ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ
ਹਿਜ਼ਕੀਏਲ 10
ਪਰਮੇਸ਼ੁਰ ਦੀ ਮਹਿਮਾ ਦਾ ਯਰੂਸ਼ਲਮ ਦੀ ਹੈਕਲ ਦੇ ਵਿੱਚੋਂ ਕੱਢਿਆ ਜਾਣਾ
ਤਦੋਂ ਮੈਂ ਵੇਖਿਆ ਅਤੇ ਵੇਖੋ, ਉਸ ਅੰਬਰ ਵਿੱਚ ਜੋ ਕਰੂਬੀਆਂ ਦੇ ਸਿਰ ਉੱਤੇ ਸੀ, ਇੱਕ ਵਸਤੂ ਨੀਲਮ ਵਰਗੀ ਦਿਖਾਈ ਦਿੱਤੀ ਅਤੇ ਉਸ ਦੀ ਬਣਾਵਟ ਸਿੰਘਾਸਣ ਵਰਗੀ ਸੀ। ਉਹ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਆਖਿਆ ਕਿ ਉਹਨਾਂ ਘੁੰਮਣ ਵਾਲੇ ਪਹੀਆਂ ਦੇ ਅੰਦਰ ਜਾ, ਜੋ ਕਰੂਬੀਆਂ ਦੇ ਥੱਲੇ ਹਨ ਅਤੇ ਅੱਗ ਦੇ ਅੰਗਿਆਰੇ ਜਿਹੜੇ ਕਰੂਬੀਆਂ ਦੇ ਵਿਚਾਲੇ ਹਨ ਮੁੱਠ ਭਰ ਕੇ ਚੁੱਕ ਅਤੇ ਸ਼ਹਿਰ ਦੇ ਉੱਪਰ ਖਿਲਾਰ ਦੇ, ਤਾਂ ਉਹ ਮੇਰੇ ਵੇਖਦਿਆਂ ਅੰਦਰ ਗਿਆ। ਜਦੋਂ ਉਹ ਮਨੁੱਖ ਅੰਦਰ ਗਿਆ, ਤਦ ਕਰੂਬੀ ਭਵਨ ਦੇ ਸੱਜੇ ਪਾਸੇ ਖਲੋਤੇ ਸਨ ਅਤੇ ਅੰਦਰਲਾ ਵੇਹੜਾ ਬੱਦਲ ਨਾਲ ਭਰ ਗਿਆ। ਤਦ ਯਹੋਵਾਹ ਦਾ ਤੇਜ ਕਰੂਬੀਆਂ ਦੇ ਉੱਤੋਂ ਉੱਚਾ ਹੋ ਕੇ ਭਵਨ ਦੀ ਡਿਉੜੀ ਤੇ ਆਇਆ, ਭਵਨ ਬੱਦਲ ਨਾਲ ਭਰ ਗਿਆ ਅਤੇ ਵੇਹੜਾ ਯਹੋਵਾਹ ਦੇ ਤੇਜ ਦੇ ਚਾਨਣ ਨਾਲ ਭਰ ਗਿਆ। ਤਦ ਕਰੂਬੀਆਂ ਦੇ ਖੰਭਾਂ ਦੀ ਅਵਾਜ਼ ਬਾਹਰ ਦੇ ਵੇਹੜੇ ਤੱਕ ਸੁਣਾਈ ਦਿੰਦੀ ਸੀ, ਜਿਵੇਂ ਸਰਬ ਸ਼ਕਤੀਮਾਨ ਦੀ ਅਵਾਜ਼ ਹੋਵੇ, ਜਦੋਂ ਉਹ ਬਚਨ ਕਰਦਾ ਹੈ। ਅਜਿਹਾ ਹੋਇਆ ਕਿ ਜਦੋਂ ਉਸ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਹੁਕਮ ਦਿੱਤਾ ਕਿ ਉਹ ਘੁੰਮਣ ਵਾਲੇ ਪਹੀਆਂ ਦੇ ਅੰਦਰੋਂ ਅਤੇ ਕਰੂਬੀਆਂ ਦੇ ਵਿਚਕਾਰੋਂ ਅੱਗ ਲਵੇ, ਤਦ ਉਹ ਅੰਦਰ ਗਿਆ ਅਤੇ ਇੱਕ ਪਹੀਏ ਦੇ ਕੋਲ ਜਾ ਕੇ ਖੜ੍ਹਾ ਹੋ ਗਿਆ। ਕਰੂਬੀਆਂ ਵਿੱਚੋਂ ਇੱਕ ਕਰੂਬੀ ਨੇ ਆਪਣਾ ਹੱਥ ਉਸ ਅੱਗ ਵੱਲ ਵਧਾਇਆ ਜੋ ਕਰੂਬੀਆਂ ਦੇ ਵਿਚਾਲੇ ਸੀ ਅਤੇ ਅੱਗ ਲੈ ਕੇ ਉਸ ਮਨੁੱਖ ਦੇ ਹੱਥਾਂ ਤੇ ਰੱਖੀ, ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ ਅਤੇ ਉਹ ਲੈ ਕੇ ਬਾਹਰ ਚਲਿਆ ਗਿਆ। ਕਰੂਬੀਆਂ ਦੇ ਵਿਚਾਲੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਵਰਗਾ ਕੁਝ ਦਿਖਾਈ ਦਿੰਦਾ ਸੀ। ਮੈਂ ਵੇਖਿਆ ਤਾਂ ਵੇਖੋ, ਚਾਰ ਪਹੀਏ ਕਰੂਬੀਆਂ ਦੇ ਆਲੇ-ਦੁਆਲੇ ਸਨ। ਇੱਕ ਕਰੂਬੀ ਦੇ ਲਾਗੇ ਦੂਜਾ ਪਹੀਆ ਸੀ ਅਤੇ ਉਹਨਾਂ ਪਹੀਆਂ ਦਾ ਰੰਗ ਵੇਖਣ ਵਿੱਚ ਸੁਨਹਿਰੇ ਪੱਥਰ ਵਾਂਗੂੰ ਸੀ। ਉਹਨਾਂ ਦਾ ਰੂਪ ਇੱਕੋ ਜਿਹਾ ਸੀ, ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਅੰਦਰ ਹੋਵੇ। ਜਦੋਂ ਉਹ ਚੱਲਦੇ ਸਨ ਤਾਂ ਆਪਣੇ ਚਾਰੇ ਪਾਸੇ ਤੁਰਦੇ ਸਨ, ਉਹ ਤੁਰਦੇ ਹੋਏ ਮੁੜਦੇ ਨਹੀਂ ਸਨ। ਜਿਸ ਪਾਸੇ ਵੱਲ ਉਹਨਾਂ ਦਾ ਸਿਰ ਹੁੰਦਾ ਸੀ ਉਸੇ ਪਾਸੇ ਵੱਲ ਉਹ ਦੇ ਪਿੱਛੇ-ਪਿੱਛੇ ਜਾਂਦੇ ਸਨ। ਉਹ ਤੁਰਦਿਆਂ ਹੋਇਆ ਮੁੜਦੇ ਨਹੀਂ ਸਨ। ਉਹਨਾਂ ਦੇ ਸਾਰੇ ਸਰੀਰ, ਪਿੱਠ, ਹੱਥਾਂ, ਖੰਭਾਂ ਅਤੇ ਉਹਨਾਂ ਪਹੀਆਂ ਵਿੱਚ ਆਸੇ ਪਾਸੇ ਅੱਖਾਂ ਹੀ ਅੱਖਾਂ ਸਨ ਅਰਥਾਤ ਉਹਨਾਂ ਚਾਰਾਂ ਪਹੀਆਂ ਵਿੱਚ। ਇਹਨਾਂ ਪਹੀਆਂ ਨੂੰ ਮੇਰੇ ਸੁਣਦਿਆਂ “ਘੁੰਮਣ ਵਾਲੇ ਪਹੀਏ” ਆਖਿਆ ਗਿਆ ਅਤੇ ਹਰ ਇੱਕ ਦੇ ਚਾਰ ਚਿਹਰੇ ਸਨ, ਪਹਿਲਾ ਚਿਹਰਾ ਕਰੂਬੀ ਦਾ ਚਿਹਰਾ, ਦੂਜਾ ਚਿਹਰਾ ਮਨੁੱਖ ਦਾ ਚਿਹਰਾ, ਤੀਜਾ ਚਿਹਰਾ ਬੱਬਰ ਸ਼ੇਰ ਦਾ ਅਤੇ ਚੌਥਾ ਚਿਹਰਾ ਉਕਾਬ ਦਾ ਸੀ। ਕਰੂਬੀ ਉੱਚੇ ਚੜ੍ਹੇ, ਇਹ ਉਹ ਜੀਵ ਸੀ, ਜਿਹੜਾ ਮੈਂ ਕਬਾਰ ਨਹਿਰ ਦੇ ਕੋਲ ਵੇਖਿਆ ਸੀ। ਜਦੋਂ ਕਰੂਬੀ ਚੱਲਦੇ ਸਨ ਤਾਂ ਪਹੀਏ ਵੀ ਉਹਨਾਂ ਦੇ ਨਾਲ-ਨਾਲ ਚੱਲਦੇ ਸਨ, ਅਤੇ ਜਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ ਤਾਂ ਜੋ ਧਰਤੀ ਤੋਂ ਉੱਤੇ ਨੂੰ ਉੱਡਣ, ਤਾਂ ਉਹ ਪਹੀਏ ਉਹਨਾਂ ਨਾਲ ਹੀ ਰਹਿੰਦੇ ਸਨ। ਜਦ ਉਹ ਖੜ੍ਹੇ ਹੁੰਦੇ ਸਨ ਤਾਂ ਇਹ ਵੀ ਖੜ੍ਹੇ ਹੁੰਦੇ ਸਨ ਅਤੇ ਜਦੋਂ ਉਹ ਉਤਾਹਾਂ ਨੂੰ ਉੱਡਦੇ ਸਨ ਤਾਂ ਇਹ ਵੀ ਉਹਨਾਂ ਨਾਲ ਉਤਾਹਾਂ ਨੂੰ ਚੜ੍ਹਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਉਹਨਾਂ ਵਿੱਚ ਸੀ। ਯਹੋਵਾਹ ਦਾ ਤੇਜ ਘਰ ਦੀ ਡਿਉੜੀ ਉੱਤੋਂ ਉੱਠ ਕੇ ਕਰੂਬੀਆਂ ਦੇ ਉੱਪਰ ਆ ਕੇ ਠਹਿਰ ਗਿਆ। ਤਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ, ਮੇਰੇ ਵੇਖਦਿਆਂ ਧਰਤੀ ਤੋਂ ਉੱਚੇ ਉੱਠੇ ਅਤੇ ਚਲੇ ਗਏ। ਪਹੀਏ ਉਹਨਾਂ ਦੇ ਨਾਲ-ਨਾਲ ਸਨ ਅਤੇ ਉਹ ਯਹੋਵਾਹ ਦੇ ਭਵਨ ਦੇ ਪੂਰਬੀ ਫਾਟਕ ਦੇ ਦਰਵਾਜ਼ੇ ਉੱਤੇ ਖੜ੍ਹੇ ਹੋ ਗਏ, ਤਾਂ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਹਨਾਂ ਉੱਤੇ ਸੀ। ਇਹ ਉਹ ਜੰਤੂ ਹੈ, ਜਿਹੜਾ ਮੈਂ ਇਸਰਾਏਲ ਦੇ ਪਰਮੇਸ਼ੁਰ ਦੇ ਥੱਲੇ ਕਬਾਰ ਨਹਿਰ ਦੇ ਕੰਢੇ ਤੇ ਵੇਖਿਆ ਸੀ ਅਤੇ ਮੈਂ ਜਾਣਿਆ ਕਿ ਇਹ ਕਰੂਬੀ ਹਨ। ਹਰੇਕ ਦੇ ਚਾਰ ਚਿਹਰੇ ਸਨ ਅਤੇ ਚਾਰ ਖੰਭ ਅਤੇ ਉਹਨਾਂ ਦੇ ਖੰਭਾਂ ਦੇ ਥੱਲੇ ਮਨੁੱਖ ਦਾ ਹੱਥ ਜਿਹਾ ਸੀ। ਉਹਨਾਂ ਦੇ ਚਿਹਰਿਆਂ ਦਾ ਰੂਪ ਓਹੋ ਹੀ ਹੈ ਜੋ ਮੈਂ ਕਬਾਰ ਨਹਿਰ ਦੇ ਉੱਤੇ ਵੇਖੇ ਸਨ, ਅਰਥਾਤ ਉਹਨਾਂ ਦਾ ਰੂਪ ਅਤੇ ਉਹ ਆਪ। ਉਹ ਸਾਰੇ ਸਿੱਧੇ ਅੱਗੇ ਹੀ ਅੱਗੇ ਤੁਰਦੇ ਜਾਂਦੇ ਸਨ।
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-10-25.