ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਯਸਾ 59
ਨਬੀ ਵੱਲੋਂ ਲੋਕਾਂ ਦੇ ਪਾਪਾਂ ਦੀ ਨਿੰਦਿਆ
ਵੇਖੋ, ਯਹੋਵਾਹ ਦਾ ਹੱਥ ਅਜਿਹਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ, ਨਾ ਉਹ ਦਾ ਕੰਨ ਅਜਿਹਾ ਭਾਰੀ ਹੈ ਕਿ ਉਹ ਸੁਣੇ ਨਾ। ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਨੂੰ ਤੁਹਾਡੇ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਡੇ ਕੋਲੋਂ ਅਜਿਹਾ ਲੁਕਾ ਦਿੱਤਾ ਹੈ, ਕਿ ਉਹ ਸੁਣਦਾ ਨਹੀਂ। ਤੁਹਾਡੇ ਹੱਥ ਤਾਂ ਲਹੂ ਨਾਲ ਲਿੱਬੜੇ ਹੋਏ ਹਨ, ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ, ਤੁਹਾਡੇ ਬੁੱਲ੍ਹ ਝੂਠ ਨਾਲ ਭਰੇ ਹਨ ਅਤੇ ਤੁਹਾਡੀ ਜੀਭ ਬਦੀ ਬਕਦੀ ਹੈ। ਕੋਈ ਆਪਣਾ ਮੁਕੱਦਮਾ ਧਰਮ ਨਾਲ ਪੇਸ਼ ਨਹੀਂ ਕਰਦਾ, ਨਾ ਕੋਈ ਸਚਿਆਈ ਨਾਲ ਇਨਸਾਫ਼ ਕਰਦਾ, ਉਹ ਫੋਕਟ ਉੱਤੇ ਭਰੋਸਾ ਰੱਖਦੇ ਅਤੇ ਝੂਠ ਬੋਲਦੇ ਹਨ, ਉਹ ਝਗੜੇ ਨਾਲ ਗਰਭੀ ਹੁੰਦੇ ਅਤੇ ਬਦੀ ਨੂੰ ਜਨਮ ਦਿੰਦੇ ਹਨ! ਉਹ ਨਾਗ ਦੇ ਆਂਡੇ ਸੇਉਂਦੇ ਹਨ ਅਤੇ ਮੱਕੜੀ ਦਾ ਜਾਲਾ ਉਣਦੇ ਹਨ, ਜੋ ਕੋਈ ਉਹਨਾਂ ਦੇ ਆਂਡਿਆਂ ਵਿੱਚੋਂ ਖਾਵੇ ਉਹ ਮਰ ਜਾਵੇਗਾ, ਅਤੇ ਜਿਹੜਾ ਤੋੜਿਆ ਜਾਵੇ ਉਸ ਤੋਂ ਫਨੀਅਰ ਸੱਪ ਨਿੱਕਲਦਾ ਹੈ। ਉਹਨਾਂ ਦੇ ਜਾਲੇ ਨਾਲ ਬਸਤਰ ਨਾ ਬਣਨਗੇ, ਨਾ ਉਹ ਆਪਣੀਆਂ ਕਰਤੂਤਾਂ ਨਾਲ ਆਪਣੇ ਆਪ ਨੂੰ ਢੱਕਣਗੇ, ਉਹਨਾਂ ਦੀਆਂ ਕਰਤੂਤਾਂ ਬਦੀ ਦੀਆਂ ਕਰਤੂਤਾਂ ਹਨ, ਅਤੇ ਜ਼ੁਲਮ ਦਾ ਕੰਮ ਉਹਨਾਂ ਦੇ ਹੱਥ ਵਿੱਚ ਹੈ। ਉਹਨਾਂ ਦੇ ਪੈਰ ਬੁਰਿਆਈ ਵੱਲ ਭੱਜਦੇ ਹਨ, ਅਤੇ ਨਿਰਦੋਸ਼ ਦਾ ਲਹੂ ਵਹਾਉਣ ਵਿੱਚ ਕਾਹਲੀ ਕਰਦੇ ਹਨ। ਉਹਨਾਂ ਦੇ ਖ਼ਿਆਲ ਬਦੀ ਦੇ ਖ਼ਿਆਲ ਹਨ, ਵਿਰਾਨੀ ਅਤੇ ਬਰਬਾਦੀ ਉਹਨਾਂ ਦੇ ਰਸਤਿਆਂ ਵਿੱਚ ਹੈ। ਸ਼ਾਂਤੀ ਦਾ ਰਾਹ ਉਹ ਜਾਣਦੇ ਹੀ ਨਹੀਂ, ਉਹਨਾਂ ਦੇ ਮਾਰਗਾਂ ਵਿੱਚ ਇਨਸਾਫ਼ ਨਹੀਂ, ਉਹਨਾਂ ਦੇ ਪਹੇ ਟੇਢੇ ਹਨ, ਜੋ ਉਹਨਾਂ ਦੇ ਨਾਲ ਤੁਰਦਾ ਉਹ ਸ਼ਾਂਤੀ ਨਹੀਂ ਜਾਣਦਾ।
ਪਾਪਾਂ ਤੋਂ ਤੋਬਾ
ਇਸੇ ਕਾਰਨ ਨਿਆਂ ਸਾਡੇ ਕੋਲੋਂ ਦੂਰ ਹੈ, ਅਤੇ ਧਰਮ ਸਾਡੇ ਨੇੜੇ ਨਹੀਂ ਆਉਂਦਾ, ਅਸੀਂ ਚਾਨਣ ਨੂੰ ਉਡੀਕਦੇ ਹਾਂ ਅਤੇ ਵੇਖੋ, ਹਨ੍ਹੇਰਾ ਹੀ ਹਨ੍ਹੇਰਾ! ਅਤੇ ਉਜਾਲੇ ਨੂੰ ਪਰ ਅਸੀਂ ਘੁੱਪ ਹਨੇਰੇ ਵਿੱਚ ਚਲਦੇ ਹਾਂ। ਅਸੀਂ ਅੰਨ੍ਹਿਆਂ ਵਾਂਗੂੰ ਕੰਧ ਨੂੰ ਟੋਹੰਦੇ ਹਾਂ, ਅਤੇ ਉਨ੍ਹਾਂ ਵਾਂਗੂੰ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸੀਂ ਆਪਣਾ ਰਾਹ ਭਾਲਦੇ ਹਾਂ, ਅਸੀਂ ਦੁਪਹਿਰ ਨੂੰ ਸ਼ਾਮ ਵਾਂਗੂੰ ਠੇਡਾ ਖਾਂਦੇ ਹਾਂ, ਬਲਵਾਨਾਂ1 ਦੇ ਵਿਚਕਾਰ ਅਸੀਂ ਮੁਰਦਿਆਂ ਵਾਂਗੂੰ ਹਾਂ। ਅਸੀਂ ਸਾਰੇ ਰਿੱਛਾਂ ਵਾਂਗੂੰ ਗੁਰਰਾਉਂਦੇ ਹਾਂ, ਅਸੀਂ ਘੁੱਗੀਆਂ ਵਾਂਗੂੰ ਹੂੰਗਦੇ ਰਹਿੰਦੇ ਹਾਂ, ਅਸੀਂ ਨਿਆਂ ਨੂੰ ਉਡੀਕਦੇ ਹਾਂ, ਪਰ ਉਹ ਹੈ ਹੀ ਨਹੀਂ, ਮੁਕਤੀ ਨੂੰ, ਪਰ ਉਹ ਸਾਡੇ ਕੋਲੋਂ ਦੂਰ ਹੈ। ਸਾਡੇ ਅਪਰਾਧ ਤਾਂ ਤੇਰੇ ਹਜ਼ੂਰ ਵੱਧ ਗਏ ਹਨ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ, ਕਿਉਂ ਜੋ ਸਾਡੇ ਅਪਰਾਧ ਸਾਡੇ ਨਾਲ ਹਨ, ਅਤੇ ਆਪਣੀਆਂ ਬਦੀਆਂ ਨੂੰ ਅਸੀਂ ਜਾਣਦੇ ਹਾਂ। ਅਸੀਂ ਯਹੋਵਾਹ ਦਾ ਅਪਰਾਧ ਕੀਤਾ ਅਤੇ ਉਸ ਤੋਂ ਮੁੱਕਰ ਗਏ, ਅਸੀਂ ਆਪਣੇ ਪਰਮੇਸ਼ੁਰ ਦੇ ਪਿੱਛੇ ਚੱਲਣੋਂ ਹੱਟ ਗਏ, ਅਸੀਂ ਜ਼ੁਲਮ ਕੀਤਾ ਅਤੇ ਵਿਦਰੋਹੀ ਹੋ ਗਏ, ਅਸੀਂ ਮਨੋਂ ਜੁਗਤੀ ਕਰ ਕੇ ਝੂਠੀਆਂ ਗੱਲਾਂ ਕੀਤੀਆਂ। ਨਿਆਂ ਪਲਟ ਗਿਆ, ਅਤੇ ਧਰਮ ਦੂਰ ਖੜ੍ਹਾ ਰਹਿੰਦਾ ਹੈ, ਸਚਿਆਈ ਤਾਂ ਚੌਂਕ ਵਿੱਚ ਡਿੱਗ ਪਈ, ਅਤੇ ਸਿਧਿਆਈ ਅੰਦਰ ਵੜ ਨਹੀਂ ਸਕਦੀ। ਸਚਿਆਈ ਲੱਭਦੀ ਹੀ ਨਹੀਂ ਅਤੇ ਜਿਹੜਾ ਬਦੀ ਤੋਂ ਭੱਜਦਾ ਹੈ, ਉਹ ਆਪਣੇ ਆਪ ਨੂੰ ਸ਼ਿਕਾਰ ਬਣਾਉਂਦਾ ਹੈ।
ਪਰਮੇਸ਼ੁਰ ਛੁਟਕਾਰਾ ਦੇਣ ਨੂੰ ਤਿਆਰ
ਯਹੋਵਾਹ ਨੇ ਵੇਖਿਆ ਅਤੇ ਪ੍ਰਸੰਨ ਨਾ ਹੋਇਆ ਕਿਉਂ ਜੋ ਨਿਆਂ ਕਿਤੇ ਵੀ ਨਹੀਂ ਸੀ। ਉਹ ਨੇ ਵੇਖਿਆ ਕਿ ਕੋਈ ਮਨੁੱਖ ਨਹੀਂ, ਉਹ ਦੰਗ ਰਹਿ ਗਿਆ ਕਿ ਕੋਈ ਵੀ ਵਿਚੋਲਾ ਨਹੀਂ, ਇਸ ਲਈ ਉਹ ਦੀ ਭੁਜਾ ਨੇ ਆਪ ਹੀ ਉਸ ਲਈ ਬਚਾਓ ਕੀਤਾ, ਅਤੇ ਉਹ ਦੇ ਧਰਮ ਨੇ ਹੀ ਉਸ ਨੂੰ ਸੰਭਾਲਿਆ। ਉਹ ਨੇ ਧਰਮ ਨੂੰ ਸੰਜੋ ਵਾਂਗੂੰ ਪਹਿਨਿਆ ਅਤੇ ਆਪਣੇ ਸਿਰ ਉੱਤੇ ਮੁਕਤੀ ਦਾ ਟੋਪ ਰੱਖਿਆ, ਉਸ ਨੇ ਬਦਲਾ ਲੈਣ ਦੇ ਬਸਤਰ ਧਾਰਣ ਕੀਤਾ ਅਤੇ ਚੋਲੇ ਵਾਂਗੂੰ ਅਣਖ ਨੂੰ ਪਾ ਲਿਆ। ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਉਹ ਉਨ੍ਹਾਂ ਨੂੰ ਬਦਲਾ ਦੇਵੇਗਾ, ਆਪਣੇ ਵੈਰੀਆਂ ਲਈ ਕ੍ਰੋਧ, ਵਿਰੋਧੀਆਂ ਲਈ ਬਦਲਾ ਦੇਵੇਗਾ, ਉਹ ਟਾਪੂਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਦੇਵੇਗਾ। ਤਦ ਪੱਛਮ ਵੱਲ ਲੋਕ ਯਹੋਵਾਹ ਦੇ ਨਾਮ ਤੋਂ ਡਰਨਗੇ ਅਤੇ ਸੂਰਜ ਦੇ ਚੜ੍ਹਦੇ ਪਾਸਿਓਂ ਉਹ ਦੇ ਪਰਤਾਪ ਤੋਂ ਡਰਨਗੇ, ਕਿਉਂ ਜੋ ਉਹ ਹੜ੍ਹ ਵਾਲੀ ਨਦੀ ਵਾਂਗੂੰ ਆਵੇਗਾ, ਤਦ ਯਹੋਵਾਹ ਦਾ ਆਤਮਾ ਉਸ ਦੇ ਵਿਰੁੱਧ ਝੰਡਾ ਖੜ੍ਹਾ ਕਰੇਗਾ2 l
ਸੀਯੋਨ ਲਈ ਇੱਕ ਛੁਟਕਾਰਾ ਦੇਣ ਵਾਲਾ ਆਵੇਗਾ ਅਰਥਾਤ ਉਨ੍ਹਾਂ ਲਈ ਜੋ ਯਾਕੂਬ ਵਿੱਚ ਅਪਰਾਧਾਂ ਤੋਂ ਮਨ ਫਿਰਾਉਂਦੇ ਹਨ, ਯਹੋਵਾਹ ਦਾ ਵਾਕ ਹੈ। ਯਹੋਵਾਹ ਆਖਦਾ ਹੈ, ਮੇਰੀ ਵੱਲੋਂ, ਉਹਨਾਂ ਦੇ ਨਾਲ ਮੇਰਾ ਇਹ ਨੇਮ ਹੈ, ਮੇਰਾ ਆਤਮਾ ਜੋ ਤੇਰੇ ਉੱਤੇ ਹੈ, ਅਤੇ ਮੇਰੇ ਬਚਨ ਜੋ ਮੈਂ ਤੇਰੇ ਮੂੰਹ ਵਿੱਚ ਪਾਏ, ਉਹ ਤੇਰੇ ਮੂੰਹ ਵਿੱਚੋਂ, ਤੇਰੀ ਅੰਸ ਦੇ ਮੂੰਹ ਵਿੱਚੋਂ, ਸਗੋਂ ਤੇਰੀ ਅੰਸ ਦੀ ਅੰਸ ਦੇ ਮੂੰਹ ਵਿੱਚੋਂ, ਹੁਣ ਤੋਂ ਸਦੀਪਕ ਕਾਲ ਤੱਕ ਕਦੇ ਨਾ ਮੁੱਕਣਗੇ, ਯਹੋਵਾਹ ਦਾ ਵਾਕ ਹੈ।
Source notes (2)
- Footnote ਬੰਜਰ ਭੂਮੀ
- Footnote ਯਹੋਵਾਹ ਦਾ ਸਾਹ ਉਹਨਾਂ ਨੂੰ ਰੋੜ੍ਹ ਲੈ ਜਾਵੇਗਾ l
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.