Skip to content
BibleKenya

Indian Revised Version (IRV) Punjabi - 2019

ਜ਼ਬੂਰ 71

ਇੱਕ ਬਜ਼ੁਰਗ ਦੀ ਪ੍ਰਾਰਥਨਾ

ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ,

ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ!

ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਕੇ ਮੈਨੂੰ ਛੁਡਾ,

ਆਪਣਾ ਕੰਨ ਮੇਰੀ ਵੱਲ ਲਾ ਕੇ ਮੈਨੂੰ ਬਚਾ!

ਤੂੰ ਮੇਰੇ ਨਿਵਾਸ ਦੀ ਚੱਟਾਨ ਬਣ ਜਿੱਥੇ ਮੈਂ ਹਰ ਰੋਜ਼ ਜਾਇਆ ਕਰਾਂ,

ਤੂੰ ਮੇਰੇ ਬਚਾਓ ਦੀ ਆਗਿਆ ਦਿੱਤੀ ਹੈ,

ਕਿਉਂ ਜੋ ਤੂੰ ਹੀ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ।

ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ

ਅਤੇ ਕੁਧਰਮੀ ਤੇ ਜ਼ਾਲਿਮ ਦੇ ਪੰਜਿਓਂ ਛੁਡਾ!

ਹੇ ਪ੍ਰਭੂ ਯਹੋਵਾਹ, ਤੂੰ ਹੀ ਮੇਰੀ ਆਸ ਹੈਂ,

ਅਤੇ ਮੇਰੀ ਜਵਾਨੀ ਤੋਂ ਮੇਰਾ ਭਰੋਸਾ ਤੇਰੇ ਉੱਤੇ ਹੈ।

ਮੈਂ ਜਨਮ ਤੋਂ ਹੀ ਤੇਰੇ ਦੁਆਰਾ ਸੰਭਾਲਿਆ ਗਿਆ ਹਾਂ,

ਮੇਰੀ ਮਾਤਾ ਦੀ ਕੁੱਖ ਤੋਂ ਤੂੰ ਹੀ ਮੈਨੂੰ ਕੱਢਿਆ,

ਮੈਂ ਸਦਾ ਤੇਰੀ ਉਸਤਤ ਕਰਾਂਗਾ।

ਮੈਂ ਬਹੁਤਿਆਂ ਦੇ ਲਈ ਇੱਕ ਅਚੰਭਾ ਜਿਹਾ ਬਣਿਆ,

ਪਰ ਤੂੰ ਮੇਰੀ ਪੱਕੀ ਪਨਾਹ ਹੈਂ।

ਮੇਰਾ ਮੂੰਹ ਤੇਰੀ ਉਸਤਤ

ਅਤੇ ਤੇਰੀ ਪ੍ਰਸ਼ੰਸਾ ਨਾਲ ਸਾਰਾ ਦਿਨ ਭਰਿਆ ਰਹੇਗਾ।

ਬੁਢੇਪੇ ਦੇ ਸਮੇਂ ਮੈਨੂੰ ਤਿਆਗ ਨਾ ਦੇ,

ਜਦ ਮੇਰਾ ਬਲ ਘਟੇ ਤਾਂ ਮੈਨੂੰ ਨਾ ਛੱਡ!

ਮੇਰੇ ਵੈਰੀ ਤਾਂ ਮੇਰੇ ਵਿਖੇ ਆਖਦੇ ਹਨ,

ਅਤੇ ਮੇਰੀ ਜਾਨ ਦੇ ਵੈਰੀ ਆਪਸ ਵਿੱਚ ਮਤਾ ਪਕਾਉਂਦੇ ਹਨ।

ਓਹ ਕਹਿੰਦੇ ਹਨ ਕਿ ਪਰਮੇਸ਼ੁਰ ਨੇ ਉਹ ਨੂੰ ਤਿਆਗ ਦਿੱਤਾ ਹੈ,

ਉਹ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੋ, ਕਿਉਂ ਜੋ ਉਸਦਾ ਛੁਡਾਉਣ ਵਾਲਾ ਕੋਈ ਨਹੀਂ ਹੈ।

ਹੇ ਪਰਮੇਸ਼ੁਰ, ਮੈਥੋਂ ਦੂਰ ਨਾ ਰਹਿ,

ਹੇ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਛੇਤੀ ਕਰ!

ਜੋ ਮੇਰੀ ਜਾਨ ਦੇ ਵਿਰੋਧੀ ਹਨ

ਓਹ ਸ਼ਰਮਿੰਦੇ ਅਤੇ ਨਾਸ ਹੋ ਜਾਣ,

ਜੋ ਮੇਰਾ ਬੁਰਾ ਚਾਹੁੰਦੇ ਹਨ

ਓਹ ਉਲਾਹਮੇ ਅਤੇ ਨਿਰਾਦਰੀ ਵਿੱਚ ਭਰ ਜਾਣ!

ਪਰ ਮੈਂ ਸਦਾ ਤੇਰੇ ਉੱਤੇ ਆਸ ਰੱਖਾਂਗਾ

ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਂਵਾਂਗਾ।

ਮੇਰਾ ਮੂੰਹ ਜੀਵਨ ਭਰ ਤੇਰੇ ਧਰਮ

ਅਤੇ ਤੇਰੀ ਮੁਕਤੀ ਦਾ ਵਰਣਨ ਕਰੇਗਾ,

ਜਿਨ੍ਹਾਂ ਦਾ ਲੇਖਾ ਵੀ ਮੈਂ ਨਹੀਂ ਜਾਣ ਸਕਦਾ।

ਮੈਂ ਪ੍ਰਭੂ ਯਹੋਵਾਹ ਦੇ ਬਲ ਵਿੱਚ ਚੱਲਾਂਗਾ,

ਮੈਂ ਕੇਵਲ ਤੇਰੇ ਹੀ ਧਰਮ ਦਾ ਜ਼ਿਕਰ ਕਰਾਂਗਾ।

ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ,

ਅਤੇ ਹੁਣ ਤੱਕ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।

ਸੋ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਪਰਮੇਸ਼ੁਰ,

ਮੈਨੂੰ ਨਾ ਤਿਆਗ, ਜਦ ਤੱਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ,

ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।

ਅਤੇ ਤੇਰਾ ਧਰਮ, ਹੇ ਪਰਮੇਸ਼ੁਰ, ਅੱਤ ਉੱਚਾ ਹੈ,

ਤੂੰ ਵੱਡੇ-ਵੱਡੇ ਕੰਮ ਕੀਤੇ ਹਨ!

ਹੇ ਪਰਮੇਸ਼ੁਰ, ਤੇਰੇ ਤੁੱਲ ਕੌਣ ਹੈ?

ਤੂੰ ਜਿਸ ਨੇ ਮੈਨੂੰ ਬਹੁਤ ਅਤੇ ਬੁਰੀਆਂ ਬਿਪਤਾਵਾਂ ਵਿਖਾਈਆਂ ਹਨ,

ਮੁੜ ਕੇ ਮੈਨੂੰ ਜਿਵਾਏਂਗਾ,

ਅਤੇ ਧਰਤੀ ਦੀਆਂ ਡੁੰਘਿਆਈਆਂ ਵਿੱਚੋਂ ਫੇਰ ਮੈਨੂੰ ਉਠਾਵੇਂਗਾ।

ਤੂੰ ਮੇਰੇ ਆਦਰ ਨੂੰ ਵਧਾ,

ਅਤੇ ਮੁੜ ਕੇ ਮੈਨੂੰ ਦਿਲਾਸਾ ਦੇ।

ਹੇ ਮੇਰੇ ਪਰਮੇਸ਼ੁਰ,

ਮੈਂ ਵੀ ਤੇਰੀ ਸਚਿਆਈ ਦੇ ਕਾਰਨ, ਸਿਤਾਰ ਵਜਾ ਕੇ ਤੇਰਾ ਧੰਨਵਾਦ ਕਰਾਂਗਾ,

ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਬਰਬਤ ਵਜਾ ਕੇ ਤੇਰਾ ਜਸ ਗਾਵਾਂਗਾ।

ਮੇਰੇ ਬੁੱਲ੍ਹ ਜੈਕਾਰਾ ਗਜਾਉਣਗੇ ਜਦ ਮੈਂ ਤੇਰਾ ਜਸ ਗਾਵਾਂਗਾ,

ਅਤੇ ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।

ਮੇਰੀ ਜੀਭ ਵੀ ਸਾਰਾ ਦਿਨ ਤੇਰੇ ਧਰਮ ਦੀ ਚਰਚਾ ਕਰੇਗੀ,

ਕਿਉਂਕਿ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ,

ਓਹ ਲੱਜਿਆਵਾਨ ਅਤੇ ਸ਼ਰਮਿੰਦੇ ਹਨ।

Indian Revised Version (IRV) Punjabi - 2019. Copyright © Bridge Connectivity Solutions Pvt. Ltd. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.