Skip to content
BibleKenya

Biblica® Open Punjabi Contemporary Version 2025

ਰੋਮਿਆਂ 2

ਪਾਪ ਦੇ ਲਈ ਪਰਮੇਸ਼ਵਰ ਦਾ ਨਿਆਂ

ਇਸ ਲਈ, ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈ ਜੋ ਤੁਸੀਂ ਕਿਸੇ ਹੋਰ ਉੱਤੇ ਦੋਸ਼ ਲਾਉਂਦੇ ਹੋ, ਕਿਉਂਕਿ ਜਦੋਂ ਤੁਸੀਂ ਕਿਸੇ ਦੂਸਰੇ ਤੇ ਦੋਸ਼ ਲਾਉਂਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੇ ਹੋ, ਕਿਉਂਕਿ ਤੁਸੀਂ ਜੋ ਦੋਸ਼ ਲਾਉਂਦੇ ਹੋ ਉਹੀ ਗੱਲਾਂ ਨੂੰ ਕਰਦੇ ਹੋ। ਹੁਣ ਅਸੀਂ ਜਾਣਦੇ ਹਾਂ ਕਿ ਅਜਿਹੀਆਂ ਗੱਲਾਂ ਕਰਨ ਵਾਲਿਆਂ ਦੇ ਵਿਰੁੱਧ ਪਰਮੇਸ਼ਵਰ ਦਾ ਨਿਆਂ ਸੱਚਾਈ ਦੇ ਅਧਾਰ ਉੱਤੇ ਆਉਂਦਾ ਹੈ। ਇਸ ਲਈ ਜਦੋਂ ਤੁਸੀਂ, ਇੱਕ ਇਨਸਾਨ ਹੁੰਦੇ ਹੋਏ ਉਹਨਾਂ ਉੱਤੇ ਦੋਸ਼ ਲਓ ਅਤੇ ਫਿਰ ਵੀ ਇਹੋ ਕੰਮ ਕਰਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਪਰਮੇਸ਼ਵਰ ਦੇ ਨਿਆਂ ਤੋਂ ਬਚ ਜਾਓਗੇ? ਜਾਂ ਕੀ ਤੁਸੀਂ ਪਰਮੇਸ਼ਵਰ ਦੀ ਦਯਾ, ਧੀਰਜ ਅਤੇ ਸਬਰ ਦੀ ਦੌਲਤ ਦਾ ਅਪਮਾਨ ਕਰਦੇ ਹੋ, ਇਹ ਨਹੀਂ ਸਮਝਦੇ ਹੋ ਕਿ ਪਰਮੇਸ਼ਵਰ ਦੀ ਦਇਆ ਤੁਹਾਨੂੰ ਤੋਬਾ ਕਰਨ ਵੱਲ ਲੈ ਜਾਂਦੀ ਹੈ?

ਪਰ ਤੁਸੀਂ ਆਪਣੀ ਕਠੋਰਤਾਈ ਅਤੇ ਆਪਣੇ ਅਪਸ਼ਚਾਤਾਪੀ ਦਿਲ ਦੇ ਕਾਰਨ, ਉਸ ਦਿਨ ਦੇ ਲਈ ਤੁਸੀਂ ਪਰਮੇਸ਼ਵਰ ਦੇ ਕ੍ਰੋਧ ਨੂੰ ਆਪਣੇ ਵਿਰੁੱਧ ਸੰਭਾਲ ਰਿਹੇ ਹੋ ਜਿਸ ਦਿਨ ਪਰਮੇਸ਼ਵਰ ਦਾ ਕ੍ਰੋਧ ਪ੍ਰਗਟ ਹੋਵੇਗਾ ਅਤੇ ਉਹ ਦਾ ਧਰਮੀ ਨਿਆਂ ਵੀ ਪ੍ਰਗਟ ਹੋਵੇਗਾ। “ਪਰਮੇਸ਼ਵਰ ਹਰੇਕ ਵਿਅਕਤੀ ਨੂੰ ਉਹ ਦੇ ਕੰਮਾਂ ਦੇ ਅਨੁਸਾਰ ਫ਼ਲ ਦੇਣਗੇ।1” ਉਹਨਾਂ ਲੋਕਾਂ ਲਈ ਜਿਹੜੇ ਚੰਗੇ ਕੰਮ ਕਰਨ ਵਿੱਚ ਦ੍ਰਿੜ੍ਹ ਹੋ ਕੇ ਮਹਿਮਾ, ਸਤਿਕਾਰ ਅਤੇ ਅਮਰਤਾ ਦੀ ਭਾਲ ਕਰਦੇ ਹਨ, ਪਰਮੇਸ਼ਵਰ ਉਹਨਾਂ ਨੂੰ ਸਦੀਪਕ ਜੀਵਨ ਦੇਣਗੇ। ਪਰ ਉਹਨਾਂ ਦੇ ਲਈ ਪਰਮੇਸ਼ਵਰ ਦਾ ਗੁੱਸਾ ਅਤੇ ਕ੍ਰੋਧ ਹੋਵੇਗਾ ਜੋ ਮਤਲਬੀ ਹਨ ਅਤੇ ਜੋ ਸੱਚ ਨੂੰ ਨਹੀਂ ਮੰਨਦੇ ਸਗੋਂ ਬੁਰਾਈ ਦੀ ਪਾਲਣਾ ਕਰਦੇ ਹਨ। ਹਰ ਇੱਕ ਮਨੁੱਖ ਲਈ ਕਸ਼ਟ ਅਤੇ ਬਿਪਤਾ ਹੋਵੇਗੀ: ਜਿਹੜਾ ਬੁਰਾਈ ਕਰਦਾ ਹੈ, ਪਹਿਲਾਂ ਯਹੂਦੀ ਲਈ ਅਤੇ ਫਿਰ ਗ਼ੈਰ-ਯਹੂਦੀ ਲਈ। ਪਰ ਹਰ ਉਹ ਵਿਅਕਤੀ ਲਈ ਜੋ ਭਲਾਈ ਕਰਦਾ ਹੈ ਉਹ ਮਹਿਮਾ, ਸਤਿਕਾਰ ਅਤੇ ਸ਼ਾਂਤੀ ਪ੍ਰਾਪਤ ਕਰੇਗਾ: ਪਹਿਲਾਂ ਯਹੂਦੀ ਲਈ, ਫਿਰ ਗ਼ੈਰ-ਯਹੂਦੀ ਲਈ। ਕਿਉਂਕਿ ਪਰਮੇਸ਼ਵਰ ਪੱਖਪਾਤ ਨਹੀਂ ਕਰਦੇ ਹਨ।2

ਹਰ ਕੋਈ ਜੋ ਬਿਵਸਥਾ ਤੋਂ ਬਿਨ੍ਹਾ ਪਾਪ ਕਰਦਾ ਹੈ, ਉਹ ਵੀ ਬਿਵਸਥਾ ਤੋਂ ਬਿਨ੍ਹਾ ਹੀ ਨਾਸ਼ ਹੋ ਜਾਵੇਗਾ, ਅਤੇ ਹਰ ਉਹ ਵਿਅਕਤੀ ਜੋ ਬਿਵਸਥਾ ਦੇ ਅਧੀਨ ਪਾਪ ਕਰਦਾ ਹੈ, ਬਿਵਸਥਾ ਦੁਆਰਾ ਉਸ ਦਾ ਨਿਆਂ ਕੀਤਾ ਜਾਵੇਗਾ। ਇਹ ਉਹ ਲੋਕ ਨਹੀਂ ਹਨ ਜੋ ਬਿਵਸਥਾ ਨੂੰ ਸੁਣਦੇ ਹਨ, ਜਿਹੜੇ ਪਰਮੇਸ਼ਵਰ ਦੀ ਨਿਹਚਾ ਵਿੱਚ ਧਰਮੀ ਹਨ, ਪਰ ਇਹ ਉਹ ਲੋਕ ਹਨ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ ਅਤੇ ਉਹਨਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ। ਜਦ ਕਿ ਪਰਾਈਆਂ ਕੌਮਾਂ ਕੋਲ ਬਿਵਸਥਾ ਨਹੀਂ ਹੈ, ਪਰ ਉਹ ਕੁਦਰਤੀ ਤੌਰ ਤੇ ਉਹ ਕੰਮ ਕਰਦੇ ਹਨ ਜੋ ਬਿਵਸਥਾ ਵਿੱਚ ਹਨ, ਭਾਵੇਂ ਉਹਨਾਂ ਕੋਲ ਬਿਵਸਥਾ ਨਹੀਂ ਹੈ ਉਹ ਆਪਣੇ ਆਪ ਵਿੱਚ ਇੱਕ ਬਿਵਸਥਾ ਹਨ। ਇਸ ਦੇ ਦੁਆਰਾ ਇਹ ਪ੍ਰਗਟ ਹੁੰਦਾ ਹੈ ਕਿ ਬਿਵਸਥਾ ਉਹਨਾਂ ਦੇ ਦਿਲਾਂ ਤੇ ਲਿਖੀ ਹੋਈ ਹੈ, ਉਹਨਾਂ ਦੇ ਜ਼ਮੀਰ ਵੀ ਗਵਾਹੀ ਦਿੰਦੇ ਹਨ, ਅਤੇ ਉਹਨਾਂ ਦੇ ਵਿਚਾਰ ਕਈ ਵਾਰ ਉਹਨਾਂ ਨੂੰ ਆਪੋ ਵਿੱਚ ਦੋਸ਼ੀ ਤੇ ਨਿਰਦੋਸ਼ੀ ਠਹਿਰਾਉਂਦੇ ਹਨ। ਇਹ ਉਸ ਦਿਨ ਹੋਵੇਗਾ ਜਦੋਂ ਪਰਮੇਸ਼ਵਰ ਮੇਰੀ ਖੁਸ਼ਖ਼ਬਰੀ ਅਨੁਸਾਰ ਯਿਸ਼ੂ ਮਸੀਹ ਦੇ ਰਾਹੀਂ ਲੋਕਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।

ਯਹੂਦੀ ਅਤੇ ਬਿਵਸਥਾ

ਹੁਣ ਜੇ ਤੁਸੀਂ ਆਪਣੇ ਆਪ ਨੂੰ ਯਹੂਦੀ ਕਹਿੰਦੇ; ਅਤੇ ਜੇ ਤੁਸੀਂ ਬਿਵਸਥਾ ਤੇ ਭਰੋਸਾ ਅਤੇ ਪਰਮੇਸ਼ਵਰ ਤੇ ਘਮੰਡ ਕਰਦੇ ਹੋ; ਜੇ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਅਤੇ ਚੰਗੀਆਂ ਗੱਲਾਂ ਨੂੰ ਜਾਣਦੇ ਹੋ ਕਿਉਂਕਿ ਤੁਹਾਨੂੰ ਇਹ ਦੀ ਸਿੱਖਿਆ ਬਿਵਸਥਾ ਦੁਆਰਾ ਮਿਲੀ ਹੈ; ਅਗਰ ਤੁਹਾਨੂੰ ਯਕੀਨ ਹੈ ਕਿ ਤੁਸੀਂ ਅੰਨ੍ਹਿਆਂ ਲਈ ਮਾਰਗ ਦਰਸ਼ਕ ਹੋ ਅਤੇ ਹਨੇਰੇ ਵਿੱਚ ਗੁੰਮ ਚੁੱਕੇ ਲੋਕਾਂ ਲਈ ਚਾਨਣ ਹੋ। ਤੁਸੀਂ ਸੋਚਦੇ ਹੋ ਕਿ ਤੁਸੀਂ ਅਣਜਾਣ ਲੋਕਾਂ ਨੂੰ ਸਿਖਾ ਸਕਦੇ ਹੋ ਅਤੇ ਬੱਚਿਆਂ ਨੂੰ ਪਰਮੇਸ਼ਵਰ ਦੇ ਮਾਰਗ ਦੱਸ ਸਕਦੇ ਹੋ। ਕਿਉਂਕਿ ਤੁਸੀਂ ਨਿਸ਼ਚਤ ਹੋ ਕਿ ਪਰਮੇਸ਼ਵਰ ਦੀ ਬਿਵਸਥਾ ਤੁਹਾਨੂੰ ਪੂਰਾ ਗਿਆਨ ਅਤੇ ਸੱਚਾਈ ਦਿੰਦੀ ਹੈ। ਤੁਸੀਂ, ਫਿਰ ਜੋ ਦੂਜਿਆਂ ਨੂੰ ਸਿਖਾਉਂਦੇ ਹੋ, ਕੀ ਤੁਸੀਂ ਆਪਣੇ ਆਪ ਨੂੰ ਨਹੀਂ ਸਿਖਾਉਂਦੇ? ਤੁਸੀਂ ਜੋ ਚੋਰੀ ਦੇ ਵਿਰੁੱਧ ਪ੍ਰਚਾਰ ਕਰਦੇ ਹੋ, ਕੀ ਤੁਸੀਂ ਚੋਰੀ ਕਰਦੇ ਹੋ? ਤੁਸੀਂ ਜੋ ਕਹਿੰਦੇ ਹੋ ਕਿ ਲੋਕਾਂ ਨੂੰ ਹਰਾਮਕਾਰੀ ਨਹੀਂ ਕਰਨੀ ਚਾਹੀਦੀ, ਕੀ ਤੁਸੀਂ ਵਿਭਚਾਰ ਕਰਦੇ ਹੋ? ਤੁਸੀਂ ਮੂਰਤੀਆਂ ਨੂੰ ਨਫ਼ਰਤ ਕਰਦੇ ਹੋ, ਕੀ ਤੁਸੀਂ ਮੰਦਰਾਂ ਨੂੰ ਨਹੀਂ ਲੁੱਟਦੇ ਹੋ? ਤੁਸੀਂ ਲੋਕ ਜੋ ਬਿਵਸਥਾ ਉੱਤੇ ਘਮੰਡ ਕਰਦੇ ਹੋ, ਪਰ ਕੀ ਤੁਸੀਂ ਬਿਵਸਥਾ ਨੂੰ ਤੋੜਦੇ ਹੋ ਅਤੇ ਪਰਮੇਸ਼ਵਰ ਦੀ ਬੇਅਦਬੀ ਕਰਦੇ ਹੋ? ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਲਿਖਿਆ ਹੋਇਆ ਹੈ: “ਪਰਾਈਆਂ ਕੌਮਾਂ ਵਿੱਚ ਤੁਹਾਡੇ ਕਾਰਣ ਪਰਮੇਸ਼ਵਰ ਦੇ ਨਾਮ ਦੀ ਨਿੰਦਿਆ ਹੁੰਦੀ ਹੈ।3”

ਜੇ ਤੁਸੀਂ ਬਿਵਸਥਾ ਦੀ ਪਾਲਣਾ ਕਰਦੇ ਹੋ ਤਾਂ ਸੁੰਨਤ ਦੀ ਬਹੁਤ ਮਹੱਤਤਾ ਹੈ, ਪਰ ਜੇ ਤੁਸੀਂ ਬਿਵਸਥਾ ਨੂੰ ਤੋੜਦੇ ਹੋ, ਤਾਂ ਤੁਹਾਡੀ ਸੁੰਨਤ ਨਾ ਹੋਣ ਦੇ ਬਰਾਬਰ ਹੈ।4 ਇਸ ਲਈ ਜੇਕਰ ਇੱਕ ਅਸੁੰਨਤ ਵਿਅਕਤੀ ਬਿਵਸਥਾ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ, ਤਾਂ ਕੀ ਉਸ ਦਾ ਅਸੁੰਨਤ ਹੋਣਾ ਸੁੰਨਤ ਦੇ ਸਮਾਨ ਨਹੀਂ ਹੈ? ਫਿਰ ਕੀ ਸਰੀਰਕ ਤੌਰ ਤੇ ਬੇਸੁੰਨਤ ਆਦਮੀ ਜੋ ਸਰੀਰਕ ਤੌਰ ਤੇ ਬਿਵਸਥਾ ਦੀ ਪਾਲਣਾ ਕਰਦਾ ਹੈ, ਉਹ ਤੁਹਾਨੂੰ ਦੋਸ਼ੀ ਨਹੀਂ ਠਹਿਰਾਵੇਗਾ, ਤੁਸੀਂ ਜੋ ਬਿਵਸਥਾ ਨਾਲ ਮੋਹਰਬੰਦ ਹੋ ਅਤੇ ਸੁੰਨਤ ਹੋ ਅਤੇ ਫਿਰ ਵੀ ਬਿਵਸਥਾ ਨੂੰ ਤੋੜਦੇ ਹੋ?

ਕਿਉਂਕਿ ਯਹੂਦੀ ਉਹ ਨਹੀਂ ਜੋ ਸਿਰਫ ਬਾਹਰੀ ਤੌਰ ਤੇ ਹੁੰਦਾ ਹੈ, ਅਤੇ ਨਾ ਹੀ ਸੁੰਨਤ ਉਹ ਹੈ ਜੋ ਸਿਰਫ ਬਾਹਰੀ ਅਤੇ ਸਰੀਰਕ ਹੁੰਦੀ ਹੈ। ਬਲਕਿ, ਇੱਕ ਸੱਚਾ ਯਹੂਦੀ ਉਹ ਹੈ ਜਿਸ ਦਾ ਦਿਲ ਪਰਮੇਸ਼ਵਰ ਨਾਲ ਸਹੀ ਹੈ, ਅਤੇ ਸੱਚੀ ਸੁੰਨਤ ਸਿਰਫ ਬਿਵਸਥਾ ਦੀ ਪਾਲਣਾ ਕਰਨਾ ਨਹੀਂ ਹੈ; ਇਸ ਦੀ ਬਜਾਏ, ਇਹ ਦਿਲ ਦੀ ਤਬਦੀਲੀ ਹੈ, ਜੋ ਪਰਮੇਸ਼ਵਰ ਦੀ ਆਤਮਾ ਦੁਆਰਾ ਹੁੰਦੀ ਹੈ। ਅਤੇ ਜਿਸ ਵਿਅਕਤੀ ਦਾ ਦਿਲ ਬਦਲਿਆ ਹੁੰਦਾ ਹੈ ਉਸ ਦੀ ਵਡਿਆਈ ਲੋਕ ਨਹੀਂ ਕਰਦੇ ਸਗੋਂ ਪਰਮੇਸ਼ਵਰ ਕਰਦੇ ਹਨ।

Source notes (4)
  1. Footnote ਜ਼ਬੂ 62:12; ਕਹਾ 23:12
  2. Footnote ਬਿਵ 10:17; 2 ਇਤਿ 19:7
  3. Footnote ਯਸ਼ਾ 52:5; ਹਿਜ਼ 36:20 (ਸੈਪਟੁਜਿੰਟ ਦੇਖੋ)
  4. Footnote ਯਿਰ 4:4

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.