Biblica® Open Punjabi Contemporary Version 2025
ਗਿਣਤੀ 18
ਜਾਜਕਾਂ ਅਤੇ ਲੇਵੀਆਂ ਦੇ ਕਰਤੱਵ
ਯਾਹਵੇਹ ਨੇ ਹਾਰੋਨ ਨੂੰ ਕਿਹਾ, “ਤੇਰੇ ਪੁੱਤਰਾਂ ਅਤੇ ਤੇਰੇ ਪਰਿਵਾਰ ਨੂੰ ਪਵਿੱਤਰ ਅਸਥਾਨ ਨਾਲ ਸਬੰਧਤ ਅਪਰਾਧਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਤੇਰੀ ਜਾਜਕਾਈ ਦੀ ਬੁਰਾਈ ਦਾ ਭਾਰ ਵੀ ਤੇਰੇ ਨਾਲ, ਤੇਰੇ ਪੁੱਤਰਾਂ ਉੱਤੇ ਹੋਵੇਗਾ। ਜਦੋਂ ਤੁਸੀਂ ਅਤੇ ਤੁਹਾਡੇ ਪੁੱਤਰ ਨੇਮ ਦੇ ਤੰਬੂ ਦੇ ਸਾਹਮਣੇ ਸੇਵਾ ਕਰਦੇ ਹੋ ਤਾਂ ਆਪਣੇ ਪੁਰਖਿਆਂ ਦੇ ਗੋਤ ਵਿੱਚੋਂ ਆਪਣੇ ਸੰਗੀ ਲੇਵੀਆਂ ਨੂੰ ਲਿਆਓ ਅਤੇ ਤੁਹਾਡੀ ਸਹਾਇਤਾ ਕਰਨ। ਉਹ ਤੁਹਾਡੇ ਲਈ ਜ਼ਿੰਮੇਵਾਰ ਹੋਣ ਅਤੇ ਤੰਬੂ ਦੇ ਸਾਰੇ ਕੰਮ ਕਰਨ ਪਰ ਉਹ ਪਵਿੱਤਰ ਸਥਾਨ ਜਾਂ ਜਗਵੇਦੀ ਦੇ ਨੇੜੇ ਨਾ ਜਾਣ, ਨਹੀਂ ਤਾਂ ਉਹ ਅਤੇ ਤੁਸੀਂ ਦੋਵੇਂ ਮਰ ਜਾਓਗੇ। ਉਹ ਤੁਹਾਡੇ ਨਾਲ ਰਲ ਕੇ ਮੰਡਲੀ ਵਾਲੇ ਤੰਬੂ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਣਗੇ ਤੰਬੂ ਦੇ ਸਾਰੇ ਕੰਮ ਅਤੇ ਜਿੱਥੇ ਤੁਸੀਂ ਹੋ ਉੱਥੇ ਕੋਈ ਹੋਰ ਨਾ ਆਵੇ।
“ਪਵਿੱਤਰ ਅਸਥਾਨ ਅਤੇ ਜਗਵੇਦੀ ਦੀ ਦੇਖਭਾਲ ਲਈ ਤੁਸੀਂ ਜ਼ਿੰਮੇਵਾਰ ਹੋ, ਤਾਂ ਜੋ ਮੇਰਾ ਕ੍ਰੋਧ ਇਸਰਾਏਲੀਆਂ ਉੱਤੇ ਦੁਬਾਰਾ ਨਾ ਆਵੇ। ਮੈਂ ਖੁਦ ਇਸਰਾਏਲੀਆਂ ਵਿੱਚੋਂ ਤੁਹਾਡੇ ਭਰਾਵਾਂ ਲੇਵੀਆਂ ਨੂੰ ਚੁਣਿਆ ਹੈ, ਉਹ ਤੁਹਾਡੇ ਲਈ ਤੋਹਫ਼ੇ ਹਨ। ਜੋ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਲਈ ਯਾਹਵੇਹ ਨੂੰ ਸੌਂਪੇ ਗਏ ਹਨ। ਪਰ ਸਿਰਫ ਤੂੰ ਅਤੇ ਤੁਹਾਡੇ ਪੁੱਤਰ ਹੀ ਜਗਵੇਦੀ ਅਤੇ ਪਰਦੇ ਦੇ ਅੰਦਰਲੀ ਹਰ ਚੀਜ਼ ਦੇ ਸੰਬੰਧ ਵਿੱਚ ਜਾਜਕ ਵਜੋਂ ਸੇਵਾ ਕਰ ਸਕਦੇ ਹੋ। ਮੈਂ ਤੁਹਾਨੂੰ ਜਾਜਕਾਈ ਦੀ ਸੇਵਾ ਦਾਤ ਵਜੋਂ ਦਿੱਤੀ ਹੈ, ਪਰ ਜੇ ਕੋਈ ਵੀ ਹੋਰ ਜੋ ਪਵਿੱਤਰ ਅਸਥਾਨ ਦੇ ਨੇੜੇ ਆਵੇ ਉਹ ਮਾਰਿਆ ਜਾਵੇ।”
ਜਾਜਕਾਂ ਅਤੇ ਲੇਵੀਆਂ ਲਈ ਭੇਟਾਂ
ਤਦ ਯਾਹਵੇਹ ਨੇ ਹਾਰੋਨ ਨੂੰ ਆਖਿਆ, “ਮੈਂ ਖੁਦ ਤੈਨੂੰ ਮੇਰੇ ਲਈ ਭੇਟਾਂ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸਰਾਏਲ ਦੇ ਲੋਕ ਜੋ ਵੀ ਪਵਿੱਤਰ ਭੇਂਟਾਂ ਮੈਨੂੰ ਦਿੰਦੇ ਹਨ, ਮੈਂ ਤੁਹਾਨੂੰ ਅਤੇ ਤੁਹਾਡੇ ਪੁੱਤਰਾਂ ਨੂੰ ਤੁਹਾਡੇ ਹਿੱਸੇ ਵਜੋਂ ਦਿੰਦਾ ਹਾਂ। ਇਹ ਤੁਹਾਡੇ ਲਈ ਚੁਣਿਆ ਹੋਇਆ ਹਿੱਸਾ ਹੋਵੇਗਾ, ਜੋ ਸਭ ਤੋਂ ਪਵਿੱਤਰ ਭੇਟਾਂ ਦੀ ਅੱਗ ਤੋਂ ਰੱਖਿਆ ਜਾਂਦਾ ਹੈ। ਇਹ ਇਸਰਾਏਲ ਦੇ ਘਰਾਣੇ ਵੱਲੋਂ ਚੜ੍ਹਾਏ ਜਾਣ ਵਾਲੇ ਹਰੇਕ ਬਲੀਦਾਨ ਵਿੱਚੋਂ ਹਰ ਅਨਾਜ ਦੀ ਭੇਟ ਵਿੱਚੋਂ, ਹਰੇਕ ਪਾਪ ਦੀ ਭੇਟ ਵਿੱਚੋਂ ਹਰੇਕ ਦੋਸ਼ ਦੀ ਭੇਟ ਦਾ ਜੋ ਉਹ ਮੈਨੂੰ ਚੜ੍ਹਾਉਂਦੇ ਹਨ, ਤੁਹਾਡਾ ਹਿੱਸਾ ਹੋਵੇਗਾ ਨਾਲੇ ਤੁਹਾਡੇ ਲਈ ਅਤੇ ਤੁਹਾਡੇ ਪੁੱਤਰਾਂ ਲਈ ਵੀ ਪਵਿੱਤਰ ਤੋਹਫ਼ੇ ਹੋਣਗੇ। ਇਸ ਨੂੰ ਅੱਤ ਪਵਿੱਤਰ ਸਮਝ ਕੇ ਖਾਓ ਸਗੋਂ ਹਰ ਮਰਦ ਇਸਨੂੰ ਖਾਵੇ, ਤੁਹਾਨੂੰ ਇਸ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ।
“ਇਹ ਵੀ ਤੇਰੇ ਲਈ ਹੈ ਕਿ ਇਸਰਾਏਲੀਆਂ ਦੀਆਂ ਸਾਰੀਆਂ ਹਿਲਾਉਣ ਦੀਆਂ ਭੇਟਾਂ ਵਿੱਚੋਂ ਜੋ ਕੁਝ ਵੀ ਵੱਖਰਾ ਰੱਖਿਆ ਗਿਆ ਹੈ। ਮੈਂ ਇਹ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਧੀਆਂ ਨੂੰ ਸਦਾ ਦੇ ਹੱਕ ਲਈ ਦਿੱਤੀਆਂ ਹਨ। ਤੇਰੇ ਘਰ ਦਾ ਹਰ ਕੋਈ ਜੋ ਪਵਿੱਤਰ ਹੈ, ਇਸ ਨੂੰ ਖਾ ਸਕਦਾ ਹੈ।
“ਮੈਂ ਤੁਹਾਨੂੰ ਸਭ ਤੋਂ ਉੱਤਮ ਜ਼ੈਤੂਨ ਦਾ ਤੇਲ ਅਤੇ ਸਭ ਤੋਂ ਵਧੀਆ ਨਵੀਂ ਦਾਖ਼ਰਸ ਅਤੇ ਅਨਾਜ ਦਿੰਦਾ ਹਾਂ ਜੋ ਉਹ ਆਪਣੀ ਫ਼ਸਲ ਦੇ ਪਹਿਲੇ ਫਲ ਵਜੋਂ ਯਾਹਵੇਹ ਨੂੰ ਦਿੰਦੇ ਹਨ। ਧਰਤੀ ਦੇ ਸਾਰੇ ਪਹਿਲੇ ਫਲ ਜੋ ਉਹ ਯਾਹਵੇਹ ਲਈ ਲਿਆਉਂਦੇ ਹਨ, ਉਹ ਤੇਰੇ ਹੋਣਗੇ। ਤੇਰੇ ਘਰ ਦਾ ਹਰ ਕੋਈ ਇਨਸਾਨ ਜੋ ਪਵਿੱਤਰ ਹੈ, ਇਸ ਨੂੰ ਖਾ ਸਕਦਾ ਹੈ।
“ਇਸਰਾਏਲ ਵਿੱਚ ਹਰ ਚੀਜ਼ ਜੋ ਯਾਹਵੇਹ ਨੂੰ ਸੌਂਪੀ ਹੈ ਉਹ ਤੇਰੀ ਹੈ। ਹਰ ਜੀਵਤ ਪ੍ਰਾਣੀ ਦਾ ਜੇਠਾ ਪੁੱਤਰ, ਭਾਵੇਂ ਮਨੁੱਖ ਦਾ ਹੋਵੇ ਜਾਂ ਜਾਨਵਰ ਦਾ, ਜੋ ਉਹ ਯਾਹਵੇਹ ਲਈ ਭੇਟ ਵਜੋਂ ਲਿਆਉਂਦੇ ਹਨ, ਤੇਰਾ ਹੋਵੇਗਾ। ਫਿਰ ਵੀ ਤੁਸੀਂ ਮਨੁੱਖ ਦੇ ਜੇਠੇ ਨੂੰ ਕੀਮਤ ਦੇ ਕੇ ਛੱਡ ਦਿਓਗੇ, ਇਸੇ ਤਰ੍ਹਾਂ ਤੁਸੀਂ ਅਪਵਿੱਤਰ ਘੋਸ਼ਿਤ ਜਾਨਵਰਾਂ ਦੇ ਜੇਠੇ ਨੂੰ ਛੱਡ ਦਿਓਗੇ। ਜਦੋਂ ਉਹ ਇੱਕ ਮਹੀਨੇ ਦੇ ਹੋ ਜਾਣ, ਤਾਂ ਤੁਸੀਂ ਉਹਨਾਂ ਨੂੰ ਛੁਡਾਉਣ ਦੀ ਕੀਮਤ ਉੱਤੇ ਚਾਂਦੀ ਦੇ ਪੰਜ ਸ਼ੈਕੇਲ1 ਜੋ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਹੋਣ, ਜਿਸ ਦਾ ਵਜ਼ਨ ਵੀਹ ਗੇਰਾਹ ਹੈ।
“ਪਰ ਤੁਸੀਂ ਗਾਂ, ਭੇਡ ਜਾਂ ਬੱਕਰੀ ਦੇ ਜੇਠੇ ਬੱਚੇ ਨੂੰ ਨਾ ਛੁਡਾਉਣਾ। ਉਹ ਪਵਿੱਤਰ ਪਸ਼ੂ ਹਨ। ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕ ਦਿਓ ਅਤੇ ਉਹਨਾਂ ਦੀ ਚਰਬੀ ਨੂੰ ਭੋਜਨ ਦੀ ਭੇਟ ਵਜੋਂ ਸਾੜੋ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ। ਉਹਨਾਂ ਦਾ ਮਾਸ ਤੇਰਾ ਹੋਵੇ, ਜਿਵੇਂ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਸੱਜਾ ਪੱਟ ਤੇਰਾ ਹੈ। ਜੋ ਕੁਝ ਵੀ ਇਸਰਾਏਲੀਆਂ ਵੱਲੋਂ ਯਾਹਵੇਹ ਨੂੰ ਭੇਟ ਕੀਤੀਆਂ ਗਈਆਂ ਪਵਿੱਤਰ ਭੇਟਾਂ ਵਿੱਚੋਂ ਵੱਖਰਾ ਰੱਖਿਆ ਗਿਆ ਹੈ, ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਧੀਆਂ ਨੂੰ ਤੇਰੇ ਨਾਲ ਸਦਾ ਦੇ ਹੱਕ ਲਈ ਦਿੱਤੀਆਂ ਹਨ। ਇਹ ਲੂਣ ਦਾ ਸਦਾ ਦਾ ਨੇਮ ਯਾਹਵੇਹ ਅੱਗੇ ਤੇਰੇ ਲਈ ਅਤੇ ਤੇਰੀ ਅਤੇ ਤੇਰੀ ਅੰਸ ਲਈ ਹੋਵੇ।”
ਯਾਹਵੇਹ ਨੇ ਹਾਰੋਨ ਨੂੰ ਆਖਿਆ, “ਇਸਰਾਏਲੀਆਂ ਦੀ ਧਰਤੀ ਵਿੱਚ ਤੇਰੀ ਕੋਈ ਵਿਰਾਸਤ ਨਹੀਂ ਹੋਵੇਗੀ ਅਤੇ ਨਾ ਹੀ ਉਹਨਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ। ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ।
“ਮੈਂ ਲੇਵੀਆਂ ਨੂੰ ਇਸਰਾਏਲ ਦੇ ਸਾਰੇ ਦਸਵੰਧ ਉਹਨਾਂ ਦੀ ਵਿਰਾਸਤ ਵਜੋਂ ਦਿੰਦਾ ਹਾਂ ਜੋ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਦੇ ਹੋਏ ਕਰਦੇ ਹਨ। ਹੁਣ ਤੋਂ ਇਸਰਾਏਲੀਆਂ ਨੂੰ ਮੰਡਲੀ ਦੇ ਤੰਬੂ ਦੇ ਨੇੜੇ ਨਹੀਂ ਜਾਣਾ ਚਾਹੀਦਾ, ਕਿਤੇ ਅਜਿਹਾ ਨਾ ਹੋਵੇ ਕਿ ਪਾਪ ਦਾ ਬੋਝ ਉਹਨਾਂ ਉੱਤੇ ਹੋਵੇ ਅਤੇ ਉਹ ਮਰ ਜਾਣ। ਇਹ ਲੇਵੀ ਹੀ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਅਤੇ ਜੋ ਵੀ ਅਪਰਾਧ ਉਹ ਇਸ ਦੇ ਵਿਰੁੱਧ ਕਰਦੇ ਹਨ, ਉਸ ਲਈ ਜ਼ਿੰਮੇਵਾਰ ਹਨ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇਗੀ। ਪਰ ਉਹਨਾਂ ਨੂੰ ਇਸਰਾਏਲੀਆਂ ਵਿੱਚ ਕੋਈ ਵਿਰਾਸਤ ਨਹੀਂ ਮਿਲੇਗੀ। ਇਸ ਦੀ ਬਜਾਏ, ਮੈਂ ਲੇਵੀਆਂ ਨੂੰ ਉਹਨਾਂ ਦੀ ਵਿਰਾਸਤ ਵਜੋਂ ਉਹ ਦਸਵੰਧ ਦਿੰਦਾ ਹਾਂ ਜੋ ਇਸਰਾਏਲੀ ਯਾਹਵੇਹ ਨੂੰ ਭੇਟ ਵਜੋਂ ਚੜ੍ਹਾਉਂਦੇ ਹਨ। ਇਸ ਲਈ ਮੈਂ ਉਹਨਾਂ ਬਾਰੇ ਕਿਹਾ, ‘ਇਸਰਾਏਲੀਆਂ ਵਿੱਚ ਉਹਨਾਂ ਦੀ ਕੋਈ ਵਿਰਾਸਤ ਨਹੀਂ ਹੋਵੇਗੀ।’ ”
ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਲੇਵੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਇਸਰਾਏਲੀਆਂ ਤੋਂ ਉਹ ਦਸਵੰਧ ਪ੍ਰਾਪਤ ਕਰੋ ਜੋ ਮੈਂ ਤੁਹਾਨੂੰ ਤੁਹਾਡੀ ਵਿਰਾਸਤ ਵਜੋਂ ਦਿੱਤਾ ਹੈ, ਤਾਂ ਤੁਸੀਂ ਵੀ ਉਸ ਦਸਵੰਧ ਦਾ ਦਸਵੰਧ ਯਾਹਵੇਹ ਨੂੰ ਭੇਟ ਕਰਕੇ ਚੜ੍ਹਾਓ। ਤੁਹਾਡੀ ਭੇਟ ਤੁਹਾਡੇ ਲਈ ਪਿੜ ਵਿੱਚੋਂ ਦਾਣੇ ਜਾਂ ਦਾਖ ਦੇ ਰਸ ਦੇ ਰੂਪ ਵਿੱਚ ਗਿਣੀ ਜਾਵੇਗੀ। ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਤੋਂ ਪ੍ਰਾਪਤ ਕੀਤੇ ਸਾਰੇ ਦਸਵੰਧ ਵਿੱਚੋਂ ਵੀ ਯਾਹਵੇਹ ਨੂੰ ਭੇਟ ਕਰੋਗੇ। ਇਨ੍ਹਾਂ ਦਸਵੰਧ ਵਿੱਚੋਂ ਤੁਹਾਨੂੰ ਯਾਹਵੇਹ ਦਾ ਹਿੱਸਾ ਹਾਰੋਨ ਜਾਜਕ ਨੂੰ ਦੇਣਾ ਚਾਹੀਦਾ ਹੈ। ਤੁਹਾਨੂੰ ਯਾਹਵੇਹ ਦੇ ਭਾਗ ਵਜੋਂ ਸਭ ਤੋਂ ਉੱਤਮ ਅਤੇ ਪਵਿੱਤਰ ਹਿੱਸਾ ਪੇਸ਼ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਦਿੱਤਾ ਗਿਆ ਹੈ।’
“ਲੇਵੀਆਂ ਨੂੰ ਆਖ, ‘ਜਦੋਂ ਤੁਸੀਂ ਸਭ ਤੋਂ ਵਧੀਆ ਹਿੱਸਾ ਪੇਸ਼ ਕਰਦੇ ਹੋ, ਤਾਂ ਇਹ ਹੋਵੇਗਾ। ਤੁਹਾਡੇ ਲਈ ਪਿੜ ਜਾਂ ਦਾਖ਼ਰਸ ਦੇ ਉਤਪਾਦ ਵਜੋਂ ਗਿਣਿਆ ਜਾਂਦਾ ਹੈ। ਤੁਸੀਂ ਅਤੇ ਤੁਹਾਡੇ ਘਰਾਣੇ ਦਾ ਹਰ ਕੋਈ ਇਸ ਦਾ ਬਚਿਆ ਹੋਇਆ ਹਿੱਸਾ ਖਾ ਸਕਦੇ ਹੋ, ਕਿਉਂਕਿ ਇਹ ਮੰਡਲੀ ਵਾਲੇ ਤੰਬੂ ਵਿੱਚ ਤੁਹਾਡੇ ਕੰਮ ਦੀ ਮਜ਼ਦੂਰੀ ਹੈ। ਇਸ ਦਾ ਸਭ ਤੋਂ ਵਧੀਆ ਹਿੱਸਾ ਪੇਸ਼ ਕਰਨ ਨਾਲ ਤੁਸੀਂ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹੋਵੋਗੇ, ਫਿਰ ਤੁਸੀਂ ਇਸਰਾਏਲੀਆਂ ਦੀਆਂ ਪਵਿੱਤਰ ਭੇਟਾਂ ਨੂੰ ਅਸ਼ੁੱਧ ਨਹੀਂ ਕਰੋਗੇ ਅਤੇ ਤੁਸੀਂ ਨਹੀਂ ਮਰੋਂਗੇ।’ ”
Source notes (1)
- Footnote ਪੰਜ ਸ਼ੈਕੇਲ ਲਗਭਗ 58 ਗ੍ਰਾਮ
Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.
Full source notice & licence · CC BY-SA 4.0 · SourceEdition imported 2026-11-09.