ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਜ਼ਬੂਰ 116
ਮੌਤ ਤੋਂ ਬਚਣ ਤੇ ਪਰਮੇਸ਼ੁਰ ਦਾ ਧੰਨਵਾਦ
ਮੈਂ ਯਹੋਵਾਹ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਅਵਾਜ਼ ਤੇ ਮੇਰੀਆਂ ਅਰਜੋਈਆਂ ਨੂੰ ਸੁਣਦਾ ਹੈ।
ਉਹ ਨੇ ਜੋ ਮੇਰੀ ਵੱਲ ਕੰਨ ਲਾਇਆ ਹੈ,
ਮੈਂ ਜੀਵਨ ਭਰ ਉਹ ਨੂੰ ਪੁਕਾਰਾਂਗਾ।
ਮੌਤ ਦੀਆਂ ਡੋਰੀਆਂ ਨੇ ਮੈਨੂੰ ਵਲ ਲਿਆ,
ਪਤਾਲ ਦੇ ਦੁੱਖਾਂ ਨੇ ਮੈਨੂੰ ਆਣ ਲੱਭਿਆ,
ਮੈਨੂੰ ਦੁੱਖ ਤੇ ਸੋਗ ਮਿਲਿਆ।
ਤਾਂ ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਿਆ,
ਹੇ ਯਹੋਵਾਹ, ਕਿਰਪਾ ਕਰ ਕੇ ਮੇਰੀ ਜਾਨ ਨੂੰ ਛੁਡਾ ਲਈ!
ਯਹੋਵਾਹ ਦਯਾਵਾਨ ਤੇ ਧਰਮੀ ਹੈ,
ਸਾਡਾ ਪਰਮੇਸ਼ੁਰ ਕਿਰਪਾਲੂ ਹੈ।
ਯਹੋਵਾਹ ਭੋਲਿਆਂ ਦੀ ਰੱਖਿਆ ਕਰਦਾ ਹੈ,
ਮੈਂ ਹੀਣਾ ਪੈ ਗਿਆ ਪਰ ਉਹ ਨੇ ਮੈਨੂੰ ਬਚਾਇਆ।
ਹੇ ਮੇਰੀ ਜਾਨ, ਆਪਣੇ ਟਿਕਾਣੇ ਨੂੰ ਮੁੜ ਚੱਲ,
ਯਹੋਵਾਹ ਨੇ ਤੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ,
ਕਿਉਂ ਜੋ ਤੂੰ ਮੇਰੀ ਜਾਨ ਨੂੰ ਮੌਤ ਤੋਂ,
ਮੇਰੀਆਂ ਅੱਖਾਂ ਨੂੰ ਅੰਝੂਆਂ ਤੋਂ,
ਮੇਰੇ ਪੈਰਾਂ ਨੂੰ ਤਿਲਕਣ ਤੋਂ ਛੁਡਾਇਆ ਹੈ।
ਮੈਂ ਯਹੋਵਾਹ ਦੇ ਅੱਗੇ-ਅੱਗੇ
ਜਿਉਂਦਿਆਂ ਦੇ ਦੇਸ ਵਿੱਚ ਤੁਰਾਂਗਾ।
ਜਦ ਮੈਂ ਆਖਿਆ ਕਿ ਮੈਂ ਬਹੁਤ ਜਿਆਦਾ ਦੁੱਖੀ ਹੋਇਆ
ਫਿਰ ਵੀ ਮੈਂ ਨਿਰੰਤਰ ਯਹੋਵਾਹ ਉੱਤੇ ਵਿਸ਼ਵਾਸ ਕੀਤਾ l1
ਮੈਂ ਆਪਣੀ ਘਬਰਾਹਟ ਵਿੱਚ ਆਖ ਬੈਠਾ,
ਕਿ ਹਰੇਕ ਆਦਮੀ ਝੂਠਾ ਹੈ।
ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ,
ਮੈਂ ਉਹ ਨੂੰ ਕੀ ਮੋੜ ਕੇ ਦਿਆਂ?
ਮੈਂ ਮੁਕਤੀ ਦਾ ਪਿਆਲਾ2 ਚੁੱਕਾਂਗਾ,
ਅਤੇ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ।
ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਉਹ ਦੀ ਸਾਰੀ ਪਰਜਾ ਦੇ ਸਾਹਮਣੇ।
ਯਹੋਵਾਹ ਦੀ ਨਿਗਾਹ ਵਿੱਚ
ਉਹ ਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ!
ਹੇ ਯਹੋਵਾਹ, ਮੈਂ ਸੱਚ-ਮੁੱਚ ਤੇਰਾ ਦਾਸ ਹਾਂ,
ਮੈਂ ਤੇਰਾ ਹੀ ਦਾਸ ਹਾਂ, ਤੇਰੀ ਦਾਸੀ ਦਾ ਪੁੱਤਰ,
ਤੂੰ ਤਾਂ ਮੇਰੇ ਬੰਧਨ ਖੋਲ੍ਹੇ ਹਨ।
ਮੈਂ ਤੇਰੇ ਲਈ ਧੰਨਵਾਦ ਦਾ ਬਲੀਦਾਨ ਚੜ੍ਹਾਵਾਂਗਾ,
ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ।
ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ,
ਹਾਂ, ਇਹ ਦੀ ਸਾਰੀ ਪਰਜਾ ਦੇ ਸਾਹਮਣੇ,
ਯਹੋਵਾਹ ਦੇ ਭਵਨ ਦੀਆਂ ਦਰਗਾਹਾਂ ਵਿੱਚ,
ਹੇ ਯਰੂਸ਼ਲਮ, ਤੇਰੇ ਐਨ ਵਿਚਕਾਰ।
ਹਲਲੂਯਾਹ!।
Source notes (2)
- Footnote ਮੈਂ ਯਹੋਵਾਹ ਤੇ ਨਿਹਚਾ ਕੀਤੀ ਜਦ ਮੈਂ ਆਖਿਆ ਮੈਂ ਬਹੁਤ ਦੁੱਖੀ ਹੋਇਆ
- Footnote ਪੀਣ ਦੀਆਂ ਭੇਟਾਂ
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.