Skip to content
BibleKenya

Biblica® Open Punjabi Contemporary Version 2025

ਪ੍ਰਕਾਸ਼ ਪੱਤਰ 13

ਅਜਗਰ ਅਤੇ ਦਰਿੰਦਾ

ਇਸ ਦੇ ਬਾਅਦ ਅਜਗਰ ਸਮੁੰਦਰ ਦੇ ਕੰਢੇ ਤੇ ਖੜ੍ਹਾ ਸੀ ਅਤੇ ਮੈਂ ਇੱਕ ਜਾਨਵਰ ਨੂੰ ਸਮੁੰਦਰ ਵਿੱਚੋਂ ਨਿਕਲਦੇ ਵੇਖਿਆ। ਇਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ, ਇਸ ਦੇ ਸਿੰਗਾਂ ਉੱਤੇ ਦਸ ਮੁਕਟ ਸਨ ਅਤੇ ਹਰੇਕ ਸਿਰ ਉੱਤੇ ਇੱਕ ਕੁਫ਼ਰ ਦਾ ਨਾਮ ਸੀ।1 ਜਿਸ ਜਾਨਵਰ ਨੂੰ ਮੈਂ ਵੇਖਿਆ ਉਹ ਚੀਤੇ ਵਰਗਾ ਸੀ, ਪਰ ਉਸ ਦੇ ਪੈਰ ਰਿੱਛ ਵਰਗੇ ਸਨ ਅਤੇ ਉਸ ਦਾ ਮੂੰਹ ਸ਼ੇਰ ਵਰਗਾ ਸੀ। ਅਜਗਰ ਨੇ ਦਰਿੰਦੇ ਨੂੰ ਆਪਣੀ ਸ਼ਕਤੀ, ਆਪਣਾ ਸਿੰਘਾਸਣ ਅਤੇ ਮਹਾਨ ਅਧਿਕਾਰ ਸੌਂਪ ਦਿੱਤਾ। ਦਰਿੰਦੇ ਦੇ ਸਿਰਾਂ ਵਿੱਚੋਂ ਇੱਕ ਨੂੰ ਘਾਤਕ ਜ਼ਖਮ ਲੱਗਿਆ ਸੀ, ਪਰ ਘਾਤਕ ਜ਼ਖਮ ਚੰਗਾ ਹੋ ਗਿਆ ਸੀ। ਸਾਰਾ ਸੰਸਾਰ ਅਚੰਭੇ ਨਾਲ ਭਰਿਆ ਹੋਇਆ ਸੀ ਅਤੇ ਉਸ ਦਰਿੰਦੇ ਦਾ ਪਿੱਛਾ ਕਰ ਰਿਹਾ ਸੀ। ਲੋਕ ਅਜਗਰ ਦੀ ਪੂਜਾ ਕਰਦੇ ਸਨ ਕਿਉਂਕਿ ਉਸ ਨੇ ਜਾਨਵਰ ਨੂੰ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਜਾਨਵਰ ਦੀ ਪੂਜਾ ਵੀ ਕੀਤੀ ਅਤੇ ਕਹਿਣ ਲੱਗੇ, “ਇਸ ਜਾਨਵਰ ਵਰਗਾ ਕੌਣ ਹੈ? ਕੌਣ ਇਸ ਦੇ ਵਿਰੁੱਧ ਜੰਗ ਛੇੜ ਸਕਦਾ ਹੈ?”

ਦਰਿੰਦੇ ਨੂੰ ਘੁਮੰਡੀ ਸ਼ਬਦਾਂ ਅਤੇ ਕੁਫ਼ਰ ਬੋਲਣ ਅਤੇ ਬਤਾਲੀ ਮਹੀਨਿਆਂ2 ਤੱਕ ਮਤਲਬ ਸਾਢੇ ਤਿੰਨ ਸਾਲਾਂ ਲਈ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਇੱਕ ਮੂੰਹ ਦਿੱਤਾ ਗਿਆ ਸੀ। ਇਸ ਨੇ ਆਪਣਾ ਮੂੰਹ ਪਰਮੇਸ਼ਵਰ ਦੀ ਨਿੰਦਿਆ ਕਰਨ ਅਤੇ ਉਸ ਦੇ ਨਾਮ ਅਤੇ ਉਸ ਦੇ ਨਿਵਾਸ ਸਥਾਨ ਅਤੇ ਸਵਰਗ ਵਿੱਚ ਰਹਿਣ ਵਾਲਿਆਂ ਦੀ ਬਦਨਾਮੀ ਕਰਨ ਲਈ ਖੋਲ੍ਹਿਆ। ਇਸ ਨੂੰ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਵਿਰੁੱਧ ਲੜਾਈ ਲੜਨ ਅਤੇ ਉਹਨਾਂ ਨੂੰ ਜਿੱਤਣ ਦੀ ਸ਼ਕਤੀ ਦਿੱਤੀ ਗਈ ਸੀ। ਅਤੇ ਇਸ ਨੂੰ ਹਰ ਕਬੀਲੇ, ਲੋਕਾਂ, ਭਾਸ਼ਾ ਅਤੇ ਕੌਮ ਉੱਤੇ ਅਧਿਕਾਰ ਦਿੱਤਾ ਗਿਆ ਸੀ।3 ਅਤੇ ਧਰਤੀ ਦੇ ਸਾਰੇ ਵਸਨੀਕ ਜਾਨਵਰ ਦੀ ਪੂਜਾ ਕਰਨਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਸੰਸਾਰ ਦੇ ਮੁੱਢੋਂ ਹੀ ਨਹੀਂ ਲਿਖਿਆ ਗਿਆ।

ਜਿਸ ਦੇ ਵੀ ਕੰਨ ਹਨ, ਉਹ ਸੁਣ ਲਵੇ।

“ਜੇ ਕਿਸੇ ਨੂੰ ਕੈਦ ਵਿੱਚ ਜਾਣਾ ਹੈ,

ਤਾਂ ਕੈਦ ਵਿੱਚ ਉਹ ਜਾਣਗੇ।

ਜੇ ਕਿਸੇ ਨੇ ਤਲਵਾਰ ਨਾਲ ਮਰਨਾ ਹੈ,

ਤਾਂ ਉਹ ਤਲਵਾਰ ਨਾਲ ਹੀ ਮਾਰਿਆ ਜਾਵੇਗਾ।”

ਇਸ ਲਈ ਪਰਮੇਸ਼ਵਰ ਦੇ ਲੋਕਾਂ ਵੱਲੋਂ ਧੀਰਜ ਅਤੇ ਵਫ਼ਾਦਾਰੀ ਦੀ ਮੰਗ ਕੀਤੀ ਜਾਂਦੀ ਹੈ।4

ਦਰਿੰਦਾ ਧਰਤੀ ਵਿੱਚੋਂ

ਫਿਰ ਮੈਂ ਇੱਕ ਦੂਸਰਾ ਦਰਿੰਦਾ ਦੇਖਿਆ, ਜੋ ਧਰਤੀ ਤੋਂ ਬਾਹਰ ਆ ਰਿਹਾ ਸੀ। ਇਸ ਦੇ ਲੇਲੇ ਵਰਗੇ ਦੋ ਸਿੰਗ ਸਨ, ਪਰ ਇਹ ਅਜਗਰ ਵਾਂਗ ਬੋਲਦਾ ਸੀ। ਇਸ ਨੇ ਪਹਿਲੇ ਜਾਨਵਰ ਦੇ ਸਾਰੇ ਅਧਿਕਾਰਾਂ ਦੀ ਵਰਤੋਂ ਆਪਣੀ ਤਰਫੋਂ ਕੀਤੀ ਅਤੇ ਧਰਤੀ ਅਤੇ ਇਸ ਦੇ ਵਾਸੀਆਂ ਨੂੰ ਪਹਿਲੇ ਜਾਨਵਰ ਦੀ ਪੂਜਾ ਕਰਨ ਲਈ ਮਜਬੂਰ ਕੀਤਾ, ਜਿਸ ਦਾ ਘਾਤਕ ਜ਼ਖਮ ਭਰ ਗਿਆ ਸੀ। ਅਤੇ ਇਸ ਨੇ ਮਹਾਨ ਸੰਕੇਤ ਦਿੱਤੇ, ਇੱਥੋ ਤੱਕ ਕਿ ਲੋਕਾਂ ਦੇ ਦੇਖਦੇ ਹੀ ਉਹ ਸਵਰਗ ਤੋਂ ਧਰਤੀ ਤੇ ਅੱਗ ਬਰਸਾ ਦਿੰਦਾ ਸੀ।5 ਚਿੰਨ੍ਹਾਂ ਦੇ ਕਾਰਨ ਇਸ ਨੂੰ ਪਹਿਲੇ ਜਾਨਵਰ ਦੀ ਤਰਫੋਂ ਪ੍ਰਦਰਸ਼ਨ ਕਰਨ ਦੀ ਸ਼ਕਤੀ ਦਿੱਤੀ ਗਈ ਸੀ, ਇਸ ਨੇ ਧਰਤੀ ਦੇ ਵਾਸੀਆਂ ਨੂੰ ਧੋਖਾ ਦਿੱਤਾ। ਇਸ ਨੇ ਉਹਨਾਂ ਨੂੰ ਉਸ ਦਰਿੰਦੇ ਦੇ ਸਨਮਾਨ ਵਿੱਚ ਇੱਕ ਚਿੱਤਰ ਸਥਾਪਤ ਕਰਨ ਦਾ ਆਦੇਸ਼ ਦਿੱਤਾ ਜੋ ਤਲਵਾਰ ਨਾਲ ਜ਼ਖਮੀ ਹੋਇਆ ਸੀ ਅਤੇ ਫਿਰ ਵੀ ਜੀਉਂਦਾ ਰਿਹਾ। ਦੂਜੇ ਦਰਿੰਦੇ ਨੂੰ ਪਹਿਲੇ ਦਰਿੰਦੇ ਦੇ ਚਿੱਤਰ ਨੂੰ ਸਾਹ ਦੇਣ ਦੀ ਸ਼ਕਤੀ ਦਿੱਤੀ ਗਈ ਸੀ, ਤਾਂ ਜੋ ਇਹ ਮੂਰਤ ਬੋਲ ਸਕੇ ਅਤੇ ਉਹਨਾਂ ਸਾਰਿਆਂ ਨੂੰ ਮਾਰੇ ਜਾਣ ਦਾ ਕਾਰਨ ਬਣ ਸਕੇ ਜਿਨ੍ਹਾਂ ਨੇ ਮੂਰਤੀ ਦੀ ਪੂਜਾ ਕਰਨ ਤੋਂ ਇਨਕਾਰ ਕੀਤਾ ਸੀ।6 ਇਸ ਨੇ ਸਾਰੇ ਲੋਕਾਂ, ਵੱਡੇ ਅਤੇ ਛੋਟੇ, ਅਮੀਰ ਅਤੇ ਗਰੀਬ, ਅਜ਼ਾਦ ਅਤੇ ਗੁਲਾਮ, ਨੂੰ ਆਪਣੇ ਸੱਜੇ ਹੱਥਾਂ ਜਾਂ ਮੱਥੇ ਉੱਤੇ ਨਿਸ਼ਾਨ ਪ੍ਰਾਪਤ ਕਰਨ ਲਈ ਮਜ਼ਬੂਰ ਕੀਤਾ। ਤਾਂ ਜੋ ਉਹ ਉਦੋਂ ਤੱਕ ਖਰੀਦ ਜਾਂ ਵੇਚ ਨਾ ਸਕਣ ਜਦੋਂ ਤੱਕ ਉਹਨਾਂ ਦੇ ਕੋਲ ਨਿਸ਼ਾਨ ਨਾ ਹੋਵੇ, ਜੋ ਕਿ ਜਾਨਵਰ ਦਾ ਨਾਮ ਹੈ ਜਾਂ ਇਸ ਦੇ ਨਾਮ ਦੀ ਸੰਖਿਆ ਹੈ।

ਇਹ ਬੁੱਧੀ ਦੀ ਮੰਗ ਕਰਦਾ ਹੈ। ਜਿਸ ਵਿਅਕਤੀ ਨੂੰ ਸੂਝ ਹੈ ਉਸ ਨੂੰ ਦਰਿੰਦੇ ਦੀ ਗਿਣਤੀ ਦਾ ਹਿਸਾਬ ਲਗਾਉਣ ਦਿਓ, ਕਿਉਂਕਿ ਇਹ ਸੰਖਿਆ ਮਨੁੱਖ ਦੇ ਨਾਮ ਦੀ ਹੈ, ਇਹ ਗਿਣਤੀ ਦਾ ਜੋੜ 666 ਹੈ।

Source notes (6)
  1. Footnote ਦਾਨੀ 7:3; ਪ੍ਰਕਾ 12:3
  2. Footnote ਸਾਡੇ ਤਿੰਨ ਸਾਲ
  3. Footnote ਦਾਨੀ 7:21
  4. Footnote ਯਿਰ 15:2; 43:11
  5. Footnote 1 ਰਾਜਾ 18:24-29
  6. Footnote ਦਾਨੀ 3:5-6

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.