Skip to content
BibleKenya

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

2 ਪਤ 2

ਝੂਠੇ ਗੁਰੂ

ਪਰ ਉਨ੍ਹਾਂ ਲੋਕਾਂ ਵਿੱਚ ਝੂਠੇ ਨਬੀ ਵੀ ਉੱਠੇ ਜਿਵੇਂ ਤੁਹਾਡੇ ਵਿੱਚ ਵੀ ਝੂਠੇ ਉਪਦੇਸ਼ਕ ਹੋਣਗੇ, ਜਿਹੜੇ ਨਾਸ ਕਰਨ ਵਾਲੀਆਂ ਗੱਲਾਂ ਚੋਰੀ ਅੰਦਰ ਲਿਆਉਣਗੇ ਅਤੇ ਉਸ ਸੁਆਮੀ ਦਾ ਜਿਸ ਨੇ ਉਨ੍ਹਾਂ ਨੂੰ ਮੁੱਲ ਲਿਆ ਸੀ ਇਨਕਾਰ ਕਰ ਕੇ ਛੇਤੀ ਆਪਣਾ ਨਾਸ ਕਰਾਉਣਗੇ। ਅਤੇ ਬਹੁਤੇ ਉਨ੍ਹਾਂ ਦੇ ਲੁੱਚਪੁਣੇ ਦੇ ਮਗਰ ਲੱਗ ਤੁਰਨਗੇ ਅਤੇ ਉਨ੍ਹਾਂ ਦੇ ਕਾਰਨ ਸਚਿਆਈ ਦੇ ਮਾਰਗ ਦੀ ਨਿੰਦਿਆ ਕੀਤੀ ਜਾਵੇਗੀ। ਅਤੇ ਲਾਲਚ ਦੇ ਕਾਰਨ ਉਹ ਬਣਾਉਟੀ ਗੱਲਾਂ ਨਾਲ ਤੁਹਾਨੂੰ ਕਮਾਈ ਦਾ ਢੰਗ ਬਣਾ ਛੱਡਣਗੇ। ਉਨ੍ਹਾਂ ਉੱਤੇ ਸਜ਼ਾ ਦਾ ਹੁਕਮ ਜਿਹੜਾ ਪਹਿਲਾਂ ਹੀ ਹੋਇਆ ਹੈ ਅਤੇ ਉਨ੍ਹਾਂ ਦਾ ਨਾਸ ਸੁੱਤਾ ਨਹੀਂ ਪਿਆ। ਕਿਉਂਕਿ ਜਦੋਂ ਪਰਮੇਸ਼ੁਰ ਨੇ ਦੂਤਾਂ ਨੂੰ ਨਹੀਂ ਛੱਡਿਆ ਜਿਸ ਵੇਲੇ ਉਨ੍ਹਾਂ ਪਾਪ ਕੀਤਾ, ਸਗੋਂ ਉਹਨਾਂ ਨੂੰ ਨਰਕ ਵਿੱਚ ਸੁੱਟ ਕੇ ਅੰਧਕਾਰ ਵਿੱਚ ਬੰਨ ਕੇ ਰੱਖਿਆ ਤਾਂ ਕਿ ਨਿਆਂ ਦੇ ਲਈ ਕੈਦ ਵਿੱਚ ਰਹਿਣ। ਅਤੇ ਨਾ ਪੁਰਾਣੇ ਸੰਸਾਰ ਨੂੰ ਛੱਡਿਆ ਸਗੋਂ ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਲਿਆਂਦੀ ਤਾਂ ਨੂਹ ਨੂੰ ਜਿਹੜਾ ਧਾਰਮਿਕਤਾ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਨਾਲ ਬਚਾ ਲਿਆ। ਅਤੇ ਸਦੂਮ ਅਤੇ ਅਮੂਰਾਹ ਦੇ ਨਗਰਾਂ ਨੂੰ ਸੁਆਹ ਕਰ ਕੇ ਢਾਹ ਸੁੱਟਣ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਨੂੰ ਉਹ ਦੇ ਬਾਅਦ ਦੇ ਕੁਧਰਮੀਆਂ ਲਈ ਇੱਕ ਨਮੂਨਾ ਠਹਿਰਾਇਆ ਹੈ। ਅਤੇ ਲੂਤ ਨੂੰ ਜਿਹੜਾ ਧਰਮੀ ਸੀ ਅਤੇ ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਦੁੱਖੀ ਹੁੰਦਾ ਸੀ, ਬਚਾ ਲਿਆ। (ਕਿਉਂ ਜੋ ਉਹ ਧਰਮੀ ਪੁਰਖ ਉਨ੍ਹਾਂ ਵਿੱਚ ਵਸਦਿਆਂ ਉਨ੍ਹਾਂ ਦੇ ਭੈੜੇ ਕੰਮਾਂ ਨੂੰ ਵੇਖ ਤੇ ਸੁਣ ਕੇ ਦਿਨੋ ਦਿਨ ਆਪਣੀ ਧਰਮੀ ਜਾਨ ਨੂੰ ਦੁੱਖ ਦਿੰਦਾ ਸੀ) ਤਾਂ ਪ੍ਰਭੂ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਸਜ਼ਾ ਹੇਠ ਰੱਖਣਾ ਜਾਣਦਾ ਹੈ! ਪਰ ਬਹੁਤ ਕਰਕੇ ਉਨ੍ਹਾਂ ਨੂੰ, ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁਛ ਜਾਣਦੇ ਹਨ। ਉਹ ਢੀਠ ਅਤੇ ਮਨ ਮਰਜ਼ੀ ਕਰਨ ਵਾਲੇ ਹਨ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਨ ਤੋਂ ਨਹੀਂ ਡਰਦੇ। ਭਾਵੇਂ ਦੂਤ ਜਿਹੜੇ ਬਲ ਅਤੇ ਸਮਰੱਥਾ ਵਿੱਚ ਉਨ੍ਹਾਂ ਨਾਲੋਂ ਵੱਡੇ ਹਨ, ਮਿਹਣਾ ਮਾਰ ਕੇ ਪ੍ਰਭੂ ਦੇ ਅੱਗੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ ਹਨ। ਪਰ ਇਹ ਲੋਕ ਉਨ੍ਹਾਂ ਪਸ਼ੂਆਂ ਦੇ ਵਰਗੇ ਹਨ ਜਿਹੜੇ ਅਸਲ ਵਿੱਚ ਬੁੱਧਹੀਣ ਹਨ ਅਤੇ ਸ਼ਿਕਾਰ ਕੀਤੇ ਜਾਣ ਤੇ ਨਸ਼ਟ ਹੋਣ ਲਈ ਉਤਪਤ ਹੋਏ ਹਨ, ਇਹ ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ ਹਨ ਉਹਨਾਂ ਦੇ ਵਿਰੁੱਧ ਬੋਲਦੇ ਹੋਏ, ਉਨ੍ਹਾਂ ਦੇ ਨਾਸ ਕਰਨ ਨਾਲ ਆਪੇ ਨਾਸ ਹੋਣਗੇ ਅਤੇ ਕੁਧਰਮ ਕਰਕੇ ਕੁਧਰਮ ਦਾ ਫਲ ਭੋਗਣਗੇ। ਦਿਨੇ ਉਹ ਭੋਗ ਬਿਲਾਸ ਵਿੱਚ ਖੁਸ਼ ਹੁੰਦੇ ਹਨ, ਉਹ ਕਲੰਕ ਅਤੇ ਦਾਗ ਹਨ ਅਤੇ ਭਾਵੇਂ ਉਹ ਤੁਹਾਡੇ ਨਾਲ ਖਾਂਦੇ-ਪੀਂਦੇ ਹਨ ਪਰ ਆਪਣਿਆਂ ਪਿਆਰ ਭੋਜਨਾਂ ਵਿੱਚ ਭੋਗ ਬਿਲਾਸ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿਭਚਾਰਣਾਂ ਵੱਲ ਲੱਗੀਆਂ ਹੋਈਆਂ ਹਨ ਅਤੇ ਪਾਪ ਵੱਲੋਂ ਰੁਕ ਹੀ ਨਹੀਂ ਸਕਦੀਆਂ। ਉਹ ਡੋਲਣ ਵਾਲੇ ਜੀਵਾਂ ਨੂੰ ਭਰਮਾਉਂਦੇ ਹਨ। ਉਨ੍ਹਾਂ ਦੇ ਮਨ ਲੋਭ ਵਿੱਚ ਪੱਕੇ ਹੋਏ ਹਨ। ਉਹ ਸਰਾਪ ਦੇ ਪੁੱਤਰ ਹਨ! ਉਹ ਸਿੱਧੇ ਰਾਹ ਨੂੰ ਛੱਡ ਕੇ ਕੁਰਾਹੇ ਪੈ ਗਏ ਅਤੇ ਬਿਓਰ ਦੇ ਪੁੱਤਰ ਬਿਲਆਮ ਦੇ ਮਾਰਗ ਹੋ ਤੁਰੇ, ਜਿਸ ਨੇ ਕੁਧਰਮ ਦੀ ਮਜ਼ਦੂਰੀ ਨੂੰ ਪਿਆਰਾ ਜਾਣਿਆ। ਪਰ ਉਹ ਨੇ ਆਪਣੇ ਅਪਰਾਧ ਕਾਰਨ ਝਿੜਕ ਖਾਧੀ। ਇੱਕ ਬੇਜ਼ੁਬਾਨ ਗਧੀ ਨੇ ਮਨੁੱਖ ਦੀ ਬੋਲੀ ਵਿੱਚ ਬੋਲ ਕੇ ਉਸ ਨਬੀ ਦੇ ਪਾਗਲਪਣ ਨੂੰ ਰੋਕ ਦਿੱਤਾ। ਉਹ ਸੁੱਕੇ ਖੂਹ ਹਨ। ਉਹ ਹਨੇਰੀ ਦੇ ਉਡਾਏ ਹੋਏ ਬੱਦਲ ਹਨ ਜਿਨ੍ਹਾਂ ਲਈ ਅਨ੍ਹੇਰ ਘੁੱਪ ਰੱਖਿਆ ਹੋਇਆ ਹੈ। ਕਿਉਂ ਜੋ ਉਹ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ, ਉਨ੍ਹਾਂ ਨੂੰ ਜਿਹੜੇ ਭੁੱਲਿਆਂ ਹੋਇਆਂ ਤੋਂ ਹੁਣੇ ਬਚ ਕੇ ਨਿੱਕਲਣ ਲੱਗੇ ਹਨ, ਲੁੱਚਪੁਣੇ ਨਾਲ ਸਰੀਰ ਦੀਆਂ ਕਾਮਨਾਂ ਵੱਲ ਭਰਮਾ ਲੈਂਦੇ ਹਨ। ਉਹ ਉਨ੍ਹਾਂ ਨਾਲ ਅਜ਼ਾਦੀ ਦਾ ਵਾਇਦਾ ਤਾਂ ਕਰਦੇ ਹਨ ਪਰ ਉਹ ਆਪ ਵਿਨਾਸ਼ ਦੇ ਗੁਲਾਮ ਹਨ, ਕਿਉਂਕਿ ਜਿਸ ਦੇ ਕੋਈ ਅਧੀਨ ਹੋ ਗਿਆ ਸੋ ਉਹ ਦਾ ਗੁਲਾਮ ਹੈ। ਜੇਕਰ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦ-ਮੰਦ ਤੋਂ ਬਚ ਕੇ ਉਸ ਵਿੱਚ ਮੁੜ ਕੇ ਫਸਣ ਅਤੇ ਅਧੀਨ ਹੋ ਜਾਣ ਤਾਂ ਉਨ੍ਹਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ। ਕਿਉਂ ਜੋ ਧਾਰਮਿਕਤਾ ਦਾ ਮਾਰਗ ਨਾ ਹੀ ਜਾਣਨਾ ਇਸ ਨਾਲੋਂ ਚੰਗਾ ਸੀ ਕਿ ਉਹ ਨੂੰ ਜਾਣ ਕੇ ਉਸ ਪਵਿੱਤਰ ਆਗਿਆ ਤੋਂ ਜੋ ਉਹਨਾਂ ਨੂੰ ਕੀਤੀ ਗਈ ਸੀ ਫਿਰ ਜਾਣ। ਇਹ ਸੱਚੀ ਕਹਾਵਤ ਉਨ੍ਹਾਂ ਉੱਤੇ ਠੀਕ ਢੁੱਕਦੀ ਹੈ ਭਈ ਕਿ ਕੁੱਤਾ ਆਪਣੀ ਉਲਟੀ ਨੂੰ ਚੱਟ ਲੈਂਦਾ ਹੈ ਅਤੇ ਨਹਿਲਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਜਾਂਦੀ ਹੈ।

ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ. Copyright © 2017, 2019 Bridge Connectivity Solutions. Licensed under CC BY-SA 4.0. Source: eBible.org. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-10-25.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.