Skip to content
BibleKenya

Biblica® Open Punjabi Contemporary Version 2025

ਮੱਤੀਯਾਹ 8

ਯਿਸ਼ੂ ਦਾ ਕੋੜ੍ਹੀ ਆਦਮੀ ਨੂੰ ਚੰਗਾ ਕਰਨਾ

ਜਦੋਂ ਯਿਸ਼ੂ ਪਹਾੜ ਉੱਤੋਂ ਉੱਤਰਿਆ, ਤਾਂ ਵੱਡੀ ਭੀੜ ਉਸਦੇ ਮਗਰ ਆਈ। ਇੱਕ ਕੋੜ੍ਹੀ1 ਆਦਮੀ ਯਿਸ਼ੂ ਕੋਲ ਆਇਆ ਅਤੇ ਉਸ ਦੇ ਅੱਗੇ ਗੋਡਿਆਂ ਭਾਰ ਹੋ ਕੇ ਉਸ ਨੂੰ ਕਿਹਾ, “ਹੇ ਪ੍ਰਭੂ ਜੀ, ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।”

ਯਿਸ਼ੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ।” ਤਾਂ ਉਹ ਕੋੜ੍ਹੀ ਉਸੇ ਵਕਤ ਹੀ ਸ਼ੁੱਧ ਹੋ ਗਿਆ। ਫਿਰ ਯਿਸ਼ੂ ਨੇ ਉਸ ਨੂੰ ਕਿਹਾ, “ਵੇਖ! ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ। ਪਰ ਜਾ, ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਮੋਸ਼ੇਹ ਦੀ ਆਗਿਆ ਅਨੁਸਾਰ ਆਪਣੀ ਸ਼ੁੱਧੀ ਲਈ ਭੇਂਟ ਚੜ੍ਹਾ ਕੀ ਤੇਰਾ ਕੋੜ੍ਹ ਤੋਂ ਛੁਟਕਾਰਾ ਉਹਨਾਂ ਸਾਹਮਣੇ ਗਵਾਹੀ ਠਹਿਰੇ।”

ਰੋਮੀ ਅਧਿਕਾਰੀ ਦਾ ਵਿਸ਼ਵਾਸ

ਜਦੋਂ ਯਿਸ਼ੂ ਕਫ਼ਰਨਹੂਮ ਵਿੱਚ ਗਏ, ਇੱਕ ਸੂਬੇਦਾਰ ਉਹਨਾਂ ਕੋਲ ਆਇਆ ਅਤੇ ਯਿਸ਼ੂ ਅੱਗੇ ਬੇਨਤੀ ਕੀਤੀ। “ਹੇ ਪ੍ਰਭੂ ਜੀ, ਮੇਰਾ ਨੌਕਰ ਅਧਰੰਗ ਦਾ ਮਾਰਿਆ ਘਰ ਵਿੱਚ ਪਿਆ ਦਰਦ ਨਾਲ ਤੜਫ ਰਿਹਾ ਹੈ।”

ਯਿਸ਼ੂ ਨੇ ਉਸ ਨੂੰ ਆਖਿਆ, “ਮੈਂ ਆ ਕੇ ਉਸ ਨੂੰ ਚੰਗਾ ਕਰ ਦਿਆਂਗਾ।”

ਪਰ ਸੂਬੇਦਾਰ ਨੇ ਉੱਤਰ ਦਿੱਤਾ, “ਹੇ ਪ੍ਰਭੂ ਜੀ, ਮੈਂ ਇਸ ਯੋਗ ਤਾਂ ਨਹੀਂ ਜੋ ਤੁਸੀਂ ਮੇਰੀ ਛੱਤ ਹੇਠਾਂ ਆਓ। ਪਰ ਸਿਰਫ ਵਚਨ ਹੀ ਕਰ ਦੇਵੋ ਅਤੇ ਮੇਰਾ ਨੌਕਰ ਚੰਗਾ ਹੋ ਜਾਵੇਗਾ। ਮੈਂ ਵੀ ਇੱਕ ਅਜਿਹਾ ਆਦਮੀ ਹਾਂ ਜੋ ਵੱਡੇ ਅਧਿਕਾਰੀਆਂ ਦੇ ਅਧਿਕਾਰ ਹੇਠਾਂ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਮੈਂ ਜਿਸ ਨੂੰ ਹੁਕਮ ਦਿੰਦਾ ਹਾਂ, ‘ਜਾ,’ ਅਤੇ ਉਹ ਚਲਾ ਜਾਂਦਾ ਹੈ। ਮੈਂ ਜਿਸ ਨੂੰ ਹੁਕਮ ਦਿੰਦਾ ਹਾਂ, ‘ਇਧਰ ਆ!’ ਅਤੇ ਉਹ ਆ ਜਾਂਦਾ ਹੈ ਅਤੇ ਮੈਂ ਆਪਣੇ ਨੌਕਰ ਨੂੰ ਕਹਿੰਦਾ ਹਾਂ, ‘ਇਹ ਕਰ!’ ਤਾਂ ਉਹ ਉਹੀ ਕਰਦਾ ਹੈ।”

ਤਦ ਯਿਸ਼ੂ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਮੁੜ ਕੇ ਪਿੱਛੇ ਆਉਂਦੀ ਭੀੜ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਕਿ ਮੈਂ ਇਸਰਾਏਲ ਵਿੱਚ ਵੀ ਅਜਿਹਾ ਪੱਕਾ ਵਿਸ਼ਵਾਸ ਨਹੀਂ ਵੇਖਿਆ। ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਬਹੁਤ ਸਾਰੇ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਸਵਰਗ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਭੋਜਨ ਵਿੱਚ ਸ਼ਾਮਲ ਹੋਣਗੇ। ਪਰ ਰਾਜ ਦੇ ਅਸਲੀ ਪੁੱਤਰ ਬਾਹਰ ਅੰਧਕਾਰ ਵਿੱਚ ਸੁੱਟੇ ਜਾਣਗੇ, ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।”

ਤਦ ਯਿਸ਼ੂ ਨੇ ਉਸ ਸੂਬੇਦਾਰ ਨੂੰ ਕਿਹਾ, “ਜਾ! ਤੇਰੇ ਵਿਸ਼ਵਾਸ ਦੇ ਅਨੁਸਾਰ, ਤੇਰੇ ਨਾਲ ਕੀਤਾ ਜਾਵੇਗਾ।” ਅਤੇ ਉਸਦਾ ਨੌਕਰ ਉਸੇ ਵਕਤ ਚੰਗਾ ਹੋ ਗਿਆ।

ਯਿਸ਼ੂ ਦਾ ਬਹੁਤ ਸਾਰੇ ਰੋਗੀਆਂ ਨੂੰ ਚੰਗਾ ਕਰਨਾ

ਜਦੋਂ ਯਿਸ਼ੂ ਪਤਰਸ ਦੇ ਘਰ ਆਇਆ, ਤਾਂ ਉਸ ਨੇ ਪਤਰਸ ਦੀ ਸੱਸ ਨੂੰ ਬੁਖ਼ਾਰ ਨਾਲ ਮੰਜੇ ਤੇ ਪਈ ਵੇਖਿਆ। ਤਦ ਯਿਸ਼ੂ ਨੇ ਉਸ ਦੇ ਹੱਥ ਨੂੰ ਛੂਹਿਆ ਤਾਂ ਉਸੇ ਵਕਤ ਉਸ ਦਾ ਬੁਖ਼ਾਰ ਜਾਂਦਾ ਰਿਹਾ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗ ਪਈ।

ਅਤੇ ਜਦ ਸ਼ਾਮ ਹੋਈ, ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਦੁਸ਼ਟ ਆਤਮਾ ਚਿੰਬੜੀਆਂ ਹੋਈਆਂ ਸਨ ਉਹਨਾਂ ਨੂੰ ਯਿਸ਼ੂ ਕੋਲ ਲਿਆਏ ਅਤੇ ਯਿਸ਼ੂ ਨੇ ਇੱਕ ਵਚਨ ਨਾਲ ਹੀ ਦੁਸ਼ਟ ਆਤਮਾ ਨੂੰ ਕੱਢ ਦਿੱਤਾ ਅਤੇ ਸਾਰੇ ਰੋਗੀਆਂ ਨੂੰ ਚੰਗਾ ਕਰ ਦਿੱਤਾ। ਤਾਂ ਪਰਮੇਸ਼ਵਰ ਦਾ ਉਹ ਵਚਨ ਪੂਰਾ ਹੋਇਆ ਜਿਹੜਾ ਯਸ਼ਾਯਾਹ ਨਬੀ ਦੇ ਦੁਆਰਾ ਬੋਲਿਆ ਗਿਆ ਸੀ:

“ਉਸ ਨੇ ਆਪ ਸਾਡੀਆਂ ਬਿਮਾਰੀਆਂ ਚੁੱਕ ਲਈਆ

ਅਤੇ ਸਾਡੇ ਰੋਗ ਚੁੱਕ ਲਏ।”2

ਯਿਸ਼ੂ ਦੇ ਚੇਲੇ ਬਣਨ ਦਾ ਮੁੱਲ

ਯਿਸ਼ੂ ਨੇ ਬਹੁਤ ਵੱਡੀ ਭੀੜ ਆਪਣੇ ਆਲੇ-ਦੁਆਲੇ ਵੇਖ ਕੇ ਆਪਣੇ ਚੇਲਿਆਂ ਨੂੰ ਝੀਲ ਤੋਂ ਪਾਰ ਜਾਣ ਦੀ ਆਗਿਆ ਦਿੱਤੀ। ਤਾਂ ਇੱਕ ਧਰਮ ਦੇ ਉਪਦੇਸ਼ਕ ਨੇ ਕੋਲ ਆ ਕੇ ਉਸ ਨੂੰ ਕਿਹਾ, “ਹੇ ਗੁਰੂ ਜੀ, ਜਿੱਥੇ ਵੀ ਤੁਸੀਂ ਜਾਓਗੇ, ਮੈਂ ਤੁਹਾਡੇ ਪਿੱਛੇ ਚੱਲਾਂਗਾ।”

ਯਿਸ਼ੂ ਨੇ ਉਸ ਨੂੰ ਉੱਤਰ ਦਿੱਤਾ, “ਲੂੰਬੜੀਆਂ ਦੇ ਘੋਰਨੇ ਹਨ ਅਤੇ ਅਕਾਸ਼ ਦੇ ਪੰਛੀਆਂ ਲਈ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਧਰਨ ਲਈ ਵੀ ਜਗ੍ਹਾ ਨਹੀਂ ਹੈ।”

ਅਤੇ ਪ੍ਰਭੂ ਯਿਸ਼ੂ ਦੇ ਚੇਲਿਆਂ ਵਿੱਚੋਂ ਇੱਕ ਨੇ ਕਿਹਾ, “ਹੇ ਪ੍ਰਭੂ, ਪਹਿਲਾਂ ਮੈਨੂੰ ਮੇਰੇ ਪਿਤਾ ਜੀ ਦਾ ਅੰਤਿਮ-ਸੰਸਕਾਰ ਕਰਨ ਦੀ ਆਗਿਆ ਦਿਓ।”

ਪਰ ਯਿਸ਼ੂ ਨੇ ਉਸ ਨੂੰ ਕਿਹਾ, “ਤੂੰ ਮੇਰੇ ਪਿੱਛੇ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ।”

ਤੂਫਾਨ ਨੂੰ ਸ਼ਾਂਤ ਕਰਨਾ

ਤਦ ਯਿਸ਼ੂ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਉਸ ਦੇ ਚੇਲੇ ਵੀ ਉਸ ਦੇ ਮਗਰ ਆਏ। ਤਾਂ ਅਚਾਨਕ ਝੀਲ ਵਿੱਚ ਵੱਡਾ ਤੂਫਾਨ ਆਇਆ, ਜਿਸ ਕਾਰਨ ਕਿਸ਼ਤੀ ਪਾਣੀ ਦੀਆਂਂ ਲਹਿਰਾਂ ਕਰਕੇ ਡੁੱਬਣੀ ਸ਼ੁਰੂ ਹੋ ਗਈ। ਪਰ ਯਿਸ਼ੂ ਸੌਂ ਰਿਹਾ ਸੀ। ਅਤੇ ਚੇਲਿਆਂ ਨੇ ਕੋਲ ਜਾ ਕੇ ਉਸ ਨੂੰ ਜਗਾਇਆ ਅਤੇ ਕਿਹਾ, “ਪ੍ਰਭੂ ਜੀ ਸਾਨੂੰ ਬਚਾਓ! ਅਸੀਂ ਡੁੱਬ ਚੱਲੇ ਹਾਂ!”

ਯਿਸ਼ੂ ਨੇ ਉਹਨਾਂ ਨੂੰ ਕਿਹਾ, “ਹੇ ਥੋੜ੍ਹੇ ਵਿਸ਼ਵਾਸ ਵਾਲਿਓ! ਤੁਸੀਂ ਇੰਨ੍ਹਾ ਡਰੇ ਹੋਏ ਕਿਉਂ ਹੋ?” ਫਿਰ ਉਸ ਨੇ ਉੱਠ ਕੇ ਤੂਫਾਨ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਉੱਥੇ ਵੱਡੀ ਸ਼ਾਂਤੀ ਹੋ ਗਈ।

ਤਾਂ ਚੇਲੇ ਹੈਰਾਨ ਹੋ ਗਏ ਅਤੇ ਇੱਕ ਦੂਸਰੇ ਨੂੰ ਪੁੱਛਣ ਲੱਗੇ, “ਇਹ ਕਿਸ ਤਰ੍ਹਾਂ ਦਾ ਆਦਮੀ ਹੈ? ਤੂਫਾਨ ਅਤੇ ਲਹਿਰਾਂ ਵੀ ਇਸ ਦਾ ਹੁਕਮ ਮੰਨਦੀਆਂ ਹਨ!”

ਦੁਸ਼ਟ ਆਤਮਾ ਦੇ ਜਕੜੇ ਹੋਏ ਮਨੁੱਖਾਂ ਨੂੰ ਚੰਗਾ ਕਰਨਾ

ਝੀਲ ਦੇ ਪਾਰ ਗਦਰੀਨੀਆਂ ਨਾਮ ਦੇ ਖੇਤਰ ਵਿੱਚ ਜਦੋਂ ਯਿਸ਼ੂ ਪਹੁੰਚੇ, ਤਾਂ ਦੋ ਆਦਮੀ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿਕਲ ਕੇ ਯਿਸ਼ੂ ਕੋਲ ਆਏ। ਅਤੇ ਉਹ ਇੰਨੇ ਤਾਕਤਵਰ ਸਨ, ਜੋ ਉਸ ਰਸਤੇ ਤੋਂ ਕੋਈ ਵੀ ਨਹੀਂ ਲੰਘ ਸਕਦਾ ਸੀ। “ਅਤੇ ਯਿਸ਼ੂ ਨੂੰ ਦੇਖ ਕੇ ਚਿਲਾਉਣ ਲੱਗੇ, ਹੇ ਪਰਮੇਸ਼ਵਰ ਦੇ ਪੁੱਤਰ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ? ਕੀ ਤੁਸੀਂ ਸਮੇਂ ਤੋਂ ਪਹਿਲਾਂ ਹੀ ਸਾਨੂੰ ਦੁੱਖ ਦੇਣ ਆਏ ਹੋ?”

ਤਾਂ ਉਹਨਾਂ ਤੋਂ ਕੁਝ ਦੂਰੀ ਤੇ ਸੂਰਾਂ ਦਾ ਇੱਕ ਵੱਡਾ ਝੁੰਡ ਚੁਗਦਾ ਸੀ। ਅਤੇ ਉਹਨਾਂ ਦੁਸ਼ਟ ਆਤਮਾਵਾਂ ਨੇ ਯਿਸ਼ੂ ਅੱਗੇ ਮਿੰਨਤਾਂ ਕੀਤੀਆਂ ਅਤੇ ਆਖਿਆ, “ਜੇ ਤੁਸੀਂ ਸਾਨੂੰ ਕੱਢਣਾ ਹੈ ਤਾਂ ਸਾਨੂੰ ਸੂਰਾਂ ਦੇ ਵਿੱਚ ਭੇਜ ਦਿਓ।”

ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜਾਓ!” ਤਾਂ ਉਹ ਨਿਕਲ ਕੇ ਸੂਰਾਂ ਵਿੱਚ ਵੜ ਗਈਆ ਅਤੇ ਵੇਖੋ ਕਿ ਸਾਰਾ ਝੁੰਡ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ। ਤਦ ਸੂਰ ਚਰਾਉਣ ਵਾਲੇ ਭੱਜ ਕੇ ਸ਼ਹਿਰ ਵਿੱਚ ਗਏ ਅਤੇ ਜਾ ਕੇ ਸਾਰੀ ਘਟਨਾ ਬਾਰੇ ਜੋ ਦੁਸ਼ਟ ਆਤਮਾ ਵਾਲੇ ਮਨੁੱਖਾਂ ਨਾਲ ਹੋਇਆ ਸੀ ਸਭ ਕੁਝ ਲੋਕਾਂ ਨੂੰ ਦੱਸ ਦਿੱਤਾ। ਤਦ ਸਾਰਾ ਨਗਰ ਯਿਸ਼ੂ ਨਾਲ ਮਿਲਣ ਨੂੰ ਬਾਹਰ ਨਿੱਕਲ ਆਇਆ ਅਤੇ ਜਦੋਂ ਉਸ ਨੂੰ ਵੇਖਿਆ ਤਾਂ ਉਸ ਦੀਆਂਂ ਮਿੰਨਤਾ ਕੀਤੀਆਂ ਕਿ ਕਿਰਪਾ ਕਰਕੇ ਉਹ ਸਾਡੇ ਇਲਾਕੇ ਨੂੰ ਛੱਡ ਕੇ ਚਲੇ ਜਾਣ।

Source notes (2)
  1. Footnote ਕੋੜ੍ਹੀ ਅਰਥਾਤ ਇਬਰਾਨੀ ਭਾਸ਼ਾ ਦਾ ਸ਼ਬਦ ਜੋ ਚਮੜੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਖ-ਵੱਖ ਬਿਮਾਰੀਆਂ ਲਈ ਵਰਤਿਆ ਜਾਂਦਾ ਸੀ
  2. Footnote ਯਸ਼ਾ 53:4 (ਸੈਪਟੁਜਿੰਟ ਦੇਖੋ)

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.