Skip to content
BibleKenya

Biblica® Open Punjabi Contemporary Version 2025

ਪ੍ਰਕਾਸ਼ ਪੱਤਰ 15

ਸੱਤ ਬਿਪਤਾਵਾਂ ਦੇ ਨਾਲ ਸੱਤ ਦੂਤ

ਇਸ ਤੋਂ ਬਾਅਦ ਮੈਂ ਸਵਰਗ ਵਿੱਚ ਇੱਕ ਹੋਰ ਮਹਾਨ ਅਤੇ ਸ਼ਾਨਦਾਰ ਚਿੰਨ੍ਹ ਵੇਖਿਆ: ਸੱਤ ਦੂਤ ਸੱਤ ਆਖਰੀ ਬਿਪਤਾਵਾਂ ਦੇ ਨਾਲ, ਕਿਉਂਕਿ ਉਹਨਾਂ ਨਾਲ ਪਰਮੇਸ਼ਵਰ ਦਾ ਕ੍ਰੋਧ ਪੂਰਾ ਹੋ ਗਿਆ ਹੈ। ਅਤੇ ਮੈਂ ਉਹ ਵੇਖਿਆ ਜੋ ਸ਼ੀਸ਼ੇ ਦੇ ਸਮੁੰਦਰ ਵਰਗਾ ਦਿਖਾਈ ਦਿੰਦਾ ਸੀ ਜੋ ਅੱਗ ਨਾਲ ਚਮਕ ਰਿਹਾ ਸੀ ਅਤੇ ਸਮੁੰਦਰ ਦੇ ਕੋਲ ਉਹ ਖੜ੍ਹੇ ਸਨ, ਉਹ ਜਿਹੜੇ ਦਰਿੰਦੇ ਅਤੇ ਇਸ ਦੇ ਚਿੱਤਰ ਅਤੇ ਇਸ ਦੇ ਨਾਮ ਦੀ ਸੰਖਿਆ ਉੱਤੇ ਜਿੱਤ ਪ੍ਰਾਪਤ ਕਰ ਸਕੇ। ਉਹਨਾਂ ਨੇ ਪਰਮੇਸ਼ਵਰ ਦੁਆਰਾ ਦਿੱਤੀ ਗਈ ਬਰਬਤ ਫੜ੍ਹੀ ਹੋਈ ਸੀ ਅਤੇ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਅਤੇ ਲੇਲੇ ਦਾ ਗੀਤ ਗਾਇਆ:

“ਤੁਹਾਡੇ ਕੰਮ ਮਹਾਨ ਅਤੇ ਅਦਭੁਤ ਹਨ,

ਸਰਵ ਸ਼ਕਤੀਮਾਨ ਪ੍ਰਭੂ।

ਤੁਹਾਡੇ ਰਾਹ ਸਹੀ ਅਤੇ ਸੱਚੇ ਹਨ,

ਕੌਮਾਂ ਦੇ ਰਾਜੇ।1

ਹੇ ਪ੍ਰਭੂ, ਤੁਹਾਡੇ ਤੋਂ ਕੌਣ ਨਹੀਂ ਡਰੇਗਾ,

ਅਤੇ ਤੁਹਾਡੇ ਨਾਮ ਦੀ ਮਹਿਮਾ ਨਹੀਂ ਕਰੇਗਾ?

ਕੇਵਲ ਤੁਸੀਂ ਹੀ ਪਵਿੱਤਰ ਹੋ।

ਸਾਰੀਆਂ ਕੌਮਾਂ ਆਉਣਗੀਆਂ

ਅਤੇ ਤੁਹਾਡੀ ਆਰਧਨਾ ਕਰਨਗੀਆਂ,

ਕਿਉਂਕਿ ਤੁਹਾਡੇ ਧਰਮੀ ਕੰਮਾਂ ਦਾ ਖੁਲਾਸਾ ਹੋਇਆ ਹੈ।”2

ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੈਂ ਸਵਰਗ ਵਿੱਚ ਹੈਕਲ3 ਨੂੰ ਵੇਖਿਆ ਅਰਥਾਤ ਨਵੇਂ ਨੇਮ ਦਾ ਤੰਬੂ ਅਤੇ ਇਸ ਨੂੰ ਖੋਲ੍ਹ ਦਿੱਤਾ ਗਿਆ। ਹੈਕਲ ਦੇ ਬਾਹਰੋਂ ਸੱਤ ਦੂਤ ਸੱਤ ਬਿਪਤਾਵਾਂ ਦੇ ਨਾਲ ਆਏ। ਉਹਨਾਂ ਨੇ ਸਾਫ਼, ਚਮਕਦਾਰ ਮਲਮਲ ਦੇ ਕੱਪੜੇ ਪਾਏ ਹੋਏ ਸਨ ਅਤੇ ਉਹਨਾਂ ਦੀਆਂ ਛਾਤੀਆਂ ਦੇ ਦੁਆਲੇ ਸੁਨਹਿਰੀ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਫਿਰ ਚਾਰ ਜੀਵਾਂ ਵਿੱਚੋਂ ਇੱਕ ਨੇ ਸੱਤ ਦੂਤਾਂ ਨੂੰ ਸੱਤ ਸੋਨੇ ਦੇ ਕਟੋਰੇ ਦਿੱਤੇ ਜੋ ਪਰਮੇਸ਼ਵਰ ਦੇ ਕ੍ਰੋਧ ਨਾਲ ਭਰੇ ਹੋਏ ਸਨ, ਜੋ ਸਦਾ ਅਤੇ ਸਦਾ ਲਈ ਜੀਉਂਦਾ ਹੈ। ਅਤੇ ਹੈਕਲ ਪਰਮੇਸ਼ਵਰ ਦੀ ਮਹਿਮਾ ਅਤੇ ਉਹਨਾਂ ਦੀ ਸ਼ਕਤੀ ਦੇ ਧੂੰਏਂ ਨਾਲ ਭਰਿਆ ਹੋਇਆ ਸੀ ਅਤੇ ਕੋਈ ਵੀ ਹੈਕਲ ਵਿੱਚ ਦਾਖਲ ਨਹੀਂ ਹੋ ਸਕਦਾ ਜਦੋਂ ਤੱਕ ਸੱਤ ਦੂਤਾਂ ਦੀਆਂ ਸੱਤ ਬਿਪਤਾਵਾਂ ਪੂਰੀਆਂ ਨਹੀਂ ਹੋ ਜਾਂਦੀਆਂ।4

Source notes (4)
  1. Footnote ਜ਼ਬੂ 111:2; 139:14; 145:17
  2. Footnote ਜ਼ਬੂ 86:9; ਯਿਰ 10:7; ਮਲਾ 1:11
  3. Footnote ਹੈਕਲ ਯਹੂਦਿਆਂ ਦਾ ਮੰਦਰ
  4. Footnote ਯਸ਼ਾ 6:4

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.