Skip to content
BibleKenya

Biblica® Open Punjabi Contemporary Version 2025

ਗਿਣਤੀ 22

ਬਾਲਾਕ ਨੇ ਬਿਲਆਮ ਨੂੰ ਬੁਲਾਇਆ

ਤਦ ਇਸਰਾਏਲੀਆਂ ਨੇ ਮੋਆਬ ਦੇ ਮੈਦਾਨਾਂ ਵਿੱਚ ਯਾਤਰਾ ਕੀਤੀ ਅਤੇ ਯਰੀਹੋ ਤੋਂ ਪਾਰ ਯਰਦਨ ਦੇ ਨਾਲ-ਨਾਲ ਡੇਰੇ ਲਾਏ।

ਹੁਣ ਸਿੱਪੋਰ ਦੇ ਪੁੱਤਰ ਬਾਲਾਕ ਨੇ ਉਹ ਸਭ ਕੁਝ ਵੇਖਿਆ ਜੋ ਇਸਰਾਏਲ ਨੇ ਅਮੋਰੀਆਂ ਨਾਲ ਕੀਤਾ ਸੀ। ਅਤੇ ਮੋਆਬ ਬਹੁਤ ਘਬਰਾ ਗਿਆ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਸਨ। ਸੱਚ-ਮੁੱਚ ਮੋਆਬ ਇਸਰਾਏਲੀਆਂ ਦੇ ਕਾਰਨ ਡਰ ਨਾਲ ਭਰਿਆ ਹੋਇਆ ਸੀ।

ਮੋਆਬੀਆਂ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ, “ਇਹ ਭੀੜ ਸਾਡੇ ਆਲੇ-ਦੁਆਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਚੱਟ ਲਵੇਗੀ ਜਿਵੇਂ ਬਲਦ ਖੇਤ ਦੇ ਘਾਹ ਨੂੰ ਚੱਟਦਾ ਹੈ।”

ਇਸ ਲਈ ਸਿੱਪੋਰ ਦੇ ਪੁੱਤਰ ਬਾਲਾਕ ਨੇ, ਜੋ ਉਸ ਸਮੇਂ ਮੋਆਬ ਦਾ ਰਾਜਾ ਸੀ, ਬਓਰ ਦੇ ਪੁੱਤਰ ਬਿਲਆਮ ਨੂੰ, ਜੋ ਫ਼ਰਾਤ ਦਰਿਆ ਦੇ ਨੇੜੇ ਪਥੋਰ ਵਿੱਚ ਸੀ, ਆਪਣੇ ਜੱਦੀ ਦੇਸ਼ ਵਿੱਚ ਬੁਲਾਉਣ ਲਈ ਸੰਦੇਸ਼ਵਾਹਕ ਭੇਜੇ। ਬਾਲਾਕ ਨੇ ਕਿਹਾ:

“ਇੱਕ ਦਲ ਮਿਸਰ ਵਿੱਚੋਂ ਨਿੱਕਲਿਆ ਹੈ, ਉਹਨਾਂ ਨੇ ਧਰਤੀ ਆਪਣੀ ਵੱਸੋ ਨਾਲ ਭਰ ਲਈ ਹੈ ਅਤੇ ਮੇਰੇ ਸਾਹਮਣੇ ਵੱਸ ਗਏ ਹਨ। ਹੁਣ ਆ ਅਤੇ ਇਨ੍ਹਾਂ ਲੋਕਾਂ ਨੂੰ ਮੇਰੇ ਲਈ ਸਰਾਪ ਦੇ ਕਿਉਂ ਜੋ ਇਹ ਮੇਰੇ ਨਾਲੋਂ ਬਹੁਤ ਸ਼ਕਤੀਸ਼ਾਲੀ ਹਨ। ਸ਼ਾਇਦ ਫ਼ੇਰ ਮੈਂ ਉਹਨਾਂ ਨੂੰ ਹਰਾ ਸਕਾਂਗਾ ਅਤੇ ਉਹਨਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਸਕਾਂਗਾ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਸ ਨੂੰ ਤੂੰ ਬਰਕਤ ਦੇਵੇ ਉਹ ਮੁਬਾਰਕ ਹੈ, ਅਤੇ ਜਿਸ ਨੂੰ ਤੂੰ ਸਰਾਪ ਦੇਵੇ ਉਹ ਸਰਾਪੀ ਹੈ।”

ਮੋਆਬ ਅਤੇ ਮਿਦਯਾਨ ਦੇ ਬਜ਼ੁਰਗ ਭਵਿੱਖਬਾਣੀ ਲਈ ਪੈਸੇ ਆਪਣੇ ਨਾਲ ਲੈ ਕੇ ਚਲੇ ਗਏ। ਜਦੋਂ ਉਹ ਬਿਲਆਮ ਕੋਲ ਆਏ ਤਾਂ ਉਹਨਾਂ ਨੇ ਉਸਨੂੰ ਉਹ ਗੱਲਾਂ ਦੱਸੀਆਂ ਜੋ ਬਾਲਾਕ ਨੇ ਆਖੀਆਂ ਸਨ।

ਬਿਲਆਮ ਨੇ ਉਹਨਾਂ ਨੂੰ ਕਿਹਾ, “ਤੁਸੀਂ ਇੱਥੇ ਰਾਤ ਠਹਿਰੋ ਅਤੇ ਮੈਂ ਤੁਹਾਨੂੰ ਉਹ ਜਵਾਬ ਦੱਸਾਂਗਾ ਜੋ ਯਾਹਵੇਹ ਮੈਨੂੰ ਦਿੰਦਾ ਹੈ।” ਇਸ ਲਈ ਮੋਆਬੀ ਅਧਿਕਾਰੀ ਉਸਦੇ ਨਾਲ ਰਹੇ।

ਪਰਮੇਸ਼ਵਰ ਨੇ ਬਿਲਆਮ ਕੋਲ ਆ ਕੇ ਪੁੱਛਿਆ, “ਤੇਰੇ ਨਾਲ ਇਹ ਆਦਮੀ ਕੌਣ ਹਨ?”

ਬਿਲਆਮ ਨੇ ਪਰਮੇਸ਼ਵਰ ਨੂੰ ਆਖਿਆ, “ਮੋਆਬ ਦੇ ਰਾਜੇ ਸਿੱਪੋਰ ਦੇ ਪੁੱਤਰ ਬਾਲਾਕ ਨੇ ਮੈਨੂੰ ਇਹ ਸੰਦੇਸ਼ ਭੇਜਿਆ ਹੈ: ‘ਇੱਕ ਦਲ ਜੋ ਮਿਸਰ ਵਿੱਚੋਂ ਨਿੱਕਲ ਕੇ ਆਇਆ ਹੈ, ਉਸਨੇ ਧਰਤੀ ਨੂੰ ਆਪਣੀ ਵੱਸੋ ਨਾਲ ਭਰ ਦਿੱਤਾ ਹੈ। ਹੁਣ ਆਓ ਅਤੇ ਮੇਰੇ ਲਈ ਉਹਨਾਂ ਨੂੰ ਸਰਾਪ ਦਿਓ। ਸ਼ਾਇਦ ਫਿਰ ਮੈਂ ਉਹਨਾਂ ਨਾਲ ਲੜ ਸਕਾਂਗਾ ਅਤੇ ਉਹਨਾਂ ਨੂੰ ਭਜਾ ਸਕਾਂਗਾ।’ ”

ਪਰ ਪਰਮੇਸ਼ਵਰ ਨੇ ਬਿਲਆਮ ਨੂੰ ਆਖਿਆ, “ਉਹਨਾਂ ਦੇ ਨਾਲ ਨਾ ਜਾ, ਨਾ ਹੀ ਉਹਨਾਂ ਲੋਕਾਂ ਨੂੰ ਸਰਾਪ ਦੇ ਕਿਉਂ ਜੋ ਉਹ ਮੁਬਾਰਕ ਲੋਕ ਹਨ।”

ਅਗਲੀ ਸਵੇਰ ਬਿਲਆਮ ਨੇ ਉੱਠ ਕੇ ਬਾਲਾਕ ਦੇ ਅਧਿਕਾਰੀਆਂ ਨੂੰ ਕਿਹਾ, “ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਓ, ਕਿਉਂਕਿ ਯਾਹਵੇਹ ਨੇ ਮੈਨੂੰ ਤੁਹਾਡੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਹੈ।”

ਸੋ ਮੋਆਬੀ ਅਧਿਕਾਰੀ ਬਾਲਾਕ ਕੋਲ ਮੁੜੇ ਅਤੇ ਆਖਿਆ, “ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕਰ ਦਿੱਤਾ ਹੈ।”

ਤਦ ਬਾਲਾਕ ਨੇ ਹੋਰ ਅਧਿਕਾਰੀ ਘੱਲੇ ਜਿਹੜੇ ਪਹਿਲੇ ਨਾਲੋਂ ਵੱਧ ਸਨ ਅਤੇ ਉੱਤਮ ਸਨ। ਉਹ ਬਿਲਆਮ ਕੋਲ ਆਏ ਅਤੇ ਆਖਿਆ,

“ਸਿੱਪੋਰ ਦਾ ਪੁੱਤਰ ਬਾਲਾਕ ਇਹ ਆਖਦਾ ਹੈ, ਕੋਈ ਚੀਜ਼ ਤੈਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੇ, ਕਿਉਂਕਿ ਮੈਂ ਤੈਨੂੰ ਚੰਗਾ ਇਨਾਮ ਦੇਵਾਂਗਾ ਅਤੇ ਜੋ ਕੁਝ ਤੂੰ ਕਹੇਂਗਾ ਉਹੀ ਕਰਾਂਗਾ, ਆ ਅਤੇ ਮੇਰੇ ਲਈ ਇਨ੍ਹਾਂ ਲੋਕਾਂ ਨੂੰ ਸਰਾਪ ਦੇ।”

ਪਰ ਬਿਲਆਮ ਨੇ ਉਹਨਾਂ ਨੂੰ ਉੱਤਰ ਦਿੱਤਾ, “ਭਾਵੇਂ ਬਾਲਾਕ ਆਪਣੇ ਮਹਿਲ ਦਾ ਸਾਰਾ ਚਾਂਦੀ ਅਤੇ ਸੋਨਾ ਮੈਨੂੰ ਦੇ ਦੇਵੇ, ਤਾਂ ਵੀ ਮੈ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਨਹੀਂ ਕਰਾਂਗਾ ਕਿ ਉਸ ਨੂੰ ਘੱਟ ਜਾ ਵੱਧ ਜਾਣ ਕੇ ਮੰਨਾ। ਹੁਣ ਰਾਤ ਇੱਥੇ ਠਹਿਰੋ ਤਾਂ ਜੋ ਮੈਂ ਜਾਣ ਸਕਾਂ ਕਿ ਯਾਹਵੇਹ ਕਿਹੜੀ ਗੱਲ ਮੇਰੇ ਨਾਲ ਬੋਲੇਗਾ।”

ਉਸ ਰਾਤ ਪਰਮੇਸ਼ਵਰ ਬਿਲਆਮ ਕੋਲ ਆਇਆ ਅਤੇ ਆਖਿਆ, “ਕਿਉਂਕਿ ਇਹ ਆਦਮੀ ਤੁਹਾਨੂੰ ਬੁਲਾਉਣ ਆਏ ਹਨ, ਤੂੰ ਇਨ੍ਹਾਂ ਦੇ ਨਾਲ ਚੱਲ ਪਰ ਉਹੀ ਕਰੀ ਜੋ ਮੈਂ ਤੈਨੂੰ ਆਖਾਂਗਾ।”

ਬਿਲਆਮ ਦਾ ਗਧਾ

ਬਿਲਆਮ ਸਵੇਰੇ ਉੱਠਿਆ ਅਤੇ ਆਪਣੇ ਗਧੀ ਉੱਤੇ ਕਾਠੀ ਪਾ ਕੇ ਮੋਆਬੀ ਅਧਿਕਾਰੀਆਂ ਦੇ ਨਾਲ ਚਲਾ ਗਿਆ। ਪਰ ਜਦੋਂ ਉਹ ਗਿਆ ਤਾਂ ਪਰਮੇਸ਼ਵਰ ਬਹੁਤ ਗੁੱਸੇ ਵਿੱਚ ਸੀ ਅਤੇ ਯਾਹਵੇਹ ਦਾ ਦੂਤ ਉਸ ਦਾ ਵਿਰੋਧ ਕਰਨ ਲਈ ਰਾਹ ਵਿੱਚ ਖੜ੍ਹਾ ਹੋ ਗਿਆ। ਬਿਲਆਮ ਆਪਣੇ ਖੋਤੇ ਉੱਤੇ ਸਵਾਰ ਸੀ ਅਤੇ ਉਸਦੇ ਦੋ ਸੇਵਕ ਉਸਦੇ ਨਾਲ ਸਨ। ਜਦੋਂ ਗਧੀ ਨੇ ਯਾਹਵੇਹ ਦੇ ਦੂਤ ਨੂੰ ਹੱਥ ਵਿੱਚ ਤਲਵਾਰ ਫੜ੍ਹੀ ਹੋਈ ਖੜ੍ਹਾ ਵੇਖਿਆ, ਤਾਂ ਗਧੀ ਸੜਕ ਤੋਂ ਇੱਕ ਖੇਤ ਵਿੱਚ ਵੜ ਗਈ। ਬਿਲਆਮ ਨੇ ਇਸ ਨੂੰ ਸੜਕ ਉੱਤੇ ਵਾਪਸ ਲਿਆਉਣ ਲਈ ਕੁੱਟਿਆ।

ਤਦ ਯਾਹਵੇਹ ਦਾ ਦੂਤ ਅੰਗੂਰੀ ਬਾਗ਼ਾਂ ਵਿੱਚੋਂ ਦੀ ਇੱਕ ਭੀੜੇ ਰਸਤੇ ਵਿੱਚ ਖੜ੍ਹਾ ਸੀ, ਜਿੱਥੇ ਦੋਵੇਂ ਪਾਸੇ ਕੰਧ ਸੀ। ਜਦੋਂ ਗਧੀ ਨੇ ਯਾਹਵੇਹ ਦੇ ਦੂਤ ਨੂੰ ਦੇਖਿਆ, ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ, ਉਸ ਨੇ ਫਿਰ ਉਸਨੂੰ ਮਾਰਿਆ।

ਤਾਂ ਯਾਹਵੇਹ ਦਾ ਦੂਤ ਅੱਗੇ ਜਾ ਕੇ ਇੱਕ ਭੀੜੀ ਥਾਂ ਵਿੱਚ ਜਾ ਕੇ ਖੜ੍ਹਾ ਹੋ ਗਿਆ ਜਿੱਥੇ ਨਾ ਸੱਜੇ ਨਾ ਖੱਬੇ ਮੁੜਨ ਕੋਈ ਰਾਹ ਸੀ। ਜਦ ਗਧੀ ਨੇ ਯਾਹਵੇਹ ਦੇ ਦੂਤ ਨੂੰ ਦੇਖਿਆ ਤਾਂ ਉਹ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਨੇ ਗੁੱਸੇ ਵਿੱਚ ਆ ਕੇ ਆਪਣੇ ਲਾਠੀ ਨਾਲ ਉਸ ਨੂੰ ਕੁੱਟਿਆ। ਤਦ ਯਾਹਵੇਹ ਨੇ ਗਧੀ ਦੇ ਮੂੰਹ ਖੋਲ੍ਹਿਆ ਅਤੇ ਬਿਲਆਮ ਨੂੰ ਕਿਹਾ, “ਮੈਂ ਤੇਰੇ ਨਾਲ ਕੀ ਕੀਤਾ ਜੋ ਤੂੰ ਮੈਨੂੰ ਤਿੰਨ ਵਾਰ ਮਾਰਿਆ ਹੈ।”

ਬਿਲਆਮ ਨੇ ਗਧੀ ਨੂੰ ਉੱਤਰ ਦਿੱਤਾ, “ਤੂੰ ਮੇਰੀ ਗੱਲ ਨਹੀਂ ਮੰਨੀ! ਜੇ ਮੇਰੇ ਹੱਥ ਵਿੱਚ ਤਲਵਾਰ ਹੁੰਦੀ ਤਾਂ ਮੈਂ ਤੈਨੂੰ ਹੁਣੇ ਵੱਢ ਦੇਣਾ ਸੀ।”

ਗਧੀ ਨੇ ਬਿਲਆਮ ਨੂੰ ਆਖਿਆ, “ਕੀ ਮੈਂ ਤੇਰੀ ਆਪਣੀ ਗਧੀ ਨਹੀਂ ਹਾਂ ਜਿਸ ਉੱਤੇ ਤੂੰ ਅੱਜ ਤੱਕ ਸਦਾ ਸਵਾਰੀ ਕਰਦਾ ਆਇਆ ਹੈ? ਕੀ ਮੈਂ ਤੇਰੇ ਨਾਲ ਕਦੇ ਅਜਿਹਾ ਕੀਤਾ?”

ਉਸਨੇ ਕਿਹਾ, “ਨਹੀਂ।”

ਤਦ ਯਾਹਵੇਹ ਨੇ ਬਿਲਆਮ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਸ ਨੇ ਯਾਹਵੇਹ ਦੇ ਦੂਤ ਨੂੰ ਆਪਣੀ ਤਲਵਾਰ ਖਿੱਚੀ ਹੋਈ ਸੜਕ ਵਿੱਚ ਖੜ੍ਹਾ ਵੇਖਿਆ। ਇਸ ਲਈ ਉਹ ਆਪਣਾ ਸਿਰ ਨਿਵਾ ਉਸ ਦੇ ਅੱਗੇ ਝੁਕ ਗਿਆ।

ਯਾਹਵੇਹ ਦੇ ਦੂਤ ਨੇ ਉਸਨੂੰ ਪੁੱਛਿਆ, “ਤੂੰ ਆਪਣੇ ਖੋਤੇ ਨੂੰ ਇਹ ਤਿੰਨ ਵਾਰ ਕਿਉਂ ਕੁੱਟਿਆ ਹੈ? ਮੈਂ ਇੱਥੇ ਤੈਨੂੰ ਰੋਕਣ ਲਈ ਆਇਆ ਹਾਂ ਕਿਉਂਕਿ ਤੇਰਾ ਰਾਹ ਮੇਰੇ ਅੱਗੇ ਲਾਪਰਵਾਹੀ ਵਾਲਾ ਹੈ। ਗਧੀ ਨੇ ਮੈਨੂੰ ਵੇਖਿਆ ਅਤੇ ਤਿੰਨ ਵਾਰੀ ਮੇਰੇ ਤੋਂ ਮੂੰਹ ਮੋੜ ਲਿਆ। ਜੇ ਉਹ ਮੇਰੇ ਵੱਲ੍ਹ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਸਨੂੰ ਜਿਉਂਦੀ ਰਹਿਣ ਦਿੰਦਾ।”

ਬਿਲਆਮ ਨੇ ਯਾਹਵੇਹ ਦੇ ਦੂਤ ਨੂੰ ਕਿਹਾ, “ਮੈਂ ਪਾਪ ਕੀਤਾ ਹੈ ਕਿਉਂ ਜੋ ਮੈਂ ਨਹੀਂ ਜਾਣਦਾ ਸੀ ਕਿ ਤੂੰ ਮੇਰਾ ਵਿਰੋਧ ਕਰਨ ਲਈ ਸੜਕ ਉੱਤੇ ਖੜ੍ਹੇ ਹੋਇਆ ਹੈ ਅਤੇ ਹੁਣ ਜੇ ਤੂੰ ਨਾਰਾਜ਼ ਹੈ ਤਾਂ ਮੈਂ ਵਾਪਸ ਚਲਾ ਜਾਵਾਂਗਾ।”

ਯਾਹਵੇਹ ਦੇ ਦੂਤ ਨੇ ਬਿਲਆਮ ਨੂੰ ਕਿਹਾ, “ਮਨੁੱਖਾਂ ਦੇ ਨਾਲ ਜਾਹ, ਪਰ ਉਹੀ ਬੋਲ ਜੋ ਮੈਂ ਤੈਨੂੰ ਆਖਦਾ ਹਾਂ।” ਇਸ ਲਈ ਬਿਲਆਮ ਬਾਲਾਕ ਦੇ ਅਧਿਕਾਰੀਆਂ ਨਾਲ ਗਿਆ।

ਜਦੋਂ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਰਿਹਾ ਹੈ ਤਾਂ ਉਹ ਉਸ ਨੂੰ ਮਿਲਣ ਲਈ ਅਰਨੋਨ ਦੀ ਸਰਹੱਦ ਉੱਤੇ ਮੋਆਬੀਆਂ ਦੇ ਨਗਰ ਵਿੱਚ ਜੋ ਉਸ ਦੇ ਇਲਾਕੇ ਦੇ ਹੱਦ ਉੱਤੇ ਸੀ ਬਾਹਰ ਗਿਆ। ਬਾਲਾਕ ਨੇ ਬਿਲਆਮ ਨੂੰ ਆਖਿਆ, “ਕੀ ਮੈਂ ਤੈਨੂੰ ਇੱਕ ਜ਼ਰੂਰਤ ਵਿੱਚ ਨਹੀਂ ਬੁਲਾਇਆ ਸੀ? ਤੁਸੀਂ ਮੇਰੇ ਕੋਲ ਕਿਉਂ ਨਹੀਂ ਆਏ? ਕੀ ਮੈਂ ਸੱਚ-ਮੁੱਚ ਤੈਨੂੰ ਇਨਾਮ ਦੇਣ ਦੇ ਯੋਗ ਨਹੀਂ ਹਾਂ?”

ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਠੀਕ ਹੈ, ਮੈਂ ਹੁਣ ਤੁਹਾਡੇ ਕੋਲ ਆਇਆ ਹਾਂ। ਪਰ ਮੈਂ ਜੋ ਚਾਹਾਂ ਉਹ ਨਹੀਂ ਕਹਿ ਸਕਦਾ, ਮੈਂ ਉਹੀ ਬੋਲਾਂਗਾ ਜੋ ਯਾਹਵੇਹ ਮੇਰੇ ਮੂੰਹ ਵਿੱਚ ਪਾਉਂਦਾ ਹੈ।”

ਤਦ ਬਿਲਆਮ ਬਾਲਾਕ ਦੇ ਨਾਲ ਕਿਰਯਥ-ਹਸੋਥ ਨੂੰ ਗਿਆ। ਬਾਲਾਕ ਨੇ ਪਸ਼ੂਆਂ ਅਤੇ ਭੇਡਾਂ ਦੀ ਬਲੀ ਦਿੱਤੀ ਅਤੇ ਕੁਝ ਬਿਲਆਮ ਅਤੇ ਉਸ ਦੇ ਨਾਲ ਦੇ ਅਧਿਕਾਰੀਆਂ ਨੂੰ ਦਿੱਤੇ। ਅਗਲੀ ਸਵੇਰ ਬਾਲਾਕ ਬਿਲਆਮ ਨੂੰ ਬਾਮੋਥ ਬਆਲ ਉੱਤੇ ਲੈ ਗਿਆ ਅਤੇ ਉੱਥੋਂ ਉਹ ਇਸਰਾਏਲ ਦੇ ਡੇਰੇ ਦੇ ਬਾਹਰਲੇ ਹਿੱਸੇ ਨੂੰ ਵੇਖ ਸਕਦਾ ਸੀ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.