Skip to content
BibleKenya

Biblica® Open Punjabi Contemporary Version 2025

ਜ਼ਕਰਯਾਹ 7

ਵਰਤ ਦੇ ਬਾਰੇ

ਰਾਜਾ ਦਾਰਾ ਦੇ ਚੌਥੇ ਸਾਲ ਦੇ ਨੌਵੇਂ ਮਹੀਨੇ ਵਿੱਚ ਜੋ ਕਿ ਕਿਸਲੇਵ ਮਹੀਨਾ ਹੈ, ਯਾਹਵੇਹ ਦਾ ਵਚਨ ਜ਼ਕਰਯਾਹ ਕੋਲ ਆਇਆ। ਤਾਂ ਬੈਤਏਲ ਵਾਲਿਆਂ ਨੇ ਸ਼ਰੇਜ਼ਰ, ਰਗਮ-ਮਲਕ ਅਤੇ ਉਸ ਦੇ ਮਨੁੱਖਾਂ ਨੂੰ ਭੇਜਿਆ ਕਿ ਯਾਹਵੇਹ ਦੇ ਅੱਗੇ ਬੇਨਤੀ ਕਰਨ। ਸਰਬਸ਼ਕਤੀਮਾਨ ਯਾਹਵੇਹ ਦੇ ਘਰ ਦੇ ਜਾਜਕਾਂ ਅਤੇ ਨਬੀਆਂ ਨੂੰ ਪੁੱਛ, “ਕੀ ਮੈਨੂੰ ਪੰਜਵੇਂ ਮਹੀਨੇ ਵਿੱਚ ਸੋਗ ਕਰਨਾ ਚਾਹੀਦਾ ਹੈ ਅਤੇ ਵਰਤ ਰੱਖਣਾ ਚਾਹੀਦਾ ਹੈ, ਜਿਵੇਂ ਮੈਂ ਇੰਨੇ ਸਾਲਾਂ ਤੋਂ ਕੀਤਾ ਹੈ?”

ਫਿਰ ਸਰਵਸ਼ਕਤੀਮਾਨ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: “ਦੇਸ਼ ਦੇ ਸਾਰੇ ਲੋਕਾਂ ਅਤੇ ਜਾਜਕਾਂ ਨੂੰ ਪੁੱਛੋ, ‘ਜਦੋਂ ਤੁਸੀਂ ਪਿਛਲੇ ਸੱਤਰ ਸਾਲਾਂ ਤੋਂ ਪੰਜਵੇਂ ਅਤੇ ਸੱਤਵੇਂ ਮਹੀਨਿਆਂ ਵਿੱਚ ਵਰਤ ਰੱਖਿਆ ਅਤੇ ਸੋਗ ਕੀਤਾ, ਇਹ ਸੱਚਮੁੱਚ ਮੇਰੇ ਲਈ ਹੈ ਕਿ ਤੁਸੀਂ ਵਰਤ ਰੱਖਿਆ ਸੀ? ਜਦ ਤੁਸੀਂ ਖਾਂਦੇ-ਪੀਂਦੇ ਹੋ, ਤਾਂ ਕੀ ਆਪਣੇ ਲਈ ਹੀ ਨਹੀਂ ਖਾਂਦੇ ਅਤੇ ਆਪਣੇ ਲਈ ਹੀ ਨਹੀਂ ਪੀਂਦੇ ਹੋ? ਕੀ ਇਹ ਉਹ ਗੱਲਾਂ ਨਹੀਂ ਹਨ ਜਿਹੜੀਆਂ ਯਾਹਵੇਹ ਨੇ ਪਹਿਲੇ ਨਬੀਆਂ ਦੇ ਰਾਹੀਂ ਪੁਕਾਰ ਕੇ ਆਖੀਆਂ ਸਨ, ਜਦੋਂ ਯੇਰੂਸ਼ਲੇਮ ਸੁੱਖ ਅਤੇ ਚੈਨ ਦੇ ਨਾਲ ਵੱਸਦਾ ਸੀ ਅਤੇ ਉਹ ਦੇ ਆਲੇ-ਦੁਆਲੇ ਦੇ ਨਗਰ, ਦੱਖਣ ਅਤੇ ਪੱਛਮ ਦੇ ਹੇਠਾਂ ਵਾਲੇ ਨਗਰ ਵੀ ਵੱਸਦੇ ਸਨ?’ ”

ਅਤੇ ਯਾਹਵੇਹ ਦਾ ਵਚਨ ਜ਼ਕਰਯਾਹ ਨੂੰ ਦੁਬਾਰਾ ਆਇਆ: “ਇਹ ਉਹ ਹੈ ਜੋ ਯਾਹਵੇਹ ਨੇ ਕਿਹਾ: ‘ਸੱਚਾ ਨਿਆਂ ਦਾ ਪ੍ਰਬੰਧ ਕਰੋ; ਇੱਕ-ਦੂਜੇ ਪ੍ਰਤੀ ਦਇਆ ਅਤੇ ਹਮਦਰਦੀ ਦਿਖਾਓ। ਵਿਧਵਾ ਜਾਂ ਯਤੀਮ, ਪਰਦੇਸੀ ਜਾਂ ਗਰੀਬ ਉੱਤੇ ਜ਼ੁਲਮ ਨਾ ਕਰੋ। ਇੱਕ-ਦੂਜੇ ਦੇ ਵਿਰੁੱਧ ਬੁਰਾਈ ਦੀ ਸਾਜ਼ਿਸ਼ ਨਾ ਕਰੋ।’

“ਪਰ ਉਹਨਾਂ ਨੇ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ; ਉਹਨਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਉਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਕਿ ਨਾ ਸੁਣਨ। ਉਹਨਾਂ ਨੇ ਆਪਣੇ ਦਿਲਾਂ ਨੂੰ ਅਲਮਾਸ ਪੱਥਰ ਵਾਂਗ ਕਠੋਰ ਬਣਾ ਲਿਆ ਤਾਂ ਕਿ ਬਿਵਸਥਾ ਨੂੰ ਅਤੇ ਉਹਨਾਂ ਗੱਲਾਂ ਨੂੰ ਨਾ ਸੁਣਨ ਜਿਹੜੀਆਂ ਸਰਵਸ਼ਕਤੀਮਾਨ ਯਾਹਵੇਹ ਨੇ ਆਪਣੇ ਆਤਮਾ ਦੇ ਰਾਹੀਂ ਨਬੀਆਂ ਦੇ ਹੱਥੀਂ ਭੇਜੀਆਂ ਸਨ। ਇਸ ਲਈ ਸਰਬਸ਼ਕਤੀਮਾਨ ਯਾਹਵੇਹ ਬਹੁਤ ਗੁੱਸੇ ਸੀ।

“ ‘ਜਦੋਂ ਮੈਂ ਬੁਲਾਇਆ, ਤਾਂ ਉਹਨਾਂ ਨੇ ਨਹੀਂ ਸੁਣਿਆ; ਇਸ ਲਈ ਜਦੋਂ ਉਹਨਾਂ ਨੇ ਪੁਕਾਰਿਆ, ਮੈਂ ਨਹੀਂ ਸੁਣਾਂਗਾ,’ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ। ‘ਸਗੋਂ ਮੈਂ ਉਹਨਾਂ ਨੂੰ ਵਾਵਰੋਲੇ ਨਾਲ ਸਾਰੀਆਂ ਕੌਮਾਂ ਦੇ ਵਿੱਚ ਖਿਲਾਰ ਦਿਆਂਗਾ, ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਹਨ ਅਤੇ ਸੋ ਉਹਨਾਂ ਦਾ ਦੇਸ਼ ਉਹਨਾਂ ਦੇ ਮਗਰੋਂ ਉਜਾੜ ਹੋ ਗਿਆ ਕਿ ਉਹ ਦੇ ਵਿੱਚ ਦੀ ਕੋਈ ਆਉਂਦਾ ਜਾਂਦਾ ਨਹੀਂ ਸੀ। ਉਹਨਾਂ ਨੇ ਉਸ ਮਨਮੋਹਣੇ ਦੇਸ਼ ਨੂੰ ਉਜਾੜ ਕਰ ਦਿੱਤਾ।’ ”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.