Indian Revised Version (IRV) Punjabi - 2019
ਜ਼ਬੂਰ 20
ਜਿੱਤ ਦੇ ਲਈ ਪ੍ਰਾਰਥਨਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ।
ਬਿਪਤਾ ਦੇ ਦਿਨ ਯਹੋਵਾਹ ਤੈਨੂੰ ਉੱਤਰ ਦੇਵੇ,
ਯਾਕੂਬ ਦੇ ਪਰਮੇਸ਼ੁਰ ਦਾ ਨਾਮ ਤੈਨੂੰ ਉੱਚਿਆਂ ਕਰੇ।
ਉਹ ਪਵਿੱਤਰ ਸਥਾਨ ਤੋਂ ਤੇਰੀ ਸਹਾਇਤਾ ਭੇਜੇ,
ਅਤੇ ਸੀਯੋਨ ਤੋਂ ਤੈਨੂੰ ਸੰਭਾਲੇ,
ਤੇਰੀਆਂ ਸਾਰੀਆਂ ਭੇਟਾਂ ਨੂੰ ਚੇਤੇ ਰੱਖੇ,
ਅਤੇ ਤੇਰੀਆਂ ਹੋਮ ਬਲੀਆਂ ਨੂੰ ਕਬੂਲ ਕਰੇ। ਸਲਹ।
ਉਹ ਤੇਰੇ ਮਨੋਰਥਾਂ ਅਨੁਸਾਰ ਤੈਨੂੰ ਦੇਵੇ,
ਅਤੇ ਤੇਰੀ ਸਾਰੀ ਯੋਜਨਾ ਨੂੰ ਪੂਰਾ ਕਰੇ।
ਅਸੀਂ ਤੇਰੇ ਬਚਾਓ ਦੇ ਕਾਰਨ ਜੈ ਜੈ ਕਾਰ ਕਰਾਂਗੇ,
ਅਤੇ ਆਪਣੇ ਪਰਮੇਸ਼ੁਰ ਦੇ ਨਾਮ ਤੋਂ ਆਪਣੇ ਝੰਡੇ ਖੜੇ ਕਰਾਂਗੇ।
ਯਹੋਵਾਹ ਤੇਰੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰੇ।
ਹੁਣ ਮੈਂ ਜਾਣਿਆ ਕਿ ਯਹੋਵਾਹ ਆਪਣੇ ਮਸਹ ਕੀਤੇ ਹੋਏ ਨੂੰ ਬਚਾਉਂਦਾ ਹੈ,
ਉਹ ਆਪਣੇ ਪਵਿੱਤਰ ਸਵਰਗ ਤੋਂ ਉਹ ਨੂੰ ਉੱਤਰ ਦੇਵੇਗਾ,
ਆਪਣੇ ਸੱਜੇ ਹੱਥ ਦੀ ਬਚਾਉਣ ਵਾਲੀ ਸਮਰੱਥਾ ਨਾਲ।
ਕੋਈ ਰਥਾਂ ਨੂੰ ਅਤੇ ਕੋਈ ਘੋੜਿਆਂ ਨੂੰ,
ਪਰ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਯਾਦ ਕਰਾਂਗੇ।
ਓਹ ਝੁਕੇ ਅਤੇ ਡਿੱਗ ਪਏ ਹਨ,
ਪਰ ਅਸੀਂ ਉੱਠੇ ਅਤੇ ਸਿੱਧੇ ਖੜ੍ਹੇ ਹੋ ਗਏ ਹਾਂ।
ਹੇ ਯਹੋਵਾਹ, ਬਚਾ ਲੈ!
ਸਾਡੀ ਪੁਕਾਰ ਦੇ ਵੇਲੇ ਪਾਤਸ਼ਾਹ ਸਾਨੂੰ ਉੱਤਰ ਦੇ!
Indian Revised Version (IRV) Punjabi - 2019. Copyright © Bridge Connectivity Solutions Pvt. Ltd. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.