Skip to content
BibleKenya

Biblica® Open Punjabi Contemporary Version 2025

ਜ਼ਬੂਰਾਂ 102

ਮੁਸੀਬਤ ਵਿੱਚ ਇੱਕ ਦੁਖੀ ਵਿਅਕਤੀ ਦੀ ਪ੍ਰਾਰਥਨਾ ਜੋ ਕਮਜ਼ੋਰ ਹੋ ਗਿਆ ਹੈ ਅਤੇ ਆਪਣੇ ਸੋਗ ਦੀਆ ਗੱਲਾਂ ਯਾਹਵੇਹ ਅੱਗੇ ਦਿਲ ਖੋਲ੍ਹ ਕੇ ਦੱਸਦਾ ਹੈ।

ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ;

ਮਦਦ ਲਈ ਮੇਰੀ ਪੁਕਾਰ ਤੇਰੇ ਤੱਕ ਪਹੁੰਚੇ।

ਮੇਰੇ ਦੁੱਖ ਦੇ ਸਮੇਂ ਆਪਣਾ ਮੂੰਹ ਮੈਥੋਂ ਨਾ ਲੁਕਾ,

ਜਦੋਂ ਮੈਂ ਬਿਪਤਾ ਵਿੱਚ ਹੁੰਦਾ ਹਾਂ।

ਮੇਰੇ ਵੱਲ ਕੰਨ ਫੇਰ;

ਅਤੇ ਮੈਨੂੰ ਜਲਦੀ ਉੱਤਰ ਦੇ।

ਧੂੰਏਂ ਵਾਂਗ ਮੇਰੇ ਦਿਨ ਮਿਟਦੇ ਜਾਂਦੇ ਹਨ;

ਮੇਰੀਆਂ ਹੱਡੀਆਂ ਬਲਦੇ ਅੰਗਿਆਰਾਂ ਵਾਂਗ ਮੁੱਕ ਰਹੀਆਂ ਹਨ।

ਘਾਹ ਵਾਂਗ ਮੇਰਾ ਦਿਲ ਝੁਲਸ ਕੇ ਸੁੱਕ ਗਿਆ ਹੈ;

ਮੈਂ ਆਪਣਾ ਰੋਟੀ ਪਾਣੀ ਵੀ ਭੁੱਲ ਗਿਆ ਹਾਂ।

ਬਿਪਤਾ ਵਿੱਚ ਮੇਰੇ ਹੂੰਗਣ ਦੀ ਆਵਾਜ਼ ਦੇ ਕਾਰਨ,

ਮੇਰੀਆਂ ਹੱਡੀਆਂ ਮੇਰੇ ਮਾਸ ਨਾਲ ਜੁੜ ਗਈਆਂ ਹਨ।

ਮੈਂ ਜੰਗਲ ਦੇ ਉੱਲੂ ਵਰਗਾ ਹੋ ਗਿਆ ਹਾਂ,

ਉਸ ਉੱਲੂ ਵਰਗਾ ਜੋ ਬਰਬਾਦੀ ਵਿੱਚ ਰਹਿੰਦਾ ਹੈ।

ਮੈਂ ਜਾਗਦਾ ਰਹਿੰਦਾ ਹਾਂ,

ਅਤੇ ਮੈਂ ਛੱਤ ਉੱਤੇ ਇਕੱਲੇ ਪੰਛੀ ਵਰਗਾ ਹੋ ਗਿਆ ਹਾਂ।

ਸਾਰਾ ਦਿਨ ਮੇਰੇ ਵੈਰੀ ਮੈਨੂੰ ਉਲਾਂਭੇ ਦਿੰਦੇ ਹਨ,

ਜੋ ਮੇਰੀ ਨਿੰਦਿਆ ਕਰਦੇ ਹਨ, ਉਹ ਮੇਰਾ ਨਾਮ ਸਰਾਪ ਦੇ ਤੌਰ ਤੇ ਬੋਲਦੇ ਹਨ।

ਹੁਣ ਸੁਆਹ ਮੇਰਾ ਭੋਜਨ ਹੈ

ਅਤੇ ਮੇਰੇ ਹੰਝੂ ਮੇਰੇ ਪੀਣ ਨਾਲ ਰਲਦੇ ਰਹਿੰਦੇ ਹਨ।

ਇਹ ਸਭ ਤੇਰੇ ਕ੍ਰੋਧ ਦਾ ਨਤੀਜਾ ਹੈ,

ਕਿਉਂਕਿ ਤੁਸੀਂ ਮੈਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਹੈ।

ਮੇਰੇ ਦਿਨ ਢਲਦੇ ਪਰਛਾਵੇਂ ਵਰਗੇ ਹੋ ਗਏ ਹਨ।

ਮੈਂ ਘਾਹ ਵਾਂਗ ਮੁਰਝਾ ਰਿਹਾ ਹਾਂ।

ਪਰ ਹੇ ਯਾਹਵੇਹ, ਤੂੰ ਸਦਾ ਲਈ ਸਿੰਘਾਸਣ ਉੱਤੇ ਬਿਰਾਜਮਾਨ ਹੈ।

ਤੇਰਾ ਨਾਮ ਪੀੜ੍ਹੀ ਦਰ ਪੀੜ੍ਹੀ ਰਹਿੰਦਾ ਹੈ।

ਤੂੰ ਉੱਠ ਕੇ ਸੀਯੋਨ ਉੱਤੇ ਰਹਿਮ ਕਰੇਗਾ,

ਕਿਉਂ ਜੋ ਇਹ ਕਿਰਪਾ ਕਰਨ ਦਾ ਸਮਾਂ ਹੈ।

ਨਿਰਧਾਰਤ ਸਮਾਂ ਆ ਪੁੱਜਿਆ ਹੈ।

ਇਸ ਸ਼ਹਿਰ ਦੇ ਪੱਥਰ ਤੇਰੇ ਸੇਵਕਾਂ ਨੂੰ ਪਿਆਰੇ ਹਨ,

ਇੱਥੋਂ ਤੱਕ ਕਿ ਉਸਦੀ ਧੂੜ ਤੇ ਵੀ ਤਰਸ ਖਾਂਦੇ ਹਨ।

ਤੇਰੇ ਨਾਮ ਦਾ ਭੈ ਸਾਰੀਆਂ ਕੌਮਾਂ ਉੱਤੇ ਛਾ ਜਾਵੇਗਾ,

ਧਰਤੀ ਦੇ ਸਾਰੇ ਰਾਜੇ ਤੇਰੇ ਪਰਤਾਪ ਅੱਗੇ ਮੱਥਾ ਟੇਕਣਗੇ।

ਕਿਉਂਕਿ ਯਾਹਵੇਹ ਨੇ ਸੀਯੋਨ ਨੂੰ ਦੁਬਾਰਾ ਬਣਾਇਆ ਹੈ;

ਉਹ ਆਪਣੀ ਮਹਿਮਾ ਵਿੱਚ ਪ੍ਰਗਟ ਹੋਇਆ।

ਯਾਹਵੇਹ ਬੇਸਹਾਰਾ ਦੀ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ;

ਉਸ ਨੇ ਉਹਨਾਂ ਦੀ ਬੇਨਤੀ ਨੂੰ ਤੁੱਛ ਨਾ ਸਮਝਿਆ।

ਆਉਣ ਵਾਲੀ ਪੀੜ੍ਹੀ ਲਈ ਇਹ ਲਿਖਿਆ ਜਾਵੇ,

ਕਿ ਜਿਹੜੇ ਲੋਕ ਅਜੇ ਪੈਦਾ ਵੀ ਨਹੀਂ ਹੋਏ ਉਹ ਯਾਹਵੇਹ ਦੀ ਉਸਤਤ ਕਰਨ।

“ਯਾਹਵੇਹ ਨੇ ਆਪਣੇ ਮਹਾਨ ਸਥਾਨ ਵਿੱਚੋਂ ਉੱਤਰ ਕੇ ਧਰਤੀ ਵੱਲ ਵੇਖਿਆ,

ਉਸ ਨੇ ਅਕਾਸ਼ ਤੋਂ ਧਰਤੀ ਤੀਕ ਤੱਕਿਆ,

ਤਾਂ ਜੋ ਕੈਦੀਆਂ ਦੀਆਂ ਚੀਕਾਂ ਸੁਣੇ

ਅਤੇ ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਨੂੰ ਛੁਡਾਵੇ।”

ਤਾਂ ਜੋ ਲੋਕ ਸੀਯੋਨ ਵਿੱਚ ਯਾਹਵੇਹ ਦੀ ਮਹਿਮਾ ਦਾ ਪਰਚਾਰ ਕਰਨ

ਅਤੇ ਯੇਰੂਸ਼ਲੇਮ ਵਿੱਚ ਉਸ ਦੀ ਉਸਤਤ ਕਰਨ,

ਜਦੋਂ ਲੋਕ ਅਤੇ ਰਾਜ

ਯਾਹਵੇਹ ਦੀ ਉਪਾਸਨਾ ਕਰਨ ਲਈ ਇਕੱਠੇ ਹੋਣ।

ਮੇਰੀ ਜ਼ਿੰਦਗੀ ਦਾ ਸਫ਼ਰ ਅਜੇ ਪੂਰਾ ਨਹੀਂ ਹੋਇਆ ਸੀ ਕਿ ਉਸਨੇ ਮੇਰੀ ਤਾਕਤ ਨੂੰ ਤੋੜ ਦਿੱਤਾ;

ਉਸਨੇ ਮੇਰੀ ਉਮਰ ਨੂੰ ਘਟਾ ਦਿੱਤਾ।

ਤਦ ਮੈਂ ਬੇਨਤੀ ਕੀਤੀ,

“ਹੇ ਮੇਰੇ ਪਰਮੇਸ਼ਵਰ, ਮੇਰੇ ਜੀਵਨ ਦੇ ਦਿਨ ਪੂਰੇ ਹੋਣ ਤੋਂ ਪਹਿਲਾਂ ਮੈਨੂੰ ਚੁੱਕ ਨਾ ਲੈ।

ਤੁਸੀਂ ਪੀੜ੍ਹੀ ਦਰ ਪੀੜ੍ਹੀ ਅਡੋਲ ਰਹਿੰਦੇ ਹੋ।

ਸ਼ੁਰੂ ਵਿੱਚ ਤੂੰ ਧਰਤੀ ਦੀ ਨੀਂਹ ਰੱਖੀ,

ਅਤੇ ਅਕਾਸ਼ ਤੇਰੇ ਹੱਥਾਂ ਦੀ ਰਚਨਾ ਹੈ।

ਉਹ ਨਾਸ਼ ਹੋ ਜਾਣਗੇ ਪਰ ਤੂੰ ਅਟੱਲ ਰਹੇਗਾ।

ਉਹ ਸਾਰੇ ਇੱਕ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ।

ਤੂੰ ਉਹਨਾਂ ਨੂੰ ਕੱਪੜਿਆਂ ਵਾਂਗ ਬਦਲੇਗਾ

ਉਹ ਖਤਮ ਹੋ ਜਾਣਗੇ।

ਤੂੰ ਬਦਲਣ ਵਾਲਾ ਨਹੀਂ ਹੈ,

ਤੇਰੇ ਜੀਵਨ ਦੇ ਵਰ੍ਹਿਆ ਦਾ ਕੋਈ ਅੰਤ ਨਹੀਂ ਹੋਵੇਗਾ।

ਤੇਰੇ ਸੇਵਕਾਂ ਦੀ ਸੰਤਾਨ ਤੇਰੀ ਹਜ਼ੂਰੀ ਵਿੱਚ ਵੱਸੇਗੀ;

ਉਹਨਾਂ ਦੇ ਉੱਤਰਾਧਿਕਾਰੀ ਤੇਰੇ ਸਾਹਮਣੇ ਖੜ੍ਹੇ ਹੋਣਗੇ।”

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.