Biblica® Open Punjabi Contemporary Version 2025
ਗਿਣਤੀ 9
ਪਸਾਹ ਦਾ ਤਿਉਹਾਰ
ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਦੇ ਉਜਾੜ ਵਿੱਚ ਮਿਸਰ ਤੋਂ ਬਾਹਰ ਆਉਣ ਦੇ ਦੂਜੇ ਸਾਲ ਦੇ ਪਹਿਲੇ ਮਹੀਨੇ ਵਿੱਚ ਗੱਲ ਕੀਤੀ ਅਤੇ ਉਸ ਨੇ ਆਖਿਆ, “ਇਸਰਾਏਲੀ ਨਿਸ਼ਚਿਤ ਸਮੇਂ ਉੱਤੇ ਪਸਾਹ ਦਾ ਤਿਉਹਾਰ ਮਨਾਉਣ। ਇਸ ਨੂੰ ਇਸ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ਾਮ ਵੇਲੇ, ਠਹਿਰਾਏ ਹੋਏ ਸਮੇਂ ਉੱਤੇ, ਇਸ ਦੀਆਂ ਸਾਰੀਆਂ ਬਿਧੀਆਂ ਅਤੇ ਨਿਯਮਾਂ ਦੇ ਅਨੁਸਾਰ ਮਨਾਇਆ ਕਰੋ।”
ਤਾਂ ਮੋਸ਼ੇਹ ਨੇ ਇਸਰਾਏਲੀਆਂ ਨੂੰ ਪਸਾਹ ਦਾ ਤਿਉਹਾਰ ਮਨਾਉਣ ਲਈ ਆਖਿਆ, ਅਤੇ ਉਹਨਾਂ ਨੇ ਪਹਿਲੇ ਮਹੀਨੇ ਦੀ ਚੌਦ੍ਹਵੀਂ ਤਾਰੀਖ਼ ਨੂੰ ਸ਼ਾਮ ਵੇਲੇ ਸੀਨਾਈ ਦੇ ਉਜਾੜ ਵਿੱਚ ਅਜਿਹਾ ਕੀਤਾ, ਇਸਰਾਏਲੀਆਂ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਪਰ ਉਹਨਾਂ ਵਿੱਚੋਂ ਕਈ ਉਸ ਦਿਨ ਪਸਾਹ ਦਾ ਤਿਉਹਾਰ ਨਾ ਮਨਾ ਸਕੇ ਕਿਉਂਕਿ ਉਹ ਇੱਕ ਮੁਰਦੇ ਦੇ ਕਾਰਨ ਅਸ਼ੁੱਧ ਸਨ, ਇਸ ਲਈ ਉਹ ਉਸੇ ਦਿਨ ਮੋਸ਼ੇਹ ਅਤੇ ਹਾਰੋਨ ਕੋਲ ਆਏ। ਅਤੇ ਮੋਸ਼ੇਹ ਨੂੰ ਆਖਿਆ, “ਅਸੀਂ ਇੱਕ ਮੁਰਦੇ ਦੇ ਕਾਰਨ ਅਸ਼ੁੱਧ ਹੋ ਗਏ ਹਾਂ, ਪਰ ਸਾਨੂੰ ਇਸਰਾਏਲ ਦੇ ਬਾਕੀ ਘਰਾਣੇ ਨਾਲ ਯਾਹਵੇਹ ਨੂੰ ਭੇਟਾਂ ਚੜ੍ਹਾਉਣ ਤੋਂ ਕਿਉਂ ਰੋਕਿਆ ਜਾਂਦਾ ਹੈ?”
ਮੋਸ਼ੇਹ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਦੋਂ ਤੱਕ ਉਡੀਕ ਕਰੋ ਜਦੋਂ ਤੱਕ ਮੈਂ ਇਹ ਨਾ ਜਾਣ ਲਵਾਂ ਕਿ ਯਾਹਵੇਹ ਤੁਹਾਡੇ ਬਾਰੇ ਕੀ ਹੁਕਮ ਦਿੰਦਾ ਹੈ।”
ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲੀਆਂ ਨੂੰ ਦੱਸ, ‘ਜਦੋਂ ਤੁਹਾਡੇ ਵਿੱਚੋਂ ਕੋਈ ਜਾਂ ਤੁਹਾਡੀ ਸੰਤਾਨ ਕਿਸੇ ਮੁਰਦੇ ਕਾਰਨ ਅਸ਼ੁੱਧ ਹੋਵੇ ਜਾਂ ਉਹ ਰਸਤੇ ਵਿੱਚ ਜਾ ਰਹੇ ਹੋਣ, ਤਾਂ ਵੀ ਉਹ ਯਾਹਵੇਹ ਦਾ ਪਸਾਹ ਮਨਾ ਸਕਦੇ ਹਨ, ਪਰ ਉਹ ਇਸਨੂੰ ਦੂਜੇ ਮਹੀਨੇ ਦੇ ਚੌਦਵੇਂ ਦਿਨ ਸ਼ਾਮ ਵੇਲੇ ਮਨਾਉਣ, ਉਹ ਪਸਾਹ ਦੀ ਪਤੀਰੀ ਰੋਟੀ ਅਤੇ ਸਾਗ ਪੱਤ ਨਾਲ ਉਸ ਨੂੰ ਖਾਣ। ਉਹ ਸਵੇਰ ਤੱਕ ਇਸ ਵਿੱਚੋਂ ਕੁਝ ਨਾ ਛੱਡਣ ਅਤੇ ਨਾ ਹੀ ਉਸਦੀ ਕੋਈ ਹੱਡੀ ਤੋੜਨ ਅਤੇ ਜਦੋਂ ਉਹ ਪਸਾਹ ਦਾ ਤਿਉਹਾਰ ਮਨਾਉਂਦੇ ਹਨ, ਉਹ ਸਾਰੇ ਨਿਯਮਾਂ ਦੀ ਪਾਲਣਾ ਕਰਨ। ਪਰ ਜੇਕਰ ਕੋਈ ਵਿਅਕਤੀ ਜੋ ਰਸਮੀ ਤੌਰ ਉੱਤੇ ਸ਼ੁੱਧ ਹੈ ਅਤੇ ਰਸਤੇ ਵਿੱਚ ਵੀ ਨਹੀਂ ਹੈ, ਅਤੇ ਪਸਾਹ ਦਾ ਤਿਉਹਾਰ ਮਨਾਉਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਨਿਸ਼ਚਿਤ ਸਮੇਂ ਉੱਤੇ ਯਾਹਵੇਹ ਦੀ ਭੇਟ ਨਾ ਚੜ੍ਹਾਉਣ ਦੇ ਕਾਰਨ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਅਤੇ ਉਹ ਆਪਣੇ ਪਾਪ ਦਾ ਫਲ ਆਪ ਹੀ ਭੁਗਤੇਗਾ।
“ ‘ਤੁਹਾਡੇ ਵਿੱਚ ਰਹਿਣ ਵਾਲੇ ਇੱਕ ਵਿਦੇਸ਼ੀ ਨੂੰ ਵੀ ਯਾਹਵੇਹ ਦੇ ਪਸਾਹ ਦਾ ਤਿਉਹਾਰ ਇਸ ਦੇ ਹੁਕਮਾਂ ਅਤੇ ਨਿਯਮਾਂ ਅਨੁਸਾਰ ਮਨਾਉਣਾ ਚਾਹੀਦਾ ਹੈ, ਪਰ ਪਰਦੇਸੀ ਅਤੇ ਤੁਹਾਡੇ ਦੋਹਾਂ ਲਈ ਇੱਕੋ ਜਿਹੇ ਨਿਯਮ ਹਨ।’ ”
ਤੰਬੂ ਦੇ ਉੱਪਰ ਬੱਦਲ
ਜਿਸ ਦਿਨ ਡੇਰਾ, ਨੇਮ ਦਾ ਤੰਬੂ ਸਥਾਪਿਤ ਕੀਤਾ ਗਿਆ, ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਸ਼ਾਮ ਤੋਂ ਸਵੇਰ ਤੱਕ ਡੇਰੇ ਦੇ ਉੱਪਰ ਬੱਦਲ ਅੱਗ ਵਾਂਗ ਦਿਖਾਈ ਦਿੰਦਾ ਸੀ। ਇਸ ਤਰ੍ਹਾਂ ਸਦਾ ਹੀ ਹੁੰਦਾ ਸੀ, ਬੱਦਲ ਨੇ ਇਸਨੂੰ ਢੱਕ ਲਿਆ ਅਤੇ ਰਾਤ ਨੂੰ ਇਹ ਅੱਗ ਵਰਗੀ ਦਿਖਾਈ ਦਿੰਦੀ ਸੀ। ਜਦੋਂ ਵੀ ਬੱਦਲ ਤੰਬੂ ਦੇ ਉੱਪਰੋਂ ਉੱਠਦਾ ਸੀ, ਇਸਰਾਏਲੀ ਕੂਚ ਕਰਦੇ ਸਨ ਅਤੇ ਜਿੱਥੇ ਵੀ ਬੱਦਲ ਠਹਿਰਦਾ ਸੀ, ਇਸਰਾਏਲੀ ਉੱਥੇ ਡੇਰੇ ਲਾਉਂਦੇ। ਯਾਹਵੇਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ, ਅਤੇ ਉਸ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ। ਜਿੰਨਾ ਚਿਰ ਬੱਦਲ ਤੰਬੂ ਉੱਤੇ ਰਿਹਾ, ਉਹ ਆਪਣੇ ਡੇਰੇ ਵਿੱਚ ਰਹਿੰਦੇ। ਜਦੋਂ ਬੱਦਲ ਤੰਬੂ ਉੱਤੇ ਲੰਮਾ ਸਮਾਂ ਠਹਿਰਿਆ ਰਹਿੰਦਾ ਸੀ, ਤਾਂ ਇਸਰਾਏਲੀਆਂ ਨੇ ਯਾਹਵੇਹ ਦਾ ਹੁਕਮ ਮੰਨਿਆ ਅਤੇ ਬਾਹਰ ਨਾ ਨਿਕਲੇ। ਕਦੇ-ਕਦੇ ਬੱਦਲ ਤੰਬੂ ਉੱਤੇ ਥੋੜ੍ਹੇ ਦਿਨ ਹੀ ਰਹਿੰਦਾ ਸੀ ਤਦ ਯਾਹਵੇਹ ਦੇ ਹੁਕਮ ਉੱਤੇ ਉਹ ਡੇਰੇ ਲਾਉਦੇਂ, ਅਤੇ ਫਿਰ ਉਸਦੇ ਹੁਕਮ ਉੱਤੇ ਉਹ ਕੂਚ ਕਰਦੇ ਸਨ। ਕਦੇ-ਕਦੇ ਬੱਦਲ ਸ਼ਾਮ ਤੋਂ ਸਵੇਰ ਤੱਕ ਹੀ ਰਹਿੰਦਾ ਸੀ, ਅਤੇ ਜਦੋਂ ਉਹ ਸਵੇਰ ਨੂੰ ਉੱਠਦਾ ਸੀ, ਤਾਂ ਉਹ ਚਲੇ ਜਾਂਦੇ ਸਨ। ਚਾਹੇ ਦਿਨੇ ਜਾਂ ਰਾਤ ਨੂੰ, ਜਦੋਂ ਵੀ ਬੱਦਲ ਉੱਠਦਾ ਹੈ, ਉਹ ਨਿਕਲ ਜਾਂਦੇ ਹਨ। ਭਾਵੇਂ ਬੱਦਲ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਠਹਿਰਿਆ ਰਹੇ, ਇਸਰਾਏਲੀ ਡੇਰੇ ਵਿੱਚ ਹੀ ਰਹਿਦੇ ਸਨ ਅਤੇ ਬਾਹਰ ਨਹੀਂ ਜਾਦੇ ਸਨ; ਪਰ ਜਦੋਂ ਬੱਦਲ ਚੁੱਕਿਆ ਜਾਂਦਾ, ਤਾਂ ਉਹ ਕੂਚ ਕਰਦੇ ਸਨ। ਯਾਹਵੇਹ ਦੇ ਹੁਕਮ ਉੱਤੇ ਉਹ ਡੇਰੇ ਲਾਉਂਦੇ ਸਨ ਅਤੇ ਯਾਹਵੇਹ ਦੇ ਹੁਕਮ ਉੱਤੇ ਕੂਚ ਕਰਦੇ ਸਨ। ਉਹਨਾਂ ਨੇ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਦੀ ਪਾਲਣਾ ਕੀਤੀ।
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.