Biblica® Open Punjabi Contemporary Version 2025
ਜ਼ਬੂਰਾਂ 20
ਸੰਗੀਤ ਦੇ ਨਿਰਦੇਸ਼ਕ ਲਈ, ਦਾਵੀਦ ਦਾ ਇੱਕ ਜ਼ਬੂਰ।
ਬਿਪਤਾ ਦੇ ਸਮੇਂ ਵਿੱਚ ਯਾਹਵੇਹ ਤੈਨੂੰ ਉੱਤਰ ਦੇਵੇ;
ਯਾਕੋਬ ਦੇ ਪਰਮੇਸ਼ਵਰ ਦਾ ਨਾਮ ਤੇਰੀ ਰੱਖਿਆ ਕਰੇ।
ਉਹ ਪਵਿੱਤਰ ਸਥਾਨ ਤੋਂ ਤੈਨੂੰ ਸਹਾਇਤਾ ਭੇਜੇ
ਅਤੇ ਸੀਯੋਨ ਤੋਂ ਤੈਨੂੰ ਸੰਭਾਲੇ।
ਉਹ ਤੇਰੀਆਂ ਸਾਰੀਆਂ ਬਲੀਆਂ ਨੂੰ ਯਾਦ ਰੱਖੇ ਅਤੇ ਤੇਰੀਆਂ ਹੋਮ ਦੀਆਂ ਭੇਟਾਂ ਨੂੰ ਸਵੀਕਾਰ ਕਰੇ।
ਉਹ ਤੇਰੇ ਦਿਲ ਦੀ ਇੱਛਾ ਅਨੁਸਾਰ ਤੈਨੂੰ ਦੇਵੇ
ਅਤੇ ਤੇਰੀਆਂ ਸਾਰੀਆਂ ਯੋਜਨਾਵਾਂ ਨੂੰ ਸਫਲ ਕਰੇ।
ਅਸੀਂ ਤੇਰੀ ਜਿੱਤ ਦੀ ਖੁਸ਼ੀ ਵਿੱਚ ਜੈਕਾਰੇ ਮਾਰਾਂਗੇ
ਅਤੇ ਆਪਣੇ ਪਰਮੇਸ਼ਵਰ ਦੇ ਨਾਮ ਵਿੱਚ ਆਪਣੇ ਝੰਡੇ ਖੜੇ ਕਰਾਂਗੇ।
ਯਾਹਵੇਹ ਤੇਰੀਆਂ ਸਾਰੀਆਂ ਬੇਨਤੀਆਂ ਪੂਰੀਆਂ ਕਰੇ।
ਹੁਣ ਮੈਂ ਇਹ ਜਾਣਦਾ ਹਾਂ:
ਯਾਹਵੇਹ ਆਪਣੇ ਮਸਹ ਕੀਤੇ ਹੋਏ ਨੂੰ ਜਿੱਤ ਦਿੰਦਾ ਹੈ।
ਉਹ ਉਸ ਨੂੰ ਆਪਣੇ ਸਵਰਗੀ ਅਸਥਾਨ ਤੋਂ
ਆਪਣੇ ਸੱਜੇ ਹੱਥ ਦੀ ਜੇਤੂ ਸ਼ਕਤੀ ਨਾਲ ਉੱਤਰ ਦਿੰਦਾ ਹੈ।
ਕੋਈ ਰਥਾਂ ਉੱਤੇ ਅਤੇ ਕੋਈ ਘੋੜਿਆਂ ਉੱਤੇ ਭਰੋਸਾ ਰੱਖਦਾ ਹੈ,
ਪਰ ਅਸੀਂ ਆਪਣੇ ਪਰਮੇਸ਼ਵਰ ਦੇ ਨਾਮ ਉੱਤੇ ਭਰੋਸਾ ਰੱਖਦੇ ਹਾਂ।
ਉਹ ਆਪਣੇ ਗੋਡਿਆਂ ਉੱਤੇ ਲਿਆਏ ਜਾਂਦੇ ਹਨ ਅਤੇ ਡਿੱਗਦੇ ਹਨ,
ਪਰ ਅਸੀਂ ਉੱਠਦੇ ਹਾਂ ਅਤੇ ਮਜ਼ਬੂਤੀ ਨਾਲ ਖੜ੍ਹੇ ਹੁੰਦੇ ਹਾਂ।
ਯਾਹਵੇਹ, ਰਾਜੇ ਨੂੰ ਜਿੱਤ ਦਿੰਦਾ ਹੈ!
ਜਦੋਂ ਅਸੀਂ ਪੁਕਾਰਦੇ ਹਾਂ ਤਾਂ ਉਹ ਸਾਨੂੰ ਉੱਤਰ ਦਿੰਦਾ ਹੈ!
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.