Biblica® Open Punjabi Contemporary Version 2025
ਜ਼ਕਰਯਾਹ 14
ਯਾਹਵੇਹ ਆਉਂਦਾ ਹੈ ਅਤੇ ਰਾਜ ਕਰਦਾ ਹੈ
ਹੇ ਯੇਰੂਸ਼ਲੇਮ, ਯਾਹਵੇਹ ਦਾ ਇੱਕ ਅਜਿਹਾ ਦਿਨ ਆ ਰਿਹਾ ਹੈ, ਜਦੋਂ ਤੁਹਾਡੀਆਂ ਚੀਜ਼ਾਂ ਲੁੱਟੀਆਂ ਜਾਣਗੀਆਂ ਅਤੇ ਤੁਹਾਡੀਆਂ ਹੀ ਹੱਦ ਵਿੱਚ ਵੰਡੀਆਂ ਜਾਣਗੀਆਂ।
ਮੈਂ ਸਾਰੀਆਂ ਕੌਮਾਂ ਨੂੰ ਯੇਰੂਸ਼ਲੇਮ ਦੇ ਵਿਰੁੱਧ ਲੜਨ ਲਈ ਇਕੱਠਾ ਕਰਾਂਗਾ। ਸ਼ਹਿਰ ਉੱਤੇ ਕਬਜ਼ਾ ਕਰ ਲਿਆ ਜਾਵੇਗਾ, ਘਰਾਂ ਨੂੰ ਤੋੜਿਆ ਜਾਵੇਗਾ, ਅਤੇ ਔਰਤਾਂ ਨਾਲ ਬਲਾਤਕਾਰ ਕੀਤਾ ਜਾਵੇਗਾ। ਅੱਧਾ ਸ਼ਹਿਰ ਗ਼ੁਲਾਮੀ ਵਿੱਚ ਚਲਾ ਜਾਵੇਗਾ, ਪਰ ਬਾਕੀ ਦੇ ਲੋਕ ਸ਼ਹਿਰ ਵਿੱਚ ਹੀ ਰਹਿਣਗੇ। ਤਦ ਯਾਹਵੇਹ ਬਾਹਰ ਜਾਵੇਗਾ ਅਤੇ ਉਨ੍ਹਾਂ ਕੌਮਾਂ ਨਾਲ ਲੜੇਗਾ, ਜਿਵੇਂ ਉਹ ਲੜਾਈ ਦੇ ਦਿਨ ਲੜਦਾ ਹੈ। ਉਸ ਦਿਨ ਉਹ ਦੇ ਪੈਰ ਯੇਰੂਸ਼ਲੇਮ ਦੇ ਪੂਰਬ ਵੱਲ ਜ਼ੈਤੂਨ ਦੇ ਪਹਾੜ ਉੱਤੇ ਖੜੇ ਹੋਣਗੇ, ਅਤੇ ਜ਼ੈਤੂਨ ਦਾ ਪਹਾੜ ਪੂਰਬ ਤੋਂ ਪੱਛਮ ਤੱਕ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ, ਇੱਕ ਵੱਡੀ ਘਾਟੀ ਬਣ ਜਾਵੇਗੀ, ਪਹਾੜ ਦਾ ਅੱਧਾ ਉੱਤਰ ਵੱਲ ਅਤੇ ਅੱਧਾ ਦੱਖਣ ਵੱਲ ਜਾਵੇਗਾ। ਤੁਸੀਂ ਮੇਰੀ ਪਹਾੜੀ ਵਾਦੀ ਤੋਂ ਭੱਜ ਜਾਵੋਂਗੇ, ਕਿਉਂ ਜੋ ਉਹ ਅਜ਼ਲ ਤੱਕ ਫੈਲੇਗੀ। ਤੁਸੀਂ ਉਸੇ ਤਰ੍ਹਾਂ ਭੱਜੋਂਗੇ ਜਿਵੇਂ ਤੁਸੀਂ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਦਿਨਾਂ ਵਿੱਚ ਭੁਚਾਲ ਤੋਂ ਭੱਜੇ ਸੀ। ਤਦ ਯਾਹਵੇਹ ਮੇਰਾ ਪਰਮੇਸ਼ਵਰ ਆਵੇਗਾ, ਅਤੇ ਸਾਰੇ ਪਵਿੱਤਰ ਲੋਕ ਉਸਦੇ ਨਾਲ ਹੋਣਗੇ।
ਉਸ ਦਿਨ ਨਾ ਤਾਂ ਸੂਰਜ ਦੀ ਰੌਸ਼ਨੀ ਹੋਵੇਗੀ ਅਤੇ ਨਾ ਹੀ ਠੰਡ, ਧੁੰਦ ਦਾ ਹਨੇਰਾ। ਇਹ ਇੱਕ ਅਦਭੁਤ ਦਿਨ ਹੋਵੇਗਾ, ਇੱਕ ਦਿਨ ਜੋ ਸਿਰਫ ਯਾਹਵੇਹ ਲਈ ਜਾਣਿਆ ਜਾਂਦਾ ਹੈ, ਦਿਨ ਅਤੇ ਰਾਤ ਵਿੱਚ ਕੋਈ ਅੰਤਰ ਨਹੀਂ ਹੋਵੇਗਾ। ਅਤੇ ਸ਼ਾਮ ਨੂੰ ਵੀ ਰੌਸ਼ਨੀ ਹੋਵੇਗੀ।
ਉਸ ਦਿਨ ਜਿਉਂਦਾ ਪਾਣੀ ਯੇਰੂਸ਼ਲੇਮ ਤੋਂ ਨਿੱਕਲੇਗਾ, ਇਸ ਦਾ ਅੱਧਾ ਪੂਰਬ ਵੱਲ ਮ੍ਰਿਤ ਸਾਗਰ ਵੱਲ ਅਤੇ ਅੱਧਾ ਪੱਛਮ ਵੱਲ ਮਹਾ ਸਾਗਰ ਵੱਲ, ਅਤੇ ਇਹ ਗਰਮੀਆਂ ਅਤੇ ਸਰਦੀਆਂ ਵਿੱਚ ਵਹਿ ਜਾਵੇਗਾ।
ਸਾਰੀ ਧਰਤੀ ਉੱਤੇ ਯਾਹਵੇਹ ਹੀ ਰਾਜਾ ਹੋਵੇਗਾ। ਉਸ ਦਿਨ ਯਾਹਵੇਹ ਹੀ ਹੋਵੇਗਾ ਅਤੇ ਉਸਦਾ ਨਾਮ ਹੀ ਹੋਵੇਗਾ।
ਯੇਰੂਸ਼ਲੇਮ ਦੇ ਦੱਖਣ ਵੱਲ ਗੇਬਾ ਤੋਂ ਰਿੰਮੋਨ ਤੱਕ ਸਾਰੀ ਧਰਤੀ ਅਰਾਬਾਹ ਦੀ ਵਾਦੀ ਵਰਗੀ ਹੋ ਜਾਵੇਗੀ। ਪਰ ਯੇਰੂਸ਼ਲੇਮ ਬਿਨਯਾਮੀਨ ਫਾਟਕ ਤੋਂ ਪਹਿਲੇ ਫਾਟਕ ਦੇ ਸਥਾਨ ਤੱਕ, ਕੋਨੇ ਦੇ ਫਾਟਕ ਤੱਕ ਅਤੇ ਹਨਨੇਲ ਦੇ ਬੁਰਜ ਤੋਂ ਸ਼ਾਹੀ ਮੈਅ ਦੇ ਕੋਠਿਆਂ ਤੱਕ ਉੱਚਾ ਕੀਤਾ ਜਾਵੇਗਾ ਅਤੇ ਆਪਣੇ ਸਥਾਨ ਤੇ ਰਹੇਗਾ। ਇਹ ਆਬਾਦ ਹੋਵੇਗਾ; ਇਹ ਦੁਬਾਰਾ ਕਦੇ ਵੀ ਤਬਾਹ ਨਹੀਂ ਹੋਵੇਗਾ। ਯੇਰੂਸ਼ਲੇਮ ਸੁਰੱਖਿਅਤ ਰਹੇਗਾ।
ਇਹ ਉਹ ਬਿਪਤਾ ਹੈ ਜਿਸ ਨਾਲ ਯਾਹਵੇਹ ਉਨ੍ਹਾਂ ਸਾਰੀਆਂ ਕੌਮਾਂ ਨੂੰ ਮਾਰੇਗਾ ਜੋ ਯੇਰੂਸ਼ਲੇਮ ਦੇ ਵਿਰੁੱਧ ਲੜੀਆਂ ਸਨ: ਉਨ੍ਹਾਂ ਦਾ ਮਾਸ ਸੜ ਜਾਵੇਗਾ ਜਦੋਂ ਉਹ ਅਜੇ ਵੀ ਆਪਣੇ ਪੈਰਾਂ ਤੇ ਖੜ੍ਹੇ ਹੋਣਗੇ, ਉਨ੍ਹਾਂ ਦੀਆਂ ਅੱਖਾਂ ਉਨ੍ਹਾਂ ਦੀਆਂ ਪੁਤਲੀਆਂ ਵਿੱਚ ਸੜ ਜਾਣਗੀਆਂ, ਅਤੇ ਉਨ੍ਹਾਂ ਦੀਆਂ ਜੀਭਾਂ ਉਹਨਾਂ ਦੇ ਮੂੰਹ ਵਿੱਚ ਸੜ ਜਾਣਗੀਆਂ। ਉਸ ਦਿਨ ਯਾਹਵੇਹ ਦੇ ਵੱਲੋਂ ਲੋਕ ਤੇ ਘਬਰਾਹਟ ਬਹੁਤ ਹੋਵੇਗੀ। ਉਹ ਇੱਕ-ਦੂਜੇ ਦਾ ਹੱਥ ਫੜ ਕੇ ਇੱਕ-ਦੂਜੇ ਉੱਤੇ ਹਮਲਾ ਕਰਨਗੇ। ਯਹੂਦਾਹ ਵੀ ਯੇਰੂਸ਼ਲੇਮ ਵਿੱਚ ਲੜੇਗਾ। ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦਾ ਧਨ ਇਕੱਠਾ ਕੀਤਾ ਜਾਵੇਗਾ: ਜਿਸ ਵਿੱਚ ਵੱਡੀ ਮਾਤਰਾ ਵਿੱਚ ਸੋਨਾ, ਚਾਂਦੀ ਅਤੇ ਕੱਪੜੇ ਹੋਣਗੇ। ਇਸੇ ਤਰ੍ਹਾਂ ਦੀ ਮਹਾਂਮਾਰੀ ਘੋੜਿਆਂ ਅਤੇ ਖੱਚਰਾਂ, ਊਠਾਂ ਅਤੇ ਗਧਿਆਂ ਅਤੇ ਉਨ੍ਹਾਂ ਡੇਰਿਆਂ ਦੇ ਸਾਰੇ ਜਾਨਵਰਾਂ ਨੂੰ ਮਾਰ ਦੇਵੇਗੀ।
ਤਦ ਉਨ੍ਹਾਂ ਸਾਰੀਆਂ ਕੌਮਾਂ ਵਿੱਚੋਂ ਬਚੇ ਹੋਏ ਲੋਕ ਜਿਨ੍ਹਾਂ ਨੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ ਹੈ, ਹਰ ਸਾਲ ਰਾਜਾ, ਸਰਬਸ਼ਕਤੀਮਾਨ ਯਾਹਵੇਹ ਦੀ ਉਪਾਸਨਾ ਕਰਨ ਅਤੇ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਉੱਪਰ ਆਉਣਗੇ। ਜੇ ਧਰਤੀ ਦੇ ਲੋਕਾਂ ਵਿੱਚੋਂ ਕੋਈ ਵੀ ਰਾਜਾ, ਸਰਬਸ਼ਕਤੀਮਾਨ ਯਾਹਵੇਹ, ਦੀ ਉਪਾਸਨਾ ਕਰਨ ਲਈ ਯੇਰੂਸ਼ਲੇਮ ਨਹੀਂ ਜਾਂਦਾ, ਤਾਂ ਉਨ੍ਹਾਂ ਨੂੰ ਮੀਂਹ ਨਹੀਂ ਪਵੇਗਾ। ਜੇਕਰ ਮਿਸਰੀ ਲੋਕ ਆਰਧਨਾ ਕਰਨ ਅਤੇ ਤਿਉਹਾਰਾਂ ਵਿੱਚ ਹਿੱਸਾ ਲੈਣ ਨਹੀਂ ਜਾਂਦੇ, ਤਾਂ ਉਨ੍ਹਾਂ ਨੂੰ ਮੀਂਹ ਨਹੀਂ ਪਵੇਗਾ। ਯਾਹਵੇਹ ਉਹਨਾਂ ਕੌਮਾਂ ਉੱਤੇ ਬਿਪਤਾ ਲਿਆਵੇਗਾ ਜੋ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਨਹੀਂ ਜਾਂਦੀਆਂ ਹਨ। ਇਹ ਮਿਸਰ ਦੀ ਸਜ਼ਾ ਅਤੇ ਉਨ੍ਹਾਂ ਸਾਰੀਆਂ ਕੌਮਾਂ ਦੀ ਸਜ਼ਾ ਹੋਵੇਗੀ ਜੋ ਡੇਰਿਆਂ ਦੇ ਤਿਉਹਾਰ ਨੂੰ ਮਨਾਉਣ ਲਈ ਨਹੀਂ ਜਾਂਦੀਆਂ ਹਨ।
ਉਸ ਦਿਨ ਘੋੜਿਆਂ ਦੀਆਂ ਘੰਟੀਆਂ ਉੱਤੇ “ਯਾਹਵੇਹ ਲਈ ਪਵਿੱਤਰ” ਲਿਖਿਆ ਹੋਵੇਗਾ, ਅਤੇ ਯਾਹਵੇਹ ਦੇ ਘਰ ਵਿੱਚ ਪਕਾਉਣ ਵਾਲੇ ਬਰਤਨ ਜਗਵੇਦੀ ਦੇ ਸਾਮ੍ਹਣੇ ਪਵਿੱਤਰ ਕਟੋਰਿਆਂ ਵਾਂਗ ਹੋਣਗੇ। ਯੇਰੂਸ਼ਲੇਮ ਅਤੇ ਯਹੂਦਾਹ ਵਿੱਚ ਹਰ ਇੱਕ ਭਾਂਡਾ ਸਰਬਸ਼ਕਤੀਮਾਨ ਯਾਹਵੇਹ ਲਈ ਪਵਿੱਤਰ ਹੋਵੇਗਾ, ਅਤੇ ਸਾਰੇ ਜੋ ਬਲੀਦਾਨ ਕਰਨ ਲਈ ਆਉਂਦੇ ਹਨ, ਕੁਝ ਬਰਤਨ ਲੈਣਗੇ ਅਤੇ ਉਨ੍ਹਾਂ ਵਿੱਚ ਪਕਾਉਣਗੇ। ਅਤੇ ਉਸ ਦਿਨ ਸਰਬਸ਼ਕਤੀਮਾਨ ਯਾਹਵੇਹ ਦੇ ਘਰ ਵਿੱਚ ਕੋਈ ਕਨਾਨੀ1 ਨਹੀਂ ਰਹੇਗਾ।
Source notes (1)
- Footnote ਕਨਾਨੀ ਅਰਥ ਬੁਪਾਰੀ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.