ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਯਸਾ 58
ਸੱਚਾ ਵਰਤ
ਸੰਘ ਅੱਡ ਕੇ ਪੁਕਾਰ, ਸਰਫ਼ਾ ਨਾ ਕਰ, ਤੁਰ੍ਹੀ ਵਾਂਗੂੰ ਆਪਣੀ ਅਵਾਜ਼ ਉੱਚੀ ਕਰ! ਮੇਰੀ ਪਰਜਾ ਨੂੰ ਉਹਨਾਂ ਦੇ ਅਪਰਾਧ, ਅਤੇ ਯਾਕੂਬ ਦੇ ਘਰਾਣੇ ਨੂੰ ਉਹਨਾਂ ਦੇ ਪਾਪ ਦੱਸ! ਉਹ ਨਿੱਤ ਦਿਹਾੜੇ ਮੈਨੂੰ ਭਾਲਦੇ ਹਨ, ਅਤੇ ਮੇਰੇ ਰਾਹ ਜਾਣਨ ਦੀ ਅਜਿਹੀ ਇੱਛਾ ਰੱਖਦੇ ਹਨ ਜਾਣੋ ਉਹ ਅਜਿਹੀ ਧਰਮੀ ਕੌਮ ਹਨ, ਜਿਸ ਨੇ ਧਰਮ ਕਮਾਇਆ, ਅਤੇ ਆਪਣੇ ਪਰਮੇਸ਼ੁਰ ਦੇ ਹੁਕਮਨਾਮੇ ਨੂੰ ਨਹੀਂ ਤਿਆਗਿਆ, ਉਹ ਧਰਮ ਦੇ ਨਿਯਮ ਮੇਰੇ ਤੋਂ ਪੁੱਛਦੇ ਹਨ, ਉਹ ਪਰਮੇਸ਼ੁਰ ਦੇ ਨੇੜੇ ਆਉਣ ਵਿੱਚ ਖੁਸ਼ ਹੁੰਦੇ ਹਨ। ਉਹ ਆਖਦੇ ਹਨ, ਕੀ ਕਾਰਨ ਹੈ ਕਿ ਅਸੀਂ ਵਰਤ ਰੱਖਿਆ ਪਰ ਤੂੰ ਵੇਖਦਾ ਨਹੀਂ? ਅਸੀਂ ਆਪਣੀਆਂ ਜਾਨਾਂ ਨੂੰ ਦੁੱਖ ਦਿੱਤਾ ਪਰ ਤੂੰ ਖ਼ਿਆਲ ਨਹੀਂ ਕਰਦਾ? ਵੇਖੋ, ਵਰਤ ਦੇ ਦਿਨ ਤੁਸੀਂ ਆਪਣੀ ਹੀ ਖੁਸ਼ੀ ਲੱਭਦੇ ਹੋ, ਅਤੇ ਆਪਣੇ ਸਾਰੇ ਕਾਮਿਆਂ ਨੂੰ ਧੱਕੀ ਫਿਰਦੇ ਹੋ। ਵੇਖੋ, ਤੁਸੀਂ ਝਗੜੇ-ਰਗੜੇ ਲਈ, ਅਤੇ ਬੁਰਿਆਈ ਦੇ ਹੂਰੇ ਮਾਰਨ ਲਈ ਵਰਤ ਰੱਖਦੇ ਹੋ, ਜਿਹੋ ਜਿਹੇ ਵਰਤ ਤੁਸੀਂ ਰੱਖਦੇ ਹੋ ਉਸ ਨਾਲ ਤੁਹਾਡੀ ਅਵਾਜ਼ ਉਚਿਆਈ ਤੇ ਨਹੀਂ ਸੁਣੇਗੀ। ਭਲਾ, ਇਹ ਇਹੋ ਜਿਹਾ ਵਰਤ ਹੈ ਜਿਸ ਨੂੰ ਮੈਂ ਚੁਣਿਆ, ਅਰਥਾਤ ਇੱਕ ਦਿਨ ਜਿਸ ਦੇ ਵਿੱਚ ਮਨੁੱਖ ਆਪਣੇ ਆਪ ਨੂੰ ਦੀਨ ਕਰੇ? ਭਲਾ, ਸਿਰ ਨੂੰ ਕਾਨੇ ਵਾਂਗੂੰ ਝੁਕਾਉਣਾ, ਅਤੇ ਆਪਣੇ ਥੱਲੇ ਤੱਪੜ ਅਤੇ ਸੁਆਹ ਵਿਛਾਉਣਾ, ਭਲਾ, ਇਸ ਨੂੰ ਤੁਸੀਂ ਵਰਤ ਆਖੋਗੇ, ਇੱਕ ਦਿਨ ਜਿਹੜਾ ਯਹੋਵਾਹ ਨੂੰ ਭਾਵੇ?
ਜਿਹੜਾ ਵਰਤ ਮੈਂ ਚੁਣਿਆ ਕੀ ਉਹ ਇਹ ਨਹੀਂ ਹੈ ਕਿ ਤੁਸੀਂ ਅਨਿਆਂ ਦੇ ਬੰਧਨਾਂ ਨੂੰ ਖੋਲ੍ਹੋ, ਅਤੇ ਅਨ੍ਹੇਰ ਦੇ ਜੂਲੇ ਦੇ ਬੰਧਨਾਂ ਨੂੰ ਤੋੜੋ? ਕੁਚਲੇ ਹੋਇਆਂ ਨੂੰ ਛੁਡਾਓ ਅਤੇ ਹਰੇਕ ਜੂਲੇ ਨੂੰ ਭੰਨ ਸੁੱਟੋ? ਕੀ ਇਹ ਨਹੀਂ ਕਿ ਤੁਸੀਂ ਆਪਣੀ ਰੋਟੀ ਭੁੱਖਿਆਂ ਨੂੰ ਵੰਡ ਦਿਓ, ਅਤੇ ਬੇ-ਘਰੇ ਭਟਕਣ ਵਾਲਿਆਂ ਨੂੰ ਆਪਣੇ ਘਰ ਲਿਆਓ? ਜਦ ਤੁਸੀਂ ਕਿਸੇ ਨੂੰ ਨੰਗੇ ਵੇਖੋ ਤਾਂ ਉਹ ਨੂੰ ਕੱਜੋ, ਅਤੇ ਆਪਣੇ ਸਾਥੀਆਂ ਤੋਂ ਆਪਣਾ ਮੂੰਹ ਨਾ ਲੁਕਾਓ? ਫੇਰ ਤੇਰਾ ਚਾਨਣ ਸਵੇਰ ਵਾਂਗੂੰ ਫੁੱਟ ਨਿੱਕਲੇਗਾ, ਅਤੇ ਤੇਰੀ ਤੰਦਰੁਸਤੀ ਛੇਤੀ ਪਰਗਟ ਹੋਵੇਗੀ। ਤੇਰਾ ਧਰਮ ਤੇਰੇ ਅੱਗੇ-ਅੱਗੇ ਚੱਲੇਗਾ, ਯਹੋਵਾਹ ਦਾ ਪਰਤਾਪ ਤੇਰੇ ਪਿੱਛੇ ਰਾਖ਼ਾ ਹੋਵੇਗਾ। ਜਦ ਤੂੰ ਪੁਕਾਰੇਂਗਾ ਤਦ ਯਹੋਵਾਹ ਉੱਤਰ ਦੇਵੇਗਾ, ਜਦ ਤੂੰ ਦੁਹਾਈ ਦੇਵੇਂਗਾ ਤਾਂ ਉਹ ਆਖੇਗਾ, ਮੈਂ ਇੱਥੇ ਹਾਂ। ਜੇ ਤੂੰ ਆਪਣੇ ਵਿੱਚੋਂ ਅਨ੍ਹੇਰ ਦਾ ਜੂਲਾ, ਉਂਗਲ ਚੁੱਕਣਾ ਅਤੇ ਦੁਰਬਚਨ ਬੋਲਣਾ ਦੂਰ ਕਰੇਂ, ਜੇ ਤੂੰ ਭੁੱਖੇ ਦੀ ਸਹਾਇਤਾ ਦਿਲ ਖੋਲ੍ਹ ਕੇ ਕਰੇਂ ਅਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰੇਂ, ਤਾਂ ਤੇਰਾ ਚਾਨਣ ਹਨੇਰੇ ਵਿੱਚ ਚੜ੍ਹੇਗਾ, ਅਤੇ ਤੇਰਾ ਘੁੱਪ ਹਨ੍ਹੇਰਾ ਦੁਪਹਿਰ ਵਾਂਗੂੰ ਹੋਵੇਗਾ। ਯਹੋਵਾਹ ਤੇਰੀ ਅਗਵਾਈ ਸਦਾ ਕਰਦਾ ਰਹੇਗਾ, ਝੁਲਸਿਆਂ ਥਾਵਾਂ ਵਿੱਚ ਤੇਰੀ ਜਾਨ ਨੂੰ ਤ੍ਰਿਪਤ ਕਰੇਗਾ, ਅਤੇ ਤੇਰੀਆਂ ਹੱਡੀਆਂ ਨੂੰ ਮਜ਼ਬੂਤ ਕਰੇਗਾ, ਤੂੰ ਸਿੰਜੇ ਹੋਏ ਬਾਗ਼ ਜਿਹਾ ਹੋਵੇਂਗਾ, ਅਤੇ ਉਸ ਸੁੰਬ ਜਿਹਾ ਜਿਹ ਦਾ ਪਾਣੀ ਮੁੱਕਦਾ ਨਹੀਂ। ਤੇਰੇ ਲੋਕ ਪ੍ਰਾਚੀਨ ਖੰਡਰਾਂ ਨੂੰ ਉਸਾਰਨਗੇ, ਤੂੰ ਪਿਛਲੀਆਂ ਪੀੜ੍ਹੀਆਂ ਦੀਆਂ ਨੀਂਹਾਂ ਉੱਤੇ ਘਰ ਬਣਾਵੇਂਗਾ, ਅਤੇ ਤੂੰ “ਤੇੜ ਦੀ ਮੁਰੰਮਤ ਕਰਨ ਵਾਲਾ,” ਅਤੇ “ਵਸੇਬਿਆਂ ਦੇ ਰਾਹਾਂ ਦਾ ਸੁਧਾਰਕ” ਅਖਵਾਏਂਗਾ।
ਸਬਤ ਦੇ ਦਿਨ ਦੀ ਪਾਲਣਾ ਕਰਨਾ
ਜੇ ਤੂੰ ਸਬਤ ਦੇ ਦਿਨ ਨੂੰ ਅਸ਼ੁੱਧ ਨਾ ਕਰੇਂ ਅਤੇ ਮੇਰੇ ਪਵਿੱਤਰ ਦਿਨ ਵਿੱਚ ਆਪਣੇ ਪੈਰਾਂ ਨੂੰ ਆਪਣੀ ਮਰਜ਼ੀ ਪੂਰੀ ਕਰਨ ਤੋਂ ਰੋਕੇਂ, ਜੇ ਤੂੰ ਸਬਤ ਦੇ ਦਿਨ ਅਰਥਾਤ ਮੇਰੇ ਪਵਿੱਤਰ ਦਿਨ ਨੂੰ ਯਹੋਵਾਹ ਦਾ ਪਵਿੱਤਰ ਦਿਨ ਮੰਨ ਕੇ ਆਦਰ ਕਰੇਂ ਅਤੇ ਆਪਣੀਆਂ ਚਾਲਾਂ ਉੱਤੇ ਨਾ ਚੱਲ ਕੇ, ਅਤੇ ਆਪਣੀ ਇੱਛਾ ਪੂਰੀ ਨਾ ਕਰ ਕੇ, ਨਾ ਆਪਣੀਆਂ ਹੀ ਗੱਲਾਂ ਕਰ ਕੇ ਉਹ ਨੂੰ ਆਦਰ ਦੇਵੇਂ, ਤਦ ਤੂੰ ਯਹੋਵਾਹ ਵਿੱਚ ਮਗਨ ਰਹੇਂਗਾ, ਅਤੇ ਮੈਂ ਤੈਨੂੰ ਧਰਤੀ ਦੀਆਂ ਉਚਿਆਈਆਂ ਉੱਤੇ ਚੜ੍ਹਾਵਾਂਗਾ, ਤੇਰੇ ਪਿਤਾ ਯਾਕੂਬ ਦੀ ਵਿਰਾਸਤ ਵਿੱਚੋਂ ਖੁਆਵਾਂਗਾ, ਕਿਉਂ ਜੋ ਇਹ ਯਹੋਵਾਹ ਦਾ ਮੁੱਖ ਵਾਕ ਹੈ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.