Indian Revised Version (IRV) Punjabi - 2019
ਜ਼ਬੂਰ 76
ਜੈਵੰਤ ਪਰਮੇਸ਼ੁਰ
ਪ੍ਰਧਾਨ ਵਜਾਉਣ ਵਾਲੇ ਦੇ ਲਈ: ਤਾਰ ਵਾਲੇ ਵਾਜਿਆਂ ਨਾਲ ਆਸਾਫ਼ ਦਾ ਭਜਨ, ਗੀਤ।
ਯਹੂਦਾਹ ਵਿੱਚ ਪਰਮੇਸ਼ੁਰ ਜਾਣਿਆ ਜਾਂਦਾ ਹੈ,
ਇਸਰਾਏਲ ਵਿੱਚ ਉਹ ਦਾ ਨਾਮ ਵੱਡਾ ਹੈ।
ਸ਼ਾਲੇਮ1 ਵਿੱਚ ਉਹ ਦਾ ਮੰਡਪ ਹੈ,
ਅਤੇ ਸੀਯੋਨ ਵਿੱਚ ਉਹ ਦਾ ਭਵਨ।
ਉੱਥੇ ਉਸ ਨੇ ਧਣੁੱਖ ਦੀਆਂ ਲਸ਼ਕਾਂ ਨੂੰ ਭੰਨ ਦਿੱਤਾ, ਨਾਲੇ ਢਾਲ਼,
ਤਲਵਾਰ ਤੇ ਲੜਾਈ ਦੇ ਸੰਦਾਂ ਨੂੰ। ਸਲਹ।
ਤੂੰ ਸ਼ਿਕਾਰ ਦੇ ਪਹਾੜਾਂ ਨਾਲੋਂ,
ਤੇਜਵਾਨ ਅਤੇ ਉੱਤਮ ਹੈਂ।
ਤਗੜੇ ਦਿਲ ਵਾਲੇ ਲੁੱਟੇ ਗਏ, ਓਹ ਆਪਣੀ ਨੀਂਦ ਵਿੱਚ ਪੈ ਗਏ ਹਨ,
ਅਤੇ ਸੂਰਬੀਰਾਂ ਵਿੱਚੋਂ ਕਿਸੇ ਦਾ ਹੱਥ ਨਾ ਚੱਲਿਆ।
ਹੇ ਯਾਕੂਬ ਦੇ ਪਰਮੇਸ਼ੁਰ,
ਤੇਰੇ ਦਬਕੇ ਨਾਲ, ਕੀ ਰਥ ਕੀ ਘੋੜਾ,
ਸੱਭੇ ਘੂਕ ਨੀਂਦ ਵਿੱਚ ਪੈ ਗਏ ਹਨ!
ਤੈਥੋਂ, ਹਾਂ, ਤੈਥੋਂ ਡਰਨਾ ਚਾਹੀਦਾ ਹੈ,
ਅਤੇ ਜਾਂ ਤੂੰ ਕ੍ਰੋਧ ਕਰੇਂ ਤਾਂ ਤੇਰੇ ਅੱਗੇ ਕੌਣ ਖਲੋ ਸਕੇ?
ਸਵਰਗੋਂ ਤੂੰ ਫੈਸਲਾ ਸੁਣਾ ਦਿੱਤਾ,
ਧਰਤੀ ਡਰ ਗਈ ਅਤੇ ਠਰ ਗਈ,
ਜਦ ਪਰਮੇਸ਼ੁਰ ਨਿਆਂ ਲਈ ਉੱਠਿਆ,
ਕਿ ਧਰਤੀ ਦੇ ਸਾਰੇ ਮਸਕੀਨਾਂ ਨੂੰ ਬਚਾਵੇ। ਸਲਹ।
ਸੱਚ-ਮੁੱਚ ਆਦਮੀ ਦਾ ਗੁੱਸਾ ਤੇਰੀ ਸਲਾਹਤ ਕਰਾਵੇਗਾ,
ਅਤੇ ਗੁੱਸੇ ਦੇ ਬਕੀਏ ਨਾਲ ਤੂੰ ਕਮਰ ਕੱਸੇਂਗਾ2।
ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਸੁੱਖਣਾ ਸੁੱਖੋ ਅਤੇ ਪੂਰੀਆਂ ਵੀ ਕਰੋ,
ਜਿਹੜੇ ਉਸ ਦੇ ਆਲੇ-ਦੁਆਲੇ ਹਨ,
ਓਹ ਸੱਭੇ ਉਸ ਦੇ ਲਈ ਜਿਸ ਤੋਂ ਡਰਨਾ ਚਾਹੀਦਾ ਹੈ ਭੇਟਾਂ ਲਿਆਉਣ।
ਉਹ ਪ੍ਰਧਾਨਾਂ ਦੀ ਦਿਲੇਰੀ ਨੂੰ ਮਿਟਾ ਦੇਵੇਗਾ,
ਉਹ ਧਰਤੀ ਦੇ ਰਾਜਿਆਂ ਦੇ ਲਈ ਭਿਆਨਕ ਹੈ।
Source notes (2)
- Footnote ਯਰੂਸ਼ਲਮ
- Footnote ਜੋ ਬਚ ਗਏ ਉਹ ਤੇਰੇ ਪਰਬ ਮਨਾਉਣਗੇ
Indian Revised Version (IRV) Punjabi - 2019. Copyright © Bridge Connectivity Solutions Pvt. Ltd. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.