Skip to content
BibleKenya

Biblica® Open Punjabi Contemporary Version 2025

ਜ਼ਬੂਰਾਂ 119

א ਆਲੇਫ

ਮੁਬਾਰਕ ਹਨ ਉਹ ਜਿਨ੍ਹਾਂ ਦੇ ਜੀਵਨ ਨਿਰਦੋਸ਼ ਹਨ,

ਜਿਹੜੇ ਯਾਹਵੇਹ ਦੀ ਬਿਵਸਥਾ ਅਨੁਸਾਰ ਚਲਦੇ ਹਨ।

ਮੁਬਾਰਕ ਹਨ ਉਹ ਜਿਹੜੇ ਉਸਦੇ ਨਿਯਮਾਂ ਦੀ ਪਾਲਣਾ ਕਰਦੇ ਹਨ,

ਅਤੇ ਉਸ ਨੂੰ ਆਪਣੇ ਸਾਰੇ ਦਿਲ ਨਾਲ ਭਾਲਦੇ ਹਨ।

ਉਹ ਕੋਈ ਗਲਤ ਕੰਮ ਨਹੀਂ ਕਰਦੇ,

ਪਰ ਯਾਹਵੇਹ ਦੀਆਂ ਰਾਹਾਂ ਤੇ ਚਲਦੇ ਹਨ।

ਹੇ ਯਾਹਵੇਹ, ਤੂੰ ਸਾਨੂੰ ਆਪਣੇ ਨਿਯਮ ਦਿੱਤੇ,

ਕਿ ਅਸੀਂ ਮਨ ਲਾ ਕੇ ਉਹਨਾਂ ਦੀ ਪਾਲਣਾ ਕਰੀਏ।

ਕਾਸ਼, ਕਿ ਮੇਰੀ ਚਾਲ ਤੇਰੇ ਨਿਯਮਾਂ ਦੀ

ਪਾਲਣਾ ਕਰਨ ਲਈ ਪੱਕੀ ਹੋਵੇ!

ਫਿਰ ਜਦੋਂ ਮੈਂ ਤੇਰੇ ਸਾਰੇ ਆਦੇਸ਼ਾਂ ਤੇ ਵਿਚਾਰ ਕਰਾਂਗਾ,

ਤਾਂ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।

ਜਦੋਂ ਮੈਂ ਤੇਰੇ ਧਰਮੀ ਨਿਯਮਾਂ ਉੱਤੇ ਧਿਆਨ ਕਰਾਂਗਾ,

ਤਾਂ ਮੈਂ ਸਿੱਧੇ ਦਿਲ ਨਾਲ ਤੇਰੀ ਉਸਤਤ ਕਰਾਂਗਾ।

ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ;

ਮੈਨੂੰ ਪੂਰੀ ਤਰ੍ਹਾਂ ਤਿਆਗ ਨਾ ਦੇਣਾ।

ב ਬੈਥ

ਇੱਕ ਨੌਜਵਾਨ ਕਿਵੇਂ ਆਪਣੇ ਮਾਰਗ ਨੂੰ ਸ਼ੁੱਧ ਰੱਖ ਸਕਦਾ ਹੈ?

ਉਹ ਤੇਰੇ ਬਚਨ ਦੇ ਅਨੁਸਾਰ ਚੱਲਕੇ।

ਮੈਂ ਤੈਨੂੰ ਆਪਣੇ ਪੂਰੇ ਦਿਲ ਨਾਲ ਭਾਲਦਾ ਹਾਂ;

ਮੈਨੂੰ ਆਪਣੇ ਹੁਕਮਾਂ ਤੋਂ ਭਟਕਣ ਨਾ ਦੇ।

ਮੈਂ ਤੇਰੇ ਬਚਨ ਨੂੰ ਆਪਣੇ ਦਿਲ ਵਿੱਚ ਰੱਖ ਲਿਆ ਹੈ,

ਤਾਂ ਜੋ ਮੈਂ ਤੇਰੇ ਵਿਰੁੱਧ ਪਾਪ ਨਾ ਕਰਾਂ।

ਯਾਹਵੇਹ, ਤੇਰੀ ਉਸਤਤ ਹੋਵੇ;

ਮੈਨੂੰ ਆਪਣੇ ਹੁਕਮ ਸਿਖਾ।

ਮੈਂ ਆਪਣੇ ਬੁੱਲ੍ਹਾਂ ਨਾਲ ਤੇਰੇ ਸਾਰੇ ਨਿਯਮਾਂ ਨੂੰ ਦੱਸਦਾ ਹਾਂ,

ਜੋ ਤੇਰੇ ਮੂੰਹ ਤੋਂ ਆਉਂਦੇ ਹਨ।

ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਨ ਵਿੱਚ ਖੁਸ਼ ਹਾਂ,

ਜਿਵੇਂ ਕਿ ਇਨਸਾਨ ਬਹੁਤ ਵੱਡੀ ਦੌਲਤ ਵਿੱਚ ਖੁਸ਼ ਹੁੰਦਾ ਹੈ।

ਮੈਂ ਤੇਰੇ ਉਪਦੇਸ਼ਾਂ ਦਾ ਸਿਮਰਨ ਕਰਦਾ ਹਾਂ,

ਅਤੇ ਤੇਰੇ ਮਾਰਗਾਂ ਉੱਤੇ ਗੌਰ ਕਰਦਾ ਹਾਂ।

ਮੈਂ ਤੇਰੇ ਫ਼ਰਮਾਨਾਂ ਵਿੱਚ ਖੁਸ਼ ਹਾਂ;

ਮੈਂ ਤੇਰੇ ਵਚਨਾਂ ਦੀ ਬੇਪਰਵਾਹੀ ਨਹੀਂ ਕਰਾਂਗਾ।

ג ਗਿਮੇਲ

ਆਪਣੇ ਸੇਵਕ ਦਾ ਭਲਾ ਕਰ, ਜਦੋਂ ਕਿ ਮੈਂ ਜੀਉਂਦਾ ਹਾਂ,

ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰ ਸਕਾਂ।

ਮੇਰੀਆਂ ਅੱਖਾਂ ਖੋਲ੍ਹ,

ਭਈ ਮੈਂ ਤੇਰੀ ਬਿਵਸਥਾ ਦੀਆਂ ਅਚਰਜ਼ ਗੱਲਾਂ1 ਨੂੰ ਵੇਖਾਂ।

ਮੈਂ ਧਰਤੀ ਤੇ ਇੱਕ ਅਜਨਬੀ ਹਾਂ;

ਆਪਣੇ ਹੁਕਮਾਂ ਨੂੰ ਮੇਰੇ ਤੋਂ ਨਾ ਲੁਕਾ।

ਮੇਰੀ ਆਤਮਾ ਹਰ ਵੇਲੇ,

ਤੇਰੇ ਹੁਕਮਾਂ ਦੀ ਤਾਂਘ ਨਾਲ ਭਰੀ ਹੋਈ ਹੈ।

ਤੂੰ ਘਮੰਡੀ ਲੋਕਾਂ ਨੂੰ ਝਿੜਕਦਾ ਹੈ ਜਿਹੜੇ ਸਰਾਪੇ ਹੋਏ ਹਨ,

ਉਹਨਾਂ ਨੂੰ ਜਿਹੜੇ ਤੇਰੇ ਆਦੇਸ਼ਾਂ ਤੋਂ ਭਟਕਦੇ ਹਨ।

ਉਹਨਾਂ ਦੀ ਬੇਇੱਜ਼ਤੀ ਅਤੇ ਨਫ਼ਰਤ ਮੇਰੇ ਤੋਂ ਦੂਰ ਕਰ,

ਕਿਉਂਕਿ ਮੈਂ ਤੇਰੀਆਂ ਬਿਧੀਆਂ ਦੀ ਪਾਲਣਾ ਕਰਦਾ ਹਾਂ।

ਭਾਵੇਂ ਹਾਕਮ ਇਕੱਠੇ ਬੈਠ ਕੇ ਮੇਰੀ ਨਿੰਦਿਆ ਕਰਦੇ ਹਨ,

ਮੈਂ ਤੇਰਾ ਸੇਵਕ ਤੇਰੇ ਹੁਕਮਾਂ ਤੇ ਚੱਲਾਗਾਂ।

ਤੇਰੀਆਂ ਬਿਧੀਆਂ ਮੇਰੀ ਖੁਸ਼ੀ ਹਨ;

ਉਹ ਮੇਰੇ ਸਲਾਹਕਾਰ ਹਨ।

ד ਦਾਲੇਥ

ਮੇਰੀ ਜਾਨ ਮਿੱਟੀ ਵਿੱਚ ਮਿਲ ਗਈ ਹੈ;

ਆਪਣੇ ਵਾਅਦੇ ਅਨੁਸਾਰ ਮੇਰੇ ਵਿੱਚ ਨਵਾਂ ਜੀਵਨ ਭਰ।

ਜਦੋਂ ਮੈਂ ਤੇਰੇ ਸਾਹਮਣੇ ਆਪਣੀ ਚਾਲ-ਚਲਣ ਨੂੰ ਵਰਣਨ ਕੀਤਾ, ਤਾਂ ਤੂੰ ਮੈਨੂੰ ਉੱਤਰ ਦਿੱਤਾ।

ਹੇ ਯਾਹਵੇਹ, ਹੁਣ ਮੈਨੂੰ ਆਪਣੀਆਂ ਬਿਧੀਆਂ ਸਿਖਾ।

ਆਪਣੇ ਫ਼ਰਮਾਨਾਂ ਦਾ ਰਾਹ ਮੈਨੂੰ ਸਮਝਾ,

ਤਾਂ ਜੋ ਮੈਂ ਤੇਰੇ ਅਚਰਜ਼ ਕੰਮਾਂ ਦਾ ਧਿਆਨ ਕਰਾਂ।

ਮੇਰੀ ਆਤਮਾ ਸੋਗ ਵਿੱਚ ਡੁੱਬੀ ਹੋਈ ਹੈ;

ਆਪਣੇ ਬਚਨ ਨਾਲ ਮੈਨੂੰ ਤਕੜਾ ਕਰ।

ਮੈਨੂੰ ਝੂਠੇ ਰਾਹ ਤੋਂ ਦੂਰ ਰੱਖ;

ਅਤੇ ਆਪਣੀ ਕਿਰਪਾ ਨਾਲ, ਮੈਨੂੰ ਆਪਣੀ ਬਿਵਸਥਾ ਸਿਖਾ।

ਮੈਂ ਸੱਚ ਦੇ ਮਾਰਗ ਉੱਤੇ ਚੱਲਿਆ ਹਾਂ।

ਮੈਂ ਤੇਰੇ ਨਿਯਮਾਂ ਨੂੰ ਆਪਣਾ ਆਦਰਸ਼ ਬਣਾਇਆ ਹੈ।

ਹੇ ਯਾਹਵੇਹ, ਮੈਂ ਤੇਰੀਆਂ ਬਿਧੀਆਂ ਨੂੰ ਮਜ਼ਬੂਤੀ ਨਾਲ ਫੜਿਆ ਹੈ;

ਮੈਨੂੰ ਸ਼ਰਮਿੰਦਾ ਨਾ ਹੋਣ ਦੇ।

ਤੂੰ ਮੇਰੇ ਦਿਲ ਵਿੱਚ ਹੌਂਸਲਾ ਪਾਇਆ ਹੈ,

ਤਾਂ ਮੈਂ ਹੁਣ ਤੇਰੇ ਹੁਕਮਾਂ ਦੇ ਰਾਹ ਉੱਤੇ ਤੁਰਦਾ ਹਾਂ।

ה ਹੇ

ਹੇ ਯਾਹਵੇਹ, ਮੈਨੂੰ ਆਪਣੀਆਂ ਬਿਧੀਆਂ ਦੀ ਪਾਲਣਾ ਕਰਨੀ ਸਿਖਾ,

ਤਾਂ ਜੋ ਮੈਂ ਸਾਰੀ ਉਮਰ ਉਹਨਾਂ ਦੀ ਪਾਲਨਾ ਕਰਾਂ।

ਮੈਨੂੰ ਉਹ ਸਮਝ ਬਖ਼ਸ਼ ਜਿਸ ਨਾਲ ਮੈਂ ਤੇਰੀ ਬਿਵਸਥਾ ਨੂੰ ਮਨ

ਅਤੇ ਪੂਰੇ ਦਿਲ ਨਾਲ ਉਸਦੀ ਪਾਲਨਾ ਕਰਾਂ।

ਆਪਣੇ ਹੁਕਮਾਂ ਦੇ ਰਾਹ ਵਿੱਚ ਮੇਰੀ ਅਗਵਾਈ ਕਰ,

ਕਿਉਂ ਜੋ ਇਨ੍ਹਾਂ ਵਿੱਚ ਮੇਰਾ ਆਨੰਦ ਹੈ।

ਮੇਰੇ ਦਿਲ ਨੂੰ ਆਪਣੀਆਂ ਬਿਧੀਆਂ ਵੱਲ ਮੋੜ,

ਨਾ ਕਿ ਸੁਆਰਥੀ ਲੋਭ ਵੱਲ।

ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ;

ਅਰਥਹੀਣ ਗੱਲਾਂ ਤੋਂ ਮੇਰੀ ਰੁਚੀ ਦੂਰ ਕਰ।

ਆਪਣੇ ਸੇਵਕ ਨਾਲ ਕੀਤਾ ਹੋਇਆ ਇਕਰਾਰ ਪੂਰਾ ਕਰ,

ਤਾਂ ਜੋ ਮੇਰੀ ਸ਼ਰਧਾ ਸਦਾ ਲਈ ਰਹੇ।

ਉਸ ਸ਼ਰਮਿੰਦਗੀ ਨੂੰ ਮੇਰੇ ਤੋਂ ਦੂਰ ਰੱਖੋ, ਜਿਸ ਉੱਤੇ ਮੈਨੂੰ ਡਰ ਹੈ,

ਕਿਉਂ ਜੋ ਤੁਹਾਡੇ ਨਿਯਮ ਪੂਰੇ ਹਨ।

ਤੇਰੀਆਂ ਸਿੱਖਿਆਵਾਂ ਲਈ ਮੇਰੀ ਤਾਂਘ ਕਿੰਨੀ ਤੀਬਰ ਹੈ!

ਆਪਣੀ ਧਾਰਮਿਕਤਾ ਦੁਆਰਾ ਮੇਰੇ ਵਿੱਚ ਨਵਾਂ ਜੀਵਨ ਭਰੋ।

ו ਵਾਵ

ਹੇ ਯਾਹਵੇਹ, ਤੇਰਾ ਅਟੁੱਟ ਪਿਆਰ ਮੇਰੇ ਉੱਤੇ ਪ੍ਰਗਟ ਹੋਵੇ,

ਅਤੇ ਤੇਰੀ ਮੁਕਤੀ ਤੇਰੇ ਬਚਨ ਦੇ ਅਨੁਸਾਰ;

ਤਾਂ ਮੈਂ ਉਸ ਨੂੰ ਉੱਤਰ ਦੇ ਸਕਦਾ ਹਾਂ ਜੋ ਮੈਨੂੰ ਤਾਅਨੇ ਮਾਰਦਾ ਹੈ,

ਕਿਉਂ ਜੋ ਮੈਨੂੰ ਤੇਰੇ ਬਚਨ ਉੱਤੇ ਭਰੋਸਾ ਹੈ।

ਕਦੇ ਵੀ ਮੇਰੇ ਮੂੰਹੋਂ ਆਪਣਾ ਸੱਚਾ ਬਚਨ ਨਾ ਖੋਹ,

ਕਿਉਂ ਜੋ ਮੈਂ ਤੁਹਾਡੀਆਂ ਬਿਧੀਆਂ ਉੱਤੇ ਆਸ ਰੱਖੀ ਹੈ।

ਮੈਂ ਤੇਰੀ ਬਿਵਸਥਾ ਦੀ ਪਾਲਣਾ ਸਦਾ ਤੱਕ ਕਰਾਂਗਾ।

ਮੈਂ ਅਜ਼ਾਦੀ ਵਿੱਚ ਫਿਰਦਾ ਰਹਾਂਗਾ,

ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਭਾਲਿਆ ਹੈ।

ਮੈਂ ਰਾਜਿਆਂ ਦੇ ਸਾਹਮਣੇ ਤੇਰੀਆਂ ਬਿਧੀਆਂ ਬਾਰੇ ਦੱਸਾਂਗਾ,

ਅਤੇ ਸ਼ਰਮਿੰਦਾ ਨਹੀਂ ਹੋਵਾਂਗਾ,

ਮੈਂ ਤੇਰੇ ਹੁਕਮਾਂ ਵਿੱਚ ਪ੍ਰਸੰਨ ਹਾਂ,

ਕਿਉਂਕਿ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ।

ਮੈਂ ਤੇਰੇ ਹੁਕਮਾਂ ਲਈ ਜੋ ਮੈਨੂੰ ਪਿਆਰੇ ਹਨ,

ਤਾਂ ਜੋ ਮੈਂ ਤੇਰੇ ਹੁਕਮਾਂ ਦਾ ਧਿਆਨ ਕਰਾਂ।

ז ਜ਼ਯੀਨ

ਆਪਣੇ ਸੇਵਕ ਲਈ ਆਪਣਾ ਬਚਨ ਚੇਤੇ ਰੱਖ,

ਜਿਸ ਦੇ ਉੱਤੇ ਤੂੰ ਮੈਨੂੰ ਆਸ ਦਿੱਤੀ ਹੈ।

ਮੇਰੇ ਦੁੱਖ ਵਿੱਚ ਮੇਰਾ ਦਿਲਾਸਾ ਇਹ ਹੈ:

ਕਿ ਤੇਰਾ ਵਾਅਦਾ ਮੇਰੀ ਜਾਨ ਦੀ ਰੱਖਿਆ ਕਰਦਾ ਹੈ।

ਹੰਕਾਰੀ ਬੇਰਹਿਮੀ ਨਾਲ ਮੇਰਾ ਮਜ਼ਾਕ ਉਡਾਉਂਦੇ ਹਨ,

ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁੱਖ ਨਹੀਂ ਹੋਇਆ।

ਹੇ ਯਾਹਵੇਹ, ਮੈਂ ਤੇਰੇ ਪੁਰਾਣੇ ਕਾਨੂੰਨਾਂ ਨੂੰ ਯਾਦ ਕਰਦਾ ਹਾਂ,

ਅਤੇ ਮੈਨੂੰ ਉਹਨਾਂ ਵਿੱਚੋਂ ਦਿਲਾਸਾ ਮਿਲਦਾ ਹੈ।

ਦੁਸ਼ਟਾਂ ਦੇ ਕਾਰਨ, ਜਿਨ੍ਹਾਂ ਨੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਹੈ,

ਮੇਰਾ ਗੁੱਸਾ ਭੱਖ ਉੱਠਿਆ ਹੈ।

ਜਿੱਥੇ ਵੀ ਮੈਂ ਠਹਿਰਾ,

ਤੇਰੀਆਂ ਬਿਧੀਆਂ ਮੇਰੇ ਗੀਤ ਦਾ ਵਿਸ਼ਾ ਹਨ।

ਹੇ ਯਾਹਵੇਹ, ਮੈਂ ਰਾਤ ਨੂੰ ਤੈਨੂੰ ਯਾਦ ਕਰਦਾ ਹਾਂ,

ਤਾਂ ਜੋ ਮੈਂ ਤੇਰੀ ਬਿਵਸਥਾ ਦੀ ਪਾਲਣਾ ਕਰਾਂ।

ਇਹ ਮੇਰਾ ਅਭਿਆਸ ਰਿਹਾ ਹੈ:

ਮੈਂ ਤੇਰੇ ਹੁਕਮਾਂ ਨੂੰ ਮੰਨਦਾ ਹਾਂ।

ח ਖ਼ੇਥ

ਹੇ ਯਾਹਵੇਹ ਤੂੰ ਮੇਰੇ ਹਿੱਸਾ ਹੈ;

ਮੈਂ ਤੇਰੇ ਬਚਨਾਂ ਨੂੰ ਮੰਨਣ ਦਾ ਵਾਅਦਾ ਕੀਤਾ ਹੈ।

ਮੈਂ ਆਪਣੇ ਪੂਰੇ ਦਿਲ ਨਾਲ ਤੇਰੇ ਚਿਹਰੇ ਨੂੰ ਭਾਲਿਆ ਹੈ,

ਆਪਣੇ ਵਾਅਦੇ ਅਨੁਸਾਰ ਮੇਰੇ ਉੱਤੇ ਕਿਰਪਾ ਕਰ।

ਮੈਂ ਆਪਣੇ ਰਾਹਾਂ ਨੂੰ ਸਮਝਿਆ

ਅਤੇ ਮੈਂ ਤੇਰੀਆਂ ਬਿਧੀਆਂ ਵੱਲ ਆਪਣੇ ਕਦਮ ਫੇਰ ਲਏ ਹਨ।

ਮੈਂ ਤੇਰੇ ਹੁਕਮਾਂ ਨੂੰ ਮੰਨਣ ਵਿੱਚ ਦੇਰੀ ਨਹੀਂ

ਬਲਕਿ ਜਲਦੀ ਕਰਾਂਗਾ।

ਭਾਵੇਂ ਦੁਸ਼ਟ ਮੈਨੂੰ ਰੱਸੀਆਂ ਨਾਲ ਬੰਨ੍ਹਣ,

ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਾਂਗਾ।

ਰਾਤ ਨੂੰ ਮੈਂ ਤੁਹਾਡੇ ਧਰਮ ਦੇ ਨਿਯਮਾਂ ਲਈ

ਅਤੇ ਤੁਹਾਡਾ ਧੰਨਵਾਦ ਕਰਨ ਲਈ ਉੱਠਦਾ ਹਾਂ।

ਮੈਂ ਉਹਨਾਂ ਸਭਨਾਂ ਦਾ ਮਿੱਤਰ ਹਾਂ ਜੋ ਤੇਰੇ ਤੋਂ ਡਰਦੇ ਹਨ,

ਉਹਨਾਂ ਸਭਨਾਂ ਦਾ ਜੋ ਤੇਰੇ ਹੁਕਮਾਂ ਨੂੰ ਮੰਨਦੇ ਹਨ।

ਹੇ ਯਾਹਵੇਹ, ਧਰਤੀ ਤੇਰੇ ਦਯਾ ਨਾਲ ਭਰੀ ਹੋਈ ਹੈ;

ਮੈਨੂੰ ਆਪਣੇ ਹੁਕਮ ਸਿਖਾ।

ט ਟੇਥ

ਹੇ ਯਾਹਵੇਹ, ਆਪਣੇ ਬਚਨ ਅਨੁਸਾਰ

ਆਪਣੇ ਸੇਵਕ ਦਾ ਭਲਾ ਕਰ।

ਮੈਨੂੰ ਗਿਆਨ ਅਤੇ ਚੰਗੇ ਨਿਆਂ ਦੀ ਸਿੱਖਿਆ ਦੇ,

ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਭਰੋਸਾ ਰੱਖਦਾ ਹਾਂ।

ਮੈਂ ਦੁਖੀ ਹੋਣ ਤੋਂ ਪਹਿਲਾਂ ਕੁਰਾਹੇ ਪਿਆ ਸੀ,

ਪਰ ਹੁਣ ਮੈਂ ਤੇਰੇ ਬਚਨ ਨੂੰ ਮੰਨਦਾ ਹਾਂ।

ਤੂੰ ਭਲਾ ਹੈ ਅਤੇ ਭਲਿਆਈ ਕਰਦਾ ਹੈ,

ਮੈਨੂੰ ਆਪਣੇ ਹੁਕਮ ਸਿਖਾ।

ਭਾਵੇਂ ਹੰਕਾਰੀ ਲੋਕਾਂ ਨੇ ਮੇਰੇ ਵਿਰੁੱਧ ਝੂਠ ਬੋਲਿਆ ਹੈ,

ਮੈਂ ਤੇਰੇ ਹੁਕਮਾਂ ਨੂੰ ਪੂਰੇ ਦਿਲ ਨਾਲ ਮੰਨਦਾ ਹਾਂ।

ਉਹਨਾਂ ਦੇ ਮਨ ਮੋਟੇ ਅਤੇ ਕਠੋਰ ਹਨ,

ਪਰ ਮੈਂ ਤੇਰੀ ਬਿਵਸਥਾ ਵਿੱਚ ਪ੍ਰਸੰਨ ਹਾਂ।

ਮੇਰੇ ਲਈ ਦੁਖੀ ਹੋਣਾ ਚੰਗਾ ਸੀ

ਤਾਂ ਜੋ ਮੈਂ ਤੇਰੇ ਹੁਕਮਾਂ ਨੂੰ ਸਿੱਖ ਸਕਾਂ।

ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਚਾਂਦੀ

ਅਤੇ ਸੋਨੇ ਦੇ ਹਜ਼ਾਰਾਂ ਸਿੱਕਿਆਂ ਨਾਲੋਂ ਵੱਧ ਕੀਮਤੀ ਹੈ।

י ਯੋਧ

ਤੇਰੇ ਹੱਥਾਂ ਨੇ ਮੈਨੂੰ ਰਚਿਆ ਅਤੇ ਮੈਨੂੰ ਬਣਾਇਆ;

ਮੈਨੂੰ ਤੇਰੇ ਹੁਕਮਾਂ ਨੂੰ ਸਿੱਖਣ ਦੀ ਸਮਝ ਪ੍ਰਦਾਨ ਕਰ।

ਜੋ ਤੇਰਾ ਭੈ ਮੰਨਦੇ ਹਨ ਉਹ ਮੈਨੂੰ ਵੇਖ ਕੇ ਆਨੰਦ ਹੋਣ,

ਕਿਉਂ ਜੋ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

ਹੇ ਯਾਹਵੇਹ, ਮੈਂ ਜਾਣਦਾ ਹਾਂ ਕਿ ਤੇਰੀ ਬਿਵਸਥਾ ਧਰਮ ਦੀ ਹੈ,

ਅਤੇ ਇਹ ਕਿ ਤੁਸੀਂ ਵਫ਼ਾਦਾਰੀ ਨਾਲ ਮੈਨੂੰ ਦੁਖੀ ਕੀਤਾ ਹੈ।

ਤੇਰਾ ਅਟੁੱਟ ਪਿਆਰ ਮੇਰੇ ਲਈ ਦਿਲਾਸਾ ਹੋਵੇ,

ਆਪਣੇ ਸੇਵਕ ਨਾਲ ਕੀਤੇ ਵਾਅਦੇ ਅਨੁਸਾਰ।

ਤੇਰੀ ਦਯਾ ਮੇਰੇ ਉੱਤੇ ਆਵੇ ਤਾਂ ਜੋ ਮੈਂ ਜੀਵਾਂ,

ਕਿਉਂ ਜੋ ਤੇਰੀ ਬਿਵਸਥਾ ਮੇਰੀ ਪ੍ਰਸੰਨਤਾ ਹੈ।

ਜੋ ਹੰਕਾਰੀ ਮੇਰੇ ਨਾਲ ਬਿਨਾਂ ਕਾਰਨ ਬੇਇਨਸਾਫ਼ੀ ਕਰਨ, ਉਹ ਸ਼ਰਮਿੰਦਾ ਹੋਵੇ;

ਪਰ ਮੈਂ ਤੇਰੇ ਉਪਦੇਸ਼ਾਂ ਦਾ ਸਿਮਰਨ ਕਰਾਂਗਾ।

ਜਿਹੜੇ ਤੇਰਾ ਡਰ ਮੰਨਦੇ ਹਨ ਉਹ ਮੇਰੇ ਵੱਲ ਮੁੜਨ,

ਉਹ ਜਿਹੜੇ ਤੇਰੀਆਂ ਬਿਧੀਆਂ ਨੂੰ ਸਮਝਦੇ ਹਨ।

ਮੈਂ ਪੂਰੇ ਦਿਲ ਨਾਲ ਤੇਰੇ ਹੁਕਮਾਂ ਦੀ ਪਾਲਣਾ ਕਰਾਂ,

ਤਾਂ ਜੋ ਮੈਂ ਸ਼ਰਮਿੰਦਾ ਨਾ ਹੋਵਾਂ।

כ ਕਾਫ਼

ਤੇਰੀ ਮੁਕਤੀ ਦੀ ਤਾਂਘ ਨਾਲ ਮੇਰੀ ਜਾਨ ਬੇਹੋਸ਼ ਹੋ ਗਈ ਹੈ,

ਪਰ ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

ਤੇਰਾ ਵਾਅਦਾ ਪੂਰਾ ਹੋਣ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ;

ਮੈਂ ਆਖਦਾ ਹਾਂ, “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਗਾ?”

ਭਾਵੇਂ ਮੈਂ ਧੂੰਏਂ ਵਿੱਚ ਮਸ਼ਕ ਵਰਗਾ ਹਾਂ,

ਤਾਂ ਵੀ ਮੈਂ ਤੇਰੇ ਹੁਕਮਾਂ ਨੂੰ ਨਹੀਂ ਭੁੱਲਦਾ।

ਤੇਰੇ ਸੇਵਕ ਨੂੰ ਕਿੰਨਾ ਚਿਰ ਉਡੀਕ ਕਰਨੀ ਪਵੇਗੀ?

ਤੂੰ ਮੇਰੇ ਸਤਾਉਣ ਵਾਲਿਆਂ ਨੂੰ ਕਦੋਂ ਸਜ਼ਾ ਦੇਵੇਗਾ?

ਹੰਕਾਰੀ ਮੈਨੂੰ ਫਸਾਉਣ ਲਈ ਟੋਏ ਪੁੱਟਦੇ ਹਨ,

ਅਤੇ ਉਹ ਤੇਰੀ ਬਿਵਸਥਾ ਦੇ ਉਲਟ ਹਨ।

ਤੇਰੇ ਸਾਰੇ ਹੁਕਮ ਭਰੋਸੇਯੋਗ ਹਨ;

ਮੇਰੀ ਸਹਾਇਤਾ ਕਰੋ, ਕਿਉਂਕਿ ਮੈਨੂੰ ਬਿਨਾਂ ਕਾਰਨ ਸਤਾਇਆ ਜਾ ਰਿਹਾ ਹੈ।

ਉਹਨਾਂ ਨੇ ਮੈਨੂੰ ਧਰਤੀ ਤੋਂ ਲਗਭਗ ਮਿਟਾ ਦਿੱਤਾ,

ਪਰ ਮੈਂ ਤੇਰੇ ਹੁਕਮਾਂ ਨੂੰ ਨਹੀਂ ਛੱਡਿਆ।

ਆਪਣੇ ਅਟੱਲ ਪ੍ਰੇਮ ਵਿੱਚ ਮੇਰੀ ਜਾਨ ਦੀ ਰੱਖਿਆ ਕਰ,

ਤਾਂ ਜੋ ਮੈਂ ਤੇਰੇ ਮੂੰਹ ਦੀਆਂ ਬਿਧੀਆਂ ਦੀ ਪਾਲਣਾ ਕਰਾਂ।

ל ਲਾਮੇਧ

ਹੇ ਯਾਹਵੇਹ, ਤੇਰਾ ਬਚਨ ਸਦਾ ਤੱਕ ਹੈ,

ਅਤੇ ਸਵਰਗ ਵਿੱਚ ਸਥਿਰ ਹੈ।

ਤੇਰੀ ਵਫ਼ਾਦਾਰੀ ਪੀੜ੍ਹੀਆਂ ਤੱਕ ਬਣੀ ਰਹੇਗੀ;

ਤੂੰ ਧਰਤੀ ਨੂੰ ਕਾਇਮ ਕੀਤਾ ਅਤੇ ਇਹ ਸਦਾ ਸਥਿਰ ਰਹੇਗੀ।

ਤੇਰੀਆਂ ਬਿਧੀਆਂ ਅੱਜ ਤੱਕ ਕਾਇਮ ਹਨ,

ਕਿਉਂ ਜੋ ਸਭ ਚੀਜ਼ਾਂ ਤੁਹਾਡੀ ਹੀ ਸੇਵਾ ਕਰਦੀਆਂ ਹਨ।

ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ,

ਮੈਂ ਆਪਣੇ ਦੁੱਖ ਵਿੱਚ ਨਾਸ ਹੋ ਜਾਂਦਾ।

ਮੈਂ ਤੇਰੇ ਉਪਦੇਸ਼ਾਂ ਨੂੰ ਕਦੇ ਨਹੀਂ ਭੁੱਲਾਂਗਾ,

ਕਿਉਂ ਜੋ ਤੁਸੀਂ ਉਹਨਾਂ ਦੁਆਰਾ ਮੇਰੀ ਜਾਨ ਦੀ ਰੱਖਿਆ ਕੀਤੀ ਹੈ।

ਮੈਨੂੰ ਬਚਾ, ਕਿਉਂ ਜੋ ਮੈਂ ਤੇਰਾ ਹਾਂ,

ਮੈਂ ਤੇਰੇ ਉਪਦੇਸ਼ਾਂ ਦੀ ਖੋਜ ਕੀਤੀ ਹੈ।

ਦੁਸ਼ਟ ਮੈਨੂੰ ਨਾਸ ਕਰਨ ਦੀ ਉਡੀਕ ਵਿੱਚ ਹਨ,

ਪਰ ਮੈਂ ਤੇਰੀਆਂ ਬਿਧੀਆਂ ਦਾ ਵਿਚਾਰ ਕਰਾਂਗਾ।

ਮੈਂ ਹਰ ਸੰਪੂਰਨਤਾ ਲਈ ਇੱਕ ਸੀਮਾ ਵੇਖਦਾ ਹਾਂ,

ਪਰ ਤੇਰੇ ਹੁਕਮ ਬੇਅੰਤ ਹਨ।

מ ਮੇਮ

ਮੈਨੂੰ ਤੇਰੇ ਨਿਯਮ ਕਿੰਨੇ ਪਿਆਰੇ ਹਨ!

ਮੈਂ ਸਾਰਾ ਦਿਨ ਇਸਦਾ ਸਿਮਰਨ ਕਰਦਾ ਹਾਂ।

ਤੇਰੇ ਆਦੇਸ਼ ਹਮੇਸ਼ਾ ਮੇਰੇ ਨਾਲ ਹੁੰਦੇ ਹਨ

ਅਤੇ ਉਹ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਸਿਆਣਾ ਬਣਾਉਂਦੇ ਹਨ।

ਮੈਨੂੰ ਮੇਰੇ ਸਾਰੇ ਗੁਰੂਆਂ ਨਾਲੋਂ ਵਧੇਰੀ ਸਮਝ ਹੈ,

ਕਿਉਂਕਿ ਮੈਂ ਤੇਰੇ ਨਿਯਮਾਂ ਦਾ ਸਿਮਰਨ ਕਰਦਾ ਹਾਂ।

ਮੈਨੂੰ ਬਜ਼ੁਰਗਾਂ ਨਾਲੋਂ ਵਧੇਰੀ ਸਮਝ ਹੈ,

ਕਿਉਂਕਿ ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਦਾ ਹਾਂ।

ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਰਸਤੇ ਤੋਂ ਰੋਕ ਰੱਖਿਆ ਹੈ,

ਤਾਂ ਜੋ ਮੈਂ ਤੇਰੇ ਬਚਨ ਦੀ ਪਾਲਣਾ ਕਰ ਸਕਾਂ।

ਮੈਂ ਤੇਰੇ ਨਿਯਮਾਂ ਤੋਂ ਨਹੀਂ ਹਟਿਆ,

ਤੂੰ ਖੁਦ ਮੈਨੂੰ ਸਿਖਾਇਆ ਹੈ।

ਤੇਰੇ ਸ਼ਬਦ ਮੇਰੇ ਤਾਲੂ ਕਿੰਨੇ ਮਿੱਠੇ ਲੱਗਦੇ ਹਨ,

ਸ਼ਹਿਦ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ!

ਮੈਂ ਤੇਰੇ ਆਦੇਸ਼ਾਂ ਤੋਂ ਸਮਝ ਪ੍ਰਾਪਤ ਕਰਦਾ ਹਾਂ;

ਇਸ ਲਈ ਮੈਂ ਹਰ ਗਲਤ ਮਾਰਗ ਨੂੰ ਨਫ਼ਰਤ ਕਰਦਾ ਹਾਂ।

נ ਨੂਨ

ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ,

ਅਤੇ ਮੇਰੇ ਮਾਰਗ ਦੇ ਲਈ ਚਾਨਣ ਹਨ।

ਮੈਂ ਸਹੁੰ ਖਾਧੀ ਹੈ ਅਤੇ ਪੱਕਾ ਕੀਤਾ ਹੈ,

ਕਿ ਮੈਂ ਤੇਰੇ ਧਰਮੀ ਨਿਯਮਾਂ ਦੀ ਪਾਲਣਾ ਕਰਾਂਗਾ।

ਮੈਂ ਬਹੁਤ ਦੁੱਖ ਝੱਲੇ ਹਨ;

ਹੇ ਯਾਹਵੇਹ, ਮੇਰੇ ਜੀਵਨ ਦੀ ਆਪਣੇ ਬਚਨਾ ਦੇ ਅਨੁਸਾਰ ਰੱਖਿਆ ਕਰ।

ਯਾਹਵੇਹ, ਮੇਰੇ ਮੂੰਹ ਦੀ ਉਸਤਤ ਨੂੰ ਸਵੀਕਾਰ ਕਰੋ,

ਅਤੇ ਮੈਨੂੰ ਆਪਣੇ ਕਾਨੂੰਨ ਸਿਖਾ।

ਭਾਵੇਂ ਮੈਂ ਲਗਾਤਾਰ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈਂਦਾ ਹਾਂ,

ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਾਂਗਾ।

ਦੁਸ਼ਟਾਂ ਨੇ ਮੇਰੇ ਲਈ ਫਾਹੀ ਲਾ ਕੇ ਰੱਖੀ ਹੈ,

ਪਰ ਮੈਂ ਤੇਰੇ ਹੁਕਮਾਂ ਤੋਂ ਭਟਕਿਆ ਨਹੀਂ।

ਤੇਰੀਆਂ ਬਿਧੀਆਂ ਸਦਾ ਲਈ ਮੇਰੀ ਵਿਰਾਸਤ ਹਨ,

ਉਹ ਮੇਰੇ ਦਿਲ ਦੀ ਖੁਸ਼ੀ ਹਨ।

ਮੇਰਾ ਮਨ ਤੇਰੇ ਹੁਕਮਾਂ ਨੂੰ ਮੰਨਣ ਲਈ

ਅੰਤ ਤੱਕ ਤਿਆਰ ਹੈ।

ס ਸਾਮੇਖ

ਮੈਂ ਦੋਗਲੇ ਲੋਕਾਂ ਨੂੰ ਨਫ਼ਰਤ ਕਰਦਾ ਹਾਂ,

ਪਰ ਮੈਂ ਤੇਰੀ ਬਿਵਸਥਾ ਨੂੰ ਪਿਆਰ ਕਰਦਾ ਹਾਂ।

ਤੂੰ ਮੇਰੀ ਪਨਾਹ ਅਤੇ ਮੇਰੀ ਢਾਲ ਹੈ।

ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

ਹੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋਵੋ,

ਤਾਂ ਜੋ ਮੈਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਾਂ!

ਹੇ ਮੇਰੇ ਪਰਮੇਸ਼ਵਰ, ਆਪਣੇ ਬਚਨ ਦੇ ਅਨੁਸਾਰ ਮੈਨੂੰ ਸੰਭਾਲ ਤਾਂ ਕਿ ਮੈਂ ਜਿਉਂਦਾ ਰਹਾਂ

ਮੇਰੀਆਂ ਉਮੀਦਾਂ ਉੱਤੇ ਪਾਣੀ ਨਾ ਪੈਣ ਦਿਓ।

ਮੈਨੂੰ ਸੰਭਾਲ ਤਾਂ ਮੈਂ ਛੁਡਾਇਆ ਜਾਵਾਂਗਾ।

ਮੈਂ ਤੇਰੇ ਹੁਕਮਾਂ ਤੇ ਹਮੇਸ਼ਾ ਧਿਆਨ ਲਗਾਵਾਂਗਾ।

ਤੂੰ ਉਹਨਾਂ ਸਾਰਿਆਂ ਨੂੰ ਰੱਦ ਕਰਦਾ ਹੈ ਜੋ ਤੇਰੇ ਹੁਕਮਾਂ ਤੋਂ ਭਟਕਦੇ ਹਨ,

ਕਿਉਂ ਜੋ ਉਹਨਾਂ ਦੇ ਭੁਲੇਖੇ ਨਾਸ ਹੋ ਜਾਂਦੇ ਹਨ।

ਤੂੰ ਸਾਰੇ ਦੁਸ਼ਟਾਂ ਨੂੰ ਕੂੜੇ ਵਾਂਗ ਸੁੱਟ ਦਿੰਦਾ ਹੈ,

ਇਸ ਲਈ ਮੈਂ ਤੇਰੀਆਂ ਬਿਧੀਆਂ ਨੂੰ ਪਿਆਰ ਕਰਦਾ ਹਾਂ।

ਮੇਰਾ ਸਰੀਰ ਤੇਰੇ ਡਰ ਨਾਲ ਕੰਬਦਾ ਹੈ,

ਮੈਂ ਤੇਰੇ ਕਾਨੂੰਨਾਂ ਤੋਂ ਡਰਦਾ ਹਾਂ।

ע ਆਇਨ

ਮੈਂ ਉਹ ਕੀਤਾ ਹੈ ਜੋ ਧਰਮੀ ਅਤੇ ਸਹੀ ਹੈ,

ਮੈਨੂੰ ਮੇਰੇ ਜ਼ਾਲਮਾਂ ਦੇ ਹੱਥ ਨਾ ਦੇ।

ਆਪਣੇ ਸੇਵਕ ਦੀ ਭਲਾਈ ਨੂੰ ਯਕੀਨ ਬਣਾ;

ਹੰਕਾਰੀ ਨੂੰ ਮੇਰੇ ਉੱਤੇ ਜ਼ੁਲਮ ਨਾ ਕਰਨ ਦੇ।

ਤੇਰੀ ਮੁਕਤੀ ਦੀ ਉਡੀਕ ਵਿੱਚ,

ਤੇਰੇ ਸੱਚੇ ਵਾਅਦਿਆਂ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ।

ਆਪਣੇ ਸੇਵਕ ਨਾਲ ਆਪਣੇ ਪ੍ਰੇਮ ਨਾਲ ਵਰਤ

ਅਤੇ ਮੈਨੂੰ ਆਪਣੇ ਹੁਕਮ ਸਿਖਾ।

ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਦੇਹ

ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਮਝ ਸਕਾਂ।

ਇਹ ਸਮਾਂ ਯਾਹਵੇਹ ਦੇ ਕੰਮ ਦਾ ਹੈ,

ਤੇਰਾ ਕਾਨੂੰਨ ਤੋੜਿਆ ਜਾ ਰਿਹਾ ਹੈ।

ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਸੋਨੇ ਨਾਲੋਂ,

ਸ਼ੁੱਧ ਸੋਨੇ ਨਾਲੋਂ ਵੱਧ ਪਿਆਰ ਕਰਦਾ ਹਾਂ,

ਅਤੇ ਕਿਉਂਕਿ ਮੈਂ ਤੇਰੇ ਸਾਰੇ ਹੁਕਮਾਂ ਨੂੰ ਸਹੀ ਸਮਝਦਾ ਹਾਂ,

ਮੈਂ ਹਰ ਗਲਤ ਰਾਹ ਨੂੰ ਨਫ਼ਰਤ ਕਰਦਾ ਹਾਂ।

פ ਪੇ

ਤੇਰੀਆਂ ਬਿਧੀਆਂ ਸ਼ਾਨਦਾਰ ਹਨ;

ਇਸ ਲਈ ਮੈਂ ਉਹਨਾਂ ਦੀ ਪਾਲਣਾ ਕਰਦਾ ਹਾਂ।

ਤੇਰੇ ਬਚਨਾਂ ਦੇ ਖੁੱਲ੍ਹਣ ਨਾਲ ਚਾਨਣ ਹੁੰਦਾ ਹੈ;

ਇਹ ਸਧਾਰਨ ਲੋਕਾਂ ਨੂੰ ਸਮਝ ਦਿੰਦਾ ਹੈ।

ਮੈਂ ਆਪਣਾ ਮੂੰਹ ਖੋਲ੍ਹਦਾ ਹਾਂ,

ਅਤੇ ਤੇਰੇ ਹੁਕਮਾਂ ਨੂੰ ਤਰਸਦਾ ਹਾਂ।

ਮੇਰੀ ਵੱਲ ਮੁੜ ਅਤੇ ਮੇਰੇ ਉੱਤੇ ਦਯਾ ਕਰ,

ਜਿਵੇਂ ਤੂੰ ਆਪਣੇ ਨਾਲ ਪਿਆਰ ਕਰਨ ਵਾਲਿਆ ਨਾਲ ਕਰਦਾ ਹੈ।

ਤੂੰ ਮੇਰੇ ਕਦਮਾਂ ਨੂੰ ਆਪਣੇ ਬਚਨਾਂ ਅਨੁਸਾਰ ਸਥਿਰ ਕਰਦੇ,

ਤਾਂ ਕਿ ਕੋਈ ਪਾਪ ਮੇਰੇ ਉੱਤੇ ਰਾਜ ਨਾ ਕਰੇ।

ਮੈਨੂੰ ਮਨੁੱਖਾਂ ਦੇ ਜ਼ੁਲਮ ਤੋਂ ਛੁਟਕਾਰਾ ਦੇ,

ਤਾਂ ਜੋ ਮੈਂ ਤੇਰੇ ਹੁਕਮਾਂ ਨੂੰ ਮੰਨਾਂ।

ਆਪਣੇ ਸੇਵਕ ਉੱਤੇ ਆਪਣਾ ਚਿਹਰਾ ਚਮਕਾ

ਅਤੇ ਮੈਨੂੰ ਆਪਣੇ ਹੁਕਮ ਸਿਖਾ।

ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਧਾਰਾਂ ਵਗਦੀਆਂ ਹਨ,

ਕਿਉਂ ਜੋ ਉਹ ਤੇਰੀ ਬਿਵਸਥਾ ਦੀ ਪਾਲਣਾ ਨਹੀਂ ਕਰਦੇ।

צ ਸਾਧੇ

ਹੇ ਯਾਹਵੇਹ, ਤੂੰ ਧਰਮੀ ਹੈ,

ਅਤੇ ਤੇਰੇ ਨਿਆਂ ਸਿੱਧੇ ਹਨ।

ਜਿਹੜੀਆਂ ਬਿਧੀਆਂ ਤੂੰ ਦਿੱਤੀਆਂ ਹਨ ਉਹ ਧਰਮੀ ਹਨ;

ਉਹ ਪੂਰੀ ਤਰ੍ਹਾਂ ਭਰੋਸੇਮੰਦ ਹਨ।

ਮੇਰੀ ਅਣਖ ਨੇ ਮੈਨੂੰ ਥਕਾ ਦਿੱਤਾ,

ਕਿਉਂ ਜੋ ਮੇਰੇ ਵੈਰੀ ਤੇਰੇ ਬਚਨਾਂ ਨੂੰ ਅਣਦੇਖਿਆ ਕਰਦੇ ਹਨ।

ਤੇਰੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਪਰਖਿਆ ਗਿਆ ਹੈ,

ਅਤੇ ਤੇਰਾ ਸੇਵਕ ਉਹਨਾਂ ਨੂੰ ਪਿਆਰ ਕਰਦਾ ਹੈ।

ਭਾਵੇਂ ਮੈਂ ਨੀਵਾਂ ਅਤੇ ਤੁੱਛ ਹਾਂ,

ਮੈਂ ਤੇਰੇ ਉਪਦੇਸ਼ਾਂ ਨੂੰ ਨਹੀਂ ਭੁੱਲਦਾ।

ਤੇਰੀ ਧਾਰਮਿਕਤਾ ਸਦੀਪਕ ਹੈ

ਅਤੇ ਤੇਰੀ ਬਿਵਸਥਾ ਸੱਚੀ ਹੈ।

ਮੇਰੇ ਉੱਤੇ ਮੁਸੀਬਤ ਅਤੇ ਬਿਪਤਾ ਆਈ ਹੈ,

ਪਰ ਤੇਰੇ ਹੁਕਮ ਮੈਨੂੰ ਆਨੰਦ ਦਿੰਦੇ ਹਨ।

ਤੇਰੀਆਂ ਬਿਧੀਆਂ ਸਦਾ ਧਰਮੀ ਹਨ;

ਮੈਨੂੰ ਸਮਝ ਦਿਓ ਕਿ ਮੈਂ ਜੀਵਾਂ।

ק ਕੌਫ਼

ਮੈਂ ਆਪਣੇ ਪੂਰੇ ਦਿਲ ਨਾਲ ਪੁਕਾਰਦਾ ਹਾਂ; ਹੇ ਯਾਹਵੇਹ, ਮੈਨੂੰ ਉੱਤਰ ਦਿਓ,

ਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਾਂਗਾ।

ਮੈਂ ਤੈਨੂੰ ਪੁਕਾਰਦਾ ਹਾਂ; ਮੈਨੂੰ ਬਚਾ,

ਅਤੇ ਮੈਂ ਤੇਰੀਆਂ ਬਿਧੀਆਂ ਨੂੰ ਸੰਭਾਲ ਰੱਖਿਆ।

ਮੈਂ ਸਵੇਰ ਤੋਂ ਪਹਿਲਾਂ ਉੱਠਦਾ ਹਾਂ ਅਤੇ ਮਦਦ ਲਈ ਪੁਕਾਰਦਾ ਹਾਂ।

ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

ਰਾਤ ਦੇ ਪਹਿਰਾਂ ਵਿੱਚ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਹਨ,

ਤਾਂ ਜੋ ਮੈਂ ਤੇਰੇ ਵਾਅਦਿਆਂ ਦਾ ਧਿਆਨ ਕਰਾਂ।

ਆਪਣੇ ਪ੍ਰੇਮ ਦੇ ਅਨੁਸਾਰ ਮੇਰੀ ਆਵਾਜ਼ ਸੁਣ;

ਹੇ ਯਾਹਵੇਹ, ਆਪਣੇ ਕਾਨੂੰਨਾਂ ਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

ਬੁਰੀਆਂ ਜੁਗਤਾਂ ਘੜਨ ਵਾਲੇ ਨੇੜੇ ਹਨ,

ਪਰ ਤੇਰੀ ਬਿਵਸਥਾ ਤੋਂ ਦੂਰ ਹਨ।

ਹੇ ਯਾਹਵੇਹ, ਫਿਰ ਵੀ ਤੂੰ ਨੇੜੇ ਹੈ,

ਅਤੇ ਤੇਰੇ ਸਾਰੇ ਹੁਕਮ ਸੱਚੇ ਹਨ।

ਬਹੁਤ ਸਮਾਂ ਪਹਿਲਾਂ ਮੈਂ ਤੇਰੀਆਂ ਬਿਧੀਆਂ ਤੋਂ ਸਿੱਖਿਆ,

ਕਿ ਤੂੰ ਉਹਨਾਂ ਨੂੰ ਸਦਾ ਲਈ ਕਾਇਮ ਕੀਤਾ ਹੈ।

ר ਰੇਛ

ਮੇਰੇ ਦੁੱਖਾਂ ਨੂੰ ਵੇਖ ਅਤੇ ਮੈਨੂੰ ਬਚਾ,

ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਿਆ।

ਮੇਰੇ ਪੱਖ ਦੀ ਰੱਖਿਆ ਕਰ ਅਤੇ ਮੈਨੂੰ ਛੁਟਕਾਰਾ ਦੇ;

ਆਪਣੇ ਵਾਅਦੇ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

ਦੁਸ਼ਟਾਂ ਤੋਂ ਮੁਕਤੀ ਬਹੁਤ ਦੂਰ ਹੈ,

ਕਿਉਂ ਜੋ ਉਹ ਤੇਰੇ ਹੁਕਮਾਂ ਨੂੰ ਨਹੀਂ ਭਾਲਦੇ।

ਹੇ ਯਾਹਵੇਹ, ਤੇਰੀਆਂ ਰਹਿਮਤਾਂ, ਮਹਾਂਨ ਹਨ;

ਆਪਣੇ ਨਿਯਮਾਂ ਅਨੁਸਾਰ ਮੇਰੀ ਜਾਨ ਦੀ ਰੱਖਿਆ ਕਰ।

ਬਹੁਤ ਸਾਰੇ ਵੈਰੀ ਹਨ ਜੋ ਮੈਨੂੰ ਸਤਾਉਂਦੇ ਹਨ,

ਪਰ ਮੈਂ ਤੇਰੀਆਂ ਬਿਧੀਆਂ ਤੋਂ ਨਹੀਂ ਮੁੜਿਆ।

ਮੈਂ ਵਿਸ਼ਵਾਸਹੀਣਾਂ ਨੂੰ ਨਫ਼ਰਤ ਨਾਲ ਵੇਖਦਾ ਹਾਂ,

ਕਿਉਂ ਜੋ ਓਹ ਤੇਰੇ ਬਚਨ ਨੂੰ ਨਹੀਂ ਮੰਨਦੇ।

ਵੇਖ, ਮੈਂ ਤੇਰੇ ਉਪਦੇਸ਼ਾਂ ਨੂੰ ਕਿੰਨਾ ਪਿਆਰ ਕਰਦਾ ਹਾਂ;

ਹੇ ਯਾਹਵੇਹ, ਆਪਣੇ ਪਿਆਰ ਦੇ ਅਨੁਸਾਰ ਮੇਰੇ ਜੀਵਨ ਦੀ ਰੱਖਿਆ ਕਰ,

ਤੇਰੇ ਬਚਨ ਸੱਚੇ ਹਨ;

ਤੇਰੇ ਸਾਰੇ ਧਰਮੀ ਨਿਯਮ ਸਦੀਪਕ ਤੱਕ ਹਨ।

ש ਸ਼ਿਨ

ਹਾਕਮ ਮੈਨੂੰ ਬਿਨਾਂ ਕਾਰਨ ਸਤਾਉਂਦੇ ਹਨ,

ਪਰ ਤੇਰੇ ਬਚਨ ਤੋਂ ਮੇਰਾ ਦਿਲ ਕੰਬਦਾ ਹੈ।

ਮੈਂ ਤੇਰੇ ਬਚਨਾਂ ਵਿੱਚ ਆਨੰਦ ਹਾਂ,

ਉਸ ਮਨੁੱਖ ਵਾਂਗ ਜਿਹ ਨੂੰ ਵੱਡੀ ਲੁੱਟ ਲੱਭਦੀ ਹੈ।

ਮੈਂ ਝੂਠ ਨਾਲ ਨਫ਼ਰਤ ਅਤੇ ਵੈਰ ਕਰਦਾ ਹਾਂ

ਪਰ ਮੈਂ ਤੇਰੀ ਬਿਵਸਥਾ ਨੂੰ ਪਿਆਰ ਕਰਦਾ ਹਾਂ।

ਮੈਂ ਦਿਨ ਵਿੱਚ ਸੱਤ ਵਾਰ

ਤੇਰੇ ਧਰਮੀ ਨਿਯਮਾਂ ਲਈ ਤੇਰੀ ਉਸਤਤ ਕਰਦਾ ਹਾਂ।

ਜਿਹੜੇ ਤੇਰੀ ਬਿਵਸਥਾ ਨੂੰ ਪਿਆਰ ਕਰਦੇ ਹਨ, ਉਹਨਾਂ ਨੂੰ ਵੱਡੀ ਸ਼ਾਂਤੀ ਮਿਲਦੀ ਹੈ,

ਅਤੇ ਕੋਈ ਚੀਜ਼ ਉਹਨਾਂ ਨੂੰ ਠੋਕਰ ਨਹੀਂ ਦੇ ਸਕਦੀ।

ਹੇ ਯਾਹਵੇਹ, ਮੈਂ ਤੇਰੀ ਮੁਕਤੀ ਦੀ ਉਡੀਕ ਕਰਦਾ ਹਾਂ,

ਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਦਾ ਹਾਂ।

ਮੈਂ ਤੇਰੀਆਂ ਬਿਧੀਆਂ ਨੂੰ ਮੰਨਦਾ ਹਾਂ,

ਕਿਉਂ ਜੋ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਹਾਂ।

ਮੈਂ ਤੇਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਮੰਨਦਾ ਹਾਂ,

ਕਿਉਂ ਜੋ ਤੂੰ ਮੇਰੇ ਸਾਰੇ ਰਾਹਾਂ ਨੂੰ ਜਾਣਦਾ ਹੈ।

ת ਤਾਵ

ਹੇ ਯਾਹਵੇਹ, ਮੇਰੀ ਦੁਹਾਈ ਤੇਰੇ ਤੱਕ ਪਹੁੰਚੇ;

ਮੈਨੂੰ ਆਪਣੇ ਬਚਨ ਅਨੁਸਾਰ ਸਮਝ ਦੇ।

ਮੇਰੀ ਬੇਨਤੀ ਤੇਰੇ ਹਜ਼ੂਰ ਪਹੁੰਚੇ;

ਆਪਣੇ ਵਾਅਦੇ ਅਨੁਸਾਰ ਮੈਨੂੰ ਛੁਡਾ।

ਮੇਰੇ ਬੁੱਲ੍ਹ ਉਸਤਤ ਨਾਲ ਭਰ ਜਾਣ,

ਕਿਉਂ ਜੋ ਤੂੰ ਮੈਨੂੰ ਆਪਣੇ ਹੁਕਮ ਸਿਖਾਉਂਦਾ ਹੈ।

ਮੇਰੀ ਜੀਭ ਤੇਰਾ ਸ਼ਬਦ ਗਾਵੇ,

ਕਿਉਂ ਜੋ ਤੇਰੇ ਸਾਰੇ ਹੁਕਮ ਧਰਮੀ ਹਨ।

ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ,

ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਚੁਣਿਆ ਹੈ।

ਹੇ ਯਾਹਵੇਹ, ਮੈਂ ਤੇਰੀ ਮੁਕਤੀ ਲਈ ਤਰਸਦਾ ਹਾਂ,

ਅਤੇ ਤੇਰੀ ਬਿਵਸਥਾ ਮੈਨੂੰ ਪ੍ਰਸੰਨ ਕਰਦੀ ਹੈ।

ਮੈਨੂੰ ਜੀਉਣ ਦੇ ਤਾਂ ਜੋ ਮੈਂ ਤੇਰੀ ਉਸਤਤ ਕਰਾਂ,

ਅਤੇ ਤੇਰੀ ਬਿਵਸਥਾ ਮੇਰੀ ਸਹਾਇਤਾ ਕਰੇ।

ਮੈਂ ਗੁਆਚੀ ਹੋਈ ਭੇਡ ਵਾਂਗ ਭਟਕ ਗਿਆ ਹਾਂ,

ਆਪਣੇ ਸੇਵਕ ਨੂੰ ਭਾਲ,

ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਨਹੀਂ ਭੁੱਲਿਆ।

Source notes (1)
  1. Footnote ਅਚਰਜ਼ ਗੱਲਾਂ ਅਰਥ ਅਚਰਜ਼ ਸੱਚਾਈ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.