Skip to content
BibleKenya

Indian Revised Version (IRV) Punjabi - 2019

ਯਸਾ 21

ਬਾਬਲ ਦੇ ਪਤਨ ਦਾ ਦਰਸ਼ਣ

ਸਮੁੰਦਰ ਦੀ ਉਜਾੜ ਦੇ ਵਿਖੇ ਅਗੰਮ ਵਾਕ, - ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਸੇ ਤਰ੍ਹਾਂ ਉਹ ਉਜਾੜ ਤੋਂ, ਇੱਕ ਡਰਾਉਣੇ ਦੇਸ ਤੋਂ ਚਲਿਆ ਆਉਂਦਾ ਹੈ। ਕਸ਼ਟ ਦੀਆਂ ਗੱਲਾਂ ਦਾ ਇੱਕ ਦਰਸ਼ਣ ਮੈਨੂੰ ਵਿਖਾਇਆ ਗਿਆ, - ਛਲੀਆ ਛਲਦਾ, ਲੁਟੇਰਾ ਲੁੱਟਦਾ! ਹੇ ਏਲਾਮ, ਚੜ੍ਹਾਈ ਕਰ! ਹੇ ਮਾਦਈ, ਘੇਰ ਲੈ! ਮੈਂ ਉਸ ਦਾ ਸਾਰਾ ਹੂੰਗਣਾ ਮੁਕਾ ਦਿੰਦਾ ਹਾਂ। ਇਸ ਲਈ ਮੇਰਾ ਲੱਕ ਦਰਦ ਨਾਲ ਭਰਿਆ ਹੈ, ਜਣਨ ਵਾਲੀ ਦੀਆਂ ਪੀੜਾਂ ਵਾਂਗੂੰ ਪੀੜਾਂ ਨੇ ਮੈਨੂੰ ਫੜ੍ਹ ਲਿਆ ਹੈ, ਮੈਂ ਅਜਿਹੀ ਬੇਚੈਨੀ ਵਿੱਚ ਹਾਂ ਕਿ ਮੈਂ ਸੁਣ ਨਹੀਂ ਸਕਦਾ, ਮੈਂ ਅਜਿਹਾ ਘਬਰਾ ਗਿਆ ਹਾਂ ਕਿ ਮੈਂ ਵੇਖ ਨਹੀਂ ਸਕਦਾ। ਮੇਰਾ ਦਿਲ ਧੜਕਦਾ ਹੈ, ਕੰਬਣੀ ਨੇ ਮੈਨੂੰ ਆ ਦੱਬਿਆ, ਜਿਸ ਸ਼ਾਮ ਨੂੰ ਮੈਂ ਲੋਚਦਾ ਸੀ, ਉਹ ਮੇਰੇ ਲਈ ਕਾਂਬਾ ਬਣ ਗਈ ਹੈ। ਉਹ ਭੋਜਨ ਲਈ ਮੇਜ਼ ਲਾਉਂਦੇ ਹਨ, ਉਹ ਦਰੀਆਂ ਵਿਛਾਉਂਦੇ ਹਨ, ਉਹ ਖਾਂਦੇ-ਪੀਂਦੇ ਹਨ। ਹੇ ਹਾਕਮੋ, ਉੱਠੋ! ਢਾਲਾਂ ਨੂੰ ਤੇਲ ਮਲੋ!। ਕਿਉਂਕਿ ਪ੍ਰਭੂ ਨੇ ਮੈਨੂੰ ਆਖਿਆ ਹੈ, ਜਾ, ਰਾਖ਼ਾ ਖੜ੍ਹਾ ਕਰ, ਜੋ ਕੁਝ ਉਹ ਵੇਖੇ ਉਹ ਦੱਸੇ। ਜਦ ਉਹ ਅਸਵਾਰ, ਘੋੜ ਚੜ੍ਹਿਆਂ ਦੇ ਜੋੜੇ, ਗਧਿਆਂ ਦੇ ਅਸਵਾਰ, ਊਠਾਂ ਦੇ ਅਸਵਾਰ ਵੇਖੇ, ਤਾਂ ਵੱਡੇ ਗੌਰ ਨਾਲ ਗੌਰ ਕਰੇ! ਉਹ ਨੇ ਬੱਬਰ ਸ਼ੇਰ ਵਾਂਗੂੰ ਪੁਕਾਰਿਆ, ਹੇ ਪ੍ਰਭੂ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖੜ੍ਹਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ। ਅਤੇ ਵੇਖੋ! ਅਸਵਾਰ, ਘੋੜ ਚੜ੍ਹਿਆਂ ਦੇ ਜੋੜੇ ਚਲੇ ਆਉਂਦੇ ਹਨ! ਉਹ ਨੇ ਉੱਤਰ ਦੇ ਕੇ ਆਖਿਆ, ਡਿੱਗ ਪਿਆ, ਬਾਬਲ ਡਿੱਗ ਪਿਆ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੂੰਜੇ ਭੰਨੀਆਂ ਪਈਆਂ ਹਨ। ਹੇ ਮੇਰੇ ਗਾਹ ਅਤੇ ਮੇਰੇ ਪਿੜ ਦੇ ਅੰਨ, ਜੋ ਕੁਝ ਮੈਂ ਇਸਰਾਏਲ ਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਤੋਂ ਸੁਣਿਆ ਹੈ, ਮੈਂ ਤੁਹਾਨੂੰ ਦੱਸ ਦਿੱਤਾ ਹੈ।

ਦੂਮਾਹ/ਅਦੋਮ ਦੇ ਵਿਖੇ ਸੰਦੇਸ਼

ਦੂਮਾਹ1 ਦੇ ਵਿਖੇ ਅਗੰਮ ਵਾਕ l ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, ਹੇ ਰਾਖੇ, ਰਾਤ ਦੀ ਕੀ ਖ਼ਬਰ ਹੈ? ਹੇ ਰਾਖੇ, ਰਾਤ ਦੀ ਕੀ ਖ਼ਬਰ ਹੈ? ਰਾਖੇ ਨੇ ਆਖਿਆ, ਸਵੇਰ ਆਉਂਦੀ ਹੈ, ਅਤੇ ਰਾਤ ਵੀ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ, ਫੇਰ ਮੁੜ ਕੇ ਆਓ।

ਅਰਬ ਦੇ ਵਿਖੇ ਸੰਦੇਸ਼

ਅਰਬ ਦੇ ਵਿਰੁੱਧ ਅਗੰਮ ਵਾਕ, - ਹੇ ਦਦਾਨੀਆਂ ਦੇ ਕਾਫ਼ਲਿਓ, ਤੁਸੀਂ ਜੋ ਅਰਬ ਦੇ ਜੰਗਲਾਂ ਵਿੱਚ ਟਿਕਦੇ ਹੋ। ਹੇ ਤੇਮਾ ਦੇਸ ਦੇ ਵਾਸੀਓ, ਤਿਹਾਏ ਦੇ ਪੀਣ ਲਈ ਪਾਣੀ ਲਿਆਓ, ਭਗੌੜੇ ਲਈ ਆਪਣੀ ਰੋਟੀ ਲੈ ਕੇ ਮਿਲੋ, ਕਿਉਂ ਜੋ ਉਹ ਤਲਵਾਰ ਤੋਂ, ਸਗੋਂ ਧੂਹੀ ਹੋਈ ਤਲਵਾਰ ਤੋਂ ਅਤੇ ਝੁਕਾਈ ਹੋਈ ਧਣੁੱਖ ਤੋਂ, ਅਤੇ ਘਮਸਾਣ ਯੁੱਧ ਤੋਂ ਭੱਜੇ ਹਨ।

ਪ੍ਰਭੂ ਨੇ ਤਾਂ ਮੈਨੂੰ ਇਹ ਆਖਿਆ, ਮਜ਼ਦੂਰ ਦੇ ਸਾਲਾਂ ਦੇ ਅਨੁਸਾਰ ਇੱਕ ਸਾਲ ਵਿੱਚ, ਕੇਦਾਰ ਦਾ ਸਾਰਾ ਪਰਤਾਪ ਮੁੱਕ ਜਾਵੇਗਾ। ਕੇਦਾਰੀਆਂ ਦੇ ਸੂਰਮੇ, ਤੀਰ-ਅੰਦਾਜ਼ਾਂ ਦਾ ਬਕੀਆ ਥੋੜ੍ਹਾ ਹੀ ਰਹਿ ਜਾਵੇਗਾ, ਕਿਉਂ ਜੋ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਫ਼ਰਮਾਇਆ ਹੈ।

Source notes (1)
  1. Footnote ਅਰਥ ਖਾਮੋਸ਼

Indian Revised Version (IRV) Punjabi - 2019. Copyright © Bridge Connectivity Solutions Pvt. Ltd. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.