Skip to content
BibleKenya

Biblica® Open Punjabi Contemporary Version 2025

ਮੱਤੀਯਾਹ 16

ਚਿੰਨ੍ਹ ਦੀ ਮੰਗ

ਕੁਝ ਸਮਾਂ ਬਾਅਦ ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆ ਕੇ ਯਿਸ਼ੂ ਨੂੰ ਪਰਖਣ ਲਈ ਉਸ ਦੇ ਅੱਗੇ ਬੇਨਤੀ ਕੀਤੀ ਕਿ ਜੋ ਸਵਰਗ ਵੱਲੋਂ ਸਾਨੂੰ ਕੋਈ ਚਿੰਨ੍ਹ ਵਿਖਾਵੇ।

ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਸ਼ਾਮ ਹੁੰਦੀ ਹੈ, ‘ਤਾਂ ਤੁਸੀਂ ਕਹਿੰਦੇ ਹੋ, ਕਿ ਮੌਸਮ ਸਾਫ਼ ਰਹੇਗਾ, ਕਿਉਂਕਿ ਅਕਾਸ਼ ਲਾਲ ਹੈ,’ ਅਤੇ ਸਵੇਰ ਨੂੰ ਕਹਿੰਦੇ ਹੋ, ‘ਅੱਜ ਹਨੇਰੀ ਵਗੇਗੀ, ਕਿਉਂਕਿ ਅਸਮਾਨ ਲਾਲ ਅਤੇ ਬੱਦਲ ਛਾਏ ਹੋਏ ਹਨ।’ ਤੁਸੀਂ ਅਸਮਾਨ ਨੂੰ ਵੇਖ ਕੇ ਜਾਂਚ ਕਰਨੀ ਜਾਣਦੇ ਹੋ, ਪਰ ਤੁਸੀਂ ਸਮਿਆਂ ਦੇ ਨਿਸ਼ਾਨ ਦੀ ਜਾਂਚ ਕਰਨੀ ਨਹੀਂ ਜਾਣਦੇ ਹੋ। ਇਹ ਦੁਸ਼ਟ ਅਤੇ ਹਰਾਮਕਾਰ ਪੀੜ੍ਹੀ ਚਿੰਨ੍ਹ ਵੇਖਣਾ ਚਾਹੁੰਦੀ ਹੈ, ਪਰ ਯੋਨਾਹ ਨਬੀ ਦੇ ਚਿੰਨ੍ਹ ਤੋਂ ਇਲਾਵਾ ਇਨ੍ਹਾਂ ਨੂੰ ਕੋਈ ਹੋਰ ਚਿੰਨ੍ਹ ਨਹੀਂ ਦਿੱਤਾ ਜਾਵੇਗਾ।” ਤਦ ਯਿਸ਼ੂ ਉਹਨਾਂ ਨੂੰ ਛੱਡ ਕੇ ਚਲੇ ਗਏ।

ਫ਼ਰੀਸੀਆਂ ਅਤੇ ਸਦੂਕੀਆਂ ਦਾ ਖ਼ਮੀਰ

ਜਦੋਂ ਉਹ ਝੀਲ ਦੇ ਪਾਰ ਗਏ, ਤਾਂ ਚੇਲੇ ਰੋਟੀ ਲੈਣਾ ਭੁੱਲ ਗਏ। ਤਦ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਸਾਵਧਾਨ ਰਹੋ, ਤੁਸੀਂ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਬਚ ਕੇ ਰਹੋ।”

ਅਤੇ ਉਹ ਆਪਸ ਵਿੱਚ ਵਿਚਾਰ ਕਰਕੇ ਕਹਿਣ ਲੱਗੇ, “ਕਿਉਂਕਿ ਅਸੀਂ ਕੋਈ ਰੋਟੀ ਨਹੀਂ ਲੈ ਕੇ ਆਏ ਇਸ ਲਈ ਉਹ ਇਸ ਤਰ੍ਹਾਂ ਆਖਦਾ ਹੈ।”

ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ, ਯਿਸ਼ੂ ਨੇ ਪੁੱਛਿਆ, “ਹੇ ਥੋੜ੍ਹੇ ਵਿਸ਼ਵਾਸ ਵਾਲਿਓ! ਤੁਸੀਂ ਆਪਸ ਵਿੱਚ ਰੋਟੀ ਨਾ ਹੋਣ ਬਾਰੇ ਕਿਉਂ ਗੱਲਾਂ ਕਰਦੇ ਹੋ? ਕੀ ਤੁਹਾਨੂੰ ਹੁਣ ਤੱਕ ਸਮਝ ਨਹੀਂ ਆਈ? ਅਤੇ ਕੀ ਤੁਹਾਨੂੰ ਯਾਦ ਨਹੀਂ? ਜਦੋਂ ਮੈਂ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕ ਰਜਾਏ ਅਤੇ ਤੁਸੀਂ ਬਚੇ ਹੋਏ ਭੋਜਨ ਨਾਲ ਭਰੀਆਂ ਕਿੰਨੀਆਂ ਟੋਕਰੀਆਂ ਚੁੱਕੀਆਂ ਸਨ? ਅਤੇ ਸੱਤ ਰੋਟੀਆਂ ਨਾਲ ਚਾਰ ਹਜ਼ਾਰ ਲੋਕਾਂ ਨੂੰ ਰਜਾਇਆ ਅਤੇ ਬਚੇ ਹੋਏ ਭੋਜਨ ਨਾਲ ਕਿੰਨ੍ਹੀਆਂ ਟੋਕਰੀਆਂ ਚੁੱਕੀਆਂ ਸਨ? ਤੁਸੀਂ ਕਿਉਂ ਨਹੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਰੋਟੀ ਬਾਰੇ ਗੱਲ ਨਹੀਂ ਕਰ ਰਿਹਾ ਸੀ? ਪਰ ਤੁਸੀਂ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਬਚ ਕੇ ਰਹੋ।” ਤਦ ਉਹ ਸਮਝੇ ਕਿ ਉਹ ਸਾਨੂੰ ਰੋਟੀ ਵਿੱਚ ਮਿਲਾਏ ਗਏ ਖ਼ਮੀਰ ਤੋਂ ਨਹੀਂ, ਪਰ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਲਈ ਕਹਿ ਰਹੇ ਸਨ।

ਪਤਰਸ ਦੀ ਮਸੀਹ ਬਾਰੇ ਘੋਸ਼ਣਾ

ਜਦੋਂ ਯਿਸ਼ੂ ਕਯਸਰਿਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਏ ਅਤੇ ਆਪਣੇ ਚੇਲਿਆਂ ਨੂੰ ਪੁੱਛਿਆ, “ਮਨੁੱਖ ਦੇ ਪੁੱਤਰ ਬਾਰੇ ਲੋਕ ਕੀ ਕਹਿੰਦੇ ਹਨ?”

ਉਹਨਾਂ ਨੇ ਜਵਾਬ ਦਿੱਤਾ, “ਕੋਈ ਤੁਹਾਨੂੰ ਯੋਹਨ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ; ਅਤੇ ਕੋਈ ਏਲੀਯਾਹ; ਅਤੇ ਕੁਝ ਯੇਰਮਿਯਾਹ ਜਾਂ ਨਬੀਆਂ ਵਿੱਚੋਂ ਕੋਈ ਇੱਕ।”

ਉਸਨੇ ਪੁੱਛਿਆ, “ਪਰ ਤੁਹਾਡੇ ਬਾਰੇ ਕੀ? ਤੁਸੀਂ ਮੈਨੂੰ ਕੀ ਕਹਿੰਦੇ ਹੋ ਮੈਂ ਕੌਣ ਹਾਂ?”

ਸ਼ਿਮਓਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹਾ ਜਿਉਂਦੇ ਪਰਮੇਸ਼ਵਰ ਦੇ ਪੁੱਤਰ ਹੋ।”

ਯਿਸ਼ੂ ਨੇ ਉਸਨੂੰ ਕਿਹਾ, “ਮੁਬਾਰਕ ਹੈ ਤੂੰ ਸ਼ਿਮਓਨ ਯੋਨਾਹ ਦੇ ਪੁੱਤਰ, ਕਿਉਂਕਿ ਇਹ ਗੱਲ ਲਹੂ ਜਾ ਮਾਸ ਨੇ ਨਹੀਂ, ਪਰ ਮੇਰੇ ਪਿਤਾ ਨੇ ਜੋ ਸਵਰਗ ਵਿੱਚ ਹੈ ਤੇਰੇ ਉੱਪਰ ਪ੍ਰਗਟ ਕੀਤੀ ਹੈ। ਅਤੇ ਮੈਂ ਤੈਨੂੰ ਆਖਦਾ ਹਾਂ ਤੂੰ ਪਤਰਸ ਹੈ,1 ਅਤੇ ਇਸ ਚੱਟਾਨ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਸ ਉੱਤੇ ਕੋਈ ਵੱਸ ਨਾ ਹੋਵੇਗਾ। ਅਤੇ ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆ ਦੇਵੇਗਾ; ਜੋ ਤੂੰ ਧਰਤੀ ਉੱਤੇ ਬੰਨ੍ਹੇਗਾ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਸਵਰਗ ਵਿੱਚ ਖੋਲ੍ਹਿਆ ਜਾਵੇਗਾ।” ਤਦ ਉਸਨੇ ਆਪਣੇ ਚੇਲਿਆਂ ਨੂੰ ਆਗਿਆ ਦਿੱਤੀ ਕਿ ਕਿਸੇ ਨੂੰ ਨਾ ਦੱਸਣ, ਕਿ ਮੈਂ ਮਸੀਹ ਹਾਂ।

ਆਪਣੀ ਮੌਤ ਦੇ ਬਾਰੇ ਯਿਸ਼ੂ ਦੀ ਭਵਿੱਖਬਾਣੀ

ਉਸ ਸਮੇਂ ਯਿਸ਼ੂ ਆਪਣੇ ਚੇਲਿਆਂ ਨੂੰ ਦੱਸਣ ਲੱਗੇ, ਇਹ ਜ਼ਰੂਰੀ ਹੈ ਜੋ ਮੈਂ ਯੇਰੂਸ਼ਲੇਮ ਨੂੰ ਜਾਵਾਂ ਅਤੇ ਉੱਥੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਦੇ ਹੱਥੋਂ ਦੁੱਖ ਸਹਿਣ ਕਰਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਸਰੇ ਦਿਨ ਫਿਰ ਜੀ ਉੱਠਾਂ।

ਫਿਰ ਪਤਰਸ ਯਿਸ਼ੂ ਨੂੰ ਇੱਕ ਪਾਸੇ ਲੈ ਗਿਆ ਅਤੇ ਉਸ ਨੂੰ ਝਿੜਕਣ ਲੱਗਾ ਅਤੇ ਕਿਹਾ, “ਕਦੇ ਨਹੀਂ, ਪ੍ਰਭੂ ਜੀ! ਇਹ ਤੁਹਾਡੇ ਨਾਲ ਕਦੇ ਨਹੀਂ ਹੋਵੇਗਾ!”

ਯਿਸ਼ੂ ਮੁੜੇ ਅਤੇ ਪਤਰਸ ਨੂੰ ਕਿਹਾ, “ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹੱਟ ਜਾ! ਤੂੰ ਮੇਰੇ ਲਈ ਠੋਕਰ ਹੈ; ਕਿਉਂ ਜੋ ਤੂੰ ਪਰਮੇਸ਼ਵਰ ਦੀਆਂਂ ਗੱਲਾਂ ਤੇ ਨਹੀਂ, ਪਰ ਮਨੁੱਖਾਂ ਦੀਆਂ ਗੱਲਾਂ ਵੱਲ ਧਿਆਨ ਰੱਖਦਾ ਹੈ।”

ਤਦ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਚੱਲੇ। ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ, ਉਹ ਉਸਨੂੰ ਗੁਆ ਦੇਵੇਗਾ ਪਰ ਜੋ ਮੇਰੇ ਕਾਰਨ ਆਪਣੀ ਜਾਨ ਗੁਆਏ ਉਹ ਉਸਨੂੰ ਪਾ ਲਵੇਗਾ। ਮਨੁੱਖ ਨੂੰ ਕੀ ਲਾਭ ਹੋਵੇਗਾ ਜੇ ਉਹ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ, ਪਰ ਆਪਣੀ ਜਾਨ ਨੂੰ ਗੁਆ ਦੇਵੇ? ਜਾਂ ਕੋਈ ਆਪਣੀ ਜਾਨ ਦੇ ਬਦਲੇ ਕੀ ਦੇ ਸਕਦਾ ਹੈ? ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨਾਲ ਆਪਣੇ ਪਿਤਾ ਦੀ ਮਹਿਮਾ ਵਿੱਚ ਆਵੇਗਾ ਅਤੇ ਫਿਰ ਉਹ ਹਰ ਵਿਅਕਤੀ ਨੂੰ ਉਹਨਾਂ ਦੇ ਕੀਤੇ ਕੰਮਾਂ ਅਨੁਸਾਰ ਫ਼ਲ ਦੇਵੇਗਾ।

“ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਮੌਤ ਦਾ ਸੁਆਦ ਨਹੀਂ ਚੱਖਣਗੇ ਜਦੋਂ ਤੱਕ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖ ਲੈਣ।”

Source notes (1)
  1. Footnote ਯੂਨਾਨੀ ਭਾਸ਼ਾ ਵਿੱਚ ਪਤਰਸ ਮਤਲਬ ਚੱਟਾਨ

Biblica® Open Punjabi Contemporary Version 2025. Copyright © Biblica, Inc. Licensed under CC BY-SA 4.0. Source: Open.Bible. Typeset from the source files; no intended changes to scripture wording. BibleKenya is not endorsed by the rights holder.

Full source notice & licence · CC BY-SA 4.0 · SourceEdition imported 2026-11-09.

BibleKenya

Reader settings

Theme
Font
Alignment
Reading width

Saved in this browser and used offline too. Press ? for keyboard shortcuts.