Biblica® Open Punjabi Contemporary Version 2025
ਜ਼ਬੂਰਾਂ 137
ਜਦੋਂ ਅਸੀਂ ਸੀਯੋਨ ਨੂੰ ਯਾਦ ਕੀਤਾ,
ਤਾਂ ਅਸੀਂ ਬਾਬੇਲ ਦੀਆਂ ਨਦੀਆਂ ਦੇ ਕੰਢੇ ਬੈਠੇ ਅਤੇ ਰੋਏ।
ਉੱਥੇ ਅਸੀਂ ਪੋਪਲਰ ਦੇ ਰੁੱਖਾਂ ਉੱਤੇ
ਆਪਣੇ ਸਾਜ਼ ਟੰਗ ਦਿੱਤੇ।
ਉੱਥੇ ਸਾਨੂੰ ਕੈਦ ਕਰਨ ਵਾਲਿਆ ਨੇ ਸਾਡੇ ਕੋਲੋ ਗੀਤ,
ਅਤੇ ਸਾਡੇ ਤਸੀਹੇ ਦੇਣ ਵਾਲਿਆਂ ਨੇ ਖੁਸ਼ੀ ਦੇ ਗੀਤ ਮੰਗੇ।
ਉਹਨਾਂ ਨੇ ਕਿਹਾ, “ਸਾਨੂੰ ਸੀਯੋਨ ਦੇ ਗੀਤਾਂ ਵਿੱਚੋਂ ਇੱਕ ਗੀਤ ਸੁਣਾਓ!”
ਪਰਦੇਸ ਵਿੱਚ ਰਹਿੰਦਿਆਂ,
ਅਸੀਂ ਯਾਹਵੇਹ ਦੇ ਗੀਤ ਕਿਵੇਂ ਗਾ ਸਕਦੇ ਹਾਂ?
ਹੇ ਯੇਰੂਸ਼ਲੇਮ, ਜੇਕਰ ਮੈਂ ਤੈਨੂੰ ਭੁੱਲ ਜਾਵਾਂ,
ਮੇਰਾ ਸੱਜਾ ਹੱਥ ਆਪਣਾ ਹੁਨਰ ਭੁੱਲ ਜਾਵੇ।
ਮੇਰੀ ਜੀਭ ਮੇਰੇ ਮੂੰਹ ਦੀ ਛੱਤ ਨਾਲ ਚਿਪਕ ਜਾਵੇ
ਜੇ ਮੈਂ ਤੈਨੂੰ ਚੇਤੇ ਨਾ ਕਰਾਂ,
ਜੇ ਮੈਂ ਯੇਰੂਸ਼ਲੇਮ ਨੂੰ ਆਪਣਾ ਸਭ ਤੋਂ ਵੱਡਾ ਅਨੰਦ ਨਾ ਸਮਝਾ।
ਯਾਹਵੇਹ ਯਾਦ ਰੱਖੋ,
ਯੇਰੂਸ਼ਲੇਮ ਦੇ ਡਿੱਗਣ ਦੇ ਦਿਨ ਅਦੋਮੀਆਂ ਨੇ ਕੀ ਕੀਤਾ ਸੀ।
ਉਹ ਬੋਲੇ, “ਇਸ ਨੂੰ ਢਾਹ ਦਿਓ,
ਇਸ ਨੂੰ ਇਸ ਦੀਆਂ ਨੀਹਾਂ ਤੱਕ ਢਾਹ ਦਿਓ।”
ਹੇ ਬਾਬੇਲ ਦੀ ਧੀ, ਨਾਸ ਹੋਣ ਵਾਲੀ,
ਮੁਬਾਰਕ ਹੈ ਉਹ ਜਿਹੜਾ ਤੈਨੂੰ ਬਦਲਾ ਦੇਵੇ,
ਜੋ ਤੂੰ ਸਾਡੇ ਨਾਲ ਕੀਤਾ ਹੈ।
ਮੁਬਾਰਕ ਹੈ ਉਹ ਜਿਹੜਾ ਤੁਹਾਡੇ ਨਿਆਣਿਆਂ ਨੂੰ ਫੜ੍ਹ ਲੈਂਦਾ ਹੈ,
ਅਤੇ ਉਹਨਾਂ ਨੂੰ ਚੱਟਾਨਾਂ ਨਾਲ ਮਾਰਦਾ ਹੈ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.