ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਹਿਜ਼ਕੀਏਲ 5
ਵਾਲ਼ ਮੁੰਨ ਕੇ ਉਸ ਦੇ ਦੁਆਰਾ ਯਰੂਸ਼ਲਮ ਦੇ ਵਿਨਾਸ਼ ਨੂੰ ਦਰਸਾਉਣਾ
ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਤੇਜ਼ ਤਲਵਾਰ ਲੈ ਅਤੇ ਨਾਈ ਦੇ ਉਸਤਰੇ ਵਾਂਗੂੰ ਉਹ ਨੂੰ ਲੈ ਕੇ ਉਹ ਦੇ ਨਾਲ ਆਪਣਾ ਸਿਰ ਤੇ ਦਾੜ੍ਹੀ ਮੁਨਾ ਅਤੇ ਤੱਕੜੀ ਲੈ ਕੇ ਵਾਲਾਂ ਨੂੰ ਤੋਲ ਕੇ ਉਹਨਾਂ ਦੇ ਹਿੱਸੇ ਬਣਾ। ਫਿਰ ਜਦੋਂ ਘੇਰੇ ਦੇ ਦਿਨ ਪੂਰੇ ਹੋ ਜਾਣ ਤਾਂ ਉਹਨਾਂ ਦਾ ਤੀਜਾ ਹਿੱਸਾ ਲੈ ਕੇ ਸ਼ਹਿਰ ਦੇ ਵਿਚਕਾਰ ਅੱਗ ਵਿੱਚ ਸਾੜ, ਫੇਰ ਦੂਜੀ ਵਾਰ ਤੀਜਾ ਹਿੱਸਾ ਲੈ ਕੇ ਤਲਵਾਰ ਦੇ ਨਾਲ ਉਹਨਾਂ ਨੂੰ ਸ਼ਹਿਰ ਦੇ ਇੱਧਰ ਉੱਧਰ ਮਾਰ ਅਤੇ ਰਹਿੰਦਾ ਤੀਜਾ ਹਿੱਸਾ ਹਵਾ ਵਿੱਚ ਖਿਲਾਰ ਦੇ ਅਤੇ ਮੈਂ ਉਹਨਾਂ ਦੇ ਪਿੱਛੇ ਤਲਵਾਰ ਖਿੱਚ ਲਵਾਂਗਾ। ਉਹਨਾਂ ਵਿੱਚੋਂ ਥੋੜ੍ਹੇ ਜਿਹੇ ਵਾਲ਼ ਗਿਣ ਕੇ ਲੈ ਅਤੇ ਉਹਨਾਂ ਨੂੰ ਆਪਣੇ ਪੱਲੇ ਵਿੱਚ ਬੰਨ੍ਹ ਫੇਰ ਉਹਨਾਂ ਵਿੱਚੋਂ ਕੁਝ ਵਾਲ਼ ਲੈ ਕੇ ਕੱਢ ਕੇ ਅੱਗ ਵਿੱਚ ਸਾੜ ਦੇ। ਇਸ ਵਿੱਚੋਂ ਇੱਕ ਅਗਨੀ ਇਸਰਾਏਲ ਦੇ ਸਾਰੇ ਘਰਾਣੇ ਵਿੱਚ ਨਿੱਕਲੇਗੀ। ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਯਰੂਸ਼ਲਮ ਇਹੋ ਹੀ ਹੈ। ਮੈਂ ਉਸ ਨੂੰ ਕੌਮਾਂ ਦੇ ਵਿਚਕਾਰ ਰੱਖਿਆ ਹੈ ਅਤੇ ਉਹ ਦੇ ਆਲੇ-ਦੁਆਲੇ ਦੇਸ ਹਨ। ਉਸ ਨੇ ਮੇਰੇ ਨਿਆਂਵਾਂ ਦੇ ਵਿਰੁੱਧ ਵਿਦਰੋਹੀ ਹੋ ਕੇ ਦੂਜੀਆਂ ਕੌਮਾਂ ਨਾਲੋਂ ਵਧੇਰੇ ਦੁਸ਼ਟਤਾ ਕੀਤੀ ਅਤੇ ਮੇਰੀਆਂ ਬਿਧੀਆਂ ਦੇ ਵਿਰੁੱਧ ਆਲੇ-ਦੁਆਲੇ ਦੇ ਦੇਸਾਂ ਨਾਲੋਂ ਵਧੇਰੇ ਬੁਰਿਆਈ ਕੀਤੀ, ਕਿਉਂ ਜੋ ਉਹਨਾਂ ਨੇ ਮੇਰੇ ਨਿਆਂਵਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਬਿਧੀਆਂ ਅਨੁਸਾਰ ਨਹੀਂ ਚੱਲੇ। ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਨਾਲੋਂ ਵਧੇਰੇ ਦੁਸ਼ਟਤਾ ਕਰਨ ਵਾਲੇ ਹੋ ਅਤੇ ਮੇਰੀਆਂ ਬਿਧੀਆਂ ਉੱਤੇ ਨਹੀਂ ਚੱਲੇ ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਸਗੋਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਹੁਕਮਾਂ ਉੱਤੇ ਅਮਲ ਕੀਤਾ। ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਵੇਖ, ਮੈਂ, ਹਾਂ ਮੈਂ ਹੀ ਤੇਰੇ ਵਿਰੁੱਧ ਹਾਂ ਅਤੇ ਮੈਂ ਕੌਮਾਂ ਦੇ ਸਾਹਮਣੇ ਤੇਰਾ ਨਿਆਂ ਕਰਾਂਗਾ। ਮੈਂ ਤੇਰੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਤੇਰੇ ਨਾਲ ਉਹ ਕਰਾਂਗਾ, ਜੋ ਮੈਂ ਹੁਣ ਤੱਕ ਕਦੇ ਨਹੀਂ ਕੀਤਾ ਅਤੇ ਅੱਗੇ ਲਈ ਇਹੋ ਜਿਹਾ ਕਿਸੇ ਨਾਲ ਵੀ ਨਹੀਂ ਕਰਾਂਗਾ। ਇਸ ਲਈ ਤੇਰੇ ਵਿੱਚ ਪਿਉ ਪੁੱਤਰਾਂ ਨੂੰ ਖਾਣਗੇ ਅਤੇ ਪੁੱਤਰ ਪਿਤਾਵਾਂ ਨੂੰ ਖਾ ਜਾਣਗੇ ਅਤੇ ਮੈਂ ਤੇਰੇ ਉੱਤੇ ਨਿਆਂ ਨੂੰ ਪੂਰਾ ਕਰਾਂਗਾ। ਮੈਂ ਤੇਰੀ ਬਾਕੀ ਅੰਸ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰ ਦਿਆਂਗਾ। ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੇ ਜੀਵਨ ਦੀ ਸਹੁੰ, ਕਿਉਂ ਜੋ ਤੂੰ ਆਪਣਿਆਂ ਸਾਰਿਆਂ ਭੈੜਿਆਂ ਕੰਮਾਂ ਨਾਲ ਅਤੇ ਸਾਰੀਆਂ ਘਿਣਾਉਣੀਆਂ ਵਸਤਾਂ ਨਾਲ ਮੇਰੇ ਪਵਿੱਤਰ ਸਥਾਨ ਨੂੰ ਭਰਿਸ਼ਟ ਕੀਤਾ ਹੈ, ਇਸ ਲਈ ਮੈਂ ਵੀ ਤੈਨੂੰ ਨੁਕਸਾਨ ਪਹੁੰਚਾਵਾਂਗਾ ਅਤੇ ਮੇਰੀ ਅੱਖ ਦਯਾ ਨਹੀਂ ਕਰੇਗੀ ਅਤੇ ਮੈਂ ਕਦੇ ਵੀ ਤਰਸ ਨਹੀਂ ਕਰਾਂਗਾ। ਤੇਰਾ ਤੀਜਾ ਹਿੱਸਾ ਮਹਾਂਮਾਰੀ ਨਾਲ ਮਰ ਜਾਵੇਗਾ ਅਤੇ ਕਾਲ ਉਹਨਾਂ ਨੂੰ ਤੇਰੇ ਵਿਚਕਾਰ ਭੱਖ ਲਵੇਗਾ। ਤੀਜਾ ਹਿੱਸਾ ਤੇਰੇ ਦੁਆਲੇ ਦੀ ਤਲਵਾਰ ਨਾਲ ਡਿੱਗ ਪਵੇਗਾ, ਤੀਜਾ ਹਿੱਸਾ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰ ਦਿਆਂਗਾ ਅਤੇ ਮੈਂ ਤਲਵਾਰ ਉਹਨਾਂ ਦੇ ਪਿੱਛੇ ਖਿੱਚ ਲਵਾਂਗਾ। ਇਸ ਤਰ੍ਹਾਂ ਮੇਰਾ ਕ੍ਰੋਧ ਪੂਰਾ ਹੋਵੇਗਾ, ਤਦ ਮੇਰਾ ਗੁੱਸਾ ਉਹਨਾਂ ਉੱਤੋਂ ਸ਼ਾਂਤ ਹੋ ਜਾਵੇਗਾ ਅਤੇ ਮੈਨੂੰ ਸ਼ਾਂਤੀ ਹੋਵੇਗੀ। ਜਦੋਂ ਮੈਂ ਉਹਨਾਂ ਉੱਤੇ ਆਪਣਾ ਕਹਿਰ ਪੂਰਾ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਅਣਖ ਨਾਲ ਇਹ ਸਭ ਕੁਝ ਆਖਿਆ ਸੀ। ਇਸ ਤੋਂ ਬਿਨਾਂ ਮੈਂ ਤੈਨੂੰ ਉਹਨਾਂ ਕੌਮਾਂ ਦੇ ਵਿੱਚ ਜੋ ਤੇਰੇ ਆਲੇ-ਦੁਆਲੇ ਹਨ ਅਤੇ ਉਹਨਾਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਜੋ ਉੱਥੋਂ ਲੰਘਣਗੇ, ਉਜਾੜ ਅਤੇ ਬਦਨਾਮ ਬਣਾਵਾਂਗਾ। ਇਸ ਲਈ ਜਦੋਂ ਮੈਂ ਕਹਿਰ, ਕ੍ਰੋਧ ਅਤੇ ਗੁੱਸੇ ਭਰੀ ਝਿੜਕ ਨਾਲ ਤੇਰਾ ਨਿਆਂ ਕਰਾਂਗਾ, ਤਾਂ ਤੂੰ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਲਈ ਨਿੰਦਿਆ, ਠੱਠੇ, ਸਿੱਖਿਆ ਅਤੇ ਦਹਿਸ਼ਤ ਦਾ ਕਾਰਨ ਬਣੇਂਗਾ - ਮੈਂ ਯਹੋਵਾਹ ਨੇ ਇਹ ਆਖਿਆ ਹੈ। ਜਦੋਂ ਮੈਂ ਭਿਆਨਕ ਕਾਲ ਦੇ ਤੀਰ ਤੇਰੇ ਵਿਰੁੱਧ ਛੱਡਾਂਗਾ ਜੋ ਤੇਰੇ ਵਿਨਾਸ਼ ਦੇ ਲਈ ਹੋਣਗੇ। ਮੈਂ ਤੇਰੇ ਵਿੱਚ ਬਹੁਤ ਕਾਲ ਪਾਵਾਂਗਾ ਅਤੇ ਤੇਰੀ ਰੋਟੀ ਦੇ ਸਾਧਨ ਨੂੰ ਤੋੜ ਸੁੱਟਾਂਗਾ। ਮੈਂ ਤੇਰੇ ਵਿੱਚ ਕਾਲ ਅਤੇ ਬੁਰੇ ਦਰਿੰਦੇ ਭੇਜਾਂਗਾ ਅਤੇ ਉਹ ਤੈਨੂੰ ਔਂਤਰਾ ਕਰਨਗੇ। ਤੇਰੇ ਵਿੱਚੋਂ ਦੀ ਬਵਾ ਅਤੇ ਖੂਨ-ਖ਼ਰਾਬਾ ਲੰਘੇਗਾ ਅਤੇ ਮੈਂ ਤੇਰੇ ਉੱਤੇ ਤਲਵਾਰ ਲਿਆਵਾਂਗਾ। ਮੈਂ ਯਹੋਵਾਹ ਨੇ ਇਹ ਆਖਿਆ ਹੈ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.