ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਲੇਵੀਆਂ 4
ਪਾਪ ਬਲੀ ਦੀ ਬਿਧੀ
ਯਹੋਵਾਹ ਨੇ ਮੂਸਾ ਨੂੰ ਆਖਿਆ, ਇਸਰਾਏਲੀਆਂ ਨੂੰ ਆਖ ਕਿ ਜੇ ਕੋਈ ਮਨੁੱਖ ਅਣਜਾਣੇ ਵਿੱਚ ਕੋਈ ਅਜਿਹਾ ਕੰਮ ਕਰਕੇ ਪਾਪ ਕਰੇ, ਜਿਨ੍ਹਾਂ ਨੂੰ ਨਾ ਕਰਨ ਦਾ ਹੁਕਮ ਯਹੋਵਾਹ ਦਿੱਤਾ ਹੈ, ਅਤੇ ਜੇਕਰ ਕਦੀ ਮਸਹ ਕੀਤਾ ਹੋਇਆ ਜਾਜਕ1 ਕੋਈ ਅਜਿਹਾ ਪਾਪ ਕਰੇ, ਜਿਸ ਦੇ ਕਾਰਨ ਪਰਜਾ ਦੋਸ਼ੀ ਠਹਿਰੇ ਤਾਂ ਉਹ ਆਪਣੇ ਉਸ ਪਾਪ ਦੇ ਲਈ ਇੱਕ ਦੋਸ਼ ਰਹਿਤ ਜੁਆਨ ਬਲ਼ਦ ਯਹੋਵਾਹ ਦੇ ਅੱਗੇ ਪਾਪ ਬਲੀ ਦੀ ਭੇਟ ਕਰਕੇ ਚੜ੍ਹਾਵੇ, ਉਹ ਉਸ ਬਲ਼ਦ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ ਲਿਆਵੇ ਅਤੇ ਆਪਣਾ ਹੱਥ ਬਲ਼ਦ ਦੇ ਸਿਰ ਉੱਤੇ ਰੱਖੇ ਅਤੇ ਉਸ ਬਲ਼ਦ ਨੂੰ ਯਹੋਵਾਹ ਦੇ ਅੱਗੇ ਵੱਢ ਸੁੱਟੇ, ਅਤੇ ਮਸਹ ਕੀਤਾ ਹੋਇਆ ਜਾਜਕ ਉਸ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਮੰਡਲੀ ਦੇ ਡੇਰੇ ਨੂੰ ਲਿਆਵੇ। ਅਤੇ ਜਾਜਕ ਆਪਣੀ ਉਂਗਲੀ ਲਹੂ ਵਿੱਚ ਡੋਬ ਕੇ ਉਸ ਲਹੂ ਨੂੰ ਪਵਿੱਤਰ ਸਥਾਨ ਦੇ ਪਰਦੇ ਦੇ ਸਾਹਮਣੇ ਯਹੋਵਾਹ ਦੇ ਅੱਗੇ ਸੱਤ ਵਾਰੀ ਛਿੜਕੇ। ਅਤੇ ਜਾਜਕ ਉਸ ਲਹੂ ਵਿੱਚੋਂ ਕੁਝ ਲੈ ਕੇ ਸੁਗੰਧੀ ਧੂਪ ਦੀ ਜਗਵੇਦੀ ਦੇ ਸਿੰਗਾਂ ਉੱਤੇ ਜੋ ਮੰਡਲੀ ਦੇ ਡੇਰੇ ਵਿੱਚ ਹੈ, ਯਹੋਵਾਹ ਦੇ ਅੱਗੇ ਲਗਾਵੇ, ਫੇਰ ਬਲ਼ਦ ਦਾ ਸਾਰਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ, ਜੋ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਹੈ। ਫੇਰ ਉਹ ਉਸ ਬਲ਼ਦ ਦੀ ਸਾਰੀ ਚਰਬੀ ਪਾਪ ਬਲੀ ਦੀ ਭੇਟ ਕਰਕੇ ਵੱਖਰੀ ਕਰੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ। ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ, ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਭੇਟਾਂ, ਬਲੀ ਦੇ ਬਲ਼ਦ ਤੋਂ ਵੱਖਰੀਆਂ ਕੀਤੀਆਂ ਜਾਂਦੀਆਂ ਹਨ। ਜਾਜਕ ਉਨ੍ਹਾਂ ਨੂੰ ਹੋਮ ਦੀ ਜਗਵੇਦੀ ਉੱਤੇ ਸਾੜੇ। ਪਰ ਬਲ਼ਦ ਦੀ ਖੱਲ, ਉਸ ਦਾ ਸਾਰਾ ਮਾਸ, ਉਸ ਦਾ ਸਿਰ, ਲੱਤਾਂ ਅਤੇ ਆਂਦਰਾਂ ਸਮੇਤ ਉਸ ਦਾ ਗੋਹਾ, ਅਰਥਾਤ ਸਾਰਾ ਬਲ਼ਦ, ਉਹ ਡੇਰਿਆਂ ਤੋਂ ਬਾਹਰ ਇੱਕ ਸਾਫ਼ ਸਥਾਨ ਵਿੱਚ ਜਿੱਥੇ ਸੁਆਹ ਪਾਈ ਜਾਂਦੀ ਹੈ, ਲੈ ਜਾਵੇ ਅਤੇ ਉਸ ਨੂੰ ਲੱਕੜਾਂ ਉੱਤੇ ਅੱਗ ਨਾਲ ਸਾੜ ਦੇਵੇ, ਉਹ ਉੱਥੇ ਹੀ ਸਾੜਿਆ ਜਾਵੇ ਜਿੱਥੇ ਸੁਆਹ ਪਾਈ ਜਾਂਦੀ ਹੈ।
ਜੇ ਕਦੀ ਇਸਰਾਏਲ ਦੀ ਸਾਰੀ ਮੰਡਲੀ ਅਣਜਾਣ ਹੋ ਕੇ ਪਾਪ ਕਰੇ ਅਤੇ ਇਹ ਗੱਲ ਸਭਾ ਤੋਂ ਲੁੱਕੀ ਹੋਵੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਹੁਕਮਾਂ ਦੇ ਵਿਰੁੱਧ ਉਹ ਕੀਤਾ ਹੋਵੇ ਜੋ ਕਰਨ ਦੇ ਯੋਗ ਨਹੀਂ ਸੀ ਅਤੇ ਦੋਸ਼ੀ ਠਹਿਰੇ ਹੋਣ, ਤਾਂ ਜਦ ਉਨ੍ਹਾਂ ਦਾ ਕੀਤਾ ਹੋਇਆ ਪਾਪ ਪ੍ਰਗਟ ਹੋ ਜਾਵੇ, ਤਾਂ ਮੰਡਲੀ ਇੱਕ ਜੁਆਨ ਬਲ਼ਦ ਪਾਪ ਬਲੀ ਲਈ ਚੜ੍ਹਾਵੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਵੇ, ਅਤੇ ਮੰਡਲੀ ਦੇ ਬਜ਼ੁਰਗ ਆਪਣੇ-ਆਪਣੇ ਹੱਥ ਯਹੋਵਾਹ ਦੇ ਅੱਗੇ ਬਲ਼ਦ ਦੇ ਸਿਰ ਉੱਤੇ ਰੱਖਣ ਅਤੇ ਉਹ ਬਲ਼ਦ ਯਹੋਵਾਹ ਦੇ ਅੱਗੇ ਵੱਢਿਆ ਜਾਵੇ। ਅਤੇ ਮਸਹ ਕੀਤਾ ਹੋਇਆ ਜਾਜਕ ਉਸ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਮੰਡਲੀ ਦੇ ਡੇਰੇ ਨੂੰ ਲਿਆਵੇ। ਅਤੇ ਜਾਜਕ ਆਪਣੀ ਉਂਗਲੀ ਲਹੂ ਵਿੱਚ ਡੋਬ ਕੇ ਪਵਿੱਤਰ ਸਥਾਨ ਦੇ ਪਰਦੇ ਦੇ ਸਾਹਮਣੇ, ਉਹ ਲਹੂ ਨੂੰ ਯਹੋਵਾਹ ਦੇ ਅੱਗੇ ਸੱਤ ਵਾਰੀ ਛਿੜਕੇ। ਅਤੇ ਜਾਜਕ ਉਸ ਲਹੂ ਵਿੱਚੋਂ ਕੁਝ ਲੈ ਕੇ ਜਗਵੇਦੀ ਦੇ ਸਿੰਗਾਂ ਉੱਤੇ ਜੋ ਮੰਡਲੀ ਦੇ ਡੇਰੇ ਵਿੱਚ ਹੈ ਯਹੋਵਾਹ ਦੇ ਅੱਗੇ ਲਗਾਵੇ, ਫਿਰ ਬਲ਼ਦ ਦਾ ਸਾਰਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ, ਜੋ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਹੈ। ਅਤੇ ਉਹ ਉਸ ਬਲ਼ਦ ਦੀ ਸਾਰੀ ਚਰਬੀ ਲੈ ਕੇ ਜਗਵੇਦੀ ਦੇ ਉੱਤੇ ਸਾੜੇ। ਅਤੇ ਜਿਸ ਤਰ੍ਹਾਂ ਉਸ ਨੇ ਪਾਪ ਬਲੀ ਦੀ ਭੇਟ ਦੇ ਬਲ਼ਦ ਦੇ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਉਹ ਇਸ ਬਲ਼ਦ ਨਾਲ ਕਰੇ ਅਤੇ ਜਾਜਕ ਇਸਰਾਏਲੀਆਂ ਦੇ ਲਈ ਪ੍ਰਾਸਚਿਤ ਕਰੇ ਅਤੇ ਉਨ੍ਹਾਂ ਦਾ ਪਾਪ ਮਾਫ਼ ਕੀਤਾ ਜਾਵੇਗਾ। ਅਤੇ ਜਿਸ ਤਰ੍ਹਾਂ ਉਸ ਨੇ ਪਹਿਲੇ ਬਲ਼ਦ ਨੂੰ ਸਾੜਿਆ ਸੀ, ਉਸੇ ਤਰ੍ਹਾਂ ਹੀ ਇਸ ਬਲ਼ਦ ਨੂੰ ਵੀ ਡੇਰੇ ਤੋਂ ਬਾਹਰ ਲੈ ਜਾ ਕੇ ਸਾੜੇ। ਇਹ ਮੰਡਲੀ ਦੇ ਲਈ ਪਾਪ ਦੀ ਭੇਟ ਹੈ।
ਜਦੋਂ ਕੋਈ ਪ੍ਰਧਾਨ ਪਾਪ ਕਰੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੇ ਵਿਰੁੱਧ ਅਣਜਾਣੇ ਵਿੱਚ ਕੁਝ ਅਜਿਹਾ ਕਰੇ ਜੋ ਕਰਨ ਜੋਗ ਨਹੀਂ ਸੀ ਅਤੇ ਦੋਸ਼ੀ ਠਹਿਰੇ, ਤਦ ਜੇਕਰ ਉਸ ਦਾ ਕੀਤਾ ਹੋਇਆ ਪਾਪ ਉਸ ਉੱਤੇ ਪ੍ਰਗਟ ਹੋ ਜਾਵੇ ਤਾਂ ਉਹ ਦੋਸ਼ ਰਹਿਤ ਇੱਕ ਬੱਕਰਾ ਆਪਣੀ ਭੇਟ ਵਿੱਚ ਲਿਆਵੇ, ਅਤੇ ਉਹ ਆਪਣਾ ਹੱਥ ਬੱਕਰੇ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਉਸ ਸਥਾਨ ਵਿੱਚ ਜਿੱਥੇ ਯਹੋਵਾਹ ਦੇ ਅੱਗੇ ਹੋਮ ਬਲੀ ਨੂੰ ਵੱਢਦੇ ਹਨ, ਵੱਢ ਦੇਵੇ, ਇਹ ਇੱਕ ਪਾਪ ਦੀ ਭੇਟ ਹੈ। ਅਤੇ ਜਾਜਕ ਉਸ ਪਾਪ ਬਲੀ ਦੀ ਭੇਟ ਦੇ ਲਹੂ ਤੋਂ ਕੁਝ ਲੈ ਕੇ ਆਪਣੀ ਉਂਗਲ ਨਾਲ ਹੋਮ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਅਤੇ ਉਸ ਦਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ। ਅਤੇ ਉਹ ਉਸ ਦੀ ਸਾਰੀ ਚਰਬੀ ਸੁੱਖ-ਸਾਂਦ ਦੀ ਬਲੀ ਦੀ ਚਰਬੀ ਦੀ ਤਰ੍ਹਾਂ ਜਗਵੇਦੀ ਉੱਤੇ ਸਾੜੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
ਜੇਕਰ ਆਮ ਲੋਕਾਂ ਵਿੱਚੋਂ ਕੋਈ ਯਹੋਵਾਹ ਦੇ ਹੁਕਮਾਂ ਦੇ ਵਿਰੁੱਧ ਅਣਜਾਣੇ ਵਿੱਚ ਕੋਈ ਅਜਿਹਾ ਕੰਮ ਕਰਕੇ ਪਾਪ ਕਰੇ ਜਿਸ ਨੂੰ ਨਾ ਕਰਨ ਦਾ ਹੁਕਮ ਯਹੋਵਾਹ ਨੇ ਦਿੱਤਾ ਸੀ ਅਤੇ ਦੋਸ਼ੀ ਠਹਿਰੇ, ਫਿਰ ਜਦ ਉਸ ਦਾ ਪਾਪ ਉਸ ਉੱਤੇ ਪ੍ਰਗਟ ਹੋ ਜਾਵੇ ਤਾਂ ਉਹ ਉਸ ਪਾਪ ਦੇ ਕਾਰਨ ਦੋਸ਼ ਰਹਿਤ ਇੱਕ ਬੱਕਰੀ ਆਪਣੀ ਭੇਟ ਲਈ ਲਿਆਵੇ। ਅਤੇ ਉਹ ਆਪਣਾ ਹੱਥ ਉਸ ਪਾਪ ਬਲੀ ਦੀ ਭੇਟ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਉਸ ਸਥਾਨ ਵਿੱਚ ਜਿੱਥੇ ਯਹੋਵਾਹ ਦੇ ਅੱਗੇ ਹੋਮ ਬਲੀ ਨੂੰ ਵੱਢਦੇ ਹਨ, ਵੱਢ ਦੇਵੇ। ਅਤੇ ਜਾਜਕ ਉਸ ਦੇ ਲਹੂ ਤੋਂ ਕੁਝ ਲੈ ਕੇ ਆਪਣੀ ਉਂਗਲ ਨਾਲ ਹੋਮ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਅਤੇ ਉਸ ਦਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ। ਫੇਰ ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਉਹ ਉਸ ਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਯਹੋਵਾਹ ਦੇ ਅੱਗੇ ਉਸ ਨੂੰ ਸੁਗੰਧਤਾ ਕਰਕੇ ਜਗਵੇਦੀ ਉੱਤੇ ਸਾੜੇ ਅਤੇ ਜਾਜਕ ਉਸ ਦੇ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
ਜੇਕਰ ਉਹ ਪਾਪ ਬਲੀ ਦੀ ਭੇਟ ਵਿੱਚ ਇੱਕ ਭੇਡ ਲਿਆਵੇ ਤਾਂ ਉਹ ਦੋਸ਼ ਰਹਿਤ ਇੱਕ ਲੇਲੀ ਲਿਆਵੇ। ਅਤੇ ਉਹ ਆਪਣਾ ਹੱਥ ਉਸ ਪਾਪ ਬਲੀ ਦੀ ਭੇਟ ਦੇ ਸਿਰ ਉੱਤੇ ਰੱਖੇ ਅਤੇ ਉਸ ਸਥਾਨ ਵਿੱਚ ਜਿੱਥੇ ਹੋਮ ਬਲੀ ਨੂੰ ਵੱਢਦੇ ਹਨ, ਉਸ ਨੂੰ ਇੱਕ ਪਾਪ ਬਲੀ ਦੀ ਭੇਟ ਕਰਕੇ ਵੱਢ ਦੇਵੇ। ਅਤੇ ਜਾਜਕ ਪਾਪ ਬਲੀ ਦੀ ਭੇਟ ਦੇ ਲਹੂ ਤੋਂ ਕੁਝ ਲੈ ਕੇ ਆਪਣੀ ਉਂਗਲ ਨਾਲ ਹੋਮ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਅਤੇ ਉਸ ਦਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ। ਫੇਰ ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਉਹ ਉਸ ਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਅਨੁਸਾਰ ਉਨ੍ਹਾਂ ਨੂੰ ਸਾੜੇ, ਅਤੇ ਜਾਜਕ ਉਸ ਦੇ ਪਾਪ ਲਈ ਪ੍ਰਾਸਚਿਤ ਕਰੇ ਤਦ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।
Source notes (1)
- Footnote ਪ੍ਰਧਾਨ ਜਾਜਕ
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.