,
ਕਿਉਂ ਜੋ ਤੇਰੇ ਫ਼ਰਮਾਨਾਂ ਨੂੰ ਮੈਂ ਸਾਂਭਿਆ।
ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ,
ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰਾਂ।
ਤੇਰਿਆਂ ਨਿਆਂਵਾਂ ਤੋਂ ਮੈਂ ਨਹੀਂ ਹਟਿਆ,
ਕਿਉਂ ਜੋ ਤੂੰ ਮੈਨੂੰ ਸਿੱਖਿਆ ਦਿੱਤੀ ਹੈ।
ਤੇਰੇ ਬਚਨ ਮੇਰੇ ਤਾਲੂ ਨੂੰ ਕੇਡੇ ਮਿੱਠੇ ਲੱਗਦੇ ਹਨ,
ਸ਼ਹਿਦ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ!
ਤੇਰੇ ਫ਼ਰਮਾਨਾਂ ਨਾਲ ਮੈਨੂੰ ਸਮਝ ਮਿਲਦੀ ਹੈ,
ਇਸ ਲਈ ਮੈਂ ਹਰ ਝੂਠੇ ਮਾਰਗ ਤੋਂ ਵੈਰ ਰੱਖਦਾ ਹਾਂ।
ਪਰਮੇਸ਼ੁਰ ਦੀ ਬਿਵਸਥਾ ਦਾ ਪਰਕਾਸ਼
ਨੂਨ
ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ,
ਅਤੇ ਮੇਰੇ ਰਾਹ ਦਾ ਚਾਨਣ ਹੈ।
ਮੈਂ ਸਹੁੰ ਖਾਧੀ ਅਤੇ ਉਹ ਨੂੰ ਪੱਕਾ ਵੀ ਕੀਤਾ,
ਕਿ ਮੈਂ ਤੇਰੇ ਧਰਮ ਦੇ ਨਿਆਂਵਾਂ ਦੀ ਪਾਲਣਾ ਕਰਾਂਗਾ।
ਹੇ ਯਹੋਵਾਹ, ਮੈਂ ਬਹੁਤ ਹੀ ਦੁਖੀ ਹੋਇਆ ਹਾਂ,
ਤੂੰ ਆਪਣੇ ਬਚਨ ਅਨੁਸਾਰ ਮੈਨੂੰ ਜਿਉਂਦਾ ਰੱਖ!
ਹੇ ਯਹੋਵਾਹ, ਮੇਰੇ ਮੂੰਹ ਦੀਆਂ ਖੁਸ਼ੀ ਦੀਆਂ ਭੇਟਾਂ ਨੂੰ ਕਿਰਪਾ ਕਰਕੇ ਕਬੂਲ ਕਰ,
ਅਤੇ ਆਪਣਾ ਨਿਆਂ ਮੈਨੂੰ ਸਿਖਲਾ।
ਮੇਰੀ ਜਾਨ ਹਰ ਵੇਲੇ ਤਲੀ4 ਉੱਤੇ ਹੈ,
ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਦਾ!
ਦੁਸ਼ਟਾਂ ਨੇ ਮੇਰੇ ਲਈ ਇੱਕ ਫਾਹੀ ਲਾਈ ਹੈ,
ਪਰ ਮੈਂ ਤੇਰੇ ਫ਼ਰਮਾਨਾਂ ਤੋਂ ਬੇਮੁੱਖ ਨਹੀਂ ਹੋਇਆ।
ਮੈਂ ਤੇਰੀਆਂ ਸਾਖੀਆਂ ਨੂੰ ਸਦਾ ਲਈ ਮਿਰਾਸ ਵਿੱਚ ਲਿਆ ਹੈ,
ਉਹ ਤਾਂ ਮੇਰੇ ਮਨ ਦੀ ਖੁਸ਼ੀ ਹਨ।
ਮੈਂ ਆਪਣੇ ਮਨ ਨੂੰ ਇਸ ਗੱਲ ਵੱਲ ਲਾਇਆ ਹੈ,
ਕਿ ਮੈਂ ਤੇਰੀਆਂ ਬਿਧੀਆਂ ਨੂੰ ਅੰਤ ਤੱਕ ਸਦਾ ਹੀ ਪੂਰਾ ਕਰਾ।
ਪਰਮੇਸ਼ੁਰ ਦੀ ਬਿਵਸਥਾ ਵਿੱਚ ਸੁਰੱਖਿਆ
ਸਾਮੇਖ
ਮੈਂ ਦੁਚਿੱਤਿਆਂ ਨਾਲ ਖੁਣਸ ਕਰਦਾ ਹਾਂ,
ਪਰ ਤੇਰੀ ਬਿਵਸਥਾ ਨਾਲ ਪ੍ਰੀਤ ਰੱਖਦਾ ਹਾਂ।
ਤੂੰ ਮੇਰੀ ਪਨਾਹਗਾਰ ਤੇ ਮੇਰੀ ਢਾਲ਼ ਹੈਂ,
ਮੈਂ ਤੇਰੇ ਬਚਨ ਦੀ ਆਸਾ ਰੱਖਦਾ ਹਾਂ।
ਹੇ ਬਦਕਾਰੋ, ਮੇਰੇ ਕੋਲੋਂ ਦੂਰ ਹੋਵੋ,
ਕਿ ਮੈਂ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਾਂ!
ਆਪਣੇ ਬਚਨ ਅਨੁਸਾਰ ਮੈਨੂੰ ਥਮ ਕਿ ਮੈਂ ਜਿਉਂਦਾ ਰਹਾਂ,
ਅਤੇ ਆਪਣੀ ਤਾਂਘ ਤੋਂ ਸ਼ਰਮਿੰਦਾ ਨਾ ਹੋਵਾਂ!
ਮੈਨੂੰ ਸਾਂਭ ਤਾਂ ਮੈਂ ਬਚ ਜਾਂਵਾਂਗਾ,
ਅਤੇ ਤੇਰੀਆਂ ਬਿਧੀਆਂ ਤੇ ਸਦਾ ਗੌਰ ਕਰਾਂਗਾ।
ਜਿਹੜੇ ਤੇਰੀਆਂ ਬਿਧੀਆਂ ਤੋਂ ਬੇਮੁੱਖ ਹੋ ਜਾਂਦੇ ਹਨ ਉਨ੍ਹਾਂ ਨੂੰ ਤੂੰ ਸੁੱਟ ਦਿੱਤਾ ਹੈ,
ਕਿਉਂ ਜੋ ਉਨ੍ਹਾਂ ਦੀ ਚਲਾਕੀ ਫ਼ਰੇਬ ਹੈ।
ਧਰਤੀ ਦੇ ਸਾਰੇ ਦੁਸ਼ਟਾਂ ਨੂੰ ਖੋਟ ਵਾਂਗੂੰ ਦੂਰ ਸੁੱਟਦਾ ਹੈਂ,
ਤਾਂ ਹੀ ਮੈਂ ਤੇਰੀਆਂ ਸਾਖੀਆਂ ਨਾਲ ਪ੍ਰੀਤ ਰੱਖਦਾ ਹਾਂ।
ਤੇਰੇ ਭੈਅ ਦੇ ਮਾਰੇ ਮੇਰਾ ਸਰੀਰ ਕੰਬਦਾ ਹੈ,
ਅਤੇ ਮੈਂ ਤੇਰੇ ਨਿਆਂਵਾਂ ਤੋਂ ਡਰਦਾ ਹਾਂ।
ਪਰਮੇਸ਼ੁਰ ਦੀ ਬਿਵਸਥਾ ਨੂੰ ਮੰਨਣਾ
ਆਇਨ
ਮੈਂ ਨਿਆਂ ਤੇ ਧਰਮ ਕੀਤਾ ਹੈ,
ਤੂੰ ਮੈਨੂੰ ਮੇਰੇ ਦਬਾਉਣ ਵਾਲਿਆਂ ਕੋਲ ਨਾ ਛੱਡ!
ਭਲਿਆਈ ਲਈ ਆਪਣੇ ਸੇਵਕ ਦਾ ਜਾਮਨ ਬਣ,
ਹੰਕਾਰੀ ਮੈਨੂੰ ਨਾ ਦਬਾਉਣ!
ਮੇਰੀਆਂ ਅੱਖਾਂ ਤੇਰੇ ਬਚਾਓ ਲਈ ਅਤੇ ਤੇਰੇ ਸੱਚੇ ਬਚਨ ਲਈ ਪੱਕ ਗਈਆਂ।
ਤੂੰ ਆਪਣੇ ਸੇਵਕ ਨਾਲ ਆਪਣੀ ਦਯਾ ਅਨੁਸਾਰ ਵਰਤ,
ਅਤੇ ਆਪਣੀਆਂ ਬਿਧੀਆਂ ਮੈਨੂੰ ਸਿਖਲਾ।
ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਬਖਸ਼,
ਕਿ ਮੈਂ ਤੇਰੀਆਂ ਸਾਖੀਆਂ ਨੂੰ ਜਾਣਾਂ।
ਇਹ ਯਹੋਵਾਹ ਦੇ ਕੰਮ ਦਾ ਵੇਲਾ ਹੈ,
ਉਨ੍ਹਾਂ ਨੇ ਤੇਰੀ ਬਿਵਸਥਾ ਨੂੰ ਅਕਾਰਥ ਬਣਾਇਆ!
ਇਸ ਲਈ ਮੈਂ ਤੇਰੇ ਹੁਕਮਾਂ ਨਾਲ ਸੋਨੇ,
ਸਗੋਂ ਕੁੰਦਨ ਸੋਨੇ ਨਾਲੋਂ ਵੱਧ ਪ੍ਰੀਤ ਰੱਖਦਾ ਹਾਂ!
ਇਸ ਲਈ ਮੈਂ ਤੇਰੇ ਸਾਰੇ ਦੇ ਸਾਰੇ ਫ਼ਰਮਾਨ ਠੀਕ ਸਮਝਦਾ ਹਾਂ,
ਅਤੇ ਹਰ ਝੂਠੇ ਮਾਰਗ ਤੋਂ ਘਿਣ ਕਰਦਾ ਹਾਂ।
ਪਰਮੇਸ਼ੁਰ ਦੀ ਬਿਵਸਥਾ ਉੱਤੇ ਚੱਲਣ ਦੀ ਇੱਛਾ
ਪੇ
ਤੇਰੀਆਂ ਸਾਖੀਆਂ ਅਚਰਜ਼ ਹਨ,
ਇਸ ਲਈ ਮੇਰੀ ਜਾਨ ਉਨ੍ਹਾਂ ਦੀ ਪਾਲਣਾ ਕਰਦੀ ਹੈ!
ਤੇਰੇ ਬਚਨਾਂ ਦਾ ਖੋਲ੍ਹਣਾ ਚਾਨਣ ਦਿੰਦਾ ਹੈ,
ਉਹ ਸਿੱਧੇ ਸਾਧੇ ਲੋਕਾਂ ਨੂੰ ਸਮਝ ਬਖਸ਼ਦਾ ਹੈ।
ਮੈਂ ਆਪਣਾ ਮੂੰਹ ਖੋਲ੍ਹ ਕੇ ਹੌਂਕਿਆ,
ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਲੋਚਦਾ ਸੀ।
ਮੇਰੀ ਵੱਲ ਮੂੰਹ ਕਰ ਤੇ ਮੇਰੇ ਉੱਤੇ ਕਿਰਪਾ ਕਰ,
ਜਿਵੇਂ ਤੂੰ ਆਪਣੇ ਨਾਮ ਦੇ ਪ੍ਰੀਤ ਪਾਲਣ ਵਾਲਿਆਂ ਦੇ ਨਾਲ ਕਰਦਾ ਹੁੰਦਾ ਸੀ।
ਤੂੰ ਆਪਣੇ ਬਚਨ ਉੱਤੇ ਮੇਰੇ ਕਦਮਾਂ ਨੂੰ ਜਮਾਂ ਦੇ,
ਕਿ ਕੋਈ ਬਦੀ ਮੇਰੇ ਉੱਤੇ ਹਕੂਮਤ ਨਾ ਕਰੇ।
ਆਦਮੀ ਦੇ ਦਬਾਓ ਤੋਂ ਮੈਨੂੰ ਛੁਡਾ,
ਕਿ ਮੈਂ ਤੇਰੇ ਫ਼ਰਮਾਨਾਂ ਦੀ ਪਾਲਣਾ ਕਰਾਂ।
ਆਪਣੇ ਮੁੱਖੜੇ ਦੀ ਚਮਕ ਆਪਣੇ ਸੇਵਕ ਨੂੰ ਵਿਖਾ,
ਅਤੇ ਆਪਣੀਆਂ ਬਿਧੀਆਂ ਸਾਨੂੰ ਸਿਖਲਾ।
ਪਾਣੀ ਦੀਆਂ ਧਾਰਾਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ,
ਕਿਉਂ ਜੋ ਓਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੀਆਂ।
ਪਰਮੇਸ਼ੁਰ ਦੀ ਬਿਵਸਥਾ ਦਾ ਨਿਆਂ
ਸਾਦੇ
ਹੇ ਯਹੋਵਾਹ, ਤੂੰ ਧਰਮੀ ਹੈਂ,
ਅਤੇ ਤੇਰੇ ਨਿਆਂ ਸਿੱਧੇ ਹਨ।
ਤੂੰ ਆਪਣੀਆਂ ਸਾਖੀਆਂ ਦਾ ਹੁਕਮ ਧਰਮ
ਤੇ ਪੂਰੀ ਵਫ਼ਾਦਾਰੀ ਨਾਲ ਦਿੱਤਾ ਹੈ।
ਮੇਰੀ ਗ਼ੈਰਤ ਨੇ ਮੈਨੂੰ ਖ਼ਤਮ ਕੀਤਾ,
ਕਿਉਂ ਜੋ ਮੇਰੇ ਵਿਰੋਧੀ ਤੇਰੇ ਬਚਨ ਭੁੱਲ ਗਏ।
ਤੇਰਾ ਬਚਨ ਅੱਤ ਤਾਇਆ ਹੋਇਆ ਹੈ,
ਅਤੇ ਤੇਰਾ ਸੇਵਕ ਉਸ ਨਾਲ ਪ੍ਰੀਤ ਲਾਉਂਦਾ ਹੈ।
ਮੈਂ ਨਿੱਕਾ ਜਿਹਾ ਤੇ ਤੁੱਛ ਹਾਂ,
ਤਾਂ ਵੀ ਮੈਂ ਤੇਰੇ ਫ਼ਰਮਾਨ ਨਹੀਂ ਭੁੱਲਿਆ!
ਤੇਰਾ ਧਰਮ ਸਦਾ ਦਾ ਧਰਮ ਹੈ,
ਅਤੇ ਤੇਰੀ ਬਿਵਸਥਾ ਸੱਚ ਹੈ।
ਦੁੱਖ ਤੇ ਰੰਜ ਮੈਨੂੰ ਲੱਭਾ,
ਪਰ ਤੇਰੇ ਹੁਕਮ ਮੇਰੀ ਖੁਸ਼ੀ ਹਨ।
ਤੇਰੀਆਂ ਸਾਖੀਆਂ ਸਦਾ ਤੱਕ ਧਰਮ ਦੀਆਂ ਹਨ,
ਮੈਨੂੰ ਸਮਝ ਦੇ ਤਾਂ ਮੈਂ ਜਿਉਂਦਾ ਰਹਾਂਗਾ।
ਛੁਟਕਾਰੇ ਦੇ ਲਈ ਪ੍ਰਾਰਥਨਾ
ਕੋਫ਼
ਮੈਂ ਆਪਣੇ ਸਾਰੇ ਮਨ ਨਾਲ ਪੁਕਾਰਿਆ,
ਹੇ ਯਹੋਵਾਹ, ਮੈਨੂੰ ਉੱਤਰ ਦੇ,
ਮੈਂ ਤੇਰੀਆਂ ਬਿਧੀਆਂ ਨੂੰ ਸਾਂਭ ਰੱਖਾਂਗਾ!
ਮੈਂ ਤੈਨੂੰ ਪੁਕਾਰਿਆ, ਮੈਨੂੰ ਬਚਾ ਲੈ,
ਅਤੇ ਮੈਂ ਤੇਰੀਆਂ ਸਾਖੀਆਂ ਦੀ ਪਾਲਣਾ ਕਰਾਂਗਾ!
ਮੈਂ ਪਹੁ ਫੁੱਟਣ ਤੋਂ ਪਹਿਲਾਂ ਉੱਠਿਆ ਤੇ ਦੁਹਾਈ ਦਿੱਤੀ,
ਮੈਂ ਤੇਰੇ ਬਚਨ ਲਈ ਆਸਾ ਰੱਖੀ।
ਮੇਰੀਆਂ ਅੱਖਾਂ ਰਾਤ ਦੇ ਪਹਿਰਾਂ ਤੋਂ ਅੱਗੇ ਖੁੱਲ੍ਹੀਆਂ ਰਹੀਆਂ,
ਕਿ ਤੇਰੇ ਬਚਨ ਵਿੱਚ ਲੀਨ ਹੋਵਾਂ।
ਆਪਣੀ ਕਿਰਪਾ ਅਨੁਸਾਰ ਮੇਰੀ ਅਵਾਜ਼ ਸੁਣ ਲੈ,
ਹੇ ਯਹੋਵਾਹ, ਆਪਣੇ ਨਿਆਂ ਅਨੁਸਾਰ ਮੈਨੂੰ ਜਿਉਂਦਾ ਰੱਖ!
ਖੋਟ ਦਾ ਪਿੱਛਾ ਕਰਨ ਵਾਲੇ ਨੇੜੇ ਆ ਗਏ ਹਨ,
ਓਹ ਤੇਰੀ ਬਿਵਸਥਾ ਤੋਂ ਦੂਰ ਹਨ।
ਤੂੰ ਵੀ, ਹੇ ਯਹੋਵਾਹ, ਨੇੜੇ ਹੈਂ,
ਅਤੇ ਤੇਰੇ ਸਾਰੇ ਹੁਕਮ ਸੱਚੇ ਹਨ!
ਤੇਰੀਆਂ ਸਾਖੀਆਂ ਤੋਂ ਮੈਂ ਚਿਰੋਕਣਾ ਹੀ ਜਾਣਿਆ,
ਕਿ ਤੂੰ ਉਨ੍ਹਾਂ ਨੂੰ ਸਦਾ ਦੇ ਲਈ ਕਾਇਮ ਕੀਤਾ ਹੈ!।
ਸਹਾਇਤਾ ਦੇ ਲਈ ਬੇਨਤੀ
ਰੇਸ਼
ਮੇਰੇ ਦੁੱਖ ਦੇ ਵੇਲੇ ਵੇਖ ਤੇ ਮੈਨੂੰ ਛੁਡਾ,
ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ!
ਮੇਰਾ ਮੁਦੱਪਾ ਲੜ ਤੇ ਮੈਨੂੰ ਛੁਟਕਾਰਾ ਦੇ,
ਆਪਣੇ ਬਚਨ ਨਾਲ ਮੈਨੂੰ ਜਿਉਂਦਾ ਰੱਖ!
ਮੁਕਤੀ ਦੁਸ਼ਟਾਂ ਤੋਂ ਦੂਰ ਹੈ,
ਇਸ ਲਈ ਕਿ ਓਹ ਤੇਰੀਆਂ ਬਿਧੀਆਂ ਨੂੰ ਨਹੀਂ ਭਾਲਦੇ।
ਹੇ ਯਹੋਵਾਹ, ਤੇਰੇ ਰਹਮ ਬਹੁਤ ਸਾਰੇ ਹਨ,
ਆਪਣੇ ਨਿਆਂਵਾਂ ਅਨੁਸਾਰ ਮੈਨੂੰ ਜਿਉਂਦਾ ਰੱਖ!
ਮੇਰੇ ਪਿੱਛਾ ਕਰਨ ਵਾਲੇ ਤੇ ਮੇਰੇ ਵਿਰੋਧੀ ਬਹੁਤ ਹਨ,
ਪਰ ਮੈਂ ਤੇਰੀਆਂ ਸਾਖੀਆਂ ਤੋਂ ਨਹੀਂ ਮੁੜਿਆ।
ਮੈਂ ਚਾਲਬਾਜ਼ਾਂ ਨੂੰ ਵੇਖਿਆ ਤੇ ਘਿਣ ਕੀਤੀ,
ਜਿਹੜੇ ਤੇਰੇ ਬਚਨ ਦੀ ਪਾਲਣਾ ਨਹੀਂ ਕਰਦੇ।
ਵੇਖ, ਕਿ ਮੈਂ ਤੇਰੇ ਫ਼ਰਮਾਨਾਂ ਨਾਲ ਪ੍ਰੀਤ ਰੱਖਦਾ ਹਾਂ,
ਹੇ ਯਹੋਵਾਹ, ਆਪਣੀ ਦਯਾ ਅਨੁਸਾਰ ਮੈਨੂੰ ਜਿਉਂਦਾ ਰੱਖ!
ਤੇਰੇ ਬਚਨ ਦਾ ਤਾਤ ਪਰਜ ਸਚਿਆਈ ਹੈ,
ਅਤੇ ਤੇਰੇ ਧਰਮ ਦਾ ਸਾਰਾ ਨਿਆਂ ਸਦਾ ਤੱਕ ਹੈ।
ਪਰਮੇਸ਼ੁਰ ਦੀ ਬਿਵਸਥਾ ਦੇ ਪ੍ਰਤੀ ਸਮਰਪਣ
ਸ਼ੀਨ
ਸਰਦਾਰਾਂ ਨੇ ਧਿਗਾਣੇ ਮੇਰਾ ਪਿੱਛਾ ਕੀਤਾ,
ਪਰ ਮੇਰਾ ਮਨ ਤੇਰੇ ਬਚਨ ਤੋਂ ਭੈਅ ਰੱਖਦਾ ਹੈ।
ਮੈਂ ਤੇਰੇ ਬਚਨ ਦੇ ਕਾਰਨ ਖੁਸ਼ ਹਾਂ,
ਜਿਵੇਂ ਕੋਈ ਵੱਡੀ ਲੁੱਟ ਦੇ ਮਿਲਣ ਤੇ ਹੁੰਦਾ ਹੈ!
ਮੈਂ ਝੂਠ ਨਾਲ ਵੈਰ ਤੇ ਘਿਣ ਕਰਦਾ ਹਾਂ,
ਪਰ ਤੇਰੀ ਬਿਵਸਥਾ ਨਾਲ ਮੈਂ ਪ੍ਰੀਤ ਰੱਖਦਾ ਹਾਂ।
ਤੇਰੇ ਧਰਮ ਦੇ ਨਿਆਂਵਾਂ ਦੇ ਕਾਰਨ,
ਮੈਂ ਦਿਨ ਵਿੱਚ ਸੱਚ ਵਾਰ ਤੇਰੀ ਉਸਤਤ ਕਰਦਾ ਹਾਂ।
ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ,
ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ।
ਹੇ ਯਹੋਵਾਹ, ਮੈਂ ਤੇਰੀ ਮੁਕਤੀ ਦੀ ਉਡੀਕ ਕੀਤੀ,
ਅਤੇ ਤੇਰੇ ਹੁਕਮਾਂ ਨੂੰ ਪੂਰਾ ਕੀਤਾ।
ਮੇਰੀ ਜਾਨ ਨੇ ਤੇਰੀਆਂ ਸਾਖੀਆਂ ਦੀ ਪਾਲਣਾ ਕੀਤੀ,
ਅਤੇ ਮੈਂ ਉਨ੍ਹਾਂ ਦੇ ਨਾਲ ਵੱਡੀ ਪ੍ਰੀਤ ਲਾਈ!
ਮੈਂ ਤੇਰੇ ਫ਼ਰਮਾਨਾਂ ਤੇ ਤੇਰੀਆਂ ਸਾਖੀਆਂ ਦੀ ਪਾਲਣਾ ਕੀਤੀ,
ਇਸ ਲਈ ਕਿ ਮੇਰੀਆਂ ਸਾਰੀਆਂ ਚਾਲਾਂ ਤੇਰੇ ਸਾਹਮਣੇ ਹਨ।
ਸਹਾਇਤਾ ਦੇ ਲਈ ਪ੍ਰਾਰਥਨਾ
ਤਾਵ
ਮੇਰੀ ਪੁਕਾਰ, ਹੇ ਯਹੋਵਾਹ, ਤੇਰੇ ਹਜ਼ੂਰ ਪਹੁੰਚੇ,
ਤੂੰ ਆਪਣੇ ਬਚਨ ਅਨੁਸਾਰ ਮੈਨੂੰ ਸਮਝ ਦੇ!
ਮੇਰੀ ਅਰਜੋਈ ਤੇਰੇ ਹਜ਼ੂਰ ਆਵੇ,
ਤੂੰ ਆਪਣੇ ਬਚਨ ਅਨੁਸਾਰ ਮੈਨੂੰ ਛੁਡਾ!
ਮੇਰੇ ਬੁੱਲ੍ਹ ਤੇਰੀ ਉਸਤਤ ਉਚਰਨ,
ਕਿਉਂ ਜੋ ਤੂੰ ਆਪਣੀਆਂ ਬਿਧੀਆਂ ਮੈਨੂੰ ਸਿਖਾਉਂਦਾ ਹੈਂ।
ਮੇਰੀ ਜੀਭ ਤੇਰੇ ਬਚਨ ਦਾ ਗੀਤ ਗਾਵੇ,
ਕਿਉਂ ਜੋ ਤੇਰੇ ਸਾਰੇ ਹੁਕਮ ਧਰਮ ਦੇ ਹਨ।
ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ,
ਕਿਉਂ ਜੋ ਮੈਂ ਤੇਰੇ ਫ਼ਰਮਾਨ ਚੁਣ ਲਏ ਹਨ।
ਹੇ ਯਹੋਵਾਹ, ਮੈਂ ਤੇਰੀ ਮੁਕਤੀ ਨੂੰ ਲੋਚਿਆ,
ਅਤੇ ਤੇਰੀ ਬਿਵਸਥਾ ਮੇਰੀ ਖੁਸ਼ੀ ਹੈ!
ਮੇਰੀ ਜਾਨ ਜਿਉਂਦੀ ਰਹੇ ਕਿ ਉਹ ਤੇਰੀ ਉਸਤਤ ਕਰੇ,
ਅਤੇ ਤੇਰੇ ਨਿਆਂ ਮੇਰੀ ਸਹਾਇਤਾ ਕਰਨ।
ਮੈਂ ਗੁਆਚੀ ਹੋਈ ਭੇਡ ਵਾਂਗੂੰ ਭਟਕ ਗਿਆ ਹਾਂ,
ਆਪਣੇ ਦਾਸ ਨੂੰ ਭਾਲ,
ਕਿਉਂ ਜੋ ਮੈਂ ਤੇਰੇ ਹੁਕਮ ਨਹੀਂ ਭੁੱਲਦਾ ਹਾਂ।
Source notes (4)
- Footnote ਕੰਮਾਂ
- Footnote ਮਨ ਵਿੱਚ ਸੱਚਾਈ ਨਹੀਂ
- Footnote ਜਿਉਂਦਾ/ਬਚਾਏ
- Footnote ਖਤਰੇ
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.