Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

ਨਿਆਂਈ 4

ਦਬੋਰਾਹ ਅਤੇ ਬਾਰਾਕ ਦਾ ਚਰਿੱਤਰ

ਏਹੂਦ ਦੇ ਮਰਨ ਤੋਂ ਬਾਅਦ ਇਸਰਾਏਲ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜਾ ਯਾਬੀਨ ਦੇ ਹੱਥ ਵਿੱਚ ਕਰ ਦਿੱਤਾ, ਜੋ ਹਾਸੋਰ ਵਿੱਚ ਰਾਜ ਕਰਦਾ ਸੀ ਅਤੇ ਉਸ ਦੇ ਸੈਨਾਪਤੀ ਦਾ ਨਾਮ ਸੀਸਰਾ ਸੀ ਜੋ ਪਰਾਈਆਂ ਕੌਮਾਂ ਦੇ ਹਰੋਸ਼ਥ ਹਗੋਇਮ1 ਨਗਰ ਦਾ ਵਾਸੀ ਸੀ। ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ, ਕਿਉਂ ਜੋ ਸੀਸਰਾ ਦੇ ਕੋਲ ਨੌਂ ਸੌ ਲੋਹੇ ਦੇ ਰਥ ਸਨ, ਅਤੇ ਉਸ ਨੇ ਵੀਹ ਸਾਲਾਂ ਤੱਕ ਇਸਰਾਏਲੀਆਂ ਨੂੰ ਬਹੁਤ ਦੁੱਖ ਦਿੱਤਾ।

ਉਸ ਵੇਲੇ ਲੱਪੀਦੋਥ ਦੀ ਪਤਨੀ ਦਬੋਰਾਹ ਜੋ ਇੱਕ ਨਬੀਆ ਸੀ, ਇਸਰਾਏਲੀਆਂ ਦਾ ਨਿਆਂ ਕਰਦੀ ਹੁੰਦੀ ਸੀ। ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਰਾਮਹ ਅਤੇ ਬੈਤਏਲ ਦੇ ਵਿਚਕਾਰ ਦਬੋਰਾਹ ਦੀ ਖਜ਼ੂਰ ਦੇ ਹੇਠ ਬਹਿੰਦੀ ਸੀ ਅਤੇ ਇਸਰਾਏਲੀ ਉਸ ਦੇ ਕੋਲ ਨਿਆਂ ਕਰਾਉਣ ਦੇ ਲਈ ਆਉਂਦੇ ਸਨ। ਤਦ ਉਸ ਨੇ ਕਾਦੇਸ਼ ਨਫ਼ਤਾਲੀ ਤੋਂ ਅਬੀਨੋਅਮ ਦੇ ਪੁੱਤਰ ਬਾਰਾਕ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਕੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਆਗਿਆ ਨਹੀਂ ਦਿੱਤੀ ਕਿ ਜਾ ਅਤੇ ਤਾਬੋਰ ਦੇ ਪਰਬਤ ਵੱਲ ਲੋਕਾਂ ਨੂੰ ਉਤਸ਼ਾਹਿਤ ਕਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਆਪਣੇ ਨਾਲ ਲੈ ਜਾ? ਅਤੇ ਮੈਂ ਕੀਸ਼ੋਨ ਦੀ ਨਦੀ ਕੋਲ, ਯਾਬੀਨ ਦੇ ਸੈਨਾਪਤੀ ਸੀਸਰਾ ਅਤੇ ਉਸ ਦੇ ਰਥਾਂ ਨੂੰ ਅਤੇ ਉਸ ਦੀ ਸੈਨਾਂ ਨੂੰ ਤੇਰੇ ਕੋਲ ਖਿੱਚ ਲਿਆਵਾਂਗਾ ਅਤੇ ਉਸ ਨੂੰ ਤੇਰੇ ਹੱਥਾਂ ਵਿੱਚ ਕਰ ਦਿਆਂਗਾ।” ਬਾਰਾਕ ਨੇ ਉਸ ਨੂੰ ਕਿਹਾ, “ਜੇਕਰ ਤੂੰ ਮੇਰੇ ਨਾਲ ਚੱਲੇਂਗੀ ਤਾਂ ਹੀ ਮੈਂ ਜਾਂਵਾਂਗਾ ਪਰ ਜੇ ਤੂੰ ਮੇਰੇ ਨਾਲ ਨਾ ਚੱਲੇਂ ਤਾਂ ਮੈਂ ਵੀ ਨਹੀਂ ਜਾਂਵਾਂਗਾ।” ਦਬੋਰਾਹ ਨੇ ਕਿਹਾ, “ਮੈਂ ਜ਼ਰੂਰ ਤੇਰੇ ਨਾਲ ਚੱਲਾਂਗੀ, ਤਾਂ ਵੀ ਇਸ ਸਫ਼ਰ ਵਿੱਚ ਜੋ ਕੁਝ ਤੂੰ ਕਰੇਂਗਾ ਉਸ ਵਿੱਚ ਤੇਰੀ ਕੋਈ ਵਡਿਆਈ ਨਾ ਹੋਵੇਗੀ ਕਿਉਂ ਜੋ ਯਹੋਵਾਹ ਸੀਸਰਾ ਨੂੰ ਇੱਕ ਇਸਤਰੀ ਦੇ ਹੱਥ ਵਿੱਚ ਕਰ ਦੇਵੇਗਾ।” ਤਦ ਦਬੋਰਾਹ ਉੱਠੀ ਅਤੇ ਬਾਰਾਕ ਦੇ ਨਾਲ ਕਾਦੇਸ਼ ਨੂੰ ਗਈ।

ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ ਨੂੰ ਕਾਦੇਸ਼ ਵਿੱਚ ਇਕੱਠੇ ਬੁਲਾ ਲਿਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਮਨੁੱਖ ਲੈ ਕੇ ਚੜ੍ਹਿਆ ਅਤੇ ਦਬੋਰਾਹ ਵੀ ਉਸ ਦੇ ਨਾਲ ਗਈ। ਹੇਬਰ ਕੇਨੀ ਨੇ ਜੋ ਮੂਸਾ ਦੇ ਸਹੁਰੇ ਹੋਬਾਬ ਦੀ ਸੰਤਾਨ ਵਿੱਚੋਂ ਸੀ, ਆਪਣੇ ਆਪ ਨੂੰ ਕੇਨੀਆਂ ਤੋਂ ਅਲੱਗ ਕੀਤਾ ਅਤੇ ਸਅਨਇਮ ਦੇ ਬਲੂਤ ਤੱਕ ਜੋ ਕਾਦੇਸ਼ ਦੇ ਨੇੜੇ ਹੈ ਆਪਣਾ ਤੰਬੂ ਲਾਇਆ ਸੀ। ਤਦ ਸੀਸਰਾ ਨੂੰ ਖ਼ਬਰ ਹੋਈ ਕਿ ਅਬੀਨੋਅਮ ਦਾ ਪੁੱਤਰ ਬਾਰਾਕ ਤਾਬੋਰ ਦੇ ਪਰਬਤ ਉੱਤੇ ਚੜ੍ਹ ਗਿਆ ਹੈ। ਤਦ ਸੀਸਰਾ ਨੇ ਆਪਣੇ ਸਾਰੇ ਰਥ, ਜੋ ਲੋਹੇ ਦੇ ਨੌ ਸੌ ਰਥ ਸਨ ਅਤੇ ਆਪਣੇ ਨਾਲ ਦੀ ਸਾਰੀ ਫੌਜ ਨੂੰ ਪਰਾਈਆਂ ਕੌਮਾਂ ਦੇ ਹਰੋਸ਼ਥ ਤੋਂ ਕੀਸ਼ੋਨ ਦੀ ਨਦੀ ਤੱਕ ਇਕੱਠੇ ਕੀਤਾ। ਤਦ ਦਬੋਰਾਹ ਨੇ ਬਾਰਾਕ ਨੂੰ ਕਿਹਾ, “ਉੱਠ! ਕਿਉਂ ਜੋ ਅੱਜ ਉਹ ਦਿਨ ਹੈ ਜਿਸ ਵਿੱਚ ਯਹੋਵਾਹ ਨੇ ਸੀਸਰਾ ਨੂੰ ਤੇਰੇ ਵੱਸ ਕਰ ਦਿੱਤਾ ਹੈ! ਕੀ ਯਹੋਵਾਹ ਤੇਰੇ ਅੱਗੇ ਨਹੀਂ ਨਿੱਕਲਿਆ?” ਤਾਂ ਬਾਰਾਕ ਤਾਬੋਰ ਦੇ ਪਰਬਤ ਤੋਂ ਉੱਤਰਿਆ ਅਤੇ ਦਸ ਹਜ਼ਾਰ ਮਨੁੱਖ ਉਸ ਦੇ ਪਿੱਛੇ ਗਏ। ਤਦ ਯਹੋਵਾਹ ਨੇ ਸੀਸਰਾ ਨੂੰ ਅਤੇ ਉਹ ਦੇ ਸਾਰਿਆਂ ਰਥਾਂ ਨੂੰ ਅਤੇ ਉਸ ਦੀ ਸਾਰੀ ਫ਼ੌਜ ਨੂੰ ਬਾਰਾਕ ਦੇ ਅੱਗੇ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ ਕਿ ਸੀਸਰਾ ਰਥ ਤੋਂ ਹੇਠਾਂ ਉਤਰ ਕੇ ਪੈਦਲ ਭੱਜਿਆ। ਅਤੇ ਬਾਰਾਕ ਨੇ ਪਰਾਈਆਂ ਕੌਮਾਂ ਦੇ ਹਰੋਸ਼ਥ ਤੱਕ ਫ਼ੌਜ ਅਤੇ ਰਥਾਂ ਦਾ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਇਸ ਤਰ੍ਹਾਂ ਮਾਰੀ ਗਈ ਕਿ ਇੱਕ ਵੀ ਨਾ ਬਚਿਆ। ਪਰ ਸੀਸਰਾ ਪੈਦਲ ਭੱਜ ਕੇ ਹੇਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਗਿਆ, ਕਿਉਂ ਜੋ ਹਾਸੋਰ ਦੇ ਰਾਜਾ ਯਾਬੀਨ ਅਤੇ ਹੇਬਰ ਕੇਨੀ ਦੇ ਘਰਾਣੇ ਵਿੱਚ ਮੇਲ-ਜੋਲ ਸੀ।

ਤਦ ਯਾਏਲ ਸੀਸਰਾ ਦੇ ਮਿਲਣ ਨੂੰ ਨਿੱਕਲੀ ਅਤੇ ਉਸ ਨੂੰ ਕਿਹਾ, “ਆਓ ਮਹਾਰਾਜ, ਮੇਰੇ ਘਰ ਆਉ ਅਤੇ ਨਾ ਡਰੋ।” ਜਦ ਉਹ ਤੰਬੂ ਵਿੱਚ ਉਸ ਦੇ ਕੋਲ ਗਿਆ ਤਾਂ ਉਸ ਨੇ ਕੰਬਲ ਨਾਲ ਉਸ ਨੂੰ ਢੱਕ ਦਿੱਤਾ। ਤਾਂ ਸੀਸਰਾ ਨੇ ਉਸ ਨੂੰ ਕਿਹਾ, “ਮੈਨੂੰ ਥੋੜਾ ਜਿਹਾ ਪਾਣੀ ਪਿਲਾ ਕਿਉਂ ਜੋ ਮੈਨੂੰ ਪਿਆਸ ਲੱਗੀ ਹੈ।” ਤਦ ਉਸ ਨੇ ਦੁੱਧ ਦੀ ਇੱਕ ਕਾੜ੍ਹਨੀ ਖੋਲ੍ਹ ਕੇ ਸੀਸਰਾ ਨੂੰ ਦੁੱਧ ਪਿਲਾਇਆ ਅਤੇ ਉਸ ਨੂੰ ਫਿਰ ਢੱਕ ਦਿੱਤਾ। ਫੇਰ ਸੀਸਰਾ ਨੇ ਉਸ ਨੂੰ ਕਿਹਾ, “ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹੀ ਹੋ ਜਾ ਅਤੇ ਜੇਕਰ ਕੋਈ ਆਵੇ ਅਤੇ ਤੈਨੂੰ ਪੁੱਛੇ ਕਿ ਇੱਥੇ ਕੋਈ ਪੁਰਖ ਹੈ? ਤਾਂ ਤੂੰ ਆਖੀਂ, ਨਹੀਂ।” ਇਸ ਤੋਂ ਬਾਅਦ ਹੇਬਰ ਦੀ ਪਤਨੀ ਯਾਏਲ ਨੇ ਤੰਬੂ ਦੀ ਇੱਕ ਕਿੱਲੀ ਚੁੱਕੀ ਅਤੇ ਇੱਕ ਹਥੌੜਾ ਹੱਥ ਵਿੱਚ ਲੈ ਲਿਆ ਅਤੇ ਚੁੱਪ-ਚਾਪ ਉਸ ਦੇ ਕੋਲ ਜਾ ਕੇ ਕਿੱਲੀ ਨੂੰ ਸੀਸਰਾ ਦੀ ਪੁੜਪੁੜੀ ਵਿੱਚ ਵਾੜ ਕੇ ਅਜਿਹਾ ਠੋਕਿਆ ਕਿ ਕਿੱਲੀ ਪਾਰ ਹੋ ਕੇ ਧਰਤੀ ਵਿੱਚ ਜਾ ਕੇ ਖੁੱਭ ਗਈ, ਉਹ ਤਾਂ ਥਕਾਵਟ ਦੇ ਕਾਰਨ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਸੀ, ਸੋ ਉਹ ਮਰ ਗਿਆ। ਅਤੇ ਵੇਖੋ, ਜਦੋਂ ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਆਇਆ ਤਾਂ ਯਾਏਲ ਉਸ ਨੂੰ ਮਿਲਣ ਲਈ ਨਿੱਕਲੀ ਅਤੇ ਉਸ ਨੂੰ ਕਿਹਾ, “ਆ ਅਤੇ ਮੈਂ ਤੈਨੂੰ ਉਹ ਪੁਰਖ ਵਿਖਾਵਾਂਗੀ, ਜਿਸ ਨੂੰ ਤੂੰ ਲੱਭਦਾ ਹੈਂ।” ਜਦ ਉਹ ਉਸ ਦੇ ਨਾਲ ਗਿਆ ਤਾਂ ਵੇਖੋ, ਸੀਸਰਾ ਮਰਿਆ ਪਿਆ ਸੀ ਅਤੇ ਕਿੱਲੀ ਉਸ ਦੀ ਪੁੜਪੁੜੀ ਵਿੱਚ ਸੀ। ਇਸ ਤਰ੍ਹਾਂ ਉਸ ਦਿਨ ਪਰਮੇਸ਼ੁਰ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਇਸਰਾਏਲੀਆਂ ਦੇ ਸਾਹਮਣੇ ਹਰਾ ਦਿੱਤਾ ਅਤੇ ਇਸਰਾਏਲੀਆਂ ਦਾ ਹੱਥ ਕਨਾਨ ਦੇ ਰਾਜਾ ਯਾਬੀਨ ਉੱਤੇ ਬਹੁਤ ਤਕੜਾ ਹੋਇਆ, ਇੱਥੋਂ ਤੱਕ ਕਿ ਉਨ੍ਹਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ ਕਰ ਦਿੱਤਾ।

Source notes (1)
  1. Footnote ਗੈਰ-ਕੌਮਾਂ ਦਾ ਸ਼ਹਿਰ

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.