Skip to content
BibleKenya

Biblica® Open Punjabi Contemporary Version 2025

ਰੂਥ 3

ਪਿੜ ਵਿੱਚ ਰੂਥ ਅਤੇ ਬੋਅਜ਼

ਇੱਕ ਦਿਨ ਰੂਥ ਦੀ ਸੱਸ ਨਾਓਮੀ ਨੇ ਉਸਨੂੰ ਕਿਹਾ, “ਹੇ ਮੇਰੀ ਧੀ, ਮੈਨੂੰ ਤੇਰੇ ਲਈ ਇੱਕ ਘਰ ਲੱਭਣਾ ਚਾਹੀਦਾ ਹੈ, ਜੋ ਤੇਰਾ ਭਲਾ ਹੋਵੇ। ਹੁਣ ਬੋਅਜ਼, ਜਿਸ ਦੀਆਂ ਦਾਸੀਆਂ ਨਾਲ ਤੂੰ ਕੰਮ ਕੀਤਾ ਹੈ, ਸਾਡਾ ਰਿਸ਼ਤੇਦਾਰ ਹੈ। ਅੱਜ ਰਾਤ ਉਹ ਪਿੜ ਵਿੱਚ ਜੌਂ ਬੀਜੇਗਾ। ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਚੰਗੇ ਬਸਤਰ ਪਾ ਕੇ ਪਿੜ ਵੱਲ ਜਾ ਅਤੇ ਜਦ ਤੱਕ ਉਹ ਖਾ ਪੀ ਨਾ ਚੁੱਕੇ ਤਦ ਤੱਕ ਆਪਣੇ ਆਪ ਨੂੰ ਉਸ ਮਨੁੱਖ ਅੱਗੇ ਪ੍ਰਗਟ ਕਰ, ਪਰ ਜਦੋਂ ਤੱਕ ਉਹ ਖਾਣਾ-ਪੀਣਾ ਖਤਮ ਨਾ ਕਰ ਲਵੇ, ਉਸ ਨੂੰ ਇਹ ਨਾ ਦੱਸੋ ਕਿ ਤੁਸੀਂ ਉੱਥੇ ਹੋ। ਜਦੋਂ ਉਹ ਲੇਟਦਾ ਹੈ, ਤਾਂ ਉਸ ਜਗ੍ਹਾ ਵੱਲ ਧਿਆਨ ਰੱਖੀ ਜਿੱਥੇ ਉਹ ਲੇਟੇਗਾ। ਫਿਰ ਅੰਦਰ ਜਾ ਕੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੇਟ ਜਾਵੀ। ਉਹ ਤੈਨੂੰ ਆਪ ਦੱਸੇਗਾ ਕੀ ਕਰਨਾ ਹੈ।”

ਰੂਥ ਨੇ ਉੱਤਰ ਦਿੱਤਾ, “ਮੈਂ ਉਹੀ ਕਰਾਂਗੀ ਜੋ ਤੁਸੀਂ ਮੈਨੂੰ ਕਿਹਾ ਹੈ।” ਤਾਂ ਉਹ ਪਿੜ ਵਿੱਚ ਗਈ ਅਤੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਉਸਨੂੰ ਕਰਨ ਲਈ ਕਿਹਾ ਸੀ।

ਜਦੋਂ ਬੋਅਜ਼ ਖਾ ਪੀ ਹਟਿਆ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਉਹ ਦਾਣੇ ਦੇ ਢੇਰ ਦੇ ਸਿਰੇ ਉੱਤੇ ਲੇਟਣ ਲਈ ਗਿਆ। ਤਦ ਰੂਥ ਚੁੱਪ-ਚਾਪ ਨੇੜੇ ਆਈ ਅਤੇ ਉਸਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਲੇਟ ਗਈ। ਅੱਧੀ ਰਾਤ ਨੂੰ ਉਹ ਮਨੁੱਖ ਚੌਂਕ ਗਿਆ ਅਤੇ ਪਾਸਾ ਪਰਤ ਕੇ ਵੇਖਿਆ ਕਿ ਇੱਕ ਔਰਤ ਉਸ ਦੇ ਪੈਰਾਂ ਕੋਲ ਲੇਟੀ ਹੋਈ ਹੈ।

ਉਸ ਨੇ ਪੁੱਛਿਆ, “ਤੁਸੀਂ ਕੌਣ ਹੋ?”

ਉਸਨੇ ਕਿਹਾ, “ਮੈਂ ਤੇਰੀ ਦਾਸੀ ਰੂਥ ਹਾਂ। ਮੇਰੇ ਉੱਤੇ ਆਪਣੇ ਕੱਪੜੇ ਦਾ ਕੋਨਾ ਵਿਛਾ ਦਿਓ ਕਿਉਂ ਜੋ ਤੁਸੀਂ ਸਾਡੀ ਜ਼ਮੀਨ ਨੂੰ ਛੁਡਾਉਣ ਵਾਲਿਆਂ ਵਿੱਚੋਂ ਹੋ।”

ਉਸ ਨੇ ਉੱਤਰ ਦਿੱਤਾ, “ਹੇ ਮੇਰੀ ਧੀ, ਯਾਹਵੇਹ ਤੈਨੂੰ ਅਸੀਸ ਦੇਵੇ, ਕਿਉਂ ਜੋ ਤੂੰ ਪਹਿਲਾ ਨਾਲੋਂ ਅੰਤ ਵਿੱਚ ਵੱਧ ਕਿਰਪਾ ਵਿਖਾਈ ਹੈ, ਇਸ ਲਈ ਜੋ ਤੂੰ ਗੱਭਰੂਆਂ ਦੇ ਪਿੱਛੇ ਨਹੀਂ ਲੱਗੀ, ਭਾਵੇਂ ਧਨਵਾਨ ਹੋਣ ਭਾਵੇਂ ਗਰੀਬ। ਹੁਣ, ਹੇ ਮੇਰੀ ਧੀ, ਨਾ ਡਰ! ਮੈਂ ਤੇਰੇ ਲਈ ਉਹ ਸਭ ਕੁਝ ਕਰਾਂਗਾ ਜੋ ਤੂੰ ਮੰਗਦੀ ਹੈ। ਮੇਰੇ ਨਗਰ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਇੱਕ ਭਲੀ ਔਰਤ ਹੈ। ਭਾਵੇਂ ਇਹ ਸੱਚ ਹੈ ਕਿ ਮੈਂ ਛੁਡਾਉਣ ਵਾਲਾ ਹਾਂ ਪਰ ਇੱਕ ਹੋਰ ਛੁਡਾਉਣ ਵਾਲਾ ਹੈ, ਜੋ ਮੇਰੇ ਨਾਲੋਂ ਵੀ ਨਜ਼ਦੀਕ ਹੈ। ਅੱਜ ਰਾਤ ਠਹਿਰ ਜਾ ਅਤੇ ਸਵੇਰ ਨੂੰ ਜੇ ਉਹ ਤੇਰੇ ਲਈ ਛੁਡਾਉਣ ਦਾ ਕੰਮ ਕਰੇ ਤਾਂ ਚੰਗਾ, ਉਹ ਛੁਡਾਉਣਾ ਨਾ ਚਾਹੇ ਤਾਂ ਮੈਂ ਇਹ ਕੰਮ ਕਰਾਂਗਾ, ਮੈਂ ਜੀਉਂਦੇ ਯਾਹਵੇਹ ਦੀ ਸਹੁੰ ਖਾਂਦਾ ਹਾਂ। ਤੂੰ ਸਵੇਰ ਤੱਕ ਇੱਥੇ ਹੀ ਲੇਟੀ ਰਹਿ।”

ਸੋ ਰੂਥ ਸਵੇਰ ਤੱਕ ਬੋਅਜ਼ ਦੇ ਪੈਰਾਂ ਕੋਲ ਲੇਟੀ ਰਹੀਂ ਅਤੇ ਤੜਕੇ ਹੀ ਜਿਸ ਵੇਲੇ ਕੋਈ ਇੱਕ ਦੂਸਰੇ ਨੂੰ ਨਾ ਪਛਾਣ ਸਕੇ ਉਹ ਉੱਠ ਗਈ। ਤਦ ਬੋਅਜ਼ ਨੇ ਕਿਹਾ, “ਇਸ ਗੱਲ ਦੀ ਖ਼ਬਰ ਕਿਸੇ ਨੂੰ ਨਾ ਹੋਵੇ ਕਿ ਪਿੜ ਵਿੱਚ ਕੋਈ ਔਰਤ ਆਈ ਸੀ।”

ਉਸ ਨੇ ਇਹ ਵੀ ਕਿਹਾ, ਜੋ ਚਾਦਰ ਤੂੰ ਉੱਪਰ ਪਹਿਨੀ ਹੋਈ ਹੈ ਅਤੇ ਉਹ ਫੜ੍ਹ ਕੇ ਮੇਰੇ ਕੋਲ ਲਿਆ। ਜਦੋਂ ਉਸਨੇ ਅਜਿਹਾ ਕੀਤਾ, ਉਸਨੇ ਉਸ ਵਿੱਚ ਜੌਂ ਦੇ ਛੇ ਟੋਪੇ ਮਿਣ ਉਸ ਨੂੰ ਦਿੱਤੇ, ਫਿਰ ਉਹ ਸ਼ਹਿਰ ਵਾਪਸ ਚਲਾ ਗਿਆ।

ਜਦੋਂ ਰੂਥ ਆਪਣੀ ਸੱਸ ਕੋਲ ਆਈ ਤਾਂ ਨਾਓਮੀ ਨੇ ਪੁੱਛਿਆ, “ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ?”

ਤਦ ਉਸਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਸ ਲਈ ਕੀਤਾ ਸੀ। ਫਿਰ ਉਸਨੇ ਕਿਹਾ, “ਉਸ ਨੇ ਮੈਨੂੰ ਇਹ ਜੌਂ ਦੇ ਛੇ ਟੋਪੇ ਮਿਣ ਕੇ ਦਿੱਤੇ ਅਤੇ ਕਿਹਾ, ‘ਤੂੰ ਆਪਣੀ ਸੱਸ ਕੋਲ ਖਾਲੀ ਹੱਥ ਨਾ ਜਾਵੀਂ।’ ”

ਤਦ ਨਾਓਮੀ ਨੇ ਆਖਿਆ, “ਹੇ ਮੇਰੀ ਧੀ, ਇੰਤਜ਼ਾਰ ਕਰ ਜਦੋਂ ਤੱਕ ਤੈਨੂੰ ਪਤਾ ਨਾ ਲੱਗੇ ਕਿ ਇਹ ਗੱਲ ਕਿਵੇਂ ਚੱਲਦੀ ਹੈ। ਤੂੰ ਚੁੱਪ-ਚਾਪ ਬੈਠੀ ਰਹਿ, ਕਿਉਂਕਿ ਅੱਜ ਜਦ ਤੱਕ ਉਹ ਇਸ ਕੰਮ ਨੂੰ ਪੂਰਾ ਨਾ ਕਰ ਲਵੇ, ਤਦ ਤੱਕ ਉਸ ਮਨੁੱਖ ਨੇ ਅਰਾਮ ਨਹੀਂ ਕਰਨਾ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.