Skip to content
BibleKenya

Biblica® Open Punjabi Contemporary Version 2025

ਮੱਤੀਯਾਹ 20

ਅੰਗੂਰੀ ਬਾਗ਼ ਦੇ ਮਜ਼ਦੂਰਾਂ ਦਾ ਦ੍ਰਿਸ਼ਟਾਂਤ

“ਸਵਰਗ ਦਾ ਰਾਜ ਇੱਕ ਘਰ ਦੇ ਮਾਲਕ ਵਰਗਾ ਹੈ ਜਿਹੜਾ ਸਵੇਰੇ ਤੜਕੇ ਘਰੋਂ ਨਿੱਕਲਿਆ ਤਾਂ ਕਿ ਆਪਣੇ ਅੰਗੂਰੀ ਬਾਗ਼ ਵਿੱਚ ਮਜ਼ਦੂਰ ਲਾਵੇ। ਅਤੇ ਉਹ ਮਜ਼ਦੂਰਾਂ ਨੂੰ ਇੱਕ ਦੀਨਾਰ1 ਦਿਹਾੜੀ ਦੇਣ ਲਈ ਸਹਿਮਤ ਹੋ ਗਿਆ ਅਤੇ ਉਹਨਾਂ ਨੂੰ ਆਪਣੇ ਬਾਗ਼ ਵਿੱਚ ਭੇਜ ਦਿੱਤਾ।

“ਅਤੇ ਸਵੇਰ ਦੇ ਨੌਂ ਕੁ ਵਜੇ ਉਹ ਬਾਹਰ ਗਿਆ ਅਤੇ ਉਸਨੇ ਬਾਜ਼ਾਰਾਂ ਵਿੱਚ ਖੜ੍ਹੇ ਹੋਰਾਂ ਨੂੰ ਜੋ ਕੁਝ ਵੀ ਨਹੀਂ ਕਰ ਰਹੇ ਸਨ ਵੇਖਿਆ। ਅਤੇ ਉਹਨਾਂ ਨੂੰ ਆਖਿਆ, ‘ਤੁਸੀਂ ਵੀ ਜਾਓ ਅਤੇ ਮੇਰੇ ਬਾਗ ਵਿੱਚ ਕੰਮ ਕਰੋ ਅਤੇ ਜੋ ਵੀ ਸਹੀ ਹੱਕ ਹੋਵੇਗਾ ਉਹ ਮੈਂ ਤੁਹਾਨੂੰ ਦਿਆਂਗਾ।’ ” ਅਤੇ ਉਹ ਗਏ।

“ਉਹ ਫਿਰ ਦੁਬਾਰਾ ਦਿਨ ਦੇ ਤਿੰਨ ਕੁ ਵਜੇ ਬਾਹਰ ਗਿਆ ਅਤੇ ਉਸੇ ਤਰ੍ਹਾਂ ਹੀ ਕੀਤਾ। ਲਗਭਗ ਸ਼ਾਮ ਦੇ ਪੰਜ ਵਜੇ ਉਹ ਬਾਹਰ ਗਿਆ ਅਤੇ ਉਸ ਨੇ ਹੋਰਨਾਂ ਨੂੰ ਆਸ-ਪਾਸ ਖੜ੍ਹੇ ਵੇਖਿਆ। ਉਸਨੇ ਉਹਨਾਂ ਨੂੰ ਪੁੱਛਿਆ, ‘ਤੁਸੀਂ ਸਾਰਾ ਦਿਨ ਇੱਥੇ ਵਿਹਲੇ ਕਿਉਂ ਖੜ੍ਹੇ ਹੋ?’ ”

ਉਹਨਾਂ ਨੇ ਉੱਤਰ ਦਿੱਤਾ, “ ‘ਕਿਉਂਕਿ ਸਾਨੂੰ ਕਿਸੇ ਨੇ ਕੰਮ ਨਹੀਂ ਦਿੱਤਾ।’

“ਉਸਨੇ ਉਹਨਾਂ ਨੂੰ ਕਿਹਾ, ‘ਤੁਸੀਂ ਵੀ ਜਾਓ ਅਤੇ ਮੇਰੇ ਬਾਗ਼ ਵਿੱਚ ਕੰਮ ਕਰੋ।’

“ਜਦੋਂ ਸ਼ਾਮ ਹੋਈ, ਤਾਂ ਬਾਗ਼ ਦੇ ਮਾਲਕ ਨੇ ਆਪਣੇ ਮੁੱਖੀ ਨੂੰ ਕਿਹਾ, ‘ਮਜ਼ਦੂਰਾਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂਂ ਤੱਕ ਉਹਨਾਂ ਨੂੰ ਮਜ਼ਦੂਰੀ ਦੇ।’

“ਅਤੇ ਜਦੋਂ ਉਹ ਮਜ਼ਦੂਰ ਆਏ ਜਿਹੜੇ ਸ਼ਾਮ ਦੇ ਪੰਜ ਕੁ ਵਜੇ ਕੰਮ ਤੇ ਲੱਗੇ ਸਨ ਤਾਂ ਉਹਨਾਂ ਨੂੰ ਵੀ ਇੱਕ ਦੀਨਾਰ ਮਿਲਿਆ। ਅਤੇ ਜਦੋਂ ਉਹ ਆਏ ਜਿੰਨ੍ਹਾ ਨੂੰ ਪਹਿਲਾਂ ਕੰਮ ਤੇ ਲਗਾਇਆ ਸੀ, ਉਹਨਾਂ ਇਹ ਸਮਝਿਆ ਕਿ ਸਾਨੂੰ ਵੱਧ ਮਿਲੇਗਾ। ਪਰ ਉਹਨਾਂ ਨੂੰ ਵੀ ਇੱਕ ਦੀਨਾਰ ਹੀ ਮਿਲਿਆ। ਜਦੋਂ ਉਹਨਾਂ ਨੂੰ ਦੀਨਾਰ ਮਿਲੇ, ਤਾਂ ਉਹ ਮਾਲਕ ਦੇ ਵਿਰੁੱਧ ਬੁੜ-ਬੁੜ ਕਰਨ ਲੱਗੇ। ਅਤੇ ਬੋਲੇ ਜੋ ਇਨ੍ਹਾਂ ਪਿੱਛਲਿਆਂ ਨੇ ਇੱਕੋ ਘੰਟਾ ਕੰਮ ਕੀਤਾ, ‘ਅਤੇ ਤੁਸੀਂ ਇਨ੍ਹਾਂ ਨੂੰ ਵੀ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਨੇ ਸਾਰਾ ਦਿਨ ਦਾ ਭਾਰ ਅਤੇ ਧੁੱਪ ਸਹੀ।’

“ਤਦ ਉਸਨੇ ਉਹਨਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ, ‘ਮਿੱਤਰ! ਮੈਂ ਤੁਹਾਡੇ ਨਾਲ ਬੇਇਨਸਾਫ਼ੀ ਨਹੀਂ ਕਰਦਾ। ਕੀ ਤੁਸੀਂ ਮੇਰੇ ਨਾਲ ਇੱਕ ਦੀਨਾਰ ਤੇ ਕੰਮ ਕਰਨ ਲਈ ਸਹਿਮਤ ਨਹੀਂ ਹੋਏ ਸੀ? ਤੁਸੀਂ ਆਪਣੇ ਪੈਸੇ ਲੈ ਕੇ ਚਲੇ ਜਾਓ। ਮੇਰੀ ਮਰਜ਼ੀ ਹੈ ਕਿ ਅੰਤ ਵਿੱਚ ਆਏ ਮਜ਼ਦੂਰ ਨੂੰ ਵੀ ਉੱਨਾ ਹੀ ਦੇਵਾਂ ਜਿੰਨ੍ਹਾਂ ਤੁਹਾਨੂੰ ਦਿੱਤਾ। ਕੀ ਭਲਾ ਮੈਨੂੰ ਇਹ ਅਧਿਕਾਰ ਨਹੀਂ ਕਿ ਜੋ ਚਾਹੇ ਮੈਂ ਆਪਣੇ ਪੈਸੇ ਨਾਲ ਕਰਾਂ? ਜਾਂ ਕੀ ਤੁਸੀਂ ਈਰਖਾ ਕਰ ਰਹੇ ਹੋ ਕਿਉਂਕਿ ਮੈਂ ਖੁੱਲ੍ਹੇ ਦਿਲ ਵਾਲਾ ਹਾਂ?’

“ਇਸੇ ਤਰ੍ਹਾਂ ਜਿਹੜੇ ਪਹਿਲੇ ਹਨ ਪਿਛਲੇ ਹੋਣਗੇ ਅਤੇ ਜਿਹੜੇ ਪਿਛਲੇ ਹਨ ਉਹ ਪਹਿਲੇ ਹੋਣਗੇ।”

ਆਪਣੀ ਮੌਤ ਬਾਰੇ ਯਿਸ਼ੂ ਦੀ ਤੀਸਰੀ ਭਵਿੱਖਬਾਣੀ

ਜਦੋਂ ਯਿਸ਼ੂ ਯੇਰੂਸ਼ਲੇਮ ਨੂੰ ਜਾ ਰਹੇ ਸਨ ਅਤੇ ਰਾਸਤੇ ਵਿੱਚ ਬਾਰਾਂ ਚੇਲਿਆਂ ਨੂੰ ਇੱਕ ਪਾਸੇ ਕਰਕੇ ਉਹਨਾਂ ਨੂੰ ਆਖਿਆ, “ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਦੇ ਹੱਥੀ ਫੜਵਾਇਆ ਜਾਵੇਗਾ। ਅਤੇ ਉਹ ਉਸਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ। ਅਤੇ ਉਹ ਉਸਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ ਤਾਂ ਕਿ ਉਹ ਉਸਦਾ ਮਜ਼ਾਕ ਉਡਾਉਣ, ਕੋਰੜੇ ਮਾਰਨ ਅਤੇ ਸਲੀਬ ਉੱਤੇ ਚੜ੍ਹਾਉਣ। ਪਰ ਤੀਸਰੇ ਦਿਨ ਉਹ ਫਿਰ ਜੀ ਉੱਠੇਗਾ!”

ਇੱਕ ਮਾਂ ਦੀ ਬੇਨਤੀ

ਤਦ ਜ਼ਬਦੀ ਦੇ ਪੁੱਤਰ ਦੀ ਮਾਤਾ ਆਪਣੇ ਪੁੱਤਰ ਨੂੰ ਯਿਸ਼ੂ ਕੋਲ ਲਿਆਈ ਅਤੇ ਉਹਨਾਂ ਅੱਗੇ ਗੋਡੇ ਟੇਕ ਕੇ ਇੱਕ ਬੇਨਤੀ ਕਰਨ ਲੱਗੀ।

ਯਿਸ਼ੂ ਨੇ ਉਸਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈ?”

ਉਸ ਨੇ ਬੇਨਤੀ ਕੀਤੀ, “ਆਗਿਆ ਦਿਓ ਜੋ ਤੁਹਾਡੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੁਹਾਡੇ ਸੱਜੇ ਅਤੇ ਦੂਸਰਾ ਤੁਹਾਡੇ ਖੱਬੇ ਹੱਥ ਬੈਠੇ।”

ਯਿਸ਼ੂ ਨੇ ਉਸਨੂੰ ਜਵਾਬ ਦਿੱਤਾ, “ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ; ਤਦ ਯਿਸ਼ੂ ਨੇ ਉਸਦੇ ਪੁੱਤਰਾਂ ਨੂੰ ਪੁੱਛਿਆ ਕੀ ਉਹ ਪਿਆਲਾ ਜਿਹੜਾ ਮੈਂ ਪੀਣ ਜਾ ਰਿਹਾ ਹਾਂ ਤੁਸੀਂ ਪੀ ਸਕਦੇ ਹੋ?”

ਉਹਨਾਂ ਨੇ ਜਵਾਬ ਦਿੱਤਾ, “ਅਸੀਂ ਪੀ ਸਕਦੇ ਹਾਂ।”

ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੇਰਾ ਪਿਆਲਾ ਤਾਂ ਜ਼ਰੂਰ ਪੀਓਗੇ, ਪਰ ਮੇਰੇ ਸੱਜੇ ਜਾਂ ਖੱਬੇ ਬਿਠਾਉਣਾ ਇਹ ਮੇਰਾ ਕੰਮ ਨਹੀਂ ਹੈ। ਇਹ ਜਗ੍ਹਾਵਾਂ ਉਹਨਾਂ ਲਈ ਹਨ ਜਿਨ੍ਹਾਂ ਲਈ ਮੇਰੇ ਪਿਤਾ ਨੇ ਉਹਨਾਂ ਨੂੰ ਤਿਆਰ ਕੀਤਾ ਹੈ।”

ਜਦੋਂ ਉਹਨਾਂ ਦਸਾਂ ਚੇਲਿਆਂ ਨੇ ਇਹ ਸੁਣਿਆ, ਤਾਂ ਉਹਨਾਂ ਦੋਵਾਂ ਭਰਾਵਾਂ ਨਾਲ ਗੁੱਸੇ ਹੋਏ। ਯਿਸ਼ੂ ਨੇ ਉਹਨਾਂ ਸਾਰਿਆਂ ਨੂੰ ਕੋਲ ਸੱਦ ਕੇ ਆਖਿਆ, “ਤੁਸੀਂ ਜਾਣਦੇ ਹੋ ਗ਼ੈਰ-ਯਹੂਦੀਆਂ ਦੇ ਅਧਿਕਾਰੀ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਉੱਚ ਅਧਿਕਾਰੀ ਹਨ ਉਹਨਾਂ ਉੱਤੇ ਅਧਿਕਾਰ ਜਮਾਉਂਦੇ ਹਨ। ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਸੋ ਸੇਵਾਦਾਰ ਹੋਵੇ, ਅਤੇ ਜੋ ਵੀ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੁੰਦਾ ਹੋਵੇ ਉਹ ਤੁਹਾਡਾ ਨੌਕਰ ਹੋਵੇ। ਜਿਵੇਂ ਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਪਰ ਸੇਵਾ ਕਰਨ ਆਇਆ ਅਤੇ ਬਹੁਤਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।”

ਦੋ ਅੰਨ੍ਹਿਆਂ ਨੂੰ ਚੰਗਾ ਕਰਨਾ

ਜਦੋਂ ਯਿਸ਼ੂ ਅਤੇ ਉਸ ਦੇ ਚੇਲੇ ਯੇਰੀਖ਼ੋ ਨਗਰ ਵਿੱਚੋਂ ਬਾਹਰ ਆ ਰਹੇ ਸਨ, ਤਦ ਇੱਕ ਬਹੁਤ ਵੱਡੀ ਭੀੜ ਉਹਨਾਂ ਦੇ ਪਿੱਛੇ ਤੁਰ ਪਈ। ਅਤੇ ਦੋ ਅੰਨ੍ਹੇ ਜਿਹੜੇ ਸੜਕ ਦੇ ਕਿਨਾਰੇ ਬੈਠੇ ਸਨ, ਜਦੋਂ ਉਹਨਾਂ ਨੇ ਸੁਣਿਆ ਕਿ ਯਿਸ਼ੂ ਉਸ ਰਾਸਤੇ ਵੱਲ ਦੀ ਜਾ ਰਹੇ ਹਨ, ਤਾਂ ਉਹ ਉੱਚੀ ਪੁਕਾਰ ਕੇ ਕਹਿਣ ਲੱਗੇ, “ਪ੍ਰਭੂ ਜੀ, ਦਾਵੀਦ ਦੇ ਪੁੱਤਰ, ਸਾਡੇ ਉੱਤੇ ਕਿਰਪਾ ਕਰੋ!”

ਭੀੜ ਨੇ ਉਹਨਾਂ ਨੂੰ ਝਿੜਕਿਆ ਅਤੇ ਕਿਹਾ ਚੁੱਪ ਕਰੋ, ਪਰ ਉਹ ਹੋਰ ਹੀ ਉੱਚੀ ਆਵਾਜ਼ ਨਾਲ ਬੋਲੇ, “ਪ੍ਰਭੂ ਜੀ, ਦਾਵੀਦ ਦੇ ਪੁੱਤਰ ਸਾਡੇ ਉੱਤੇ ਕਿਰਪਾ ਕਰੋ!”

ਤਦ ਯਿਸ਼ੂ ਨੇ ਰੁਕ ਕੇ ਉਹਨਾਂ ਨੂੰ ਕੋਲ ਬੁਲਾਇਆ ਅਤੇ ਕਿਹਾ, “ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?”

ਉਹਨਾਂ ਨੇ ਜਵਾਬ ਦਿੱਤਾ, “ਪ੍ਰਭੂ ਜੀ, ਅਸੀਂ ਵੇਖਣਾ ਚਾਹੁੰਦੇ ਹਾਂ।”

ਯਿਸ਼ੂ ਨੇ ਤਰਸ ਖਾ ਕੇ ਉਹਨਾਂ ਦੀਆਂ ਅੱਖਾਂ ਨੂੰ ਛੂਹਿਆ। ਅਤੇ ਤੁਰੰਤ ਹੀ ਉਹ ਵੇਖਣ ਲੱਗੇ ਅਤੇ ਉਹ ਦੇ ਮਗਰ ਤੁਰ ਪਏ।

Source notes (1)
  1. Footnote ਇੱਕ ਦੀਨਾਰ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਹੈ।

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.