Biblica® Open Punjabi Contemporary Version 2025
ਜ਼ਬੂਰਾਂ 59
ਸੰਗੀਤ ਦੇ ਨਿਰਦੇਸ਼ਕ ਲਈ। “ਨਾਸ਼ ਨਾ ਕਰੋ” ਦੀ ਧੁਨ ਲਈ। ਦਾਵੀਦ ਦਾ ਮਿਕਤਾਮ ਜਦੋਂ ਸ਼ਾਊਲ ਨੇ ਦਾਵੀਦ ਨੂੰ ਮਾਰਨ ਲਈ ਉਸ ਦੇ ਘਰ ਦੀ ਨਿਗਰਾਨੀ ਕਰਨ ਲਈ ਆਦਮੀ ਭੇਜੇ ਸਨ।
ਹੇ ਪਰਮੇਸ਼ਵਰ, ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾ।
ਮੇਰੇ ਉੱਤੇ ਹਮਲਾ ਕਰਨ ਵਾਲਿਆਂ ਦੇ ਵਿਰੁੱਧ ਮੇਰਾ ਗੜ੍ਹ ਬਣ।
ਮੈਨੂੰ ਦੁਸ਼ਟਾਂ ਤੋਂ ਛੁਡਾ
ਅਤੇ ਮੈਨੂੰ ਉਹਨਾਂ ਤੋਂ ਬਚਾ ਜੋ ਮੇਰੇ ਲਹੂ ਦੇ ਪਿਆਸੇ ਹਨ।
ਵੇਖ ਉਹ ਮੇਰੀ ਜਾਨ ਦੀ ਉਡੀਕ ਵਿੱਚ ਕਿਵੇਂ ਬੈਠੇ ਹਨ!
ਕੱਟੜ ਲੋਕ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨ
ਯਾਹਵੇਹ, ਮੈਂ ਨਾ ਕੋਈ ਅਪਰਾਧ ਕੀਤਾ ਹੈ ਅਤੇ ਨਾ ਹੀ ਕੋਈ ਪਾਪ।
ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਫਿਰ ਵੀ ਉਹ ਮੇਰੇ ਤੇ ਹਮਲਾ ਕਰਨ ਲਈ ਤਿਆਰ ਹਨ।
ਮੇਰੀ ਮਦਦ ਕਰਨ ਲਈ ਉੱਠ; ਅਤੇ ਮੈਨੂੰ ਵੇਖ!
ਹੇ ਯਾਹਵੇਹ, ਸਰਬਸ਼ਕਤੀਮਾਨ ਪਰਮੇਸ਼ਵਰ,
ਤੂੰ ਜੋ ਇਸਰਾਏਲ ਦਾ ਪਰਮੇਸ਼ਵਰ ਹੈ,
ਸਾਰੀਆਂ ਕੌਮਾਂ ਨੂੰ ਸਜ਼ਾ ਦੇਣ ਲਈ ਜਾਗ ਉੱਠ;
ਦੁਸ਼ਟ ਗੱਦਾਰਾਂ ਲਈ ਕੋਈ ਦਯਾ ਨਾ ਦਿਖਾ।
ਉਹ ਸ਼ਾਮ ਨੂੰ ਮੁੜਦੇ ਹਨ,
ਕੁੱਤਿਆਂ ਵਾਂਗ ਭੋਂਕਦੇ ਹਨ,
ਅਤੇ ਸ਼ਹਿਰ ਵਿੱਚ ਘੁੰਮਦੇ ਹਨ।
ਵੇਖ ਉਹ ਆਪਣੇ ਮੂੰਹੋਂ ਕੀ ਉਗਲਦੇ ਹਨ,
ਉਹਨਾਂ ਦੇ ਬੁੱਲ੍ਹਾਂ ਦੇ ਸ਼ਬਦ ਤਲਵਾਰਾਂ ਵਾਂਗ ਤਿੱਖੇ ਹਨ,
ਅਤੇ ਉਹ ਸੋਚਦੇ ਹਨ, “ਸਾਨੂੰ ਕੌਣ ਸੁਣ ਸਕਦਾ ਹੈ?”
ਪਰ ਹੇ ਯਾਹਵੇਹ, ਤੂੰ ਉਹਨਾਂ ਤੇ ਹੱਸਦਾ ਹੈ,
ਤੂੰ ਉਹਨਾਂ ਸਾਰੀਆਂ ਕੌਮਾਂ ਦਾ ਮਜ਼ਾਕ ਉਡਾਉਂਦਾ ਹੈ।
ਤੂੰ ਮੇਰੀ ਤਾਕਤ ਹੈ, ਮੈਂ ਤੇਰੀ ਵੱਲ ਗੌਰ ਕਰਾਂਗਾ,
ਹੇ ਪਰਮੇਸ਼ਵਰ, ਤੂੰ ਮੇਰਾ ਗੜ੍ਹ ਹੈ,
ਮੇਰਾ ਪਰਮੇਸ਼ਵਰ ਜਿਸ ਉੱਤੇ ਮੈਂ ਭਰੋਸਾ ਰੱਖ ਸਕਦਾ ਹਾਂ।
ਪਰਮੇਸ਼ਵਰ ਮੇਰੇ ਅੱਗੇ-ਅੱਗੇ ਚੱਲੇਗਾ
ਅਤੇ ਮੇਰੀ ਨਿੰਦਿਆ ਕਰਨ ਵਾਲਿਆਂ ਉੱਤੇ ਮੈਨੂੰ ਮਾਣ ਬਖ਼ਸ਼ੇਗਾ।
ਯਾਹਵੇਹ ਸਾਡੀ ਢਾਲ, ਤੂੰ ਉਹਨਾਂ ਨੂੰ ਨਾ ਮਾਰ,
ਨਹੀਂ ਤਾਂ ਮੇਰੇ ਲੋਕ ਭੁੱਲ ਜਾਣਗੇ।
ਆਪਣੀ ਤਾਕਤ ਨਾਲ ਉਹਨਾਂ ਨੂੰ ਉਖਾੜ ਸੁੱਟਣਗੇ
ਅਤੇ ਉਹਨਾਂ ਨੂੰ ਹੇਠਾਂ ਲਿਆਉਣਗੇ।
ਉਹਨਾਂ ਦੇ ਮੂੰਹਾਂ ਦੇ ਪਾਪਾਂ ਦੇ ਕਾਰਨ,
ਉਹਨਾਂ ਦੇ ਬੁੱਲ੍ਹਾਂ ਦੇ ਬਚਨਾਂ ਦੇ ਕਾਰਨ,
ਓਹ ਆਪਣੇ ਹੀ ਹੰਕਾਰ ਵਿੱਚ ਫਸ ਜਾਣ।
ਜਿਹੜੇ ਸਰਾਪ ਅਤੇ ਝੂਠ ਉਹ ਬੋਲਦੇ ਹਨ,
ਤੂੰ ਆਪਣੇ ਕ੍ਰੋਧ ਵਿੱਚ ਉਹਨਾਂ ਦਾ ਨਾਸ ਕਰ,
ਉਹਨਾਂ ਨੂੰ ਉਦੋਂ ਤੱਕ ਭਸਮ ਕਰ ਜਦੋਂ ਤੱਕ ਉਹ ਨਾ ਰਹਿਣ।
ਤਦ ਇਹ ਧਰਤੀ ਦੇ ਸਿਰਿਆਂ ਤੱਕ ਜਾਣਿਆ ਜਾਵੇਗਾ
ਕਿ ਪਰਮੇਸ਼ਵਰ ਯਾਕੋਬ ਉੱਤੇ, ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ।
ਉਹ ਸ਼ਾਮ ਨੂੰ ਮੁੜਦੇ ਹਨ,
ਕੁੱਤਿਆਂ ਵਾਂਗ ਭੋਂਕਦੇ ਹਨ,
ਅਤੇ ਸ਼ਹਿਰ ਵਿੱਚ ਘੁੰਮਦੇ ਹਨ।
ਉਹ ਭੋਜਨ ਲਈ ਭਟਕਦੇ ਹਨ
ਅਤੇ ਸੰਤੁਸ਼ਟ ਨਾ ਹੋਣ ਤੇ ਰੌਲਾ ਪਾਉਂਦੇ ਹਨ।
ਪਰ ਮੈਂ ਤੇਰੀ ਸ਼ਕਤੀ ਦਾ ਗੀਤ ਗਾਵਾਂਗਾ,
ਸਵੇਰ ਨੂੰ ਮੈਂ ਤੇਰੇ ਪਿਆਰ ਦਾ ਗੀਤ ਗਾਵਾਂਗਾ।
ਕਿਉਂ ਜੋ ਤੂੰ ਮੇਰਾ ਗੜ੍ਹ ਹੈ,
ਮੁਸੀਬਤ ਵਿੱਚ ਮੇਰੀ ਪਨਾਹ ਹੈ।
ਤੂੰ ਮੇਰਾ ਬਲ ਹੈ, ਮੈਂ ਤੇਰੀ ਵਡਿਆਈ ਕਰਦਾ ਹਾਂ।
ਹੇ ਪਰਮੇਸ਼ਵਰ, ਤੂੰ ਮੇਰਾ ਗੜ੍ਹ ਹੈ,
ਮੇਰਾ ਪਰਮੇਸ਼ਵਰ ਜਿਸ ਉੱਤੇ ਮੈਂ ਭਰੋਸਾ ਰੱਖ ਸਕਦਾ ਹਾਂ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.